Dairy Farming Course: ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਕ੍ਰਿਸ਼ੀ ਵਿਗਿਆਨ ਕੇਂਦਰ, ਅੰਮ੍ਰਿਤਸਰ ਸਹਿਕਾਰੀ ਧੰਦਿਆਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਸਿਖਲਾਈ ਕੋਰਸਾਂ ਦਾ ਆਯੋਜਨ ਕਰਦਾ ਹੈ। ਇਸੇ ਲੜੀ ਤਹਿਤ 8 ਤੋਂ 19 ਮਈ ਤੱਕ "ਡੇਅਰੀ ਫਾਰਮਿੰਗ" ਸਬੰਧੀ ਕਿੱਤਾ ਮੁਖੀ ਸਿਖਲਾਈ ਕੋਰਸ ਕਰਵਾਇਆ ਗਿਆ।
ਤੁਹਾਨੂੰ ਦੱਸ ਦੇਈਏ ਕਿ ਇਸ ਸਿਖਲਾਈ ਕੋਰਸ ਵਿੱਚ 23 ਕਿਸਾਨ ਵੀਰਾਂ ਨੇ ਭਾਗ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਡਾ. ਬਿਕਰਮਜੀਤ ਸਿੰਘ, ਸਹਿਯੋਗੀ ਡਾਇਰੈਕਟਰ, ਕ੍ਰਿਸ਼ੀ ਵਿਗਿਆਨ ਕੇਂਦਰ, ਅੰਮ੍ਰਿਤਸਰ ਨੇ ਆਏ ਮਹਿਮਾਨਾਂ ਅਤੇ ਕਿਸਾਨਾਂ ਨੂੰ ਜੀ ਆਇਆਂ ਕਿਹਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ, ਅੰਮ੍ਰਿਤਸਰ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਚਾਨਣਾ ਪਾਇਆ।
ਇਹ ਵੀ ਪੜ੍ਹੋ: Punjab Agricultural University ਵਿਖੇ Cycle Rally ਦਾ ਆਯੋਜਨ
ਡਾ. ਕੰਵਰਪਾਲ ਸਿੰਘ ਢਿੱਲੋਂ, ਸਹਾਇਕ ਪ੍ਰੋਫੈਸਰ, ਕ੍ਰਿਸ਼ੀ ਵਿਗਿਆਨ ਕੇਂਦਰ, ਅੰਮ੍ਰਿਤਸਰ ਨੇ ਕੋਰਸ ਕੋਆਰਡੀਨੇਟਰ ਵਜੋਂ ਕੰਮ ਕੀਤਾ ਅਤੇ ਸਿਖਲਾਈ ਕੋਰਸ ਦੌਰਾਨ ਡੇਅਰੀ ਫਾਰਮਿੰਗ ਦੇ ਵੱਖ-ਵੱਖ ਵਿਸ਼ਿਆਂ 'ਤੇ ਜਿਵੇਂ ਬਰੀਡਿੰਗ, ਹਾਊਸਿੰਗ, ਸਾਫ਼ ਦੁੱਧ ਉਤਪਾਦਨ, ਸੰਤੁਲਿਤ ਖੁਰਾਕ, ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ਬਾਰੇ ਵਿਸਥਾਰਪੂਰਵਕ ਲੈਕਚਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਦੁਧਾਰੂ ਪਸ਼ੂਆਂ ਵਿੱਚ ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ।
ਡਾ. ਜੁਗਰਾਜ ਸਿੰਘ, ਸਹਾਇਕ ਪ੍ਰੋਫੈਸਰ, ਗਡਵਾਸੂ, ਲੁਧਿਆਣਾ ਨੇ ਦੁਧਾਰੂ ਪਸ਼ੂਆਂ ਵਿੱਚ ਪ੍ਰਜਨਨ ਸਮੱਸਿਆਵਾਂ ਅਤੇ ਬਾਂਝਪਨ ਦੇ ਪ੍ਰਬੰਧਨ ਬਾਰੇ ਜਾਣਕਾਰੀ ਸਾਂਝੀ ਕੀਤੀ।
ਡਾ. ਵਰਿਆਮ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਅੰਮ੍ਰਿਤਸਰ ਨੇ ਸਿਖਿਆਰਥੀਆਂ ਨਾਲ ਸਰਕਾਰੀ ਫੰਡਾਂ ਵਾਲੀਆਂ ਸਕੀਮਾਂ ਸਬੰਧੀ ਗੱਲਬਾਤ ਕੀਤੀ।
ਸ਼੍ਰੀ ਜਸਕੀਰਤ ਸਿੰਘ ਏ.ਜੀ.ਐਮ, ਨਾਬਾਰਡ ਅਤੇ ਸ਼੍ਰੀ ਸੰਦੀਪ ਸਿੱਧੂ, ਐਸ.ਬੀ.ਆਈ ਬੈਂਕ, ਅੰਮ੍ਰਿਤਸਰ ਵੱਲੋਂ ਡੇਅਰੀ ਫਾਰਮਿੰਗ ਲਈ ਬੈਂਕਿੰਗ ਸੁਵਿਧਾਵਾਂ ਬਾਰੇ ਜਾਣਕਾਰੀ ਦਿੱਤੀ ਗਈ।
ਇਹ ਵੀ ਪੜ੍ਹੋ: ਕਿਸਾਨਾਂ ਦੀ ਆਮਦਨ ਵਧਾਉਣ ਅਤੇ ਖੇਤੀ ਸਮੱਸਿਆਵਾਂ ਨੂੰ ਹੱਲ ਕਰਨ ਦਾ ਸੱਦਾ: PAU
ਪਿੰਡ ਨਗਲ ਪੰਨੂਆਂ ਦੇ ਅਗਾਂਹਵਧੂ ਡੇਅਰੀ ਫਾਰਮਰ ਡਾ. ਆਲਮਜੀਤ ਸਿੰਘ ਦੇ ਫਾਰਮ ਦਾ ਵਿਦਿਅਕ ਦੌਰਾ ਕੀਤਾ ਗਿਆ ਜਿੱਥੇ ਸਿਖਿਆਰਥੀਆਂ ਨੇ ਸਿੱਧੇ ਤੌਰ 'ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਸ਼ੰਕਿਆਂ ਨੂੰ ਦੂਰ ਕੀਤਾ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)
Summary in English: Vocational training course on Dairy Farming