
Sukhwinder Kaur
ਬੀਬੀ ਸੁਖਵਿੰਦਰ ਕੌਰ (42 ਸਾਲ) ਦੇ ਪਤੀ ਸ਼੍ਰੀ ਗੁਰਦੀਪ ਸਿੰਘ ਕਿਸਾਨ ਪਰਿਵਾਰ ਨਾਲ ਸੰਬੰਧਿਤ ਹਨ ਅਤੇ ਪਿੰਡ ਮਹਿਮਾ ਸਵਾਈ ਦੀ ਢਾਣੀ ਜੋ ਕਿ ਬਠਿੰਡੇ ਤੋਂ 25-26 ਕਿਲੋਮੀਟਰ ਦੀ ਦੂਰੀ ਤੇ ਹੈ, ਵਿਖੇ ਰਹਿ ਕੇ ਆਪਣੀ ਡੇਢ ਕੁ ਏਕੜ ਜੱਦੀ ਜ਼ਮੀਨ ਦੀ ਵਾਹੀ ਤੇ ਗੁਜ਼ਾਰਾ ਕਰਦੇ ਸਨ।
ਸੁਖਵਿੰਦਰ ਕੌਰ ਮਿਡਲ ਪਾਸ ਹੈ ਅਤੇ ਬਹੁਤ ਹੀ ਮਿਹਨਤੀ ਹੈ। ਉਹਨਾਂ ਦਾ ਇੱਕ ਬੇਟਾ ਹੈ ਜਿਸ ਨੇ ਬਾਰਵੀਂ ਪਾਸ ਕਰ ਲਈ ਹੈ। ਸ਼ੁਰੂ ਵਿੱਚ ਸੁਖਵਿੰਦਰ ਨੇ ਪਰਿਵਾਰ ਦੀ ਆਮਦਨ ਨੂੰ ਵਧਾਉਣ ਲਈ ਸਿਲਾਈ ਕਢਾਈ ਦਾ ਕੰਮ ਸ਼ੁਰੂ ਕੀਤਾ ਪਰ ਘਰ ਪਿੰਡ ਤੋਂ ਬਾਹਰ ਹੋਣ ਕਰਕੇ ਕੰਮ ਘੱਟ ਹੀ ਆਉਂਦਾ ਸੀ। ਹੌਲੀ ਹੌਲੀ ਉਹਨਾਂ ਦਾ ਰੁਝਾਨ ਇਸ ਡੇਢ ਕਿਲੇ ਜ਼ਮੀਨ ਤੇ ਰਵਾਇਤੀ ਖੇਤੀ ਦੀ ਬਿਜਾਏ, ਸਬਜ਼ੀਆਂ ਦੀ ਕਾਸ਼ਤ ਵੱਲ ਵਧਿਆ।
ਇੱਕ ਦਿਨ ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਵੱਲੋਂ ਉਨਾਂ ਦੇ ਪਿੰਡ ਵਿਖੇ ਕੈਂਪ ਲਗਾਇਆ ਗਿਆ ਜਿਸ ਵਿੱਚ ਉਸਦੇ ਪਤੀ ਤੇ ਸੁਖਵਿੰਦਰ ਦੋਨੋਂ ਹੀ ਸ਼ਾਮਿਲ ਹੋਏ। ਸੁਖਵਿੰਦਰ ਨੇ ਸਾਨੂੰ ਆਪਣੇ ਸਿਲਾਈ-ਕਢਾਈ ਅਤੇ ਸਬਜ਼ੀਆਂ ਦੀ ਕਾਸ਼ਤ ਕਰਨ ਸੰਬੰਧੀ ਦੱਸਦੇ ਹੋਏ ਆਪਣਾ ਕੰਮ ਦਿਖਾਉਣ ਦੀ ਇੱਛਾ ਜ਼ਾਹਿਰ ਕੀਤੀ। ਉਦੋਂ ਤੋਂ ਹੀ ਉਹਨਾਂ ਨੇ ਆਪਣੀ ਜ਼ਮੀਨ ਤੋਂ ਇਲਾਵਾ 5 ਏਕੜ ਜ਼ਮੀਨ ਠੇਕੇ ਤੇ ਲੈ ਕੇ ਸਬਜ਼ੀਆਂ ਦੀ ਕਾਸ਼ਤ ਦਾ ਕੰਮ ਵਧਾ ਲਿਆ। ਸਬਜ਼ੀਆਂ ਦੀ ਬਿਜਾਈ ਗੋਡੀ, ਤੋੜ-ਤੁੜਾਈ ਆਦਿ ਵਿੱਚ ਸੁਖਵਿੰਦਰ ਆਪਣੇ ਪਤੀ ਨਾਲ ਹੱਥ ਵਟਾਉਂਦੀ। ਸਬਜ਼ੀਆਂ ਤੋਂ ਇਲਾਵਾ ਉਨਾਂ ਨੇ ਫਲਦਾਰ ਬੂਟੇ ਜਿਵੇਂ ਅਮਰੂਦ, ਬੇਰੀਆਂ, ਨਿੰਬੂ, ਕਿੰਨੂ, ਆੜੂ, ਜਾਮਣ, ਅੰਬ ਅਤੇ ਕੇਲਿਆਂ ਦੇ ਬੂਟੇ ਵੀ ਲਗਾਏ ਹੋਏ ਹਨ। ਸੁਖਵਿੰਦਰ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਦੇ ਗ੍ਰਹਿ ਵਿਗਿਆਨ ਮਾਹਿਰ ਵੱਲੋਂ ਸਬਜ਼ੀਆਂ, ਫਲਾਂ ਅਤੇ ਦੁੱਧ ਦੀ ਪ੍ਰੋਸੈਸਿੰਗ ਕਰਕੇ ਵੇਚਣ ਦੀ ਸਲਾਹ ਬੜੀ ਕਾਰਗਰ ਸਾਬਤ ਹੋਈ। ਉਸਨੇ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਜੂਨ, 2016 ਵਿੱਚ ਇੱਕ ਹਫæਤੇ ਦੀ ਫਲਾਂ ਤੇ ਸਬਜ਼ੀਆਂ ਦੀ ਸੰਭਾਲ ਯਾਨਿ ਕਿ ਅਚਾਰ, ਚਟਣੀਆਂ, ਮੁਰੱਬੇ, ਸੁਕਾਇਸ਼ ਆਦਿ ਬਣਾਉਣ ਸਬੰਧੀ ਸਿਖਲਾਈ ਲੈ ਕੇ ਪਿੰਡ ਪੱਧਰ ਤੇ ਹੀ ਉਤਪਾਦ ਬਣਾ ਕੇ ਵੇਚਣਾ ਸ਼ੁਰੂ ਕੀਤਾ। ਇਸ ਤਰ੍ਹਾਂ ਉਨ੍ਹਾਂ ਨੂੰ ਆਪਣੀੇ ਉਗਾਈਆਂ ਸਬਜ਼ੀਆਂ ਟਮਾਟਰ, ਮਿਰਚ, ਕਰੇਲਾ, ਕੱਦੂ ਆਦਿ ਦੀ ਪ੍ਰੋਸੈਸਿੰਗ ਕਰਨ ਤੇ ਪਹਿਲਾਂ ਨਾਲੋ ਦੁੱਗਣਾਂ ਤਿਗੁਣਾ ਮੁਨਾਫਾ ਹੁੰਦਾ ਦੇਖ ਇਸ ਕੰਮ ਵੱਲ ਰੁਚੀ ਹੋਰ ਵੱਧ ਗਈ।

ਜਨਵਰੀ 2017 ਵਿੱਚ ਫਿਰ ਉਸਨੇ ਸਰਦੀਆਂ ਦੇ ਮੌਸਮੀ ਫਲ, ਸਬਜ਼ੀਆਂ ਅਤੇ ਦੁੱਧ ਦੀ ਪ੍ਰੋਸੈਸਿੰਗ ਸੰਬੰਧੀ ਆਰਿਆ (ਅ੍ਰੈਅ) ਪ੍ਰੋਜੈਕਟ ਅਧੀਨ ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਵਿਖੇ ਹਫ਼ਤੇ ਦੀ ਸਿਖਲਾਈ ਲਈ ਅਤੇ ਆਪਣੇ ਕੰਮ ਨੂੰ ਹੋਰ ਵਧਾਉਣ ਦੀ ਠਾਣ ਲਈ। ਉਦੋਂ ਤੋਂ ਹੀ ਉਸਨੇ ਆਪਣੇ ਖੇਤ ਵਿੱਚ ਪੈਦਾ ਕੀਤੀ ਸਰੋਂ ਤੋਂ ਸਾਗ ਤਿਆਰ ਕਰਕੇ, ਦੁੱਧ ਤੋਂ ਲੱਸੀ, ਮੱਖਣ, ਘਿਉ ਅਤੇ ਨਾਲ ਹੀ ਦੇਸੀ ਘਿਉ ਵਾਲੀਆਂ ਚੌਲਾਂ ਦੀਆਂ ਪਿੰਨੀਆਂ ਆਦਿ ਬਣਾ ਕੇ ਮਾਡਲ ਟਾਊਨ, ਬਠਿੰਡਾ ਵਿਖੇ ਦਾਦੀ-ਪੋਤੀ ਪਾਰਕ ਵਿੱਚ ਸਪਲਾਈ ਕਰਨਾ ਸ਼ੁਰੂ ਕਰ ਦਿੱਤਾ। ਉਸਦਾ ਪਤੀ ਸ਼੍ਰੀ ਗੁਰਦੀਪ ਸਿੰਘ ਹਫਤੇ ਵਿੱਚ 2 ਦਿਨ (ਐਤਵਾਰ ਅਤੇ ਬੁੱਧਵਾਰ) ਆਪ ਕਾਸ਼ਤ ਕੀਤੀਆਂ ਆਰਗੈਨਿਕ ਸਬਜ਼ੀਆਂ ਤੇ ਹੋਰ ਸੁਖਵਿੰਦਰ ਵੱਲੋਂ ਬਣਾਏ ਉਤਪਾਦ ਵੇਚਣ ਲਈ ਬਠਿੰਡਾ ਆਉਂਦਾ ਹੈ। ਸੁਖਵਿੰਦਰ ਦਾ ਕਹਿਣਾ ਹੈ ਕਿ ਸਰਦੀਆਂ ਵਿੱਚ 14-15 ਕਿਲੋ ਸਾਗ (100 ਰੁਪਏ/ਕਿਲੋ), ਮੱਖਣ (50 ਰੁਪਏ/100 ਗ੍ਰਾਮ), ਗਾਵਾਂ ਦੇ ਦੁੱਧ ਤੋਂ ਤਿਆਰ ਘਿਉ (700-800 ਰੁਪਏ/ਕਿਲੋ), ਲੱਸੀ ਦੀਆਂ 25-30 ਬੋਤਲਾਂ (25 ਰੁਪਏ/ਕਿਲੋ) ਦੇ ਹਿਸਾਬ ਨਾਲ ਜਦੋਂ ਕਿ ਗਰਮੀਆਂ ਵਿੱਚ ਚਾਟੀ ਵਾਲੀ ਲੱਸੀ ਦੀ ਮੰਗ ਦੁੱਗਣੀ ਤੋਂ ਵੀ ਵੱਧ ਜਾਂਦੀ ਹੈ ਇਸ ਤਰ੍ਹਾਂ ਬਠਿੰਡਾ ਵਿੱਚ ਉਸਦੇ ਪੱਕੇ ਗਾਹਕ ਬਣ ਗਏ ਹਨ ਜੋ ਫੋਨ ਤੇ ਆਰਡਰ ਕਰਕੇ, ਉਸਦੇ ਆਉਣ ਦੀ ਉਡੀਕ ਕਰਦੇ ਹਨ। ਉਨ੍ਹਾਂ ਕੋਲ 4 ਗਾਵਾਂ ਤੇ ਇੱਕ ਮੱਝ ਵੀ ਹੈ, ਗਾਵਾਂ ਦਾ ਦੁੱੱਧ 40 ਰੁਪਏ/ਕਿਲੋ ਦੇ ਹਿਸਾਬ ਨਾਲ ਵਿਕਦਾ ਹੈ ਪਰ ਹੁਣ ਉਹ ਦੁੱਧ ਦੀ ਬਿਜਾਏ ਦੁੱਧ ਤੋਂ ਉਤਪਾਦ (ਲੱਸੀ/ਮੱਖਣ/ਘਿਉ/ਗਜਰੇਲਾ/ਖੋਆ/ਆਦਿ) ਬਣਾ ਕੇ ਵੇਚਣ ਨੂੰ ਤਰਜੀਹ ਦਿੰਦੇ ਹਨ। ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਵੱਲੋਂ ਜਨਵਰੀ 2017 ਵਿੱਚ ਹੋਰ ਸਿਖਿਆਰਥਣਾਂ ਨੂੰ ਉਨਾਂ ਦਾ ਕੰਮ ਦਿਖਾਉਣ ਲਈ ਪਿੰਡ ਮਹਿਮਾ ਸਵਾਈ ਵਿਖੇ ਲਿਜਾਇਆ ਗਿਆ।
ਜਿੱਥੇ ਚਾਹ ਉਥੇ ਰਾਹ ਵਾਲੀ ਕਹਾਵਤ ਸਹੀ ਸਿੱਧ ਕਰ ਦਿਖਾਈ ਹੈ ਸੁਖਵਿੰਦਰ ਅਤੇ ਉਸਦੇ ਅਗਾਂਹ ਵਧੂ ਸੋਚ ਦੇ ਮਾਲਕ ਪਤੀ, ਜਿਸ ਨੂੰ ਸਕੂਲ ਪੜ੍ਹਨਾ ਕਦੀ ਨਸੀਬ ਨਹੀਂ ਹੋਇਆ ਸ਼੍ਰੀ ਗੁਰਦੀਪ ਸਿੰਘ ਅਤੇ ਸੁਖਵਿੰਦਰ ਨੇ ਇੱਕ ਦਿਨ ਵੀਟ ਗਰਾਸ (ਕਣਕ ਦੇ ਹਰੇ ਪੱਤੇ) ਦੇ ਜੂਸ ਦੀ ਮਹੱਤਤਾ ਸਬੰਧੀ ਵੀਡੀੳ ਦੇਖਣ ਤੋਂ ਬਾਅਦ ਸਪੈਸਲ ਥਾਂ ਤਿਆਰ ਕਰਵਾ ਕੇ ਉਨ੍ਹਾਂ ਦੇ ਦੱਸੇ ਅਨੁਸਾਰ ਕਣਕ ਬੀਜੀ ਅਤੇ ਵੀਟ ਗਰਾਸ ਦੀਆਂ ਛੋਟੀਆਂ ਛੋਟੀਆਂ ਗੁੱਛੀਆਂ ਬਣਾਕੇ 30 ਰੁਪਏ/ਗੁੱਛੀ ਦੇ ਹਿਸਾਬ ਨਾਲ ਗਾਹਕਾਂ ਦੀ ਸੇਵਾ ਵਿੱਚ ਵਿਕਰੀ ਕਰਕੇ ਚੰਗਾ ਮੁਨਾਫ਼ਾ ਖੱਟਿਆ।

ਸੁਖਵਿੰਦਰ ਕੌਰ ਨੇ ਹੋਰ ਸਿਖਿਆਰਥਣਾਂ ਨਾਲ ਆਪਣੀ ਖੁਸ਼ੀ ਸਾਂਝੀ ਕਰਦੇ ਹੋਏ ਦੱਸਿਆਂ ਉਹ ਆਪਣੀ ਸਫ਼ਲਤਾ ਦਾ ਸਿਹਰਾ ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਨੂੰ ਦਿੰਦੀ ਹੈ ਤੇ ਉਹ ਆਪਣੇ ਇਸ ਸਫ਼ਲਤਾ ਤੋਂ ਸੰਤੁਸਟ ਹੈ ਪਰ ਹੋਰ ਵਧਾਉਣ ਲਈ ਹਮੇਸ਼ਾ ਹੀ ਤਤਪਰ ਰਹਿੰਦੀ ਹੈ। ਉਸਨੇ ਦੱਸਿਆ ਕਿ ਸਾਰੇ ਖ਼ਰਚੇ ਕੱਢ ਕੇ ਅਤੇ ਚੰਗਾ (ਆਰਗੈਨਿਕ) ਖਾ ਕੇ, ਉਹ ਔਸਤਨ 20,000/- ਰੁਪਏ ਮਹੀਨਾ ਬਚਾ ਲੈਂਦੇ ਹਨ।
ਸੋ ਅੰਤ ਵਿੱਚ ਸੁਖਵਿੰਦਰ ਦੀ ਵਿਕਾਸ ਗਾਥਾ ਪੜ੍ਹ ਕੇ ਜੇਕਰ ਕਿਸੇ ਹੋਰ ਭੈਣ ਦੇ ਮਨ ਵਿੱਚ ਕੋਈ ਕਿੱਤਾ ਅਪਨਾਉਣ ਦੀ ਤਰੰਗ ਜਾਗੀ ਹੋਵੇ ਤਾਂ ਉਹ ਆਪਣੇ ਜਾਂ ਆਪਣੇ ਨਾਲ ਲੱਗਦੇ ਜ਼ਿਲੇ ਵਿੱਚ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰਕੇ
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਬੀਬੀਆਂ ਨੂੰ ਇਸ ਮੁਫ਼ਤ ਦਿੱਤੀ ਜਾਣ ਵਾਲੀ ਸਿਖਲਾਈ ਦੇ ਉਪਰਾਲੇ ਤੋਂ ਫਾਇਦਾ ਉਠਾ ਕੇ ਆਪਣੇ ਪਰਿਵਾਰ ਦੀ ਆਮਦਨ ਵਧਾਉਣ ਵਿੱਚ ਬਣਦਾ ਯੋਗਦਾਨ ਪਾ ਸਕਦੀਆਂ ਹਨ।
ਜਸਵਿੰਦਰ ਕੌਰ ਬਰਾੜ, ਪਲਵਿੰਦਰ ਸਿੰਘ ਅਤੇ ਅਜੀਤਪਾਲ ਸਿੰਘ ਧਾਲੀਵਾਲ
ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ