ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਐਨੀਮਲ ਬਾਇਓਤਕਨਾਲੋਜੀ ਕਾਲਜ ਨੂੰ ਐਨੀਮਲ ਬਾਇਓਤਕਨਾਲੋਜੀ ਦੇ ਖੇਤਰ ਵਿਚ ਪੋਸਟ ਗ੍ਰੈਜੂਏਟ ਮੁਹਾਰਤ ਦੇਣ ਲਈ ਵੱਕਾਰੀ ਕੌਮੀ ਪ੍ਰੋਗਰਾਮ ਪ੍ਰਾਪਤ ਹੋਇਆ ਹੈ।
ਇਹ ਪ੍ਰੋਗਰਾਮ ਐਮ.ਐਸ.ਸੀ (ਬਾਇਓਤਕਨਾਲੋਜੀ) ਦੇ ਖੇਤਰ ਵਿਚ ਮੁਹਾਰਤ ਪ੍ਰਾਪਤ ਕਰਨ ਲਈ ਭਾਰਤ ਸਰਕਾਰ ਦੇ ਬਾਇਓਤਕਨਾਲੋਜੀ ਵਿਭਾਗ ਵੱਲੋਂ ਪ੍ਰਦਾਨ ਕੀਤਾ ਗਿਆ ਹੈ।ਡਾ. ਯਸ਼ਪਾਲ ਸਿੰਘ ਮਲਿਕ, ਡੀਨ, ਐਨੀਮਲ ਬਾਇਓਤਕਨਾਲੋਜੀ ਕਾਲਜ ਅਤੇ ਇਸ ਪ੍ਰੋਗਰਾਮ ਦੇ ਸੰਯੋਜਕ ਨੇ ਦੱਸਿਆ ਕਿ ਇਸ ਕਾਰਜ ਲਈ ਕਾਲਜ ਨੂੰ ਨਵੀਆਂ ਖੋਜ ਸਹੂਲਤਾਂ ਅਤੇ ਅਧਿਆਪਨ ਨੂੰ ਮਜ਼ਬੂਤ ਕਰਨ ਹਿਤ 1.80 ਕਰੋੜ ਦੀ ਵਿਤੀ ਸਹਾਇਤਾ ਵੀ ਪ੍ਰਾਪਤ ਹੋਵੇਗੀ।ਉਨ੍ਹਾਂ ਕਿਹਾ ਕਿ ਹਰੇਕ ਸਾਲ ਸਾਰੇ ਮੁਲਕ ਵਿਚੋਂ 10 ਵਿਦਿਆਰਥੀ ਇਸ ਕੋਰਸ ਵਿਚ ਦਾਖਲਾ ਲੈ ਸਕਣਗੇ ਜਿਨ੍ਹਾਂ ਨੂੰ ਬਾਇਓਤਕਨਾਲੋਜੀ ਵਿਭਾਗ ਵਲੋਂ ਫੈਲੋਸ਼ਿਪ ਅਤੇ ਹੋਰ ਖਰਚੇ ਦਿੱਤੇ ਜਾਣਗੇ।ਉਨ੍ਹਾਂ ਜਾਣਕਾਰੀ ਦਿੱਤੀ ਕਿ ਸ਼ੁਰੂ ਵਿਚ ਪੰਜ ਸਾਲ ਵਾਸਤੇ ਇਹ ਸਹਾਇਤਾ ਪ੍ਰਾਪਤ ਹੋਵੇਗੀ ਜੋ ਕਿ ਵਿਦਿਅਕ ਵਰ੍ਹੇ 2020-21 ਤੋਂ ਹੀ ਮਿਲਣੀ ਸ਼ੁਰੂ ਹੋ ਜਾਵੇਗੀ।ਇਸ ਖੇਤਰ ਦੇ ਸਿੱਖਿਅਤ ਵਿਦਿਆਰਥੀ ਐਨੀਮਲ ਬਾਇਓਤਕਨਾਲੋਜੀ ਦੇ ਖੇਤਰ ਵਿਚ ਬਿਹਤਰ ਕਾਰਗੁਜ਼ਾਰੀ ਦੇਣ ਦੇ ਸਮਰੱਥ ਹੋਣਗੇ।ਡਾ. ਮਲਿਕ ਨੇ ਜਾਣਕਾਰੀ ਦਿੱਤੀ ਕਿ ਇਹ ਕਾਲਜ ਹੁਣ ਤਕ 56 ਪੋਸਟ ਗ੍ਰੈਜੂਏਟ ਅਤੇ 20 ਪੀਐਚ.ਡੀ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰ ਚੁੱਕਾ ਹੈ ਅਤੇ ਇਹ ਵਿਦਿਆਰਥੀ ਵਿਭਿੰਨ ਸੰਗਠਨਾਂ ਵਿਚ ਕਾਰਜਸ਼ੀਲ ਹਨ।
ਡਾ. ਰਾਮ ਸਰਨ ਸੇਠੀ, ਮੁਖੀ, ਐਨੀਮਲ ਬਾਇਓਤਕਨਾਲੋਜੀ ਵਿਭਾਗ ਨੇ ਜਾਣਕਾਰੀ ਦਿੱਤੀ ਕਿ ਇਸ ਕੋਰਸ ਵਿਚ ਦਾਖਲਾ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਕੌਸ਼ਲ ਪ੍ਰੀਖਿਆ ਦੇ ਆਧਾਰ ’ਤੇ ਮਿਲੇਗਾ ਜੋ ਕਿ ਭਾਰਤ ਸਰਕਾਰ ਦੇ ਬਾਇਓਤਕਨਾਲੋਜੀ ਵਿਭਾਗ ਵਲੋਂ ਲਈ ਜਾਵੇਗੀ।ਯੋਗ ਉਮੀਦਵਾਰਾਂ ਨੂੰ ਮੁਲਕ ਵਿਚ ਚਲਦੀਆਂ ਵੱਖੋ-ਵੱਖਰੀਆਂ ਸੰਸਥਾਵਾਂ ਵਿਚ ਦਾਖਲਾ ਲੈਣ ਦੇ ਵਿਕਲਪ ਹੋਣਗੇ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ ਨੇ ਡਾ. ਮਲਿਕ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਰਾਸ਼ਟਰੀ ਪੋਸਟ ਗ੍ਰੈਜੂਏਟ ਪ੍ਰੋਗਰਾਮ ਦੀ ਪ੍ਰਾਪਤੀ ਨਾਲ ਅਸੀਂ ਆਪਣੀ ਵਿਦਿਆ, ਸਿਖਲਾਈ ਅਤੇ ਬਾਇਓਤਕਨਾਲੋਜੀ ਦੇ ਖੇਤਰ ਵਿਚ ਉਤਮਤਾ ਨੂੰ ਹੋਰ ਬਿਹਤਰ ਕਰ ਸਕਾਂਗੇ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਨਾਲ ਸਾਡੀ ਖੋਜ ਅਤੇ ਵਿਕਾਸ ਦੀ ਗਤੀਵਿਧੀ ਵੀ ਰਾਸ਼ਟਰੀ ਪੱਧਰ ’ਤੇ ਹੋਰ ਰਫ਼ਤਾਰ ਫੜੇਗੀ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Veterinary University Receives Distinguished National Post Graduate Program in Animal Biotechnology 1.80 crore financial assistance will be provided for this program