1. Home
  2. ਸਫਲਤਾ ਦੀਆ ਕਹਾਣੀਆਂ

Garlic Farmers: ਗੁਰਦਾਸਪੁਰ ਦੇ 6 ਕਿਸਾਨਾਂ ਨੇ ਖੇਤੀ ਵਿਭਿੰਨਤਾ 'ਚ ਕਮਰਸ਼ੀਅਲ ਲੱਸਣ ਦੀ ਕਾਸ਼ਤ ਬਾਰੇ ਆਪਣੇ ਅਹਿਮ ਤਜ਼ਰਬੇ ਕੀਤੇ ਸਾਂਝੇ

ਬਲਾਕ ਕਾਹਨੂੰਵਾਨ ਦੇ ਇਨ੍ਹਾਂ 6 ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਮੰਡੀਕਰਨ ਰੇਟ ਫਿ਼ਕਸ ਕਰਨ ਦੀ ਕੀਤੀ ਅਪੀਲ, ਕਿਸਾਨਾਂ ਨੇ ਕਿਹਾ ਕਿ ਵੱਧ ਸਾਂਭ-ਸੰਭਾਲ ਦੀ ਮਿਹਨਤ ਦੇਖਦੇ ਲੁਆਈ/ਪੁਟਾਈ ਮਸ਼ੀਨਾਂ 'ਤੇ ਸਰਕਾਰ ਦੇਵੇ ਸਬਸਿਡੀ, ਹੋਰ ਫਸਲਾਂ ਨਾਲੋਂ ਘੱਟ ਪਾਣੀ ਖੱਪਤ ਤੇ ਵਧੇਰੇ ਹੈ ਲਾਹੇਵੰਦ।

Gurpreet Kaur Virk
Gurpreet Kaur Virk
ਲੱਸਣ ਦੀ ਕਾਸ਼ਤ

ਲੱਸਣ ਦੀ ਕਾਸ਼ਤ

Garlic Farming: ਦੋਸਤੋ ਖੇਤੀ ਵਿਭਿੰਨਤਾ 'ਚ ਮਸਾਲੇਦਾਰ ਫ਼ਸਲ ਲੱਸਣ ਦੀ ਕਾਸ਼ਤ ਇਕ ਅਜਿਹੀ ਕਾਸ਼ਤ ਹੈ ਜੋ ਬਿਨਾਂ ਕਿਸੇ ਸੁਚੱਜੇ ਮੰਡੀਕਰਨ ਦੇ, ਆਮ ਫ਼ਸਲਾਂ ਨਾਲੋਂ ਵੱਧ ਖ਼ੁਦ ਕਿਸਾਨ ਦੀ ਭੱਜ ਨੱਠ, ਸਰਕਾਰੀ ਛੋਟਾਂ ਤੋਂ ਦੂਰ ਇਨਪੁੱਟਸ, ਕਿਸਾਨ ਭਰਾਵਾਂ ਦੀ ਅਥਾਹ ਮਿਹਨਤ ਤੇ ਖੱਪਾਈ ਏਸ ਕਾਸ਼ਤ 'ਚ ਸਾਂਭ ਸੰਭਾਲ ਮਾਲਕ ਵਲੋਂ ਹੋਈ ਦਿੱਸੀ, ਪਿੰਡ ਦੇ ਵਧੇਰੇ ਲੋਕਾਂ ਨੂੰ ਏਸ ਫ਼ਸਲ ਤੇ ਬੱਝਵਾਂ ਰੋਜ਼ਗਾਰ ਮਿਲਦਾ ਦਿੱਸਿਆ।

ਆਪੋਂ ਆਪਣੇ ਲਿੰਕ 'ਚ ਆਪ ਕੀਤੀ ਵਿਕਸਤ ਮੰਡੀ, ਲੱਸਣ ਅਪ੍ਰੈਲ ਵਿੱਚ ਚੋਰੀ ਹੋਣ ਦਾ ਵਧੇਰੇ ਡਰ, ਵੱਖ ਵੱਖ ਮੰਡੀਆਂ 'ਚ ਹੋਏ ਨੁਕਸਾਨ, ਇਸ ਕਾਸ਼ਤ 'ਚ ਹੋਰਨਾਂ ਫਸਲਾਂ ਨਾਲੋਂ ਦੇਖਣ ਵਾਲੀ ਗੱਲ ਹੈ। ਵਾਕਿਆਂ ਹੀ ਇਨ੍ਹਾਂ ਕਿਸਾਨ ਭਰਾਵਾਂ ਨੂੰ ਵਧਾਈ ਤੇ ਜ਼ਿਆਦਾ ਮਿਹਨਤ ਨੂੰ ਦਾਤ ਦੇਣੀ ਬਣਦੀ ਹੈ।

ਆਉ ਗੱਲ ਕਰੀਏ ਕਿਸਾਨਾਂ ਨਾਲ:-

1) ਗੁਰਮੀਤ ਸਿੰਘ ਲਾਡੀ ਪਿੰਡ ਬਸੰਤਗੜ ਨੇ ਕਿਹਾ ਕਿ ਮੈਂ ਪਿਛਲੇ 10 ਸਾਲਾਂ ਤੋਂ ਇਸਦੀ ਖੇਤੀ ਕਰਦਾ ਹਾਂ। ਜਿਸ ਤਹਿਤ ਇਸ ਵਾਰ ਤਿੰਨ ਏਕੜ ਰਕਬੇ ਚ ਦੇਸੀ ਲਾਲ ਲੱਸਣ ਦੀ ਕਾਸ਼ਤ ਕੀਤੀ। ਅਕਤੂਬਰ ਦੇ ਦੂਜੇ ਹਫਤੇ ਚ ਬਿਜਾਈ ਕੀਤੀ ਤੇ ਝੋਨੇ ਵੇਲੇ ਅਗੇਤੀ ਮੁਰਗੀਆਂ ਦੀ ਰੂੜੀ ਪਾਈ ਤਾਂ ਜ਼ੋ ਗੈਸ ਆਦਿ ਦੀ ਭੜਾਸ ਖਤਮ ਹੋ ਜਾਵੇ ਤੇ ਦੂਜੀ ਵਾਰ ਫ਼ਸਲ ਤੋਂ ਬਾਅਦ 10 ਟਰਾਲੀਆਂ ਦੇਸੀ ਪਸ਼ੂ ਰੂੜੀ ਦੀ ਪਾਉਂਦੇ। ਇਸ ਦੇ ਨਾਲ ਏਕੜ ਲਈ ਇੱਕ ਡੀ ਏਂ ਪੀ ਅਤੇ ਇੱਕ ਪੋਟਾਸ਼ ਦੀ ਬੋਰੀ ਪਾਉਂਦੇ। ਅਸੀਂ ਏਕੜ ਬਿਜਾਈ ਲਈ 2.5 ਕੁਇੰਟਲ ਬੀਜ ਤੇ ਤੂਰੀ ਤੋਂ ਤੂਰੀ 6 -8ਇੰਚ ਤੇ ਫ਼ਾਲੇ ਤੋਂ ਫਾਲਾਂ 9 ਇੰਚ ਰੱਖਦੇ ਹਾਂ। ਅਸੀਂ ਲੇਬਰ ਨਾਲ ਲਵਾਈ, ਗੋਡੀ, ਇੱਕ ਏਕੜ ਲੱਸਣ ਤੇ ਡੇਢ਼ ਏਕੜ ਦੀ ਪਰਾਲ਼ੀ ਖਿਲਾਰ ਦਿੰਦੇ ਹਾਂ ਮਲਚਿੰਗ ਲਈ, ਜਿਸ ਨਾਲ ਘਾਹ ਘੱਟ ਹੁੰਦਾ। ਉਹਨਾਂ ਕਿਹਾ ਕਿ ਫ਼ਰਵਰੀ ਮਾਰਚ ਚ ਫੰਗਸ ਦੀ ਦੋ ਐਮੀਸਟਾਰ ਟੋਪ ਦੀਆਂ ਸਪਰੇਅ ਕਰਦੇ। ਅਪ੍ਰੈਲ ਮਈ ਚ ਪੱਕੇ ਲੱਸਣ ਲਈ ਸਾਨੂੰ ਦਿਨ ਰਾਤ ਖੇਤ ਚ ਰਹਿਣਾ ਪੈਂਦਾ। ਚੋਰੀ ਪੁੱਟਣ ਦਾ ਡਰ ਬਣਿਆ ਰਹਿੰਦਾ ਕਿਉਂਕਿ ਸਾਡੇ ਲਾਗੇ ਅਜਿਹਾ ਹੋ ਗਿਆ। ਅੱਜ ਮੰਡੀਕਰਨ ਲਈ ਮੈਂ ਖ਼ੁਦ ਕਿਸਾਨ ਮੇਲਿਆਂ ਚ ਵੇਚਣ ਲਈ ਲੈਂ ਕੇ ਜਾਂਦਾ। ਦੂਜਾ ਘਰੋਂ ਲੋਕ ਆਪ 150 ਰੁਪਏ ਖ਼ਰੀਦ ਲੈਂ ਜਾਂਦੇ ਹਨ। ਮੇਰਾ ਖੇਤੀ ਦੁਕਾਨਾਂ ਦੇ ਸਟੋਰਾਂ ਤੇ 300 ਰੁਪਏ ਵਿਕ ਜਾਂਦਾ। ਮੇਰਾ ਪਿੰਡ ਕਾਹਨੂੰਵਾਨ ਵੱਡਾ ਹੋਣ ਕਰਕੇ ਕਈ ਵਾਰ ਡੀਮਾਂਡ ਜ਼ਿਆਦਾ ਹੋਣ ਕਰਕੇ ਬਹੁਤੇ ਲੋਕ ਸਾਨੂੰ ਮੋੜਨੇ ਪੈਂਦੇ ਹਨ। ਏਸ ਸੰਭਾਲ ਲਈ ਸਾਡਾ 300 ਪਲਾਸਟਿਕ ਕਰੇਟ ਲੱਗਦਾ। ਅਗਲਾ ਪਲੈਨ ਪਹਿਲਾਂ ਗੱਲ ਕਰਕੇ ਜਲੰਧਰ ਮੰਡੀ ਲੈਂ ਕੇ ਜਾਣ ਦਾ ਹੈਂ। ਏਸ ਕਾਸ਼ਤ ਦੀ ਸਾਂਭ ਸੰਭਾਲ ਬਹੁਤ ਜ਼ਿਆਦਾ ਜੇ ਢੇਰੀ ਲੱਗ ਜਾਵੇ ਤਾਂ ਭੜਾਸ ਨਾਲ ਖ਼ਰਾਬ ਹੋ ਜਾਂਦਾ ਦੂਜਾ ਸਿੱਧਾ ਧੁੱਪ/ਮੀਂਹ ਨਾ ਪਵੇ। ਮੇੈਨੂੰ 50,000/- ਹਜ਼ਾਰ ਰੁਪਏ ਲੇਬਰ 15 ਬੰਦਿਆਂ ਦੀ ਪੈ ਜਾਂਦੀ, ਲਵਾਈ ਪੁਟਾਈ ਪਰਾਲੀ ਤੇ ਕੱਟਰ ਆਦਿ ਪਾ ਕੇ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਾਸ਼ਤ ਚੰਗੀ ਹੈ ਪਹਿਲਾਂ ਕਨਾਲ ਤੋਂ ਸ਼ੁਰੂਆਤ ਕਰਨ। ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਏਸ ਕਾਸ਼ਤ ਨੂੰ ਵਧੇਰੇ ਸਬਸਿਡੀ ਹੇਠ ਲਿਆਉਣ ਦੀ ਲੋੜ ਹੈ।

2) ਅਮਰਜੀਤ ਸਿੰਘ ਪਿੰਡ ਕਠਾਣਾ ਨੇ ਕਿਹਾ ਕਿ ਮੈਂ ਪਿਛਲੇ 6 ਸਾਲਾਂ ਤੋਂ ਲੱਸਣ ਜੰਮੂ ਤੋਂ ਮੋਟੀ ਲੰਬੀ ਲੋਕਲ ਕਿਸਮ ਲਿਆ ਕੇ ਉਸ ਦੀ ਬਿਜਾਈ 10 ਅਕਤੂਬਰ ਨੂੰ ਛੇ ਕਨਾਲ ਰਕਬੇ ਚ ਕਰਦਾ ਤੇ 6-7 ਬੰਦੇ ਲੇਬਰ ਲਗਾਉਂਦੇ ਹਾਂ ਜਿਸ ਦਾ ਸਾਰਾ ਲਵਾਈ ਤੋਂ ਪੁਟਾਈ ਤੱਕ ਖ਼ਰਚ 32 ਹਜ਼ਾਰ ਰੁਪਏ ਆਉਂਦਾ। ਅਸੀਂ ਇੱਕ ਕਨਾਲ ਚ 35 ਕਿਲੋ ਬੀਜ ਲਗਾਉਂਦੇ ਤੇ ਛੇ ਕਨਾਲ ਲਈ 1.80ਕਿਲੋ ਲੱਗਦਾ। ਦੇਸੀ ਰੂੜੀ ਦੋ ਟਰਾਲੀ, ਅੱਧੀ ਬੋਰ ਡੀ ਏਂ ਪੀ ਪਾਉਂਦੇ। ਪਹਿਲਾ ਪਾਣੀ ਜੇਕਰ ਜ਼ਮੀਨ ਰੇਤਲੀ ਹੈ ਤਾਂ ਤੁਰੰਤ ਲਗਾਉਂਦੇ ਦੂਜਾ ਪੱਚੀ ਦਿਨਾਂ ਬਾਅਦ। ਫ਼ਰਵਰੀ ਤੇ ਮਾਰਚ ਵਿੱਚ ਸਾਨੂੰ ਉਲੀਨਾਸ਼ਕ ਦੀ ਸਪਰੇਅ ਜ਼ਰੂਰ ਸੁੱਕਣ ਤੋਂ ਬਚਾਉਣ ਲਈ ਕਰਨੀ ਪੈਂਦੀ। ਮੰਡੀਕਰਨ ਲਈ ਅਸੀਂ ਮੁਕੇਰੀਆਂ, ਗੁਰਦਾਸਪੁਰ ਮੰਡੀ ਲੈਂ ਜਾਂਦੇ ਜੋਂ 70-100 ਰੁਪਏ ਵਿਕਦਾ, ਬਹੁਤ ਮਾੜਾ ਹਾਲ ਹੁੰਦਾ ਲੱਸਣ ਦਾ, ਅੱਜ ਬਹੁਤਾ ਤਾਂ ਮੇਰੇ ਨੇੜਲੇ 6 ਪਿੰਡਾਂ ਦੇ ਲੋਕ ਮੇਰੇ ਘਰ ਚੋਂ 150 ਰੁਪਏ ਲੈਂ ਜਾਂਦੇ, ਜੋਂ ਮੈਂ ਆਪਣੇ ਪੱਧਰ ਤੇ ਮਾਰਕੀਟਿੰਗ ਕਰਕੇ ਮੰਡੀ ਬਣਾਈਂ।

ਉਹਨਾਂ ਕਿਹਾ ਕਿ ਏਸ ਕਾਸ਼ਤ ਚ ਰੇਟ ਘੱਟਣ ਦਾ ਰਿਸਕ ਬਹੁਤ ਰਹਿੰਦਾ, ਜਦਕਿ ਬੀਜ ਲੇਬਰ ਬੇਹੱਦ ਮਹਿੰਗੀ ਪਰ ਫੇਰ ਵੀ ਕਣਕ ਨਾਲੋਂ ਆਰਥਿਕ ਤੌਰ ਤੇ ਠੀਕ ਹੈ ਏਂ ਫ਼ਸਲ। ਸਾਡਾ ਝਾੜ 45 ਕੁਇੰਟਲ ਨਿਕਲ ਜਾਂਦਾ। ਅੱਜ ਬਜ਼ਾਰ ਚ ਬੀਜ਼ ਰੇਟ 450 ਰੁਪਏ ਕਿਲੋ ਹੈ। ਚੰਗਾ ਬੀਜ਼ ਬਹੁਤ ਮਹਿੰਗਾ ਮਿਲਦਾ। ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਏਸ ਕਾਸ਼ਤ ਥੱਲੇ ਲੇਬਰ ਖ਼ਰਚ ਬਹੁਤ ਜ਼ਿਆਦਾ ਹੁੰਦਾ, ਕੋਈ ਮਸ਼ੀਨਾਂ ਏਸ ਦੀਆਂ ਲਵਾਈ ਪੁਟਾਈ ਲਈ ਸਬਸਿਡੀ ਤੇ ਜਾਰੀ ਹੋਂਣ। ਦੂਜਾ ਪੰਜਾਬ ਸਰਕਾਰ ਨੂੰ ਏਸਦਾ ਰੇਟ ਫਿਕਸ ਕਰਨ ਵੱਲ ਧਿਆਨ ਦੇਣਾ ਚਾਹੀਦਾ ਜਿੰਨੀ ਲੱਸਣ ਦੀ ਕਾਸ਼ਤ ਮਹਿੰਗੀ ਤੇ ਸਾਂਭ ਸੰਭਾਲ ਵਾਲੀ ਹੈ ਉਸ ਤੇ ਕੋਈ ਪਾਲਿਸੀ ਬਣਾਵੇ ਜੇਕਰ ਖੇਤੀ ਵਿਭਿੰਨਤਾ ਵੱਲ ਕਿਸਾਨ ਤੋਰਨੇ ਹਨ।

3) ਦਵਿੰਦਰ ਸਿੰਘ ਪਿੰਡ ਨੁਕਤੀਪੁਰ ਨੇ ਕਿਹਾ ਕਿ ਮੈਂ ਪਿਛਲੇ 4 ਸਾਲਾਂ ਤੋਂ ਮੈਂ ਚਾਰ ਕਨਾਲਾਂ ਵਿਚ ਲੱਸਣ ਦੀ ਕਾਸ਼ਤ ਕਰਦਾ ਸਾਂ, ਪਰ ਇਸ ਵਾਰ ਛੇ ਕਨਾਲ ਰਕਬੇ ਚ ਕੀਤੀ। ਦੇਸੀ ਲਾਲ ਲੱਸਣ ਦਾ ਘਰੇਲੂ ਬੀਜ਼ ਤਿੰਨ ਕੁਇੰਟਲ ਲੱਗਦਾ ਹੈ। ਅਸੀਂ 12 ਅਕਤੂਬਰ ਨੂੰ ਬਿਜਾਈ ਕਰਕੇ ਲੇਬਰ ਪੰਜ ਔਰਤਾਂ ਲਗਾਉਂਦੇ ਹਾਂ। ਜਿਸ ਦਾ ਸਾਰਾ ਖ਼ਰਚ ਮਲਚਿੰਗ ਲਵਾਈ ਪੁਟਾਈ ਗੋਡੀ ਆਦਿ 20 ਹਜ਼ਾਰ ਲੇਬਰ ਖ਼ਰਚ ਲੱਗਦਾ। ਪਹਿਲਾ ਪਾਣੀ ਮਹੀਨੇ ਬਾਅਦ ਲਗਾਉਂਦੇ ਤੇ ਰੋਜ਼ਾਨਾ ਖੇਤ ਚ ਗੇੜਾ ਮਾਰਦੇ। ਇੰਟਰਕਰੋਪਿੰਗ ਆਲੂ/ਚੁਕੰਦਰ/ਦੀ ਕੀਤੀ। ਅਸੀਂ 5 ਟਰਾਲੀਆਂ ਦੇਸੀ ਰੂੜੀ ਪਾਉਂਦੇ ਤੇ ਇੱਕ ਬੋਰੀ ਡੀ ਏਂ ਪੀ, ਇੱਕ ਪੋਟਾਸ਼। ਅੱਜ ਬੀਜ਼ ਰੇਟ ਮਾਰਕੀਟ ਚ 500ਰੁਪਏ ਕਿਲੋ ਹੈ ਜੋਂ ਬੇਹੱਦ ਮਹਿੰਗੇ ਪਰ ਅਸੀਂ ਆਪਣੇ ਘਰੇਲੂ ਨੂੰ ਤਰਜੀਹ ਦਿੰਦੇ। ਏਸ ਚ ਕਣਕ ਦੀ ਫ਼ਸਲ ਨਾਲੋਂ ਵੀ ਘੱਟ ਪਾਣੀ ਲੱਗਦਾ। ਨੇੜੇ ਗੰਨਾ ਹੈ ਉਸ ਕਰਕੇ ਏਥੇ ਸੂਰ ਨੁਕਸਾਨ ਕਰਦਾ।

ਅਸੀਂ ਚਾਰ ਕਨਾਲਾਂ ਤੇ ਇੱਕ ਏਕੜ ਦੀ ਪਰਾਲੀ ਪਾਉਂਦੇ। ਝਾੜ 6 ਕਨਾਲਾਂ ਚੋਂ 30 ਕੁਇੰਟਲ ਨਿਕਲ ਜਾਂਦਾ। ਅਸੀਂ ਪੰਦਰਾਂ ਅਪ੍ਰੈਲ ਲਾਗੇ ਪੁਟਾਈ ਕਰਦੇ। ਮੰਡੀਕਰਨ ਬਾਰੇ ਉਹਨਾਂ ਕਿਹਾ ਕਿ ਰਾਜਸਥਾਨ ਤੇ ਮਹਾਰਾਸ਼ਟਰ ਤੋਂ ਲੱਸਣ ਮੰਡੀਆਂ ਵਿੱਚ ਆਉਣ ਕਰਕੇ ਕੋਈ ਫਿਕਸ ਰੇਟ ਜਾਂ ਕੋਈ ਏਰੀਏ ਦੀ ਫ਼ਸਲ ਨੂੰ ਕੋਈ ਪੁੱਛ ਗਿੱਛ ਨਾ ਹੋਣ ਕਰਕੇ, ਪਿਛਲੀ ਵਾਰ 35 ਰੁਪਏ ਕਿਲੋ ਵਿਕਿਆ ਸਾਡਾ ਬਹੁਤ ਨੁਕਸਾਨ ਹੋਇਆ।ਹੁਣ ਅਸੀਂ ਆਲ਼ੇ ਦੁਆਲ਼ੇ ਪਹਿਲਾਂ ਰੇਟ ਪੁੱਛ ਕੇ ਫੇਰ ਦਸੂਹੇ ਮੰਡੀ ਲੈਂ ਕੇ ਜਾਂਦੈਂ ਜਿਥੇ 80ਰਪਏ ਤੋਂ 120 ਰੁਪਏ ਮਿਲਦਾ। ਪੰਜਾਬ ਸਰਕਾਰ ਨੂੰ ਏਸ ਦੇ ਫਿਕਸ ਰੇਟ ਤਹਿ ਕਰਨਾ ਚਾਹੀਦਾ, ਰਾਜਸਥਾਨ ਵਿੱਚ ਏਸ ਦਾ ਮੰਡੀਕਰਨ ਸਿਸਟਮ ਬਣਿਆ ਹੋਇਆ ਹੈ। ਪੰਜਾਬ ਸਰਕਾਰ ਨੂੰ ਵੀ ਏਥੇ ਆਪਣਾ ਰੋਲ ਨਿਭਾਉਣ ਦੀ ਲੋੜ ਏਂ, ਬਾਕੀ ਲਵਾਈ ਪੁਟਾਈ ਮਸ਼ੀਨਾਂ ਤੇ ਸਬਸਿਡੀ ਵਧੇਰੇ ਚਾਹੀਦੀ ਏਸ ਦੀ ਲੇਬਰ ਖ਼ਰਚ ਤੇ ਸਾਂਭ ਸੰਭਾਲ ਤੇ ਖੱਪਾਈ ਬਹੁਤ ਹੈ।

ਇਹ ਵੀ ਪੜ੍ਹੋ: Gurdaspur ਜ਼ਿਲ੍ਹੇ ਦੇ ਇਨ੍ਹਾਂ 7 ਕਿਸਾਨਾਂ ਨੇ ਨਵੀਂ ਵਿਧੀ ਰਾਹੀਂ ਮਸ਼ੀਨਰੀ ਨਾਲੋਂ ਘੱਟ ਲਾਗਤ 'ਤੇ ਚੰਗੀ ਫ਼ਸਲ ਲੈਣ ਦੇ ਆਪਣੇ ਤਜ਼ਰਬੇ ਸਾਂਝੇ ਕੀਤੇ

4) ਗੁਰਪ੍ਰੀਤ ਸਿੰਘ ਪਿੰਡ ਬਲਵੰਡਾ ਨੇ ਕਿਹਾ ਕਿ ਮੈਂ ਪਿਛਲੇ 10 ਸਾਲਾਂ ਤੋਂ ਇੱਕ ਏਕੜ ਚ ਦੇਸੀ ਲਾਲ ਲੱਸਣ ਦੀ ਬਿਜਾਈ ਕਰ ਰਿਹਾ। ਅਕਤੂਬਰ 15 ਤੋਂ ਬਿਜਾਈ ਕਰਦੇ ਤੇ ਬੀਜ਼ ਮੇਰੇ ਘਰ ਦਾ ਹੁੰਦਾ ਹੈ। ਬੱਸ ਏਸ ਨੂੰ ਨੀਵੇਂ ਸਥਾਨ ਤੇ ਨਾ ਲਗਾਉ ਨਹੀਂ ਤਾਂ ਵਧੇਰੇ ਪਾਣੀ ਬਾਰਿਸ਼ ਦਾ ਖ਼ਰਾਬ ਕਰ ਦਿੰਦਾ।ਸਾਡਾ ਝਾੜ 35 ਕੁਇੰਟਲ ਰਹਿੰਦਾ।ਅਸੀਂ ਆਪ ਵੀ ਕੰਮ ਖੇਤ ਚ ਕਰਦੇ ਹਾਂ ਤੇ ਨਾਲ 10-12 ਬੰਦੇ ਲੇਬਰ ਵੀ ਲਗਾਉਂਦੇ ਹਾਂ ਜਿਸ ਦਾ ਲਵਾਈ, ਕੱਟਰ, ਪਰਾਲ਼ੀ, ਪੁਟਾਈ ਸਭ ਪਾ ਕੇ 40 ਹਜ਼ਾਰ ਰੁਪਏ ਖਰਚ ਚੜ੍ਹਦਾ। ਅਸੀਂ ਦੇਸੀ ਰੂੜੀ 4 ਟਰਾਲੀਆਂ ਕਿਲ਼ੇ ਲਈ ਪਾਉਂਦੇ। ਬੈਡਾਂ ਤੇ ਲੱਸਣ ਲਗਾਉਂਦੇ ਹਾਂ ਜਿਸਦਾ ਫ਼ਾਇਦਾ ਘੱਟ ਪਾਣੀ ਤੇ ਖਾਲਾਂ ਕਰਕੇ ਵਧੇਰੇ ਸਲਾਬ ਨਾਲ ਸਰ ਜਾਂਦਾ।

ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਰਾਜਸਥਾਨ ਵਿਚ ਲੱਸਣ ਤੇ ਖਰਚਿਆਂ ਤੇ ਸਬਸਿਡੀ ਸਹੂਲਤ ਹੈ ਪਰ ਏਥੇ ਵੀ ਚੰਗੀ ਖੇਤੀ ਵਿਭਿੰਨਤਾ ਲਈ ਕਰਨੀ ਚਾਹੀਦੀ ਹੈ।ਮੰਡੀਕਰਨ ਲਈ ਸਾਡੇ ਪੱਕੇ ਗਾਹਕ ਹਨ ਜੋਂ ਐਡਵਾਂਸ ਆਰਡਰ ਤੇ ਪੈਸੇ ਦੇ ਜਾਂਦੇ ਹਨ। ਸਾਡਾ ਲੱਸਣ ਮੁਕੇਰੀਆਂ, ਦਸੂਹੇ ਤੇ ਮੇਰੇ ਪਿੰਡ ਦੇ ਆਪਣੇ ਤੇ ਨੇੜਲੇ ਪਿੰਡਾਂ ਦੇ ਲੋਕ ਘਰ ਚੋਂ 100 ਰੁਪਏ ਖ਼ਰੀਦ ਲੈਂਦੇ ਹਨ।ਅਸੀਂ ਮੰਡੀ ਦਾ ਰੁਖ਼ ਨਹੀਂ ਕਰਦੇ ਇੱਕ ਵਾਰ ਕੀਤਾ ਤਾਂ ਉਲਟਾ ਸਾਨੂੰ ਜਲੰਧਰ ਦੇ ਆੜਤੀਏ ਮੁਕੇਰੀਆਂ, ਦਸੂਹੇ ਸਾਨੂੰ 45 ਰੁਪਏ ਦਿੱਤੇ ਜਿਸ ਦਾ ਸਾਨੂੰ ਨੁਕਸਾਨ ਹੋਇਆ।

5) ਕੁਲਵੰਤ ਸਿੰਘ ਪਿੰਡ ਸਰਵਰਪੁਰ ਸੱਲੋ ਨੇ ਕਿਹਾ ਕਿ ਮੈਂ ਪਿਛਲੇ 8 ਸਾਲਾਂ ਤੋਂ ਦੇਸੀ ਲਾਲ ਲੱਸਣ ਦੀ ਕਾਸ਼ਤ ਇਕ ਕਨਾਲ ਤੋਂ ਸ਼ੁਰੂਆਤ ਕੀਤੀ। ਪਿਛਲੇ ਸਾਲ ਚੰਗਾ ਭਾਅ ਮਿਲਿਆ ਉਦੋਂ ਰਕਬਾ 1.5 ਏਕੜ ਸੀ। ਕਣਕ ਦੀ ਬਿਜਾਈ ਨਾਲੋਂ ਵੀ ਘੱਟ ਪਾਣੀ ਤੇ ਵੱਧ ਪੈਸੇ ਦੇ ਜਾਂਦਾ। ਅਸੀਂ 18 ਅਕਤੂਬਰ ਨੂੰ ਬਿਜਾਈ ਕੀਤੀ। ਇਸ ਦੀ ਬਿਜਾਈ ਸਮੇਂ ਤੋਂ ਗੁਡਾਈ, ਪਰਾਲ਼ੀ ਖਿਲਾਰਨ ਪੁਟਾਈ ਤੋਂ ਟਰਾਲੀ ਚ ਲੱਧਣ ਤੱਕ 10 ਬੰਦਿਆਂ ਦੀ ਲੇਬਰ ਖ਼ਰਚ ਕੁੱਲ ਫ਼ਸਲ ਤੇ 35,000/- ਰੁਪਏ ਆਇਆ। ਅਸੀਂ ਕੋਈ ਗਰੇਡਿੰਗ ਬੀਜ਼ ਦੀ ਨਹੀਂ ਕਰਦੇ ਵੱਡੀ ਛੋਟੀ ਸਭ ਤੂਰੀਆਂ ਲਗਾ ਦਿੰਦੇ ਹਾਂ। ਕੇਵਲ ਡੀ ਏਂ ਪੀ ਇੱਕ ਥੈਲੀ ਪਾਉਂਦੇ। ਕਣਕ ਦਾ ਸਮਾਂ ਏਸ ਬਿਜਾਈ ਨਾਲ ਹੋਂਣ ਕਰਕੇ ਲੇਬਰ ਦੀ ਘਾਟ ਜ਼ਿਆਦਾ ਹੁੰਦੀ ਹੈ ਜਿਸ ਨਾਲ ਬਿਜਾਈ ਸਮਾਂ ਲੇਟ ਹੋ ਜਾਂਦਾ। ਮੇਰਾ ਝਾੜ ਪ੍ਰਤੀ ਏਕੜ 32-35 ਕੁਇੰਟਲ ਤੋਂ ਵਧਿਆ ਨਹੀਂ। ਏਕੜ ਲਈ ਪੰਜ ਕੁਇੰਟਲ ਗੰਡੀਆਂ ਰੱਖਦਾਂ। ਅਸੀਂ 2.5 ਤੋਂ 3 ਲੱਖ ਰੁਪਏ ਬੀਜ਼ ਰੱਖ ਕੇ ਕੱਢ ਲੈਂਦੇ ਹਾਂ। ਇਸ ਦੀ ਰੋਟੀਨ ਚ ਨਿਗਰਾਨੀ ਬਹੁਤ ਹੈ ਸਾਂਭ ਸੰਭਾਲ ਦੀ ਖਾਸਤੌਰ ਤੇ ਅਪ੍ਰੈਲ ਵੇਲੇ ਪੱਕਣ ਵੇਲੇ ਚੋਰੀਂ ਦਾ ਡਰ ਹੁੰਦਾ।

ਇਹ ਵੀ ਪੜੋ: Progressive Farmers: ਪੰਜਾਬ ਦੇ ਇਨ੍ਹਾਂ ਕਿਸਾਨਾਂ ਨੂੰ ਮਿਲੇ MFOI Award 2024 ਵਿੱਚ ਜ਼ਿਲ੍ਹਾ ਪੱਧਰੀ ਅਵਾਰਡ

ਪਿਛਲੇ 3- 4 ਸਾਲ ਪਹਿਲਾਂ ਕੋਈ ਬੰਦਾ ਟਰਾਲੀ ਲੋਡ ਕਰਕੇ ਮੇਰੇ ਖੇਤ ਚੋਂ ਰਾਤ ਨੂੰ ਚੋਰੀ ਲੈਂ ਗਿਆ ਲੱਸਣ। ਅਸੀਂ ਇੱਕ ਏਕੜ ਲੱਸਣ ਤੇ 3.5 ਕਿਲ਼ੇ ਦੀ ਪਰਾਲ਼ੀ ਮਲਚਿੰਗ ਪਾਉਂਦੇ ਹਾਂ। ਹਲਕੀ ਪਰਾਲ਼ੀ ਘਾਹ ਖੇਤ ਚ ਪਾ ਦਿੰਦੀ ਹੈ। ਪਹਿਲਾ ਪਾਣੀ ਚੋਥੇ ਦਿਨ ਦੂਜਾ ਡੇਢ਼ ਮਹੀਨੇ ਬਾਅਦ ਲਗਾਉਂਦੇ ਹਾਂ। ਮੰਡੀਕਰਨ ਬਾਰੇ ਉਹਨਾਂ ਕਿਹਾ ਕਿ 2019 ਚ ਜਲੰਧਰ ਮੰਡੀ ਲੈਂ ਕੇ ਮੇਰਾ ਬਹੁਤ ਨੁਕਸਾਨ ਹੋਇਆ ਰੇਟ 25 ਰੁਪਏ ਲੱਗਾ। ਅੱਜ ਕਾਹਨੂੰਵਾਨ ਦੇ ਵਪਾਰੀ 130 ਰੁਪਏ ਕਿਲੋ ਖ਼ਰੀਦ ਲੈਂਦੇ। ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਲੱਸਣ ਦੀ ਬਿਜਾਈ ਮਸ਼ੀਨਾਂ ਤੇ ਸਬਸਿਡੀ ਦੀ ਲੋੜ ਹੈ। ਲੇਬਰ ਬਹੁਤ ਮਹਿੰਗੀ ਐ ਹਾਲਾਂਕਿ ਬੀਜ਼ ਸਾਡੇ ਘਰ ਦਾ ਹੈਂ ਨਹੀਂ ਤਾਂ ਕਾਸ਼ਤ ਹੋਰ ਵੀ ਮਹਿੰਗੀ ਹੋਵੇ। ਪੰਜਾਬ ਸਰਕਾਰ ਨੂੰ ਮੰਡੀ ਵਿਕਸਿਤ ਕਰਨ ਦੀ ਲੋੜ ਹੈ।

6) ਸੁਖਵਿੰਦਰ ਸਿੰਘ ਪਿੰਡ ਕਾਹਨੂੰਵਾਨ ਬੇਟ ਨੇ ਕਿਹਾ ਕਿ ਮੈਂ ਪਿਛਲੇ ਪੰਜ ਸਾਲਾਂ ਤੋਂ 7 ਕਨਾਲਾਂ ਵਿਚ ਕਾਸ਼ਤ ਕਰਦਾ ਹਾਂ। ਲੇਬਰ ਵਿਚ ਕੁੱਲ ਦੱਸ ਔਰਤਾਂ ਹਨ।ਅਸੀਂ ਤਿੰਨ ਘਰ ਦੇ ਮੈਂਬਰ ਵੀ ਕੰਮ ਸਾਰਾ ਲੇਬਰ ਦੇ ਨਾਲ ਵੀ ਖੇਤ ਚ ਕਰਦੇ ਹਾਂ। ਸਾਡਾ 35 ਕੁ ਹਜ਼ਾਰ ਰੁਪਏ ਲੇਬਰ ਲਵਾਈ ਤੋਂ ਪੁਟਾਈ ਤੱਕ ਸਾਰੇ ਕੰਮ ਤੇ ਖ਼ਰਚ ਹੁੰਦੇ ਹਨ। ਅਸੀਂ ਮਲਚਿੰਗ ਕਰਨ ਨਾਲ ਨਦੀਨਾਂ ਦੀ ਸਪਰੇਆਂ ਕੋਈ ਨਹੀਂ ਕਰਦੇ, ਨਾ ਹੀ ਕੋਈ ਬਿਮਾਰੀ ਜਾਂ ਕੀੜਾ ਪੈਦਾਂ। ਅਸੀਂ ਪਰਾਲ਼ੀ ਜ਼ਿਆਦਾ ਪਾਉਂਦੇ ਕਿਉਂਕਿ ਘੱਟ ਪਾਉਣ ਨਾਲ ਨਦੀਨ ਜ਼ਿਆਦਾ ਨਿਕਲਦਾ।ਅਸੀਂ ਦੋ ਸਾਲ ਬਾਅਦ 5 ਟਰਾਲੀਆਂ ਦੇਸੀ ਰੂੜੀ ਤੇ ਹਰ ਸੀਜ਼ਨ ਡੀ ਏਂ ਪੀ ਬੋਰਾ ਜ਼ਰੂਰ ਪਾਉਂਦੇ। ਬਿਜਾਈ ਅਕਤੂਬਰ 20 ਲਾਗੇ ਲਗਾਉਂਦੇ ਪਰ ਲੇਬਰ ਦੀ ਸਮੱਸਿਆਂ ਬਹੁਤ ਆਉਂਦੀ ਹੈ ਜਲਦੀ ਲੇਬਰ ਮਿਲਦੀ ਨਹੀਂ।

ਏਸ ਦੀ ਸਾਂਭ ਸੰਭਾਲ ਬਹੁਤ ਹੈਂ ਗੰਡੀ ਨਾ ਧੁੱਪ ਚ, ਨਾ ਮੀਂਹ ਚ ਰੱਖ ਸਕਦੇ, ਖ਼ਰਾਬ ਹੋਣ ਦਾ ਡਰ ਰਹਿੰਦਾ। ਸ਼ੈੱਡ ਵੀ ਵੱਡਾ ਹੋਣਾ ਚਾਹੀਦਾ ਰੱਖਣ ਲਈ। ਅੱਧੇ ਕਿਲ਼ੇ ਲਈ ਬੀਜ਼ 1.60 ਕਿਲੋ ਮੋਟਾ ਪਤਲਾ ਮਿਕਸ ਸਭ। ਮੰਡੀਕਰਨ ਲਈ ਉਹਨਾਂ ਕਿਹਾ ਕਿ ਮੇਰੇ ਪੱਕੇ ਗਾਹਕ ਦੂਰ ਦੂਰ ਤੋਂ ਘਰੋਂ ਜੁੜੇ ਹਨ ਜੋਂ ਕੁਇੰਟਲਾਂ ਦੇ ਹਿਸਾਬ ਨਾਲ ਮੈਥੋਂ ਘਰੋਂ 120ਰੁਪਏ ਲੈਂ ਜਾਂਦੇ ਨੇ ਤੇ ਕੁੱਝ ਵਪਾਰੀ ਘਰੋਂ 115/- ਲੈਂ ਜਾਂਦੇ ਹਨ। ਸਰਕਾਰ ਨੂੰ ਏਸਦਾ ਰੇਟ ਫਿਕਸ ਘੱਟੋ ਘੱਟ 200/- ਰੁਪਏ ਕਰਨਾ ਚਾਹੀਦਾ। ਕਿਉਂਕਿ ਖੱਪਾਈ ਤੇ ਖ਼ਰਚ ਬਹੁਤ ਜ਼ਿਆਦਾ ਹੈ। ਦੋਸਤੋ ਏਸ ਲੇਖ਼ ਚ ਕੁੱਝ ਵੀ ਆਪਣੇ ਵੱਲੋਂ ਐਡ ਨਹੀਂ ਕੀਤਾ ਗਿਆ।

ਸਰੋਤ: ਕਮਲ਼ਇੰਦਰਜੀਤ ਬਾਜਵਾ, ਬਲਾਕ ਟੈੱਕਨੋਲੋਜੀ ਮੈਨੇਜਰ, ਖੇਤੀਬਾੜੀ ਵਿਭਾਗ ਕਾਹਨੂੰਵਾਨ, ਜ਼ਿਲ੍ਹਾ- ਗੁਰਦਾਸਪੁਰ

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: 6 farmers of Gurdaspur shared their important experiences about cultivation of commercial garlic in agricultural diversification

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters