1. Home
  2. ਸਫਲਤਾ ਦੀਆ ਕਹਾਣੀਆਂ

‘ਕੋਹਿਨੂਰ ਸ਼ਹਿਦ’ ਤੋਂ ਬਣੀ ਕਾਮਯਾਬੀ ਦੀ ਮਿੱਠੀ ਪਛਾਣ, ਦੇਖੋ S. Gurpal Singh Sandhu ਦਾ Beekeeping ਤੋਂ Businessman ਬਣਨ ਦਾ ਸ਼ਾਨਦਾਰ ਸਫਰ

ਕਿਸੇ ਵੀ ਕੰਮ ਨੂੰ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਕਰਕੇ ਕਾਮਯਾਬ ਹੋਣਾ ਇਹੀ ਪੰਜਾਬੀਆਂ ਦੀ ਅਸਲ ਪਛਾਣ ਹੈ। ਅੰਮ੍ਰਿਤਸਰ ਦੇ ਰਹਿਣ ਵਾਲੇ ਗੁਰਪਾਲ ਸਿੰਘ ਸੰਧੂ ਵੀ ਅਜਿਹੀ ਸੋਚ ਦੇ ਮਾਲਿਕ ਹਨ, ਜਿਨ੍ਹਾਂ ਨੇ ਘੱਟ ਜ਼ਮੀਨ ਹੋਣ ਦੇ ਬਾਵਜੂਦ ਆਪਣੇ ਅਣਥੱਕ ਪ੍ਰਯਾਸਾਂ, ਦ੍ਰਿੜ ਇਰਾਦਿਆਂ ਅਤੇ ਹਿੰਮਤ ਸਦਕਾ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਗੁਰਪਾਲ ਸਿੰਘ ਸੰਧੂ ਦੀ ਮੰਨੀਏ ਤਾਂ ਵਧੀਆ ਕਾਮਯਾਬੀ ਲਈ ਇੱਕ ਕਿਸਾਨ ਨੂੰ ਬਿਜ਼ਨਸਮੈਨ ਵੱਜੋਂ ਕੰਮ ਕਰਨਾ ਬਹੁਤ ਜ਼ਰੂਰੀ ਹੈ।

Gurpreet Kaur Virk
Gurpreet Kaur Virk
ਸ. ਗੁਰਪਾਲ ਸਿੰਘ ਸੰਧੂ (S. Gurpal Singh Sandhu)

ਸ. ਗੁਰਪਾਲ ਸਿੰਘ ਸੰਧੂ (S. Gurpal Singh Sandhu)

Success Story: ਅੱਜ-ਕੱਲ੍ਹ ਲੋਕਾਂ ਦਾ ਝੁਕਾਅ ਖੇਤੀ ਅਤੇ ਖੇਤੀ ਨਾਲ ਜੁੜੇ ਸਹਾਇਕ ਧੰਦਿਆਂ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਇਹੀ ਕਾਰਨ ਹੈ ਕਿ ਹੁਣ ਸ਼ਹਿਰਾਂ ਵਿੱਚ ਵੱਸਦੇ ਲੋਕ ਵੀ ਆਪਣੀਆਂ ਸ਼ਾਨਦਾਰ ਅਤੇ ਰੌਬਦਾਰ ਨੌਕਰੀਆਂ ਛੱਡ ਕੇ ਪਿੰਡਾਂ ਵੱਲ ਨੂੰ ਪਰਤ ਰਹੇ ਹਨ। ਇਸ ਦਾ ਮੁੱਖ ਕਾਰਨ ਉਹ ਲੋਕ ਹਨ ਜੋ ਆਪਣੀ ਮਿਹਨਤ ਸਦਕਾ ਦੂਜਿਆਂ ਲਈ ਵਧੀਆ ਮਿਸਾਲ ਬਣ ਕੇ ਉੱਭਰ ਰਹੇ ਹਨ।

ਗੁਰਪਾਲ ਸਿੰਘ ਸੰਧੂ ਦਾ ਨਾਂ ਵੀ ਉਨ੍ਹਾਂ ਕਾਮਯਾਬ ਕਿਸਾਨਾਂ ਵਿਚੋਂ ਇੱਕ ਹੈ, ਜੋ ਮਧੂ ਮੱਖੀ ਪਾਲਣ ਦੇ ਧੰਦੇ ਵਿੱਚ ਆਪਣਾ ਵੱਖਰਾ ਨਾਂ ਬਣਾ ਚੁਕੇ ਹਨ ਅਤੇ ਨੌਜਵਾਨਾਂ ਲਈ ਪ੍ਰੇਰਿਤ ਸਰੋਤ ਬਣੇ ਹੋਏ ਹਨ।

ਸ. ਗੁਰਪਾਲ ਸਿੰਘ ਸੰਧੂ

45 ਸਾਲਾ ਅਗਾਂਹਵਧੂ ਮਧੂ ਮੱਖੀ ਪਾਲਕ ਸ. ਗੁਰਪਾਲ ਸਿੰਘ ਸੰਧੂ ਸਪੁੱਤਰ ਸ. ਕੇਵਲ ਸਿੰਘ ਸੰਧੂ, ਪਿੰਡ ਮੱਤੇਵਾਲ, ਬਲਾਕ ਤਰਸਿੱਕਾ, ਤਹਿਸੀਲ ਬਾਬਾ ਬਕਾਲਾ, ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਇੱਕ ਨੌਜਵਾਨ ਕਿਸਾਨ ਹਨ। ਕ੍ਰਿਸ਼ੀ ਜਾਗਰਣ ਨਾਲ ਖ਼ਾਸ ਗੱਲਬਾਤ ਦੌਰਾਨ ਗੁਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਆਪਣੇ ਪਿਤਾ ਪੁਰਖੀ ਧੰਦੇ ਨਾਲ ਕਾਫੀ ਪ੍ਰੇਮ ਸੀ ਅਤੇ ਉਹ ਇਸ ਕਿੱਤੇ ਪ੍ਰਤੀ ਪੂਰੀ ਤਰ੍ਹਾਂ ਨਾਲ ਸਮਰਪਿਤ ਸਨ। ਇਸੇ ਕਰਕੇ ਉਨ੍ਹਾਂ ਲਈ ਮਧੂ ਮੱਖੀ ਪਾਲਣ ਦੇ ਧੰਦੇ ਨਾਲ ਜੁੜਨਾ ਹੋਰ ਵੀ ਸੌਖਾ ਹੋ ਗਿਆ। ਹਾਲਾਂਕਿ, ਹੋਰਨਾਂ ਲੋਕਾਂ ਵਾਂਗ ਉਨ੍ਹਾਂ ਨੂੰ ਵੀ ਕਾਫੀ ਔਂਕੜਾਂ ਦਾ ਸਾਹਮਣਾ ਕਰਨਾ ਪਿਆ, ਪਰ ਜਿਵੇਂ-ਜਿਵੇਂ ਸਮਾਂ ਬੀਤ'ਦਾ ਚਲਾ ਗਿਆ ਉਨ੍ਹਾਂ ਨੂੰ ਸਮਝ ਆਉਂਦੀ ਗਈ ਕਿ ਕਿਵੇਂ ਇਨ੍ਹਾਂ ਮੁਸ਼ਕਲਾਂ ਨੂੰ ਆਪਣੀ ਤਾਕਤ ਬਣਾ ਕੇ ਮਧੂ ਮੱਖੀ ਪਾਲਣ ਨੂੰ ਸਫਲ ਬਣਾਉਣਾ ਹੈ। ਸ. ਗੁਰਪਾਲ ਸਿੰਘ ਸੰਧੂ ਦੀ ਇਹੀ ਸੋਝੀ ਉਨ੍ਹਾਂ ਲਈ ਸਫਲਤਾ ਦੇ ਰਾਹ ਖੋਲ੍ਹਦੀ ਗਈ ਅਤੇ ਉਹ ਨੌਜਵਾਨਾਂ ਲਈ ਮਿਸਾਲ ਬਣ ਗਏ।

ਪਿਤਾ ਸ. ਕੇਵਲ ਸਿੰਘ ਤੋਂ ਪ੍ਰੇਰਨਾ

ਹਰ ਜਵਾਕ ਦਾ ਰੋਲ ਮਾਡਲ ਉਸ ਦਾ ਪਿਤਾ ਹੁੰਦਾ ਹੈ, ਸ. ਗੁਰਪਾਲ ਸਿੰਘ ਸੰਧੂ ਲਈ ਵੀ ਉਨ੍ਹਾਂ ਦੇ ਪਿਤਾ ਸ. ਕੇਵਲ ਸਿੰਘ ਦਾ ਅਕਸ ਇੱਕ ਰੋਲ ਮਾਡਲ ਵੱਜੋਂ ਉਭਰਿਆ ਅਤੇ ਛੋਟੇ ਹੁੰਦਿਆਂ ਤੋਂ ਹੀ ਉਨ੍ਹਾਂ ਨੇ ਮੰਨ ਬਣਾ ਲਿਆ ਕਿ ਉਹ ਮਧੂ ਮੱਖੀ ਪਾਲਣ ਵਿੱਚ ਵਧੀਆ ਨਾਮ ਕਮਾਉਣਗੇ ਅਤੇ ਜਿਨ੍ਹਾਂ ਮੁਸ਼ਕਲਾਂ ਦਾ ਉਨ੍ਹਾਂ ਦੇ ਪਿਤਾ ਨੇ ਸਾਹਮਣਾ ਕੀਤਾ, ਉਸ ਨੂੰ ਆਪਣੀ ਤਾਕਤ ਬਣਾ ਕੇ ਵਧੀਆ ਮੁਕਾਮ ਹਾਸਿਲ ਕਰਨਗੇ। ਦੱਸ ਦੇਈਏ ਕਿ ਸਾਲ 1989 ਵਿੱਚ ਸ. ਗੁਰਪਾਲ ਸਿੰਘ ਸੰਧੂ ਦੇ ਪਿਤਾ ਸ. ਕੇਵਲ ਸਿੰਘ ਨੇ ਖਾਲਸਾ ਕਾਲਜ ਸਿਖਲਾਈ ਕੇਂਦਰ, ਅੰਮ੍ਰਿਤਸਰ ਤੋਂ ਮਧੂ ਮੱਖੀ ਪਾਲਣ ਦੀ ਸਿਖਲਾਈ ਲਈ ਅਤੇ ਇਸ ਤੋਂ ਬਾਅਦ ਖੇਤੀਬਾੜੀ ਲਈ ਆਪਣੀ 2 ਕਿੱਲੇ ਜ਼ਮੀਨ ਤੋਂ ਮਧੂ ਮੱਖੀ ਪਾਲਣ ਦਾ ਧੰਦਾ ਸ਼ੁਰੂ ਕੀਤਾ। ਸ਼ੁਰੂਆਤੀ ਦਿਨਾਂ ਦੌਰਾਨ ਉਨ੍ਹਾਂ ਨੇ 5 ਮੱਖੀਆਂ ਦੇ ਕਟੁੰਬ ਖਰੀਦ ਕੇ ਇਸ ਕਿੱਤੇ ਨੂੰ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਇਸ ਨੂੰ ਵਧਾਉਂਦੇ ਗਏ। ਹਾਲਾਂਕਿ, ਇਸ ਧੰਦੇ ਵਿੱਚ ਨਵੇਂ ਹੋਣ ਕਾਰਨ ਸ. ਕੇਵਲ ਸਿੰਘ ਜੀ ਨੂੰ ਕਈ ਮੁਸ਼ਕਲਾਂ ਵੀ ਝੱਲਣੀਆਂ ਪਈਆਂ, ਜਿਨ੍ਹਾਂ ਵਿੱਚ ਪਹਿਲੀ ਸਮੱਸਿਆ ਸੀ, ਮਧੂ ਮੱਖੀ ਕਿੱਤੇ ਲਈ ਲੋੜੀਂਦੇ ਸਾਮਾਨ ਦੀ ਉਪਲਬਧਤਾ ਜਿਵੇਂ ਕਿ ਬੁਨਿਆਦੀ ਸ਼ੀਟਾਂ, ਜਾਲੀ, ਦਸਤਾਨੇ, ਹਾਈਵ ਟੂਲ ਅਤੇ ਸ਼ਹਿਦ ਕੱਢਣ ਲਈ ਮਸ਼ੀਨ ਅਦਿ।

ਹੌਲੀ ਹੌਲੀ ਇਹ ਸਾਮਾਨ ਸ. ਕੇਵਲ ਸਿੰਘ ਜੀ ਨੇ ਇਕੱਠਾ ਕਰਨਾ ਸ਼ੁਰੂ ਕੀਤਾ ਅਤੇ ਕਿੱਤੇ ਨੂੰ ਅੱਗੇ ਤੋਰੀ ਗਏ। ਮਿਹਨਤ ਅਤੇ ਮਾਹਿਰਾਂ ਦੀ ਸਲਾਹ ਕਰਕੇ ਇਸ ਕਿਸਾਨ ਨੇ ਇਹਨਾਂ ਕਟੁੰਬਾਂ ਨੂੰ ਫਿਰ ਤੋਂ ਤਾਕਤਵਰ ਬਣਾ ਲਿਆ। ਜਦੋਂ ਪੂਰਾ ਇੱਕ ਸਾਲ ਬੀਤ ਗਿਆ ਤਾਂ ਇਸ ਕਿਸਾਨ ਨੂੰ ਹੌਸਲਾ ਹੋ ਗਿਆ ਕਿ ਹੁਣ ਮੈਂ ਇਸ ਕਿੱਤੇ ਨੂੰ ਅਗਾਂਹ ਵਧਾ ਸਕਦਾ ਹਾਂ। ਆਪਣੇ ਪਿਤਾ ਦੀ ਮਦਦ ਲਈ ਸ. ਗੁਰਪਾਲ ਸਿੰਘ ਸੰਧੂ ਵੀ ਸਾਲ 1999 ਵਿੱਚ ਉਨ੍ਹਾਂ ਨਾਲ ਜੁੜ ਗਏ ਅਤੇ ਮਧੂ ਮੱਖੀ ਪਾਲਣ ਦੀਆਂ ਬਾਰੀਕੀਆਂ ਨੂੰ ਸਮਝਣਾ ਸ਼ੁਰੂ ਕੀਤਾ।

ਕਟੰਬਾਂ ਨੂੰ ਵਧਾਉਣ ਦੇ ਨਾਲ-ਨਾਲ ਇਸ ਬਾਪ-ਬੇਟੇ ਦੀ ਜੋੜੀ ਨੇ ਸ਼ਹਿਦ ਦੀ ਵਿਕਰੀ ਬਾਰੇ ਵੀ ਪੂਰਾ ਪਲਾਨ ਤਿਆਰ ਕੀਤਾ ਅਤੇ ਦੇਖਦਿਆਂ ਹੀ ਦੇਖਦਿਆਂ ਇਹ ਜੋੜੀ ਇਸ ਕਿੱਤੇ ਨੂੰ ਵਧਾਉਣ ਵਿੱਚ ਕਾਮਯਾਬ ਹੋ ਗਈ। ਕੰਮ ਦੀ ਸਮਝ ਦੇ ਨਾਲ-ਨਾਲ ਤਜ਼ਰਬਾ ਵਧਿਆ ਅਤੇ ਹੁਣ ਸਮਾਂ ਉਹ ਆ ਗਿਆ ਕਿ ਸ. ਗੁਰਪਾਲ ਸਿੰਘ ਸੰਧੂ ਨੇ ਬਿਹਾਰ ਅਤੇ ਉੱਤਰ ਪ੍ਰਦੇਸ਼ ਵਰਗੇ ਰਾਜਾਂ ਵਿੱਚ ਕੰਮ ਕਰ ਰਹੇ ਮਧੂ ਮੱਖੀ ਪਾਲਕਾਂ ਨੂੰ ਮੱਖੀਆਂ ਦੇ ਛੱਤੇ ਵੇਚਣੇ ਸ਼ੁਰੂ ਕਰ ਦਿੱਤੇ।

ਇਹ ਵੀ ਪੜੋ: Bathinda ਦੇ Potato Seed Grower ਬਣੇ ਕਿਸਾਨਾਂ ਲਈ ਮਿਸਾਲ, ਦੇਖੋ 10ਵੀਂ ਪਾਸ ਇਸ ਕਿਸਾਨ ਨੇ ਕਿਵੇਂ Aeroponic Farming ਵਿੱਚ ਖੱਟਿਆ ਨਾਮਣਾ

ਸਿਖਲਾਈ

ਹਾਲਾਂਕਿ, ਪਹਿਲੀ ਸਿਖਲਾਈ ਤਾਂ ਸ. ਗੁਰਪਾਲ ਸਿੰਘ ਸੰਧੂ ਨੇ ਆਪਣੇ ਪਿਤਾ ਸ. ਕੇਵਲ ਸਿੰਘ ਤੋਂ ਹੀ ਲਈ, ਪਰ ਇਸ ਕਿੱਤੇ ਦੀ ਅਸਲ ਸਿਖਲਾਈ ਉਨ੍ਹਾਂ ਵੱਲੋਂ ਸਾਲ 2001 ਵਿੱਚ ਖੇਤੀਬਾੜੀ ਵਿਭਾਗ (ਅੰਮ੍ਰਿਤਸਰ), ਪੰਜਾਬ ਤੋਂ ਲਈ ਗਈ। ਇਸ ਤੋਂ ਬਾਅਦ ਇਨ੍ਹਾਂ ਵੱਲੋਂ ਵੱਖ-ਵੱਖ ਸਮੇਂ ਤੇ ਫਾਰਮ ਸਲਾਹਕਾਰ ਸੇਵਾ ਕੇਂਦਰ, ਅੰਮ੍ਰਿਤਸਰ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ, ਅੰਮ੍ਰਿਤਸਰ ਤੋਂ ਤਕਨੀਕੀ ਸਿਖਲਾਈ ਪ੍ਰਾਪਤ ਕੀਤੀ। ਇਨ੍ਹਾਂ ਨੇ ਸਿਖਲਾਈ ਕੋਰਸ ਦੌਰਾਨ ਇਸ ਖੇਤਰ ਦੇ ਅਗਾਂਹਵਧੂ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਜੋ ਕਿ ਇੱਕ ਉੱਦਮੀ ਦੇ ਤੌਰ 'ਤੇ ਕੰਮ ਕਰ ਰਹੇ ਹਨ। ਸ. ਗੁਰਪਾਲ ਸਿੰਘ ਨੇ ਇਸ ਕਿੱਤੇ ਨੂੰ ਉਚਾਈਆਂ ਤੇ ਲਿਜਾਣ ਲਈ ਫਾਰਮ ਸਲਾਹਕਾਰ ਸੇਵਾ ਕੇਂਦਰ, ਅੰਮ੍ਰਿਤਸਰ ਦੇ ਵਿਗਿਆਨੀਆਂ ਨਾਲ ਸਲਾਹ ਵੀ ਕੀਤੀ, ਜਿਨ੍ਹਾਂ ਨੇ ਗੁਰਪਾਲ ਸਿੰਘ ਸੰਧੂ ਨੂੰ ਕਟੁੰਬਾਂ ਦੀ ਗਿਣਤੀ ਵਧਾਉਣ ਲਈ ਰਾਣੀ ਮੱਖੀ ਪਾਲਣ ਦੀ ਸਿਖਿਆ ਲੈਣ ਲਈ ਕਿਹਾ।

ਟਰਨਿੰਗ ਪੁਆਇੰਟ

ਵਿਗਿਆਨੀਆਂ ਦੀ ਸਲਾਹ ਮੁਤਾਬਕ ਸ. ਗੁਰਪਾਲ ਸਿੰਘ ਸੰਧੂ ਨੇ ਸਾਲ 2019 ਵਿੱਚ ਪੀ.ਏ.ਯੂ. ਲੁਧਿਆਣਾ ਤੋਂ ਪੰਜ ਰੋਜ਼ਾ ਸਿਖਲਾਈ ਕੋਰਸ 'ਵਪਾਰਕ ਰਾਣੀ ਮੱਖੀਆਂ ਤਿਆਰ ਕਰਨਾ ਅਤੇ ਸ਼ਹਿਦ ਤੋਂ ਇਲਾਵਾ ਮਧੂ ਮੱਖੀ ਉਤਪਾਦ' ਕੀਤਾ। ਸਿਖਲਾਈ ਲੈਣ ਤੋਂ ਬਾਅਦ ਗੁਰਪਾਲ ਸਿੰਘ ਨੇ ਆਪਣੇ ਆਪ ਹੀ ਕਟੁੰਬਾਂ ਦੀ ਗਿਣਤੀ ਨੂੰ ਵਧਾਉਣਾ ਸ਼ੁਰੂ ਕੀਤਾ ਅਤੇ ਕਟੁੰਬਾਂ ਦੀ ਗਿਣਤੀ ਨੂੰ ਵਧਾ ਕੇ 300 ਕਟੁੰਬਾਂ ਤੋਂ ਉੱਪਰ ਲੈ ਗਏ। ਗੁਰਪਾਲ ਸਿੰਘ ਸੰਧੂ ਦਾ ਇਹ ਫੈਸਲਾ ਉਨ੍ਹਾਂ ਦੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਬਣ ਗਿਆ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀ ਵੇਖਿਆ। ਦੱਸ ਦੇਈਏ ਕਿਸ਼ਹਿਦ ਦੇ ਖੇਤਰ ਵਿੱਚ ਮੱਲ੍ਹਾਂ ਮਾਰਨ ਤੋਂ ਬਾਅਦ ਸ. ਗੁਰਪਾਲ ਸਿੰਘ ਦੀ ਸਫਲਤਾ ਸਦਕਾ ਉਨ੍ਹਾਂ ਨੂੰ ਪੀ.ਏ.ਯੂ ਪ੍ਰੋਗਰੈਸਿਵ ਬੀ ਕੀਪਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਦੇ ਤੌਰ 'ਤੇ 2021 ਤੋਂ 2023 ਤੱਕ ਸੇਵਾ ਨਿਭਾਉਣ ਦਾ ਮੌਕਾ ਮਿਲਿਆ।

ਮਾਰਕੀਟਿੰਗ ਦਾ ਸਫਰ

ਹਾਲਾਂਕਿ, ਗੁਰਪਾਲ ਸਿੰਘ ਸੰਧੂ ਨੇ ਮਧੂ ਮੱਖੀਆਂ ਦੀ ਸਾਂਭ ਸੰਭਾਲ, ਕਟੁੰਬਾਂ ਦੀ ਗਿਣਤੀ ਵਧਾਉਣ, ਵਪਾਰਕ ਪੱਧਰ 'ਤੇ ਰਾਣੀ ਮੱਖੀਆਂ ਪੈਦਾ ਕਰਨ ਦੀ ਤਕਨੀਕ ਬਾਰੇ ਤਾਂ ਮੁਹਾਰਤ ਹਾਸਿਲ ਕਰ ਲਈ, ਪਰ ਹੁਣ ਗੱਲ ਆਈ ਸ਼ਹਿਦ ਦੀ ਮਾਰਕੀਟਿੰਗ ਦੀ, ਜਿਸ ਨੂੰ ਗੁਰਪਾਲ ਸਿੰਘ ਸੰਧੂ ਨੂੰ ਮੁਸ਼ਕਲਾਂ ਵਿੱਚ ਪਾ ਦਿੱਤਾ। ਇੱਥੇ ਵੀ ਗੁਰਪਾਲ ਸਿੰਘ ਨੇ ਹਾਰ ਨਹੀਂ ਮੰਨੀ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰ, ਅੰਮ੍ਰਿਤਸਰ ਦੇ ਵਿਗਿਆਨੀਆਂ ਦੀ ਮਦਦ ਨਾਲ ਉਨ੍ਹਾਂ ਨੇ ਸ਼ਹਿਦ ਦੀ ਡੱਬਾਬੰਦੀ ਕਰਨ ਦੀ ਸਲਾਹ ਨੂੰ ਸਿਰੇ ਚਾੜ੍ਹਿਆ ਅਤੇ ਸ਼ਹਿਦ ਦੀ ਸੇਲ ਇੱਕ ਬ੍ਰਾਂਡ ਵੱਜੋਂ ਕੀਤੀ।

ਇਹ ਵੀ ਪੜੋ: Farmer Paramveer Singh ਦੀ ਜਹਾਜ ਤੋਂ ਜ਼ਮੀਨ ਤੱਕ ਦੀ ਸ਼ਾਨਦਾਰ ਕਹਾਣੀ, ਦੇਖੋ ਕਿਵੇਂ Navy Captain ਤੋਂ Natural Farming ਕਰਕੇ ਖੱਟਿਆ ਨਾਮਣਾ

ਕੋਹਿਨੂਰ ਸ਼ਹਿਦ

ਮਾਹਿਰਾਂ ਦੀ ਸਲਾਹ ਮੁਤਾਬਕ ਗੁਰਪਾਲ ਸਿੰਘ ਸੰਧੂ ਨੇ ਪਹਿਲਾਂ ਸ਼ਹਿਦ ਦੀ ਡੱਬਾਬੰਦੀ ਕੀਤੀ ਅਤੇ ਫਿਰ ਐੱਫ.ਐੱਸ.ਐੱਸ.ਏ.ਆਈ ਦੁਆਰਾ ਆਪਣੇ ਬ੍ਰਾਂਡ ਦਾ ਨਾਮ “ਕੋਹਿਨੂਰ ਸ਼ਹਿਦ' ਦੇ ਰੂਪ ਵਿੱਚ ਦਰਜ ਕਰਵਾਇਆ। ਸਰਦਾਰ ਗੁਰਪਾਲ ਸਿੰਘ ਨੇ ਕਿਸਾਨ ਮੇਲਿਆਂ, ਲੋਕਲ ਥਾਵਾਂ, ਕਾਲਜਾਂ, ਪਾਰਕਾਂ, ਮੈਡੀਕਲ ਸਟੋਰਾਂ ਅਤੇ ਹਸਪਤਾਲਾਂ ਵਿੱਚ ਆਪਣਾ ਮਾਰਕੀਟਿੰਗ ਸਰਕਲ ਬਣਾ ਕੇ ਆਪਣੇ ਉਤਪਾਦਾਂ ਨੂੰ ਵੇਚਣ ਦਾ ਇੱਕ ਵਿਲੱਖਣ ਢੰਗ ਵਿਕਸਿਤ ਕੀਤਾ, ਜਿੱਥੇ ਉਹ ਆਪਣੇ ਉਤਪਾਦਾਂ ਦੀ ਬਹੁਤ ਵਧੀਆ ਸੇਲ ਕਰਦੇ ਹਨ।

ਵਧੀਆ ਕਮਾਈ

ਸ. ਗੁਰਪਾਲ ਸਿੰਘ ਸੰਧੂ ਵੱਲੋਂ ਤਿਆਰ ਕੀਤੇ ਬੇਰ ਸ਼ਹਿਦ, ਮਲਟੀ ਸ਼ਹਿਦ, ਲੀਚੀ ਸ਼ਹਿਦ ਦੀ ਮਾਰਕੀਟ ਵਿੱਚ ਬਹੁਤ ਮੰਗ ਹੈ, ਜਿਸ ਤੋਂ ਉਨ੍ਹਾਂ ਨੂੰ ਸਰ੍ਹੋਂ ਦੇ ਸ਼ਹਿਦ ਤੋਂ ਦੁੱਗਣੀ ਆਮਦਨ ਹੋ ਰਹੀ ਹੈ। ਐੱਫ.ਏ.ਐੱਸ.ਸੀ. ਅੰਮ੍ਰਿਤਸਰ ਦੇ ਵਿਗਿਆਨੀਆਂ ਵੱਲੋਂ ਉਨ੍ਹਾਂ ਨੂੰ ਸ਼ਹਿਦ ਦੇ ਨਾਲ-ਨਾਲ ਮਧੂ ਮੱਖੀ ਉਤਪਾਦਾਂ ਵਿੱਚ ਵਿਭਿੰਨਤਾ ਲਿਆਉਣ ਦੀ ਸਲਾਹ ਦਿੱਤੀ ਗਈ। ਇਸ ਤਰ੍ਹਾਂ ਉਨ੍ਹਾਂ ਨੇ ਮੋਮ ਅਤੇ ਪੋਲਨ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ। ਸ਼ਹਿਦ 'ਕੈਂਡੀ' ਅਤੇ 'ਸ਼ਹਿਦ ਸਾਬਣ' ਬਣਾ ਕੇ, ਮੋਮ ਤੋਂ 'ਮੋਮ ਬੱਤੀਆਂ ਬਣਾ ਕੇ ਅਤੇ ਪੋਲਨ ਨੂੰ ਵੇਚ ਕੇ ਆਮਦਨ ਵਿੱਚ ਵਾਧਾ ਕੀਤਾ। ਕਿੱਤੇ ਦੀ ਆਮਦਨ ਤੋਂ ਪ੍ਰੇਰਿਤ ਹੋ ਗੁਰਪਾਲ ਸਿੰਘ ਨੇ ਆਪਣੇ ਪੁੱਤਰ ਹਰਨੂਰਦੀਪ ਸਿੰਘ ਨੂੰ ਵੀ ਇਸ ਕਿੱਤੇ ਵੱਲ ਲਿਆਂਦਾ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰ, ਅੰਮ੍ਰਿਤਸਰ ਤੋਂ ਮਧੂ ਮੱਖੀ ਪਾਲਣ ਦਾ ਸਿਖਲਾਈ ਕੋਰਸ ਸਾਲ 2023 ਵਿੱਚ ਕਰਵਾਇਆ।

ਵਾਤਾਵਰਨ ਪ੍ਰੇਮੀ

ਸ. ਗੁਰਪਾਲ ਸਿੰਘ ਸੰਧੂ ਪਾਣੀ ਅਤੇ ਵਾਤਾਵਰਣ ਦੀ ਸੰਭਾਲ ਪ੍ਰਤੀ ਵੀ ਕਾਫੀ ਸੁਚੇਤ ਅਤੇ ਚਿੰਤਤ ਹਨ ਅਤੇ ਇਨ੍ਹਾਂ ਦੀ ਸੰਭਾਲ ਲਈ ਯੋਗ ਉਪਰਾਲੇ ਵੀ ਕਰ ਰਹੇ ਹਨ। ਗੁਰਪਾਲ ਸਿੰਘ ਨੇ ਆਪਣੇ ਖੇਤਾਂ ਵਿੱਚ ਸਫੇਦੇ ਦੇ ਰੁੱਖ ਲਾਏ ਹੋਏ ਹਨ ਅਤੇ ਪਾਣੀ ਦੀ ਵੀ ਇਹ ਸੰਯਮ ਨਾਲ ਵਰਤੋਂ ਕਰਦੇ ਹਨ।

ਸੰਦੇਸ਼

ਸ. ਗੁਰਪਾਲ ਸਿੰਘ ਸੰਧੂ ਦਾ ਪੂਰਾ ਪਰਿਵਾਰ ਮਧੂ ਮੱਖੀ ਪਾਲਣ ਨਾਲ ਜੁੜਿਆ ਹੋਇਆ ਹੈ ਅਤੇ ਇਨ੍ਹਾਂ ਵੱਲੋਂ ਲੋਕਾਂ ਨੂੰ ਰੋਜ਼ਗਾਰ ਦੇਣ ਦਾ ਵੀ ਕੰਮ ਕੀਤਾ ਜਾ ਰਿਹਾ ਹੈ। ਗੁਰਪਾਲ ਸਿੰਘ ਸੰਧੂ ਦੀ ਮੰਨੀਏ ਤਾਂ ਵਧੀਆ ਕਾਮਯਾਬੀ ਲਈ ਇੱਕ ਕਿਸਾਨ ਨੂੰ ਵਪਾਰੀ ਵਜੋਂ ਕੰਮ ਕਰਨਾ ਬਹੁਤ ਜ਼ਰੂਰੀ ਹੈ। ਉਹ ਕਹਿੰਦੇ ਹਨ ਕਿ ਭਾਵੇਂ ਖੇਤੀਬਾੜੀ ਹੋਵੇ ਜਾਂ ਫਿਰ ਸਹਾਇਕ ਧੰਦਾ, ਜਦੋਂ ਤੱਕ ਅੱਸੀ ਖੁਦ ਆਪਣਾ ਮਾਲ ਵੇਚਣ ਦੀ ਪਹਿਲ ਨਹੀਂ ਕਰਦੇ, ਤੱਦ ਤੱਕ ਕਿਸਾਨ ਸਿਰਫ਼ ਸਖ਼ਤ ਮਿਹਨਤ ਹੀ ਕਰਦਾ ਰਹੇਗਾ, ਉਸਨੂੰ ਕਦੇ ਵੀ ਆਪਣੀ ਮਿਹਨਤ ਦਾ ਸਹੀ ਮੁੱਲ ਨਹੀਂ ਮਿਲੇਗਾ।

ਇਸ ਦੇ ਨਾਲ ਹੀ ਗੁਰਪਾਲ ਸਿੰਘ ਸੰਧੂ ਨੇ ਸ਼ਹਿਦ ਦੇ ਕਿੱਤੇ ਨਾਲ ਜੁੜੇ ਵੀ ਕਈ ਸੰਦੇਸ਼ ਸਾਂਝੇ ਕੀਤੇ ਹਨ, ਜਿਸ ਵਿੱਚ ਸਭ ਤੋਂ ਪਹਿਲਾਂ ਉਹ ਦੱਸਦੇ ਹਨ ਕਿ ਅਕਸਰ ਲੋਕ ਜੰਮੇ ਸ਼ਹਿਦ ਨੂੰ ਸਹੀ ਨਹੀਂ ਮੰਨਦੇ, ਜਦੋਂਕਿ ਇੱਕ ਖੋਜ ਮੁਤਾਬਕ ਬਦਲਦੀਆਂ ਰੁੱਤਾਂ ਕਾਰਨ ਸ਼ਹਿਦ ਵਿੱਚ ਕਈ ਬਦਲਾਅ ਦੇਖੇ ਜਾਂਦੇ ਹਨ, ਜਿਸ ਵਿੱਚ ਸ਼ਹਿਦ ਜੰਮਣਾ ਵੀ ਸ਼ਾਮਿਲ ਹੈ। ਪਰ ਸ਼ਹਿਦ ਦਾ ਜੰਮਣਾ ਮਤਲਬ ਉਸ ਵਿੱਚ ਮਿਲਾਵਟ ਨਹੀਂ ਸਗੋਂ ਮੌਸਮੀ ਬਦਲਾਅ ਹੈ। ਫਿਲਹਾਲ, ਕ੍ਰਿਸ਼ੀ ਜਾਗਰਣ ਇਸ ਕਿਸਾਨ ਦੀ ਸੋਚ ਨੂੰ ਸਲਾਮ ਕਰਦਾ ਹੈ ਅਤੇ ਉਨ੍ਹਾਂ ਦੀ ਕਾਮਯਾਬੀ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹੈ।

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ [email protected] 'ਤੇ ਈਮੇਲ ਕਰੋ।

Summary in English: Amritsar Progressive Beekeeper S. Gurpal Singh Sandhu, Successful Beekeeper, Kohinoor Honey Brand

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters