Krishi Vigyan Kendras: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਖੇਤੀਬਾੜੀ ਤਕਨਾਲੋਜੀ ਵਰਤੋਂ ਖੋਜ ਸੰਸਥਾ, ਲੁਧਿਆਣਾ ਅਧੀਨ ਕਾਰਜਸ਼ੀਲ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਤਿੰਨ ਦਿਨਾਂ ਸਾਲਾਨਾ ਜ਼ੋਨਲ ਕਾਰਜਸ਼ਾਲਾ 18 ਤੋਂ 20 ਸਤੰਬਰ ਦੌਰਾਨ ਕਰਵਾਈ ਜਾ ਰਹੀ ਹੈ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਦੱਸਿਆ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਖੇਤੀ ਅਤੇ ਜੁੜਵੇਂ ਖੇਤਰਾਂ ਵਿਚ ਕਿਸਾਨਾਂ ਨੂੰ ਤਕਨਾਲੋਜੀਆਂ ਅਤੇ ਪ੍ਰਦਰਸ਼ਨੀਆਂ ਰਾਹੀਂ ਮਹੱਤਵਪੂਰਨ ਸੇਧ ਦੇ ਰਹੇ ਹਨ। ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕੰਮ ਦੀ ਨਜ਼ਰਸਾਨੀ ਅਤੇ ਨਵੇਂ ਟੀਚੇ ਸਥਾਪਿਤ ਕਰਨ ਲਈ ਇਸ ਕਿਸਮ ਦੀਆਂ ਕਾਰਜਸ਼ਾਲਾਵਾਂ ਬਹੁਤ ਸਹਾਈ ਸਿੱਧ ਹੁੰਦੀਆਂ ਹਨ।
ਇਸ ਮੌਕੇ ਡਾ. ਪਰਵੇਂਦਰ ਸ਼ੇਰੋਂ, ਨਿਰਦੇਸ਼ਕ, ਖੇਤੀਬਾੜੀ ਤਕਨਾਲੋਜੀ ਵਰਤੋਂ ਖੋਜ ਸੰਸਥਾ ਨੇ ਦੱਸਿਆ ਕਿ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਉਤਰਾਖੰਡ ਵਿਖੇ ਇਸ ਜ਼ੋਨ ਅਧੀਨ ਕਾਰਜਸ਼ੀਲ ਵਿਗਿਆਨੀ ਅਤੇ ਮੁਖੀ ਬੀਤੇ ਵਰ੍ਹੇ ਦੀਆਂ ਗਤੀਵਿਧੀਆਂ, ਪ੍ਰਾਪਤੀਆਂ ਅਤੇ ਸਫ਼ਲਤਾ ਦੀਆਂ ਕਹਾਣੀਆਂ ਸਾਂਝੀਆਂ ਕਰਨਗੇ।
ਡਾ. ਪਰਵੇਂਦਰ ਸ਼ੇਰੋਂ ਨੇ ਦੱਸਿਆ ਕਿ ਕਾਰਜਸ਼ਾਲਾ ਦੌਰਾਨ ਪੌਦਿਆਂ ਦੀਆਂ ਕਿਸਮਾਂ ਦੀ ਰਾਖੀ, ਕਿਸਾਨਾਂ ਦੇ ਹੱਕ, ਡਾਟਾ ਅਤੇ ਡਾਟਾ ਪ੍ਰਬੰਧਨ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਡਾ. ਰਾਜੇਸ਼ਵਰ ਸਿੰਘ ਚੰਡੇਲ, ਉਪ-ਕੁਲਪਤੀ, ਡਾ. ਵਾਈ ਐਸ ਪਰਮਾਰ ਯੂਨੀਵਰਸਿਟੀ, ਹਿਮਾਚਲ ਪ੍ਰਦੇਸ਼ ਬਤੌਰ ਮੁੱਖ ਮਹਿਮਾਨ ਉਦਘਾਟਨੀ ਸਮਾਗਮ ਵਿਚ ਸ਼ਿਰਕਤ ਕਰਨਗੇ।
ਇਹ ਵੀ ਪੜ੍ਹੋ: IARI ਵੱਲੋਂ ਕਣਕ ਦੀ ਨਵੀਂ ਕਿਸਮ HD 3386 ਨਾਲ ਕਿਸਾਨਾਂ ਨੂੰ ਦੁੱਗਣਾ ਮੁਨਾਫ਼ਾ, ਇਹ ਕਿਸਮ ਪੀਲੀ ਕੁੰਗੀ ਅਤੇ ਭੂਰੀ ਕੁੰਗੀ ਤੋਂ ਰਹਿਤ, ਝਾੜ 65 ਤੋਂ 80 ਕੁਇੰਟਲ ਪ੍ਰਤੀ ਹੈਕਟੇਅਰ
ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਅਤੇ ਪ੍ਰਬੰਧਕੀ ਸਕੱਤਰ ਨੇ ਕਿਹਾ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਕਿਸਾਨ ਭਾਈਚਾਰੇ ਅਤੇ ਖੋਜ ਸੰਸਥਾਵਾਂ ਦੌਰਾਨ ਛੋਟੀਆਂ ਯੂਨੀਵਰਸਿਟੀਆਂ ਵਾਂਗੂ ਪੁੱਲ ਬਨਣ ਦਾ ਕਾਰਜ ਕਰਦੇ ਹਨ। ਉਨ੍ਹਾਂ ਜਾਣਕਾਰੀ ਦਿੱਤੀ ਕਿ ਪੰਜਾਬ ਵਿਚ ਕੁੱਲ 22 ਕ੍ਰਿਸ਼ੀ ਵਿਗਿਆਨ ਕੇਂਦਰ ਕਾਰਜਸ਼ੀਲ ਹਨ ਜਿਨ੍ਹਾਂ ਵਿਚੋਂ 18 ਪੰਜਾਬ ਖੇਤੀਬਾੜੀ ਯੂਨੀਵਰਸਿਟੀ, 03 ਵੈਟਨਰੀ ਯੂਨੀਵਰਸਿਟੀ ਅਤੇ 01 ਭਾਰਤੀ ਖੇਤੀ ਖੋਜ ਪਰਿਸ਼ਦ ਦੇ ਪ੍ਰਸ਼ਾਸਕੀ ਪ੍ਰਬੰਧ ਅਧੀਨ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਰਜਸ਼ਾਲਾ ਦੌਰਾਨ ਹੋਣ ਵਾਲੇ ਵਿਚਾਰ ਵਟਾਂਦਰੇ ਇਕ ਦੂਸਰੇ ਸੂਬੇ ਦੇ ਸਾਇੰਸਦਾਨਾਂ ਦੌਰਾਨ ਨਵੇਂ ਗਿਆਨ ਦਾ ਪਸਾਰ ਕਰਨਗੇ।
Summary in English: Veterinary University will organize Zonal Workshop of Krishi Vigyan Kendras