Mother's Milk is Nectar for the Child: ਬੱਚੇ ਦੇ ਜਨਮ ਤੋਂ ਬਾਅਦ ਮਾਂ ਦਾ ਦੁੱਧ ਪਿਆਉਣਾ ਇੱਕ ਸੁਭਾਵਿਕ ਕਿਰਿਆ ਹੈ ਅਤੇ ਇਸ ਪਰੰਪਰਾ ਦੇ ਤਹਿਤ ਸਾਡੇ ਦੇਸ਼ ਵਿੱਚ ਸਾਰੀਆਂ ਮਾਵਾਂ ਵੀ ਆਪਣੇ ਬੱਚਿਆਂ ਨੂੰ ਦੁੱਧ ਪਿਆਉਂਦੀਆਂ ਹਨ। ਪਰ ਪਹਿਲੀ ਵਾਰ ਮਾਂ ਬਣਨ ਵਾਲੀਆਂ ਮਾਵਾਂ ਨੂੰ ਸ਼ੁਰੂ ਵਿੱਚ ਬੱਚੇ ਨੂੰ ਦੁੱਧ ਪਿਲਾਉਣ ਲਈ ਸਹਾਇਤਾ ਦੀ ਲੋੜ ਹੁੰਦੀ ਹੈ। ਅਜਿਹੇ 'ਚ ਜੇਕਰ ਬੱਚੇ ਨੂੰ ਦੁੱਧ ਪਿਲਾਉਣ ਬਾਰੇ ਸਹੀ ਜਾਣਕਾਰੀ ਦੀ ਘਾਟ ਹੋਵੇ ਤਾਂ ਬੱਚਿਆਂ 'ਚ ਕੁਪੋਸ਼ਣ ਅਤੇ ਡਾਇਰੀਆ ਦਾ ਖਤਰਾ ਵੱਧ ਜਾਂਦਾ ਹੈ।
ਇਨ੍ਹਾਂ ਸਭ ਮੁੱਦਿਆਂ ਨੂੰ ਧਿਆਨ ਵਿੱਚ ਰੱਖਦਿਆਂ ਵਿਸ਼ਵ ਸਿਹਤ ਸੰਸਥਾ ਵੱਲੋਂ ਆਮ ਜਨਤਾ ਦੇ ਸਿਹਤ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਸਮੇਂ-ਸਮੇਂ ਸਿਰ ਯਤਨ ਕੀਤੇ ਜਾਂਦੇ ਹਨ, ਜਿਨ੍ਹਾਂ ਵਿੱਚ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਅਗਸਤ ਦੇ ਮਹੀਨੇ ਵਿਸ਼ੇਸ਼ ਵਰਕਸ਼ਾਪਾਂ ਲਗਾਈਆ ਜਾਦੀਆਂ ਹਨ। ਇਸੇ ਲੜੀ ਤਹਿਤ ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਵੱਲੋਂ ਮਾਂ ਦਾ ਦੁੱਧ - ਨਿਰੰਤਰ ਵਿਕਾਸ ਦੀ ਕੂੰਜੀ ਵਿਸ਼ੇ 'ਤੇ ਖ਼ਾਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਵੱਲੋਂ ਮਾਂ ਦਾ ਦੁੱਧ - ਨਿਰੰਤਰ ਵਿਕਾਸ ਦੀ ਕੂੰਜੀ ਵਿਸ਼ੇ ਤੇ ਮਿਤੀ 1 ਅਗਸਤ ਤੋਂ 6 ਅਗਸਤ ਤੱਕ ਹਫਤਾ ਕਰਵਾਇਆ ਗਿਆ, ਜਿਸ ਦਾ ਉਦੇਸ਼ ਨਵਜੰਮੇ ਬਾਲ ਦੀ ਸਿਹਤ ਸੰਭਾਲ ਕਰਨਾ ਹੈ। ਇਸ ਹਫਤੇ ਵਿੱਚ ਪਟਿਆਲੇ ਜਿਲੇ ਦੇ ਵੱਖ-ਵੱਖ ਪਿੰਡਾਂ ਜਿਵੇਂ ਕਿ ਖੇੜੀ ਮਾਨੀਆ, ਆਲੋਵਾਲ, ਕਲਿਆਣ, ਸਕੋਹਾਂ, ਚੱਠੇ ਅਤੇ ਝੱਭੋ ਦੀਆਂ 125 ਪੇਂਡੂ ਔਰਤਾਂ, ਆਗਨਵਾੜੀ ਵਰਕਰਾਂ, ਕ੍ਰਿਸ਼ੀ ਸਖੀਆਂ ਅਤੇ ਆਸ਼ਾ ਵਰਕਰਾਂ ਨੇ ਭਾਗ ਲਿਆ।
ਇਸ ਹਫਤੇ ਦੇ ਦੌਰਾਨ ਡਾ. ਗੁਰਉਪਦੇਸ਼ ਕੌਰ, ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਔਰਤਾਂ ਨੂੰ ਦੱਸਿਆ ਕਿ ਮਾਂ ਦਾ ਪਹਿਲਾ ਦੁੱਧ ਕੋਲੈਸਟਰਮ ਭਰਪੂਰ ਹੁੰਦਾ ਹੈ ਅਤੇ ਇਹ ਬੱਚਿਆਂ ਨੂੰ ਕਈ ਮਾਰੂ ' ਬੀਮਾਰੀਆਂ ਤੋਂ ਬਚਾਉਣ ਲਈ ਸਹਾਈ ਹੁੰਦਾ ਹੈ। ਉਹਨਾਂ ਕਿਹਾ ਕਿ ਜਿਹੜੀਆਂ ਮਾਵਾਂ ਬੱਚਿਆਂ ਨੂੰ ਆਪਣਾ ਦੁੱਧ ਪਿਲਾਉਂਦੀਆਂ ਹਨ, ਉਨ੍ਹਾਂ ਨੂੰ ਬੱਚੇਦਾਨੀ ਅਤੇ ਅੰਡਕੋਸ਼ ਦਾ ਕੈਂਸਰ ਹੋਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ।
ਆਪਣੇ ਸੰਬੋਧਨ ਦੇ ਵਿੱਚ ਸ੍ਰੀਮਤੀ ਕਿਰਨ ਪ੍ਰਕਾਸ਼ ਕੌਰ, ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਪਟਿਆਲਾ ਨੇ ਆਖਿਆ ਕਿ ਪਹਿਲੇ 6 ਮਹੀਨੇ ਤੱਕ ਬੱਚੇ ਨੂੰ ਸਿਰਫ਼ ਅਤੇ ਸਿਰਫ਼ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ। ਉਸ ਨੂੰ ਕਿਸੇ ਓਪਰੀ ਖੁਰਾਕ ਦੀ ਲੋੜ ਨਹੀਂ ਹੁੰਦੀ। ਇੱਥੋਂ ਤੱਕ ਕਿ ਪਹਿਲੇ 6 ਮਹੀਨੇ ਬੱਚੇ ਨੂੰ ਪਾਈ ਵੀ ਨਾ ਪਿਲਾਓ। 6 ਮਹੀਨੇ ਤੋਂ ਬਾਅਦ ਹੀ ਬੱਚੇ ਨੂੰ ਦਾਲ ਦਾ ਪਾਈ, ਕੇਲਾ, ਆਲੂ ਆਦਿ ਦੇ ਸਕਦੇ ਹੋ।
ਇਹ ਵੀ ਪੜ੍ਹੋ: ਦੁਨੀਆਂ ਤੋਂ ਮਧੂ ਮੱਖੀਆਂ ਅਤੇ ਗਾਵਾਂ ਅਲੋਪ ਹੋ ਜਾਣ ਤਾਂ ਇਨਸਾਨ ਪਲਾਸਟਿਕ ਦਾ ਬਣ ਕੇ ਰਹਿ ਜਾਵੇਗਾ: Farmer Ramesh Bhai Ruparelia
ਇਸ ਮੌਕੇ ਡਾ. ਰਜਨੀ ਗੋਇਲ, ਪ੍ਰੋਫੈਸਰ (ਭੋਜਨ ਵਿਗਿਆਨ) ਨੇ ਔਰਤਾਂ ਨੂੰ ਸੰਤੁਲਿਤ ਖੁਰਾਕ ਲਈ ਪ੍ਰੇਰਿਤ ਕੀਤਾ ਅਤੇ ਡਾ. ਰਚਨਾ ਸਿੰਗਲਾ ਨੇ ਰੁੱਖ ਲਗਾਉਣ ਦੀ ਮਹੱਤਤਾ ਅਤੇ ‘ਇੱਕ ਰੁੱਖ ਮਾਂ ਦੇ ਨਾਮ' ਸਬੰਧੀ ਮੁਹਿੰਮ ਬਾਰੇ ਪ੍ਰੇਰਿਆ। ਇਸ ਮੌਕੇ ਸਿਖਿਆਰਥਣਾਂ ਨੂੰ ਮਾਂ ਦੇ ਦੁੱਧ ਦੀ ਮੱਹਤਤਾ ਸਬੰਧਿਤ ਸਾਹਿਤ ਵੀ ਵੰਡਿਆ ਗਿਆ।
ਸਰੋਤ: ਡਾ. ਗੁਰਉਪਦੇਸ਼ ਕੌਰ, ਇੰਚਾਰਜ, ਕੇ.ਵੀ.ਕੇ., ਪਟਿਆਲਾ
Summary in English: World Breastfeeding Week: Mother's Milk is Nectar for the child, Krishi Vigyan Kendra, Patiala organized a special program on Mother's Milk - Key to Sustainable Development