Workshop: ਖੇਤੀਬਾੜੀ ਤਕਨਾਲੋਜੀ ਵਰਤੋਂ ਖੋਜ ਸੰਸਥਾ (ਅਟਾਰੀ) ਅਤੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਾਂਝੇ ਰੂਪ ਵਿਚ ਕਰਵਾਈ ਜਾ ਰਹੀ ‘ਸੁਚੱਜੇ ਅਤੇ ਯਥਾਰਥਕ ਰੂਪ ਵਾਲੇ ਪਸ਼ੂ ਪਾਲਣ ਕਿੱਤਿਆਂ ਸੰਬੰਧੀ’ ਦੋ ਰੋਜ਼ਾ ਕਾਰਜਸ਼ਾਲਾ ਅੱਜ ਯਾਨੀ 1 ਸਤੰਬਰ 2023 ਨੂੰ ਅਟਾਰੀ ਕੈਂਪਸ ਵਿਖੇ ਸ਼ੁਰੂ ਹੋਈ।
ਇਹ ਕਾਰਜਸ਼ਾਲਾ ਵਿਸ਼ੇਸ਼ ਰੂਪ ਵਿਚ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਵਿਗਿਆਨੀਆਂ ਨੂੰ ਪਸ਼ੂ ਪਾਲਣ ਕਿੱਤਿਆਂ ਵਿਚ ਖੋਜ ਅਤੇ ਪਸਾਰ ਨੁਕਤਿਆਂ ਸੰਬੰਧੀ ਜਾਣਕਾਰੀ ਦੇਣ ਲਈ ਰੱਖੀ ਗਈ। ਇਸ ਕਾਰਜਸ਼ਾਲਾ ਵਿਚ ਤਬਦੀਲ ਹੋ ਰਹੇ ਜਲਵਾਯੂ, ਮਸਨੂਈ ਗਿਆਨ, ਮਸ਼ੀਨੀ ਸਿੱਖਿਆ, ਜੈਵਿਕ ਸੁਰੱਖਿਆ ਅਤੇ ਇਕ ਸਿਹਤ ਵਿਸ਼ਿਆਂ ਸੰਬੰਧੀ ਨਵੀਆਂ ਤਕਨਾਲੋਜੀਆਂ ਬਾਰੇ ਗਿਆਨ ਚਰਚਾ ਕੀਤੀ ਜਾਵੇਗੀ।
ਪੰਜਾਬ, ਉਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ, ਕਸ਼ਮੀਰ ਅਤੇ ਲਦਾਖ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ 45 ਪਸ਼ੂ ਵਿਗਿਆਨੀਆਂ ਇਸ ਵਿਚ ਹਿੱਸਾ ਲੈ ਰਹੇ ਹਨ। ਡਾ. ਪ੍ਰੀਤੀ ਮਮਗਈ, ਪ੍ਰਮੁੱਖ ਵਿਗਿਆਨੀ (ਅਟਾਰੀ) ਨੇ ਸਭਾ ਦਾ ਆਰੰਭ ਕੀਤਾ ਅਤੇ ਦੋ ਦਿਨਾਂ ਵਿਚ ਹੋਣ ਵਾਲੀ ਕਾਰਜਸ਼ਾਲਾ ਦੀ ਦਿਸ਼ਾ ਸਪੱਸ਼ਟ ਕੀਤੀ।
ਡਾ. ਸੰਜੀਵ ਕੁਮਾਰ ਉੱਪਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼, ਵੈਟਨਰੀ ਯੂਨੀਵਰਸਿਟੀ ਨੇ ਵਪਾਰਕ ਪੱਧਰ ’ਤੇ ਕੀਤੇ ਜਾਣ ਵਾਲੇ ਪਸ਼ੂ ਪਾਲਣ ਕਿੱਤਿਆਂ ਸੰਬੰਧੀ ਇਨ੍ਹਾਂ ਤਕਨੀਕਾਂ ਦੀ ਮਹੱਤਤਾ ਉਜਾਗਰ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ ਉਤਪਾਦਨ ਵਧੇਗਾ ਬਲਕਿ ਪਸ਼ੂ ਭਲਾਈ ਵੀ ਬਿਹਤਰ ਹੋਵੇਗੀ।
ਇਹ ਵੀ ਪੜ੍ਹੋ : PM KISAN YOJANA ਦੀ ਕਿਸ਼ਤ ਵੱਧ ਕੇ 9000?
ਡਾ. ਯਸ਼ਪਾਲ ਸਿੰਘ ਮਲਿਕ, ਡੀਨ, ਐਨੀਮਲ ਬਾਇਓਤਕਨਾਲੋਜੀ ਕਾਲਜ ਅਤੇ ਕਾਰਜਸ਼ਾਲਾ ਦੇ ਕਨਵੀਨਰ ਨੇ ਕਿਹਾ ਕਿ ਆਧੁਨਿਕ ਤਕਨੀਕਾਂ ਨਾਲ ਅਸੀਂ ਪਸ਼ੂ ਪਾਲਣ ਕਿੱਤਿਆਂ ਦੀ ਨੁਹਾਰ ਬਦਲ ਸਕਦੇ ਹਾਂ। ਉਨ੍ਹਾਂ ਇਸ ਗੱਲ ਦੀ ਵੀ ਖੁਸ਼ੀ ਪ੍ਰਗਟਾਈ ਕਿ ਵਿਗਿਆਨੀ ਬੜੇ ਉਤਸਾਹ ਨਾਲ ਸ਼ਾਮਿਲ ਹੋਏ ਹਨ। ਡਾ. ਪਰਵੇਂਦਰ ਸ਼ੇਰੋਂ, ਨਿਰਦੇਸ਼ਕ ਅਟਾਰੀ ਅਤੇ ਕਨਵੀਨਰ ਨੇ ਕਾਰਜਸ਼ਾਲਾ ਦਾ ਮੁੱਖ ਉਦੇਸ਼ ਅਤੇ ਇਸ ਤੋਂ ਪ੍ਰਾਪਤ ਹੋਣ ਵਾਲੇ ਫਾਇਦਿਆਂ ਦੀ ਚਰਚਾ ਕੀਤੀ।
ਇਹ ਵੀ ਪੜ੍ਹੋ : Farmers ਨੂੰ ਮਿਲੇਗੀ Free Training ਨਾਲ Subsidy, ਇਸ ਤਰ੍ਹਾਂ ਕਰੋ Apply
ਉਦਘਾਟਨੀ ਸਮਾਰੋਹ ਵਿਚ ਮੁਹਤਬਰ ਸ਼ਖ਼ਸੀਅਤਾਂ ਨੇ ਆਪਣੀਆਂ ਟਿੱਪਣੀਆਂ ਕੀਤੀਆਂ। ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਸਮਾਗਮ ਦੇ ਮੁੱਖ ਮਹਿਮਾਨ ਸਨ। ਉਨ੍ਹਾਂ ਨੇ ਕਾਰਜਸ਼ਾਲਾ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਵਿਚਾਰ ਚਰਚਾ ਲਈ ਚੁਣੇ ਗਏ ਵਿਸ਼ੇ ਬਹੁਤ ਹੀ ਢੁੱਕਵੇਂ ਅਤੇ ਸਮੇਂ ਦੇ ਹਾਣ ਦੇ ਹਨ। ਜੈਵਿਕ ਸੁਰੱਖਿਆ, ਪਰਾਲੀ ਪ੍ਰਬੰਧਨ ਅਤੇ ਮਸਨੂਈ ਗਿਆਨ ਦੀ ਇਸ ਸਮੇਂ ਪਸ਼ੂ ਵਿਗਿਆਨ ਵਿਚ ਬਹੁਤ ਜ਼ਰੂਰਤ ਹੈ। ਡਾ. ਨੀਰਜ ਕਸ਼ਯਪ ਨੇ ਆਈਆਂ ਸ਼ਖ਼ਸੀਅਤਾਂ ਤੇ ਵਿਗਿਆਨੀਆਂ ਦਾ ਧੰਨਵਾਦ ਕੀਤਾ।
ਸਰੋਤ: ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ (GADVASU) ਤੋਂ ਮਿਲੀ ਹੈ।
Summary in English: Two-day workshop on animal husbandry started