ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਨਰੀ ਮਾਇਕਰੋਬਾਇਓਲੋਜੀ ਵਿਭਾਗ ਅਤੇ ਵਨ ਹੈਲਥ ਸੈਂਟਰ ਵੱਲੋਂ ਇਕ ਦੋ ਦਿਨਾ ਦੀ ਰਾਸ਼ਟਰੀ ਆਨਲਾਈਨ ਕਾਰਜਸ਼ਾਲਾ ਕਰਵਾਈ ਗਈ ਜਿਸ ਵਿਚ ਢੁੱਕਵੇਂ ਐਂਟੀਬਾਇਟਿਕ ਦੀ ਪਛਾਣ ਅਤੇ ਵਰਤੋਂ ਕਰਨ ਵਾਸਤੇ ਨਿਰੀਖਣ ਢੰਗ ਬਾਰੇ ਸਿੱਖਿਅਤ ਕੀਤਾ ਗਿਆ।ਇਸ ਕਾਰਜਸ਼ਾਲਾ ਵਿਚ ਸਿੱਖਿਆ ਸ਼ਾਸਤਰੀਆਂ, ਖੋਜਾਰਥੀਆਂ ਅਤੇ ਵੈਟਨਰੀ ਅਫ਼ਸਰਾਂ ਨੇ ਹਿੱਸਾ ਲਿਆ।
ਇਹ ਕਾਰਜਸ਼ਾਲਾ ਭਾਰਤੀ ਖੇਤੀ ਖੋਜ ਪਰਿਸ਼ਦ ਦੀ ਯੋਜਨਾ ’ਐਂਟੀਬਾਇਟਿਕ ਪ੍ਰਤੀਰੋਧ: ਜਾਨਵਰ ਅਤੇ ਮਨੁੱਖੀ ਮੇਲ’ ਅਧੀਨ ਕਰਵਾਈ ਗਈ।ਇਸ ਵਿਚ ਸਾਰੇ ਮੁਲਕ ਤੋਂ 60 ਪੇਸ਼ੇਵਰਾਂ ਨੇ ਹਿੱਸਾ ਲਿਆ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਮਾਹਿਰਾਂ ਵੱਲੋਂ ਇਕ ਸਮਕਾਲੀ ਅਤੇ ਢੁੱਕਵੇਂ ਵਿਸ਼ੇ ’ਤੇ ਇਹ ਕਾਰਜਸ਼ਾਲਾ ਕਰਵਾਈ ਜਾ ਰਹੀ ਹੈ ਜਿਸ ਦੀ ਕਿ ਚਲਦੇ ਵਕਤ ਵਿਚ ਬਹੁਤ ਮਹੱਤਤਾ ਹੈ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਨੇ ਆਪਣੇ ਉਦਘਾਟਨੀ ਭਾਸ਼ਣ ਵਿਚ ਕਿਹਾ ਕਿ ਸੂਖਮਜੀਵ ਪ੍ਰਤੀਰੋਧ ਸਮਰੱਥਾ ਨਾਲ ਜਾਨਵਰਾਂ ਅਤੇ ਮਨੁੱਖਾਂ ਦੇ ਸਿਹਤ ਖੇਤਰ ਵਿਚ ਕਈ ਕਿਸਮ ਦੇ ਬੋਝ ਵੱਧ ਰਹੇ ਹਨ।ਜੇ ਅਸੀਂ ਇਕ ਸਿਹਤ ਵਿਸ਼ੇ ਰਾਹੀਂ ਇਸ ਮੁੱਦੇ ’ਤੇ ਕੰਮ ਕਰਾਂਗੇ ਤਾਂ ਉਸ ਦਾ ਸੰਬੰਧਿਤ ਧਿਰਾਂ ਨੂੰ ਫਾਇਦਾ ਹੋਵੇਗਾ।
ਇਸ ਕਾਰਜਸ਼ਾਲਾ ਦੇ ਪ੍ਰਬੰਧਕੀ ਸਕੱਤਰ ਅਤੇ ਪ੍ਰਾਜੈਕਟ ਦੇ ਮੁੱਖ ਨਿਰੀਖਕ, ਡਾ. ਏ ਕੇ ਅਰੋੜਾ ਨੇ ਢੁੱਕਵੇਂ ਐਂਟੀਬਾਇਟਿਕ ਦੀ ਪਛਾਣ ਕਰਨ ਸੰਬੰਧੀ ਕਈ ਵਿਧੀਆਂ ’ਤੇ ਚਰਚਾ ਕੀਤੀ।ਵਨ ਹੈਲਥ ਕੇਂਦਰ ਦੇ ਨਿਰਦੇਸ਼ਕ, ਡਾ. ਜਸਬੀਰ ਸਿੰਘ ਬੇਦੀ ਨੇ ਪ੍ਰਤੀਭਾਗੀਆਂ ਨੂੰ ਦੱਸਿਆ ਕਿ ਸੂਖਮਜੀਵ ਪ੍ਰਤੀਰੋਧ ਸੰਬੰਧੀ ਇਸ ਕੇਂਦਰ ਵਿਖੇ ਕਈ ਖੋਜ ਕਾਰਜ ਚੱਲ ਰਹੇ ਹਨ ਜਿਨ੍ਹਾਂ ਰਾਹੀਂ ਜਨਤਕ ਸਿਹਤ ਦੇ ਮੁੱਦੇ ਜਿਵੇਂ ਸੂਖਮਜੀਵ ਪ੍ਰਤੀਰੋਧ ਸਮਰੱਥਾ ਆਦਿ ਬਾਰੇ ਸਮਝਣ ਦਾ ਕਾਰਜ ਕੀਤਾ ਜਾ ਰਿਹਾ ਹੈ।ਇਨ੍ਹਾਂ ਖੋਜਾਂ ਰਾਹੀਂ ਮਨੁੱਖ, ਜਾਨਵਰਾਂ ਅਤੇ ਵਾਤਾਵਰਣ ਨੂੰ ਇਕ ਸਾਂਝੇ ਨੁਕਤੇ ਰਾਹੀਂ ਵਿਚਾਰਿਆ ਜਾਵੇਗਾ।ਪ੍ਰਤੀਭਾਗੀਆਂ ਨੂੰ ਜਿਥੇ ਇਸ ਸੰਬੰਧੀ ਪ੍ਰੰਪਰਾਗਤ ਵਿਧੀਆਂ ਬਾਰੇ ਦੱਸਿਆ ਗਿਆ ਉਥੇ ਉਨ੍ਹਾਂ ਨਾਲ ਨਵੇਂ ਢੰਗ ਤਰੀਕਿਆਂ ਬਾਰੇ ਵੀ ਚਰਚਾ ਕੀਤੀ ਗਈ।
ਡਾ. ਬੇਦੀ ਨੇ ਇਸ ਕਾਰਜਸ਼ਾਲਾ ਦਾ ਸੰਬੰਧੀ ਉਤਸਾਹ ਦੇਣ ਵਾਸਤੇ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਅਤੇ ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ, ਵੈਟਨਰੀ ਸਾਇੰਸ ਕਾਲਜ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਰਾਸ਼ਟਰੀ ਪੱਧਰ ਦੇ ਕਾਰਜ ਲਈ ਉਨ੍ਹਾਂ ਨੂੰ ਦਿਸ਼ਾ ਦਿੱਤੀ।
ਕਾਰਜਸ਼ਾਲਾ ਦੌਰਾਨ ਡਾ. ਰਣਧੀਰ ਸਿੰਘ, ਡਾ. ਮੁਦਿਤ ਚੰਦਰਾ ਅਤੇ ਡਾ. ਪੰਕਜ ਢਾਕਾ ਨੇ ਆਯੋਜਨ ਸੰਬੰਧੀ ਕਈ ਜ਼ਿੰਮੇਵਾਰੀਆਂ ਨਿਭਾਈਆਂ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Veterinary University conducts workshop on identification and use of appropriate antibiotics