Pashu Palan Mela: ਲੁਧਿਆਣਾ ਦੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (Guru Angad Dev Veterinary and Animal Sciences University) ਵਿਖੇ ਪਸ਼ੂ ਪਾਲਣ ਮੇਲਾ ਸ਼ੁਰੂ ਹੋਣ ਜਾ ਰਿਹਾ ਹੈ। ਦੱਸ ਦੇਈਏ ਕਿ ਇਹ ਮੇਲਾ 23 ਸਤੰਬਰ ਤੋਂ ਸ਼ੁਰੂ ਹੋ ਕੇ 24 ਸਤੰਬਰ ਤੱਕ ਚੱਲੇਗਾ। ਆਓ ਜਾਣਦੇ ਹਾਂ ਕਿ ਮੇਲੇ 'ਚ ਕਿ ਕੁਝ ਰਵੇਗਾ ਖ਼ਾਸ...
Veterinary University: ਪੰਜਾਬ ਦੇ ਪਿੰਡਾਂ `ਚ ਲੋਕਾਂ ਦਾ ਮੁੱਖ ਕਮਾਈ ਦਾ ਸਾਧਨ ਪਸ਼ੂ ਪਾਲਣ ਹੈ, ਅਜਿਹੇ 'ਚ ਸਮੇਂ-ਸਮੇਂ 'ਤੇ ਇਸ ਕਿੱਤੇ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਉਪਰਾਲੇ ਵੀ ਕੀਤੇ ਜਾਂਦੇ ਹਨ। ਇਸ ਲੜੀ 'ਚ ਲੁਧਿਆਣਾ ਦੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (Guru Angad Dev Veterinary and Animal Sciences University) ਵਿਖੇ ਪਸ਼ੂ ਮੇਲੇ ਦਾ ਆਗਾਜ਼ ਹੋਣ ਜਾ ਰਿਹਾ ਹੈ।
ਦੱਸ ਦੇਈਏ ਕਿ ਇਹ ਮੇਲਾ 23 ਸਤੰਬਰ ਤੋਂ ਸ਼ੁਰੂ ਹੋ ਕੇ 24 ਸਤੰਬਰ ਤੱਕ ਚੱਲੇਗਾ ਅਤੇ ਮੇਲੇ 'ਚ ਪਸ਼ੂਆਂ ਦੀ ਨਸਲ ਨੂੰ ਬਿਹਤਰ ਕਰਨ ਦੇ ਨਾਲ-ਨਾਲ ਦੁੱਧ ਅਤੇ ਦੁੱਧ ਉਤਪਾਦਾਂ ਦੀਆਂ ਵਸਤਾਂ ਸੰਬੰਧੀ ਮਸ਼ੀਨਰੀ, ਦਵਾਈਆਂ, ਟੀਕਿਆਂ, ਪਸ਼ੂ ਫੀਡ ਨਾਲ ਸੰਬੰਧਿਤ ਕੰਪਨੀਆਂ ਅਤੇ ਵਿਤੀ ਸੰਸਥਾਵਾਂ ਦੇ ਨੁਮਾਇੰਦੇ ਵੀ ਮੇਲੇ 'ਚ ਮੌਜੂਦ ਹੋਣਗੇ।
ਪਸ਼ੂ ਪਾਲਣ ਮੇਲੇ ਬਾਰੇ ਜਾਣਕਾਰੀ
● ਮੇਲੇ 'ਚ ਯੂਨੀਵਰਸਿਟੀ ਵੱਲੋਂ ਵੈਟਨਰੀ ਅਤੇ ਪਸ਼ੂ ਵਿਗਿਆਨ, ਡੇਅਰੀ, ਪੋਲਟਰੀ, ਫ਼ਿਸ਼ਰੀਜ਼ ਸੰਬੰਧੀ ਤਕਨੀਕਾਂ ਦਾ ਪ੍ਰਦਰਸ਼ਨ ਹੋਵੇਗਾ।
● ਕਿਸਾਨ-ਵਿਗਿਆਨੀ ਤਕਨੀਕੀ ਲੈਕਚਰਾਂ ਦੇ ਮੰਚ ’ਤੇ ਇਕੱਠੇ ਹੋਣਗੇ।
● ਸਵਾਲਾਂ ਜਵਾਬਾਂ ਦਾ ਸੈਸ਼ਨ ਵੀ ਆਯੋਜਿਤ ਕੀਤਾ ਜਾਵੇਗਾ।
● ਯੂਨੀਵਰਸਿਟੀ ਦੇ ਉਤਮ ਨਸਲ ਦੇ ਪਸ਼ੂ, ਮੱਝਾਂ, ਬੱਕਰੀਆਂ ਅਤੇ ਮੁਰਗੀਆਂ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ।
● ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਸੰਪੂਰਨ ਸਾਹਿਤ ਅਤੇ ਰਸਾਲਾ ‘ਵਿਗਿਆਨਕ ਪਸ਼ੂ ਪਾਲਣ’ ਵੀ ਉਪਲਬਧ ਹੋਵੇਗਾ।
● ਡੇਅਰੀ ਫਾਰਮਿੰਗ ਨਾਲ ਸੰਬੰਧਿਤ ਮੋਬਾਈਲ ਐਪਸ, ਸੂਰਾਂ ਦੀਆਂ ਬਿਮਾਰੀਆਂ ਬਾਰੇ ਕਿਤਾਬਾਂ ਅਤੇ ਹੋਰ ਪ੍ਰਕਾਸ਼ਨਾਵਾਂ ਲੋਕ ਅਰਪਣ ਕੀਤੀਆਂ ਜਾਣਗੀਆਂ।
● ਮੇਲੇ 'ਚ ਯੂਨੀਵਰਸਿਟੀ ਵੱਲੋਂ ਤਿਆਰ ਕੀਤੇ ਜਾਂਦੇ ਧਾਤਾਂ ਦੇ ਚੂਰੇ, ਪਸ਼ੂ ਚਾਟ, ਬਾਈਪਾਸ ਫੈਟ, ਪਰਾਲੀ ਨੂੰ ਯੂਰੀਏ ਨਾਲ ਸੋਧਣ ਸੰਬੰਧੀ ਦੱਸਿਆ ਜਾਏਗਾ।
● ਕਿਸਾਨਾਂ ਨੂੰ ਲੇਵੇ ਦੀ ਸੋਜ, ਦੁੱਧ ਦੀ ਜਾਂਚ, ਪਸ਼ੂ ਜ਼ਹਿਰਬਾਦ, ਅੰਦਰੂਨੀ ਪਰਜੀਵੀਆਂ ਬਾਰੇ ਜਾਗਰੂਕ ਕੀਤਾ ਜਾਏਗਾ।
● ਪਸ਼ੂ ਦੇ ਖੂਨ, ਗੋਹੇ, ਪਿਸ਼ਾਬ, ਚਮੜੀ, ਫੀਡ ਦੇ ਨਮੂਨੇ, ਦੁੱਧ ਅਤੇ ਚਾਰਿਆਂ ਦੇ ਜ਼ਹਿਰਬਾਦ ਸੰਬੰਧੀ ਮੇਲੇ ਦੌਰਾਨ ਜਾਂਚ ਦੀ ਮੁਫ਼ਤ ਸਹੂਲਤ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : 95.32 ਕੁਇੰਟਲ ਪ੍ਰਤੀ ਹੈਕਟੇਅਰ ਝਾੜ ਦੇਣ ਵਾਲੀ ਕਣਕ ਦੀ ਇਹ ਕਿਸਮ ਕਿਸਾਨਾਂ ਨੂੰ ਕਰ ਦੇਵੇਗੀ ਮਾਲੋਮਾਲ
ਤਿੰਨ ਵਰ੍ਹੇ ਬਾਅਦ ਮੇਲੇ ਦਾ ਆਗਾਜ਼:
● ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਦੱਸਿਆ ਕਿ ਕੋਰੋਨਾ ਦੀਆਂ ਪਾਬੰਦੀਆਂ ਕਾਰਣ ਇਹ ਮੇਲਾ ਤਿੰਨ ਵਰ੍ਹੇ ਬਾਅਦ ਕਰਵਾਇਆ ਜਾ ਰਿਹਾ ਹੈ। ਇਸ ਵਾਰ ਮੇਲਾ ਵੇਖਣ ਲਈ ਕਿਸਾਨਾਂ 'ਚ ਭਾਰੀ ਉਤਸਾਹ ਦਿੱਸ ਰਿਹਾ ਹੈ।
● ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ ਨੇ ਕਿਹਾ ਕਿ ਮੇਲੇ ਲਈ ਅਸੀਂ ਹੋਰਨਾਂ ਸੂਬਿਆਂ ਦੇ ਕਿਸਾਨਾਂ ਨੂੰ ਵੀ ਸੱਦਾ ਦਿੰਦੇ ਹਾਂ। ਜਿੱਥੇ ਮੇਲੇ ਵਿਚ ਪਸ਼ੂ ਪਾਲਣ ਅਤੇ ਕਿਸਾਨੀ ਨਾਲ ਸੰਬੰਧਿਤ ਵੱਖੋ-ਵੱਖਰੇ ਵਿਭਾਗ ਹਿੱਸਾ ਲੈਣਗੇ ਉਥੇ 100 ਤੋਂ ਵਧੇਰੇ ਕੰਪਨੀਆਂ ਆਪਣੀਆਂ ਦਵਾਈਆਂ, ਉਪਕਰਣ, ਮਸ਼ੀਨਰੀ ਅਤੇ ਪਸ਼ੂਆਂ ਨਾਲ ਸੰਬੰਧਿਤ ਸਹੂਲਤਾਂ ਬਾਰੇ ਸਟਾਲ ਲਗਾਉਣਗੇ।
● ਯੂਨੀਵਰਸਿਟੀ ਦੀ ਅਗਵਾਈ ਅਧੀਨ ਕੰਮ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੀ ਆਪਣੇ ਸਟਾਲ ਲਗਾਉਣਗੀਆਂ। ਉਨ੍ਹਾਂ ਕਿਹਾ ਕਿ ਮੇਲੇ ਦਾ ਨਾਅਰਾ ‘ਵਿਗਿਆਨ ਦਾ ਫੜੋ ਲੜ, ਸਿਖਰਾਂ ’ਤੇ ਜਾਓ ਚੜ੍ਹ’ ਰੱਖਿਆ ਗਿਆ ਹੈ ਤਾਂ ਜੋ ਕਿਸਾਨ ਵਿਗਿਆਨਕ ਲੀਹਾਂ ’ਤੇ ਚਲਣ। ਉਨ੍ਹਾਂ ਜਾਣਕਾਰੀ ਦਿੱਤੀ ਕਿ ਵਿਗਿਆਨਕ ਖੇਤੀ ਨੂੰ ਅਪਨਾਉਣ ਅਤੇ ਉਤਸਾਹਿਤ ਕਰਨ ਵਾਲੇ ਤਿੰਨ ਕਿਸਾਨਾਂ ਨੂੰ ‘ਮੁੱਖ ਮੰਤਰੀ ਪੁਰਸਕਾਰ’ ਨਾਲ ਵੀ ਨਿਵਾਜਿਆ ਜਾਏਗਾ।
Summary in English: Veterinary University will conduct Fair on September 23 and 24.