ਖੇਤੀਬਾੜੀ ਅਤੇ ਪੇਂਡੂ ਵਿਕਾਸ ਸੰਬੰਧੀ ਰਾਸ਼ਟਰੀ ਬੈਂਕ (ਨਾਬਾਰਡ) ਨੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ’ਪਸ਼ੂ ਪਾਲਕਾਂ ਲਈ ਟੈਲੀ-ਸਲਾਹਕਾਰ ਕੇਂਦਰ ਸਥਾਪਿਤ’ ਕਰਨ ਸੰਬੰਧੀ ਇਕ ਪ੍ਰਾਜੈਕਟ ਨੂੰ ਮਨਜ਼ੂਰ ਕੀਤਾ ਹੈ।
ਇਸ ਕੇਂਦਰ ਦੀ ਸਥਾਪਤੀ ਸੰਬੰਧੀ ਆਨਲਾਈਨ ਸਮਾਗਮ ਵਿਚ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ ਅਤੇ ਡਾ. ਰਾਜੀਵ ਸਿਵਾਚ, ਚੀਫ ਜਨਰਲ ਮੈਨੇਜਰ, ਨਾਬਾਰਡ ਨੇ ਉਦਘਾਟਨ ਕੀਤਾ।ਡਾ. ਪ੍ਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਸਾਰੇ ਪ੍ਰਤੀਭਾਗੀਆਂ ਦਾ ਸਵਾਗਤ ਕੀਤਾ ਅਤੇ ਇਸ ਕੇਂਦਰ ਦੀ ਕਾਰਜਸ਼ੈਲੀ ਬਾਰੇ ਦੱਸਿਆ।
ਡਾ. ਸਿਵਾਚ ਨੇ ਜਾਣਕਾਰੀ ਦਿੱਤੀ ਕਿ ਪਸ਼ੂ ਪਾਲਣ ਕਿੱਤੇ ਦੀਆਂ ਵੱਖੋ-ਵੱਖਰੀਆਂ ਲੋੜਾਂ ਜਿਵੇਂ ਚਾਰਾ ਪੈਦਾ ਕਰਨਾ, ਮੌਸਮੀ ਤਬਦੀਲੀ, ਮੌਸਮ ਨਾਲ ਸੰਬੰਧਿਤ ਬੀਮਾ, ਮਸਨੂਈ ਗਰਭਦਾਨ ਅਤੇ ਹੋਰ ਕਈ ਮਸਲਿਆਂ ਵਾਸਤੇ ਇਹ ਪ੍ਰਾਜੈਕਟ ਸਹਾਈ ਹੋਵੇਗਾ।ਉਨ੍ਹਾਂ ਕਿਹਾ ਕਿ ਕਿਸਾਨ ਹਿਤਾਂ ਵਾਸਤੇ ਅਸੀਂ ਪਹਿਲਾਂ ਵੀ ਵੈਟਨਰੀ ਯੂਨੀਵਰਸਿਟੀ ਨਾਲ ਕਈ ਉਪਰਾਲੇ ਕਰ ਰਹੇ ਹਾਂ ਅਤੇ ਇਹ ਅਗੇ ਵੀ ਜਾਰੀ ਰਹਿਣਗੇ।ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਸਮੇਂ ਵਿਚ ਇਹ ਟੈਲੀ ਸਲਾਹਕਾਰੀ ਭਾਵ ਦੂਰ ਤੋਂ ਕਿਸੇ ਮਾਹਿਰ ਨਾਲ ਗੱਲ ਕਰਨ ਦਾ ਢੰਗ ਬਹੁਤ ਬਿਹਤਰ ਅਤੇ ਲੋੜੀਂਦਾ ਹੈ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਇਸ ਮਾਧਿਅਮ ਰਾਹੀਂ ਪਸਾਰ ਸੇਵਾਵਾਂ ਦੀ ਭੂਮਿਕਾ ਸੰਬੰਧੀ ਵਿਸਥਾਰ ਵਿਚ ਦੱਸਿਆ।ਉਨ੍ਹਾਂ ਕਿਹਾ ਕਿ ਦੂਰ-ਸੰਚਾਰ ਨਾਲ ਯੂਨੀਵਰਸਿਟੀ ਅਤੇ ਕਿਸਾਨਾਂ ਵਿਚ ਇਕ ਨਵਾਂ ਸੰਪਰਕ ਸੂਤਰ ਕਾਇਮ ਹੋਵੇਗਾ।ਇਸ ਕੇਂਦਰ ਰਾਹੀਂ ਅਸੀਂ ਪੰਜਾਬ ਦੇ ਹਰ ਕੋਨੇ ਵਿਚ ਆਪਣੀਆਂ ਪਸਾਰ ਸੇਵਾਵਾਂ ਅਤੇ ਸਿਫਾਰਸ਼ਾਂ ਭੇਜ ਸਕਾਂਗੇ।
ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਭਵਿੱਖ ਵਿਚ ਮੋਬਾਇਲ ਐਪ ਰਾਹੀਂ ਇਸ ਕੇਂਦਰ ਨੂੰ ਹੋਰ ਸੁਦਿ੍ਰੜ ਕੀਤਾ ਜਾਵੇਗਾ।ਕਿਸਾਨ ਮਾਹਿਰਾਂ ਦੀਆਂ ਸਿਫਾਰਸ਼ਾਂ ਨਾਲ ਵਿਗਿਆਨਕ ਵਿਧੀਆਂ ਅਪਨਾਉਣਗੇ ਜਿਸ ਨਾਲ ਕਿ ਪਸ਼ੂ ਪਾਲਣ ਕਿੱਤਿਆਂ ਵਿਚ ਹੋਰ ਬਿਹਤਰੀ ਹੋਵੇਗੀ।ਇਸ ਸਮਾਰੋਹ ਵਿਚ ਯੂਨੀਵਰਸਿਟੀ ਦੇ ਅਤੇ ਨਾਬਾਰਡ ਦੇ ਅਧਿਕਾਰੀ ਆਨਲਾਈਨ ਮਾਧਿਅਮ ਰਾਹੀਂ ਸ਼ਾਮਿਲ ਹੋਏ।
ਇਸ ਪ੍ਰਾਜੈਕਟ ਦੇ ਮੁੱਖ ਨਿਰੀਖਕ, ਡਾ. ਰਾਕੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਇਹ ਕੇਂਦਰ ਇਕ ਮਹੀਨੇ ਵਿਚ ਸ਼ੁਰੂ ਹੋ ਜਾਵੇਗਾ ਉਦੋਂ ਤਕ ਕਿਸਾਨ ਵੀਰ ਸਾਡੇ ਸਹਾਇਤਾ ਨੰਬਰ - 0161-2414026 ’ਤੇ ਸੰਪਰਕ ਕਰ ਸਕਦੇ ਹਨ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Veterinary University receives project related to Animal Husbandry Tally Advisory Center to be started within a month