ਕਿਸਾਨਾਂ ਦੀਆਂ ਮੁਸ਼ਕਿਲਾਂ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ। ਹੁਣ ਬੇਮੌਸਮੀ ਬਰਸਾਤ ਨੇ ਕਿਸਾਨਾਂ ਨੂੰ ਵੱਡੀ ਸੱਟ ਮਾਰੀ ਹੈ। ਇੱਕ ਪਾਸੇ ਜਿੱਥੇ ਝੋਨੇ ਦੀ ਵਾਢੀ ਦਾ ਕੰਮ ਠੱਪ ਹੋ ਗਿਆ ਹੈ ਤੇ ਦੂਜੇ ਪਾਸੇ ਖਰੀਦ ਕੇਂਦਰਾਂ 'ਚ ਪਈ ਜਿਣਸ ਪੂਰੀ ਤਰ੍ਹਾਂ ਭਿੱਜ ਗਈ ਹੈ। ਜਿਸਦੇ ਚਲਦਿਆਂ ਹੁਣ ਕਿਸਾਨ ਚਿੰਤਾ 'ਚ ਡੁੱਬੇ ਨਜ਼ਰ ਆ ਰਹੇ ਹਨ।
ਮੌਸਮ ਦੀ ਮਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਝੋਨੇ ਦੇ ਪੱਕਣ ਮੌਕੇ ਪਏ ਮੀਂਹ ਕਾਰਨ ਕਿਸਾਨਾਂ ਦੀਆਂ ਚਿੰਤਾਵਾਂ ਵੱਧ ਗਈਆਂ ਹਨ। ਨਤੀਜਨ ਕਿਸਾਨਾਂ ਨੂੰ ਹੁਣ ਮੰਡੀਆਂ 'ਚ ਨਮੀ ਦੇ ਮਾਪਦੰਡਾਂ ਨੂੰ ਲੈ ਕੇ ਖੱਜਲ-ਖੁਆਰ ਹੋਣਾ ਪੈ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਖਰੀਦ ਕੇਂਦਰਾਂ 'ਚ ਝੋਨੇ ਦੀ ਫਸਲ ਪੂਰੀ ਤਰ੍ਹਾਂ ਭਿੱਜ ਗਈ ਹੈ, ਇਨ੍ਹਾਂ ਹਾਲਤਾਂ 'ਚ ਕਿਸਾਨਾਂ ਨੂੰ ਝੋਨੇ ਦੀ ਖਰੀਦ ਪ੍ਰਭਾਵਿਤ ਹੋਣ ਦਾ ਡਰ ਸਤਾ ਰਿਹਾ ਹੈ।
ਪਰੇਸ਼ਾਨ ਕਿਸਾਨਾਂ ਦਾ ਪੱਖ
ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਮੀਂਹ ਕਰਕੇ ਝੋਨੇ ਦੀ ਫਸਲ ਪੱਕਣ 'ਚ ਦੇਰੀ ਹੋ ਗਈ ਹੈ ਤੇ ਵਾਢੀ ਦਾ ਕੰਮ ਹਫ਼ਤਾ ਭਰ ਪੱਛੜ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਅਜਿਹੇ 'ਚ ਉਨ੍ਹਾਂ ਦੇ ਲਾਗਤ ਖਰਚੇ ਵੀ ਵਧਣਗੇ। ਦੂਜੇ ਪਾਸੇ ਜੋ ਫਸਲ ਮੰਡੀਆਂ 'ਚ ਪੁੱਜ ਚੁੱਕੀ ਹੈ, ਉਸ ਨੂੰ ਸੰਭਾਲਣ ਲਈ ਵੀ ਕਿਸਾਨ ਫਿਕਰਮੰਦ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਡਰ ਸਤਾ ਰਿਹਾ ਹੈ ਕਿ ਜੇਕਰ ਮੌਸਮ ਇਸੇ ਤਰ੍ਹਾਂ ਦਾ ਬਣਿਆ ਰਿਹਾ ਤਾਂ ਫਸਲ ਦਾ ਨੁਕਸਾਨ ਹੋਣਾ ਲਾਜ਼ਮੀ ਹੈ।
ਖੇਤੀ ਮਾਹਿਰਾਂ ਦਾ ਪੱਖ
ਖੇਤੀ ਮਾਹਿਰਾਂ ਦੀ ਮੰਨੀਏ ਤਾਂ ਮੌਸਮ ਬਦਲਣ ਕਾਰਨ ਝੋਨੇ ਦਾ ਝਾੜ ਘੱਟ ਸਕਦਾ ਹੈ। ਦੱਸ ਦੇਈਏ ਕਿ ਝੋਨੇ ਦੀ ਸਰਕਾਰੀ ਖਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਹੈ। ਰੋਜ਼ਾਨਾ ਦੋ ਲੱਖ ਮੀਟ੍ਰਿਕ ਟਨ ਤੋਂ ਉੱਪਰ ਫਸਲ ਆ ਰਹੀ ਹੈ। ਐਤਕੀਂ 187 ਲੱਖ ਮੀਟਰਿਕ ਟਨ ਝੋਨੇ ਦੀ ਖਰੀਦ ਦਾ ਟੀਚਾ ਮਿਥਿਆ ਗਿਆ ਹੈ। ਸਰਕਾਰ ਵੱਲੋਂ ਹੁਣ ਤੱਕ 12.50 ਲੱਖ ਮੀਟਰਿਕ ਟਨ ਫਸਲ ਦੀ ਖਰੀਦ ਕੀਤੀ ਜਾ ਚੁੱਕੀ ਹੈ ਜਿਸ 'ਚੋਂ 4.44 ਲੱਖ ਮੀਟਰਿਕ ਟਨ ਫਸਲ ਦੀ ਚੁਕਾਈ ਵੀ ਹੋ ਚੁੱਕੀ ਹੈ। ਕਿਸਾਨਾਂ ਨੂੰ ਹੁਣ ਤੱਕ 1324 ਕਰੋੋੜ ਰੁਪਏ ਦੀ ਅਦਾਇਗੀ ਵੀ ਹੋ ਚੁੱਕੀ ਹੈ।
ਨੁਕਸਾਨ ਦੀ ਕੋਈ ਸੂਚਨਾ ਨਹੀਂ: ਡਾਇਰੈਕਟਰ
ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਦਾ ਕਹਿਣਾ ਹੈ ਕਿ ਮੌਸਮ ਦੀ ਖਰਾਬੀ ਕਰਕੇ ਝੋਨੇ ਦੀ ਫਸਲ 3-4 ਦਿਨ ਲੇਟ ਹੋ ਸਕਦੀ ਹੈ, ਪਰ ਹਾਲੇ ਤੱਕ ਫਸਲ ਦੇ ਨੁਕਸਾਨ ਦੀ ਕੋਈ ਸੂਚਨਾ ਉਨ੍ਹਾਂ ਨੂੰ ਨਹੀਂ ਮਿਲੀ ਹੈ। ਉਨ੍ਹਾਂ ਦੱਸਿਆ ਕਿ ਮਾਝੇ 'ਚ ਤਾਂ ਕਰੀਬ 50 ਫੀਸਦੀ ਫਸਲ ਆ ਵੀ ਚੁੱਕੀ ਹੈ, ਜਦੋਂਕਿ ਮਾਲਵਾ ਖੇਤਰ 'ਚ ਫਸਲ ਦੀ ਆਮਦ ਹਾਲੇ ਘੱਟ ਹੋਈ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨਾਂ ਨੂੰ ਐਗਰੋਮੇਟ ਵੱਲੋਂ ਖੇਤੀਬਾੜੀ ਲਈ ਐਡਵਾਈਜ਼ਰੀ ਜਾਰੀ
ਜ਼ਿਕਰਯੋਗ ਹੈ ਕਿ ਮਾਲਵਾ ਖੇਤਰ 'ਚ ਵਾਢੀ ਹਫਤਾ ਲੇਟ ਸ਼ੁਰੂ ਹੋਣ ਦੇ ਆਸਾਰ ਹਨ, ਜਦੋਂਕਿ ਮਾਝੇ 'ਚ ਕਰੀਬ 50 ਫੀਸਦੀ ਫਸਲ ਖਰੀਦ ਕੇਂਦਰਾਂ ਵਿੱਚ ਪੁੱਜ ਗਈ ਹੈ। ਖੇਤੀ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਮੀਂਹ ਕਾਰਨ ਮੁਹਾਲੀ, ਨਵਾਂ ਸ਼ਹਿਰ ਅਤੇ ਲੁਧਿਆਣਾ ਜ਼ਿਲ੍ਹੇ 'ਚ ਝੋਨੇ ਦੀ ਵਾਢੀ ਰੁਕ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਮੀਂਹ ਨਾਲ ਪਾਰਾ ਤਕਰੀਬਨ ਅੱਠ ਡਿਗਰੀ ਤੱਕ ਡਿੱਗ ਗਿਆ ਹੈ ਤੇ ਆਉਂਦੇ ਦਿਨਾਂ ਵਿੱਚ ਠੰਢ ਵੱਧ ਸਕਦੀ ਹੈ।
Summary in English: Weather hit the farmers again, paddy harvesting work stopped and the commodity got wet in the purchase centers.