1. Home
  2. ਖਬਰਾਂ

ਵੈਟਨਰੀ ਯੂਨੀਵਰਸਿਟੀ ਨੇ ਪਸ਼ੂਆਂ ਦੀ ਲੰਪੀ ਸਕਿਨ ਬਿਮਾਰੀ ਸੰਬੰਧੀ ਜਾਰੀ ਕੀਤੀ ਸਲਾਹਕਾਰੀ

ਲੁਧਿਆਣਾ ਦੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵੱਲੋਂ ਪਸ਼ੂਆਂ ਦੀ ਲੰਪੀ ਸਕਿਨ ਬਿਮਾਰੀ ਸੰਬੰਧੀ ਸਲਾਹਕਾਰੀ ਜਾਰੀ ਕੀਤੀ ਗਈ।

Gurpreet Kaur Virk
Gurpreet Kaur Virk
ਵੈਟਨਰੀ ਯੂਨੀਵਰਸਿਟੀ ਵੱਲੋਂ ਸਲਾਹ

ਵੈਟਨਰੀ ਯੂਨੀਵਰਸਿਟੀ ਵੱਲੋਂ ਸਲਾਹ

Lumpy Skin Disease: ਲੰਪੀ ਸਕਿਨ ਡਿਜ਼ੀਜ਼ ਜਾਂ ਚਮੜੀ ਦੀਆਂ ਗੱਠਾਂ ਦੀ ਬਿਮਾਰੀ ਮੱਝਾਂ ਅਤੇ ਗਾਂਵਾਂ ਵਿੱਚ ਵਿਸ਼ਾਣੂ ਕਾਰਣ ਹੋਣ ਵਾਲੀ ਇੱਕ ਬਿਮਾਰੀ ਹੈ। ਇਸ ਬਿਮਾਰੀ ਨੇ ਦੱਖਣ ਭਾਰਤ ਦੇ ਸੂਬਿਆਂ ਤੋਂ ਹੋ ਕੇ ਉੱਤਰੀ-ਭਾਰਤ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ ਹੈ। ਇਸ ਸੰਬੰਧੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਕਿਸਾਨਾਂ ਨੂੰ ਜਾਗਰੁਕ ਕਰਨ ਹਿਤ ਕੁਝ ਦਿਸ਼ਾ-ਨਿਰਦੇਸ਼ ਅਤੇ ਸਿਫਾਰਸ਼ਾਂ ਸਾਂਝੀਆਂ ਕੀਤੀਆਂ ਗਈਆਂ।

Advisory regarding Lumpy Skin Disease: ਲੁਧਿਆਣਾ ਦੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵੱਲੋਂ ਪਸ਼ੂਆਂ ਦੀ ਲੰਪੀ ਸਕਿਨ ਬਿਮਾਰੀ ਸੰਬੰਧੀ ਸਲਾਹਕਾਰੀ ਜਾਰੀ ਕੀਤੀ ਗਈ। ਡਾ. ਅਸ਼ਵਨੀ ਕੁਮਾਰ ਸ਼ਰਮਾ, ਮੁਖੀ, ਵੈਟਨਰੀ ਮੈਡੀਸਨ ਵਿਭਾਗ ਨੇ ਜਾਣਕਾਰੀ ਦਿੱਤੀ ਕਿ ਮੱਛਰ, ਮੱਖੀਆਂ ਅਤੇ ਚਿੱਚੜ ਇਸ ਨੂੰ ਫੈਲਾਉਣ ਵਿਚ ਕ੍ਰਿਆਸ਼ੀਲ ਹੁੰਦੇ ਹਨ। ਇਹ ਬਿਮਾਰੀ ਜ਼ਿਆਦਾਤਰ ਗਰਮ ਅਤੇ ਹੁੰਮਸ ਵਾਲੇ ਮੌਸਮ ਵਿੱਚ ਹੁੰਦੀ ਹੈ।

ਪਸ਼ੂਆਂ 'ਚ ਬਿਮਾਰੀ ਦੇ ਲੱਛਣ

● ਇਸ ਬਿਮਾਰੀ ਨਾਲ ਗ੍ਰਸਤ ਪਸ਼ੂ ਨੂੰ 2-3 ਦਿਨ ਲਈ ਹਲਕਾ ਬੁਖਾਰ ਹੁੰਦਾ ਹੈ।
● ਪੂਰੇ ਸਰੀਰ ਦੀ ਚਮੜੀ ਉੱਤੇ 2-5 ਸੈਂਟੀਮੀਟਰ ਦੀਆਂ ਸਖਤ ਗੱਠਾਂ ਉੱਭਰ ਆਉਂਦੀਆਂ ਹਨ।
● ਗੱਠਾਂ ਵਿੱਚੋਂ ਦੁੱਧੀਆ ਪੀਲੀ ਪੀਕ ਨਿਕਲਦੀ ਹੈ ਜਾਂ ਫਿਰ ਇਹ ਚਮੜੀ ਗਲ ਜਾਂਦੀ ਹੈ ਅਤੇ ਇਥੇ ਇੰਨਫੈਕਸ਼ਨ (ਲਾਗ) ਹੋ ਜਾਂਦੀ ਹੈ।
● ਪਸ਼ੂਆਂ ਨੂੰ ਬਹੁਤ ਤਕਲੀਫ ਹੁੰਦੀ ਹੈ ਅਤੇ ਪਸ਼ੂ ਬਹੁਤ ਕਮਜ਼ੋਰ ਹੋ ਜਾਂਦਾ ਹੈ।
● ਇਸ ਤੋਂ ਇਲਾਵਾ ਮੂੰਹ, ਸਾਹ ਨਾਲੀ, ਮਿਹਦੇ ਅਤੇ ਪ੍ਰਜਣਨ ਅੰਗਾਂ ਵਿੱਚ ਜ਼ਖਮ, ਕਮਜ਼ੋਰੀ, ਲਿੰਫ਼ਨੋਡਜ਼ (ਰੱਖਿਆ ਪ੍ਰਣਾਲੀ ਦਾ ਹਿੱਸਾ) ਦੀ ਸੋਜ਼ਿਸ, ਲੱਤਾਂ ਵਿੱਚ ਪਾਣੀ ਭਰਨਾ, ਦੁੱਧ ਵਿੱਚ ਕਮੀ, ਬੱਚਾ ਸੁੱਟਣਾ, ਪਸ਼ੂ ਦਾ ਬਾਂਝ ਹੋਣਾ ਅਤੇ ਕਿਸੇ ਕਿਸੇ ਪਸ਼ੂ ਦੀ ਮੌਤ ਆਦਿ ਵੀ ਹੋ ਸਕਦੀਆਂ ਹਨ।
● ਇਹ ਬਿਮਾਰੀ ਆਤਮ ਨਿਯੰਤਰਿਤ ਹੈ ਅਤੇ ਪਸ਼ੂ 2-3 ਹਫ਼ਤਿਆਂ ਵਿੱਚ ਠੀਕ ਹੋ ਜਾਂਦਾ ਹੈ।
● ਬਿਮਾਰੀ ਕਾਰਨ ਦੁੱਧ ਦੀ ਪੈਦਾਵਾਰ ਕਾਫੀ ਸਮੇਂ ਤੱਕ ਘਟੀ ਰਹਿੰਦੀ ਹੈ ਅਤੇ 1-5 ਫੀਸਦੀ ਪਸ਼ੂਆਂ ਦੀ ਮੌਤ ਵੀ ਹੋ ਜਾਂਦੀ ਹੈ।

ਇਹ ਵੀ ਪੜ੍ਹੋ ਲੰਪੀ ਬਿਮਾਰੀ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਸੰਵੇਦਨਸ਼ੀਲ, ਸੂਬਾ ਸਰਕਾਰ ਜਲਦੀ ਭੇਜੇ ਰਿਪੋਰਟ: ਕੈਲਾਸ਼ ਚੌਧਰੀ

ਪਸ਼ੂਆਂ ਨੂੰ ਬਿਮਾਰੀ ਤੋਂ ਬਚਾਉਣ ਦੇ ਤਰੀਕੇ

● ਬਿਮਾਰੀ ਤੋਂ ਬਚਾਅ ਲਈ ‘ਗੋਟ ਪੌਕਸ ਵੈਕਸੀਨ’ ਨਾਲ ਗਾਂਵਾਂ ਦਾ ਟੀਕਾਕਰਨ ਕਰਨਾ ਚਾਹੀਦਾ ਹੈ।
● ਵੈਕਸੀਨ ਕਰਨ ਲਈ ਹਰ ਪਸ਼ੂ ਲਈ ਨਵੀਂ ਸੂਈ ਦੀ ਵਰਤੋਂ ਕਰਨੀ ਚਾਹੀਦੀ ਹੈ।
● ਬਿਮਾਰ ਪਸ਼ੂਆਂ ਨੁੰ ਤੰਦਰੂਸਤ ਪਸ਼ੂਆਂ ਤੋਂ ਅਲੱਗ ਕਰ ਦਿਉ।
● ਮੇਲੇ, ਮੰਡੀਆਂ ਜਾਂ ਪਸ਼ੂ ਮੁਕਾਬਿਲਆਂ ਵਿੱਚ ਪਸ਼ੂਆਂ ਨੂੰ ਲਿਜਾਣ ਤੋਂ ਪਰਹੇਜ਼ ਕਰੋ ਅਤੇ ਬਿਮਾਰ/ ਬਿਮਾਰੀ ਦੇ ਲੱਛਣ ਦਰਸਾਉਣ ਵਾਲੇ ਪਸ਼ੂਆਂ ਨੂੰ ਨਾ ਖਰੀਦੋ।
● ਕਾਮੇ ਇੱਕ ਹੀ ਫ਼ਾਰਮ ਤੇ ਕੰਮ ਕਰਨ ਅਤੇ ਅਲੱਗ-ਅੱਲਗ ਫ਼ਾਰਮਾਂ ’ਤੇ ਨਾ ਜਾਣ ਅਤੇ ਖਾਸ ਤੌਰ ’ਤੇ ਆਪਣੇ ਸਰੀਰ ਦੀ ਸਫਾਈ ਵੱਲ ਧਿਆਨ ਦੇਣ।
● ਜਿਹੜੇ ਸਾਨ੍ਹ ਇਸ ਬਿਮਾਰੀ ਤੋਂ ਠੀਕ ਹੋ ਗਏ ਹੋਣ, ਉਨ੍ਹਾਂ ਦੇ ਖੂਨ ਅਤੇ ਵੀਰਜ ਦੀ ਲੈਬੋਰੈਟਰੀ ਵਿੱਚ ਗਹਿਰੀ ਜਾਂਚ ਕਰਨੀ ਚਾਹੀਦੀ ਹੈ।
● ਜੇ ਜਾਂਚ ਦੇ ਨਤੀਜੇ ਠੀਕ ਹੋਣ ਤਾਂ ਉਸ ਤੋਂ ਬਾਅਦ ਹੀ ਇਨ੍ਹਾਂ ਦੇ ਵੀਰਜ ਦੇ ਟੀਕੇ ਬਣਾਉਣੇ ਚਾਹੀਦੇ ਹਨ।

ਪਸ਼ੂਆਂ ਦੇ ਇਲਾਜ ਸਬੰਧੀ ਧਿਆਨ ਦੇਣ ਯੋਗ ਗੱਲਾਂ

● ਇਲਾਜ ਕਰਨ ਲਈ ਮਾਹਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
● ਬਿਮਾਰ ਪਸ਼ੂਆਂ ਨੂੰ ਇਲਾਜ ਦੌਰਾਨ ਅਲੱਗ ਰੱਖਣਾ ਚਾਹੀਦਾ ਹੈ।
● ਜਾਨਵਰਾਂ ਦੇ ਇਲਾਜ ਵਿੱਚ ਲੋੜ ਅਨੁਸਾਰ ਐਂਟੀਬਾਇਉਟਿਕ ਦਵਾਈਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ।
● ਬਿਮਾਰੀ ਨਾਲ ਜ਼ਿ਼ਆਦਾ ਪ੍ਰਭਾਵਿਤ ਜਾਨਵਰਾਂ ਜਿਹਨਾਂ ਦੇ ਗੋਹੇ ਵਿੱਚ ਖੂਨ ਜਾਂ ਜਿਹਨਾਂ ਨੂੰ ਨਿਮੋਨੀਆ ਹੋ ਗਿਆ ਹੋਵੇ ਵਿੱਚ ਤੇਜ਼ ਐਂਟੀਬਾਇਉਟਿਕ ਦਵਾਈਆਂ ਦੀ ਲਗਾਤਾਰ ਵਰਤੋਂ ਕਰਨੀ ਚਾਹੀਦੀ ਹੈ।
● ਜੇਕਰ ਜਾਨਵਰ ਨੂੰ ਬੁਖਾਰ ਹੋਵੇ ਤਾਂ ਬੁਖਾਰ ਘਟਾਉਣ ਦੀ ਦਵਾਈ ਦਿੱਤੀ ਜਾ ਸਕਦੀ ਹੈ।
● ਜੇਕਰ ਪਸ਼ੁ ਦੇ ਸਰੀਰ `ਤੇ ਜ਼ਖਮ ਹੋਣ ਤਾਂ ਮੱਲ੍ਹਮ/ਦਵਾਈ ਲਗਾਉਣੀ ਚਾਹੀਦੀ ਹੈ।
● ਜ਼ਖ਼ਮਾਂ ਨੂੰ ਭਰਨ ਲਈ ਪਸ਼ੂ ਨੂੰ ਵਿਟਾਮਿਨ ਦੀ ਖੁਰਾਕ ਦੇਣੀ ਚਾਹੀਦੀ ਹੈ।
● ਪਸ਼ੂਆਂ ਨੂੰ ਨਰਮ ਚਾਰਾ ਅਤੇ ਅਸਾਨੀ ਨਾਲ ਹਜ਼ਮ ਹੋਣ ਵਾਲੀ ਵੰਡ ਦੇਣੀ ਚਾਹੀਦੀ ਹੈ।

ਇਹ ਵੀ ਪੜ੍ਹੋ Lumpy Skin Disease: ਪਸ਼ੂਆਂ 'ਚ ਤੇਜ਼ੀ ਨਾਲ ਵੱਧ ਰਿਹਾ ਹੈ ਰੋਗ, ਨਿਯੰਤਰਣ ਤੇ ਸੁਝਾਅ ਲਈ ਇਸ ਨੰਬਰ 'ਤੇ ਕਰੋ ਸੰਪਰਕ

ਵਧੇਰੇ ਜਾਣਕਾਰੀ ਲਈ ਇਨ੍ਹਾਂ ਨੰਬਰਾਂ 'ਤੇ ਕਰੋ ਸੰਪਰਕ

ਕੋਈ ਸਲਾਹ ਜਾਂ ਜਾਣਕਾਰੀ ਲੈਣ ਲਈ ਯੂਨੀਵਰਸਿਟੀ ਦੇ ਦੂਰ-ਸਲਾਹਕਾਰੀ ਕੇਂਦਰ ਦੇ ਨੰਬਰਾਂ 62832-97919, 62832-58834 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Summary in English: Veterinary University has issued an advisory regarding lumpy skin disease of animals

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters