Success Story: ਸ. ਗੁਰਵਿੰਦਰ ਸਿੰਘ ਸੰਧੂ ਸਪੁੱਤਰ ਸ. ਸਾਧੂ ਸਿੰਘ ਪਿੰਡ ਜਿੰਦਾਵਾਲ ਤਹਿਸੀਲ ਪੱਟੀ ਜ਼ਿਲ੍ਹਾ ਤਰਨ ਤਾਰਨ ਦਾ ਰਹਿਣ ਵਾਲਾ ਹੈ। ਇਹਨਾਂ ਨੇ ਆਪਣੀ ਮੁੱਢਲੀ ਸਿੱਖਿਆ ਤਹਿਸੀਲ ਪੱਟੀ ਦੇ ਸਰਕਾਰੀ ਸਕੂਲ ਤੋਂ ਹਾਸਿਲ ਕੀਤੀ ਅਤੇ ਗਰੈਜੂਏਸ਼ਨ (ਬੀ. ਪੀ. ਐੱਡ) ਦੀ ਡਿਗਰੀ ਨਾਗਪੁਰ (ਮਹਾਰਾਸ਼ਟਰ) ਦੇ ਕਾਲਜ ਤੋਂ ਪਾਸ ਕੀਤੀ ਹੈ। ਇਹਨਾਂ ਨੇ ਉੱਚੇਰੀ ਸਿੱਖਿਆ ਲੈਣ ਤੋਂ ਬਾਅਦ ਵਿਦੇਸ਼ ਜਾਣ ਨੂੰ ਤਰਜੀਹ ਨਹੀਂ ਦਿੱਤੀ।
ਜਿਵੇਂ ਕਿਂ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦਾ ਟੀਚਾ ਹੈ ਕਿ ਬਾਗਬਾਨੀ ਹੇਠ ਰਕਬਾ ਵਧਣਾ ਚਾਹੀਦਾ ਹੈ ਓਸੇ ਹੀ ਉਦੇਸ਼ ਨੂੰ ਪੂਰਾ ਕਰਦੇ ਹੋਏ ਇਹ ਕਿਸਾਨ ਆਪਣੇ 17 ਏਕੜ ਖੇਤ ਵਿੱਚ ਕਈ ਫਲਾਂ ਜਿਵੇਂ ਕਿ ਨਾਖਾਂ (ਪੱਥਰਨਾਖ, ਬੱਗੂਗੋਸ਼ਾ) ਆੜੂ, ਅਮਰੂਦ, ਸਬਜ਼ੀਆਂ ਵਿੱਚ ਮਟਰ, ਆਲੂ, ਗਾਜਰ, ਫੁਲ ਗੋਭੀ, ਲਸਣ ਅਤੇ ਫੁੱਲਾਂ ਦੀ ਖੇਤੀ ਵਿੱਚ ਗੇਂਦੇ ਦੀ ਕਾਸ਼ਤ ਕਰ ਰਹੇ ਹਨ।
ਇਹ ਕਿਸਾਨ ਲਗਾਤਾਰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਬੂਹ, ਤਰਨ ਤਾਰਨ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸੰਪਰਕ ਵਿੱਚ ਰਹਿੰਦੇ ਹਨ ਅਤੇ ਇਹਨਾਂ ਸੈਂਟਰਾਂ ਦੁਆਰਾ ਲਗਾਈ ਗਈ ਹਰ ਟਰੇਨਿੰਗ ਵਿੱਚ ਹਿੱਸਾ ਲੈਂਦੇ ਹਨ। ਸ. ਗੁਰਵਿੰਦਰ ਸਿੰਘ ਟਰੇਨਿੰਗ ਲੈਣ ਤੋਂ ਬਾਅਦ ਹੋਰ ਨੌਜਵਾਨ ਕਿਸਾਨਾਂ ਨੂੰ ਵੀ ਨਵੀਆਂ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੰਦੇ ਹਨ ਅਤੇ ਨੌਜਵਾਨਾਂ ਵਿੱਚ ਬਾਗਬਾਨੀ ਦੀ ਖੇਤੀ ਨੂੰ ਉਤਸਾਹਿਤ ਕਰ ਰਹੇ ਹਨ। ਜ਼ਿਲ੍ਹੇ ਦੇ ਕਈ ਹੋਰ ਕਿਸਾਨਾਂ ਨੇ ਵੀ ਇਨ੍ਹਾਂ ਦੀ ਗੱਲ ਮੰਨ ਕੇ ਫੁੱਲ, ਫਲਾਂ ਅਤੇ ਸਬਜ਼ੀਆਂ ਦੀ ਖੇਤੀ ਵੀ ਸ਼ੁਰੂ ਕੀਤੀ ਹੈ ਅਤੇ ਇਨ੍ਹਾਂ ਦੇ ਉਤਸ਼ਾਹਿਤ ਕਰਨ ਨਾਲ ਤਰਨ ਤਾਰਨ ਜ਼ਿਲ੍ਹੇ ਵਿੱਚ ਹੋਰ ਕਿਸਾਨਾਂ ਨੇ ਲਗਭਗ 100-150 ਏਕੜ ਦੇ ਕਰੀਬ ਨਾਖਾਂ ਦਾ ਬਾਗ ਲਗਾਇਆ ਹੈ। ਇਸ ਕਰਕੇ ਇਹ ਅਪਣੇ ਆਪ ਨੂੰ ਭਾਗਸ਼ਾਲੀ ਵੀ ਮੰਨਦੇ ਹਨ।
ਜਦੋਂ ਵੀ ਕੋਈ ਸੀਨੀਅਰ ਅਫਸਰ ਸਾਹਿਬਾਨ ਜਾਂ ਰਾਜਨੇਤਾ ਲੋਕ ਜਿਲ੍ਹੇ ਵਿੱਚ ਆਉਂਦੇ ਹਨ ਤਾਂ ਇਹ ਉਨ੍ਹਾਂ ਨਾਲ ਜ਼ਿਲ੍ਹੇ ਬਾਰੇ ਬਾਗਬਾਨੀ ਦੇ ਖੇਤਰ ਨੂੰ ਪ੍ਰਫੁੱਲਿਤ ਕਰਨ ਲਈ ਕੋਈ ਨਾ ਕੋਈ ਮੰਗ ਅਤੇ ਸੁਝਾਵ ਵੀ ਦਿੰਦੇ ਰਹਿੰਦੇ ਹਨ, ਜਿਵੇਂ ਕਿ ਬਾਗਾਂ ਲਈ ਨਹਿਰੀ ਪਾਣੀ ਮੁੱਹਇਆ ਕਰਵਾਉਣ ਅਤੇ ਜ਼ਿਲ੍ਹੇ ਵਿੱਚ ਫ਼ਲ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਪਲਾਂਟ ਦਾ ਹੋਣਾ।
ਕਿਸਾਨ ਨੇ ਦਰਪੇਸ਼ ਆਈਆਂ ਮੁਸ਼ਕਿਲਾਂ ਅਤੇ ਉਨ੍ਹਾਂ ਦਾ ਨਿਪਟਾਰਾ ਕਿਵੇਂ ਕੀਤਾ?
ਕਿਸਾਨ ਦਾ ਕਹਿਣਾ ਹੈ ਕਿ ਮੈਂ ਆਪਣਾ ਬਾਗ ਠੇਕੇ 'ਤੇ ਦੇ ਕੇ ਨਾਖਾਂ ਦਾ ਫਲ ਵਪਾਰੀ ਨੂੰ ਵੇਚ ਦਿੰਦਾ ਸੀ ਜਿਸ ਕਰਕੇ ਮੈਨੂੰ ਆਮਦਨੀ ਵੀ ਘੱਟ ਹੁੰਦੀ ਸੀ ਅਤੇ ਮੇਰੇ ਬਾਗ ਦਾ ਨੁਕਸਾਨ ਵੀ ਕਾਫੀ ਹੋ ਜਾਂਦਾ ਸੀ। ਕਿਉਂਕਿ ਬਾਗ ਦੀ ਦੇਖ-ਰੇਖ ਅਤੇ ਸਾਂਭ ਸੰਭਾਲ ਵਿੱਚ ਕੋਈ ਨਾ ਕੋਈ ਊਣਤਾਈ ਰਹਿ ਜਾਂਦੀ ਸੀ। ਇਸ ਲਈ ਇਨ੍ਹਾਂ ਨੇ ਨਾਖਾਂ ਦਾ ਖੁਦ ਮੰਡੀਕਰਨ ਕਰਨਾ ਸ਼ੁਰੂ ਕਰ ਦਿੱਤਾ ਪਰੰਤੂ ਆਪਣਾ ਕੋਈ ਮਾਰਕਾ ਜਾਂ ਨਾਮ ਰਜਿਸਟਰਡ ਨਾ ਹੋਣ ਕਰਕੇ ਵੇਚਣ ਵਿੱਚ ਕਾਫੀ ਦਿੱਕਤ ਆਈ। ਫਿਰ ਇਹ ਕੇ.ਵੀ.ਕੇ., ਬੂਹ ਅਤੇ ਪੀ.ਏ.ਯੂ. ਲੁਧਿਆਣਾ ਦੇ ਸੰਪਰਕ ਵਿੱਚ ਆਏ ਅਤੇ ਵਿਗਿਆਨਿਕਾਂ ਦੀ ਸਲਾਹ ਅਨੁਸਾਰ ਇਕ ਕੰਪਨੀ ਰਜਿਸਟਰਡ ਕਰਵਾਈ ਜਿਸ ਤੋਂ ਬਾਅਦ ਉਹਨਾਂ ਦੱਸਿਆ ਕਿ ਹੁਣ ਮੈਨੂੰ ਨਾਖਾਂ ਦੇ ਮੰਡੀਕਰਨ ਵਿੱਚ ਕੋਈ ਦਿੱਕਤ ਨਹੀਂ ਆ ਰਹੀ ਅਤੇ ਮੇਰਾ ਮਾਰਕੀਟ ਦੇ ਵਿੱਚ ਇਕ ਚੰਗਾ ਨਾਮ ਵੀ ਬਣ ਗਿਆ ਹੈ।
ਦੂਜੀ ਦਿੱਕਤ ਇਹ ਆਈ ਕਿ ਮੈਂ ਸ਼ੁਰੂ ਵਿੱਚ ਬਾਗਬਾਨੀ ਮਾਹਿਰਾਂ ਦੀ ਗੱਲ ਨੂੰ ਅਣਸੁਣੀ ਕਰ ਦਿੰਦਾ ਸੀ ਅਤੇ ਬਾਗ ਦਾ ਕਾਫੀ ਨੁਕਸਾਨ ਹੋ ਜਾਂਦਾ ਸੀ ਅਤੇ ਝਾੜ ਵੀ ਘੱਟ ਮਿਲਦਾ ਸੀ ਫਿਰ ਕੇ.ਵੀ.ਕੇ. ਸਮੂਹ ਸਾਇੰਸਦਾਨਾਂ ਨੇ ਮੇਰੇ ਬਾਗ ਵਿੱਚ ਦੌਰਾ ਕੀਤਾ ਅਤੇ ਉਨ੍ਹਾਂ ਦੇ ਨਾਲ ਬਾਗ ਦੇ ਰੱਖ ਰਖਾਵ ਸਬੰਧੀ ਵਿਗਿਆਨਿਕ ਨੁਕਤੇ ਸਾਂਝੇ ਕੀਤੇ ਗਏ ਅਤੇ ਮੈਂ ਉਨ੍ਹਾਂ 'ਤੇ ਅਮਲ ਕਰਕੇ ਬਾਗ ਦੀ ਨੁਹਾਰ ਹੀ ਬਦਲ ਦਿੱਤੀ। ਕੇ.ਵੀ.ਕੇ. ਬੂਹ ਦੀ ਸਲਾਹ ਅਨੁਸਾਰ ਮੈਂ ਨਾਖਾਂ ਦੇ ਬਾਗ ਦੇ ਵਿੱਚ ਮਟਰਾਂ ਦੀ ਖੇਤੀ ਸ਼ੁਰੂ ਕਰ ਦਿੱਤੀ ਅਤੇ ਮੈਨੂੰ ਪ੍ਰਤੀ ਏਕੜ 15000- 20000 ਦੇ ਹਿਸਾਬ ਨਾਲ ਆਮਦਨ ਹੋਈ ਅਤੇ ਮੇਰੇ ਬਾਗ ਨੂੰ ਕੋਈ ਨੁਕਸਾਨ ਵੀ ਨਹੀਂ ਹੋਇਆ, ਉਲਟਾ ਮੈਂ ਬਾਗ ਦੇ ਵਿੱਚ ਯੂਰੀਆ ਦੀ ਮਾਤਰਾ ਘਟਾ ਦਿੱਤੀ।
ਮੈਂ ਨਾਖਾਂ ਦੀ ਫ਼ਸਲ ਤੋਂ ਇੱਕ ਤੋਂ ਡੇੜ ਲੱਖ ਦੇ ਕਰੀਬ ਆਮਦਨ ਲੈ ਰਿਹਾਂ ਹਾਂ। ਬਾਗਬਾਨੀ ਦੇ ਨਾਲ-ਨਾਲ ਉਨ੍ਹਾਂ ਨੇ ਆਪਣੇ ਘਰ ਵਿੱਚ 4-5 ਦੁੱਧ ਵਾਲੇ ਪਸ਼ੂ ਵੀ ਰੱਖੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਮਟਰਾਂ ਦੀ ਤੁੜਾਈ ਤੋਂ ਬਾਅਦ ਬਚੇ ਬੂਟਿਆਂ ਨੂੰ ਹਰੇ ਚਾਰੇ ਦੇ ਤੌਰ 'ਤੇ ਵਰਤਦੇ ਹਨ ਅਤੇ ਦੁੱਧ ਵੇਚ ਕੇ ਵਾਧੂ ਆਮਦਨ ਲੈ ਰਹੇ ਹਨ।
ਸ. ਗੁਰਵਿੰਦਰ ਸਿੰਘ ਦੀ ਬਾਗਬਾਨੀ ਖੇਤਰ ਵਿੱਚ ਵਧਿਆ ਕਾਰਗੁਜਾਰੀ ਨੂੰ ਵੇਖਦੇ ਹੋਏ ਕੇ.ਵੀ.ਕੇ. ਤਰਨ ਤਾਰਨ, ਗੁਰੂ ਅੰਗਦ ਦੇਵ ਵੈਟਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ, ਲੁਧਿਆਣਾ ਵਲੋਂ ਮਿਤੀ 27 ਸਤੰਬਰ 2019 ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਦੀ ਕਾਰਗੁਜਾਰੀ ਨੂੰ ਵੇਖਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ 15-16 ਮਾਰਚ 2019 ਨੂੰ ਹੋਏ ਕਿਸਾਨ ਮੇਲੇ ਵਿੱਚ ਸ. ਗੁਰਵਿੰਦਰ ਸਿੰਘ ਨੂੰ ਮੁੱਖ ਮੰਤਰੀ ਪੁਰਸਕਾਰ ਅਤੇ ਸਾਲ 2022 ਦੌਰਾਨ ਭਾਰਤੀ ਖੇਤੀਬਾੜੀ ਖੋਜ ਸੰਸਥਾ, ਨਵੀਂ ਦਿੱਲੀ ਵਲੋਂ ਬਾਗਬਾਨੀ ਖੇਤਰ ਵਿੱਚ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ।
ਸ. ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਮੈਂ ਲਗਾਤਾਰ ਮੇਰੇ ਜ਼ਿਲ੍ਹੇ ਦੇ ਨੌਜਵਾਨ ਕਿਸਾਨਾਂ ਨਾਲ ਬਾਗਬਾਨੀ ਨੂੰ ਪ੍ਰਫੁੱਲਿਤ ਕਰਨ ਲਈ ਉਪਰਾਲੇ ਕਰਦਾ ਰਹਿੰਦਾ ਹਾਂ ਤਾਂ ਕਿ ਮੇਰੇ ਜ਼ਿਲ੍ਹੇ ਦਾ ਨੌਜਵਾਨ ਆਪਣਾ ਪਿੰਡ ਛੱਡ ਕੇ ਰੁਜਗਾਰ ਲਈ ਹੋਰ ਦੇਸ਼ਾਂ ਵੱਲ ਰੁੱਖ ਨਾ ਕਰਨ ਅਤੇ ਪੰਜਾਬ ਵਿੱਚ ਹੀ ਬਾਗਵਾਨੀ ਲਈ ਯੂਨੀਵਰਸਿਟੀ ਦੀਆਂ ਨਵੀਆਂ ਨਵੀਆਂ ਤਕਨੀਕਾਂ ਅਤੇ ਸਿਫ਼ਾਰਿਸ਼ਾਂ ਵਰਤ ਕੇ ਆਪਣੀ ਆਮਦਨੀ ਵਿੱਚ ਵਾਧਾ ਕਰਨ ਅਤੇ ਹੋਰਨਾਂ ਲਈ ਵੀ ਰੁਜਗਾਰ ਪੈਦਾ ਕਰਨ।
ਸਰੋਤ: ਨਿਰਮਲ ਸਿੰਘ ਅਤੇ ਦਿਲਪ੍ਰੀਤ ਤਲਵਾੜ, ਸਬਜ਼ੀ ਵਿਗਿਆਨ ਵਿਭਾਗ , ਪੀ.ਏ.ਯੂ., ਲੁਧਿਆਣਾ
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: Crop diversification model became a boon for Tarn Taran farmer Gurvinder Singh Sandhu, Fruits, vegetables and flowers have doubled the farmer's income.