Success Story: ਖੇਤੀ ਬਹੁਤ ਸਾਰੀਆਂ ਕੁਦਰਤੀ ਆਫਤਾਂ ਦੀ ਮਾਰ ਹੇਠ ਰਹਿੰਦੀ ਹੈ ਅਤੇ ਮੌਸਮ, ਬਿਮਾਰੀਆਂ ਤੇ ਕੀੜੇ ਮਕੌੜੇ ਖੇਤੀ ਲਈ ਚੁਣੌਤੀ ਬਣਦੇ ਹਨ। ਪਰ ਦੂਜ਼ੇ ਪਾਸੇ ਨਵੀਆਂ ਖੇਤੀ ਖੋਜਾਂ ਕਿਸਾਨਾਂ ਲਈ ਸਹਾਈ ਸਿੱਧ ਹੋ ਰਹੀਆਂ ਹਨ। ਅਜਿਹਾ ਹੀ ਵਰਤਾਰਾ ਹੋਇਆ ਹੈ ਪਿੰਡ ਬਜੀਦਪੁਰ ਕੱਟਿਆਂ ਵਾਲੀ ਵਿਚ ਜਿੱਥੇ ਇਕ ਛੋਟੇ ਕਿਸਾਨ ਨੇ ਨਵੀਂ ਤਕਨੀਕ ਦੀ ਵਰਤੋਂ ਕਰਦਿਆਂ ਨਰਮੇ ਦੀ ਫਸਲ ਤੇ ਗੁਲਾਬੀ ਸੂੰਡੀ ਦੇ ਹਮਲੇ ਨੂੰ ਪਛਾੜ ਕੇ ਨਰਮੇ ਦੀ ਚੰਗੀ ਫਸਲ ਲਈ ਹੈ। ਇਹ ਕਿਸਾਨ ਹੈ ਪਵਨ ਕੁਮਾਰ।
ਕਿਸਾਨ ਨੇ ਦੱਸਿਆ ਕਿ ਉਹ ਲਗਾਤਾਰ ਖੇਤੀਬਾੜੀ ਯੁਨੀਵਰਸਿਟੀ ਦੇ ਮਾਹਿਰਾਂ ਅਤੇ ਖੇਤੀਬਾੜੀ ਵਿਭਾਗ ਦੇ ਸੰਪਰਕ ਵਿਚ ਰਹਿੰਦਾ ਹੈ। ਇਸ ਵਾਰ ਨਰਮੇ ਦੀ ਫਸਲ ਦੀ ਬਿਜਾਈ ਲਈ ਮਿਲੇ ਸਮੇਂ ਸਿਰ ਪਾਣੀ ਸਦਕਾ ਉਸਨੇ 4 ਏਕੜ ਨਰਮੇ ਦੀ ਕਾਸਤ ਕੀਤੀ ਸੀ। ਉਸ ਵੱਲੋਂ ਯੁਨੀਵਰਸਿਟੀ ਦੇ ਮਾਹਿਰਾਂ ਦੀ ਸਲਾਹ ਅਨੁਸਾਰ ਨਰਮੇ ਵਿਚ ਇਕ ਟਿਊਬ ਦੀ ਵਰਤੋਂ ਕੀਤੀ ਗਈ। ਇਸ ਤਕਨੀਕ ਤਹਿਤ ਉਸਨੇ ਤਿੰਨ ਵਾਰ ਜ਼ੂਨ, ਜ਼ੁਲਾਈ ਅਤੇ ਅਗਸਤ ਵਿਚ ਆਪਣੇ ਖੇਤ ਵਿਚ ਇਸ ਟਿਊਬ ਦੀ ਦਵਾਈ ਨੂੰ ਥੋੜੀ ਥੋੜੀ ਖੇਤ ਵਿਚ ਵੱਖ ਵੱਖ ਬੂਟਿਆਂ ਤੇ ਲਗਾ ਦਿੱਤੀ।
ਇਸ ਦਵਾਈ (ਨੈਟਮੇਟ) ਦੀ ਸੁੰਗਧ ਗੁਲਾਬੀ ਸੂੰਡੀ ਦੇ ਬਾਲਗਾਂ ਨੂੰ ਭਰਮਿਤ ਕਰਦੀ ਹੈ ਅਤੇ ਉਨ੍ਹਾਂ ਦਾ ਆਪਸੀ ਮੇਲ ਹੋਣ ਤੋਂ ਰੋਕ ਕੇ ਸੂੰਡੀ ਦਾ ਅੱਗੇ ਵਾਧਾ ਰੋਕਦੀ ਹੈ। ਇਸ ਤਰਾਂ ਕਰਨ ਨਾਲ ਉਸਦੇ ਖੇਤ ਵਿਚ ਸਥਿਤੀ ਕਾਬੂ ਹੇਠ ਰਹੀ ਅਤੇ ਉਸਨੇ ਗੁਲਾਬੀ ਸੂਡੀ ਦੀ ਰੋਕਥਾਮ ਲਈ ਸਿਰਫ 2 ਹੀ ਸਪ੍ਰੈਅ ਕੀਤੇ ਹਨ।ਉਹ ਹੁਣ ਤੱਕ 7 ਕੁਇੰਟਲ ਨਰਮਾ ਪ੍ਰਤੀ ਏਕੜ ਦੇ ਦਰ ਨਾਲ ਚੁਘ ਚੁੱਕਿਆ ਹੈ ਜਦਕਿ ਉਸਨੂੰ ਆਸ ਹੈ ਕਿ ਇਕ ਕੁਇੰਟਲ ਪ੍ਰਤੀ ਏਕੜ ਨਰਮਾ ਹੋਰ ਮਿਲੇਗਾ। ਟਿਊਬ ਦੀ ਵਰਤੋਂ ਤੇ ਉਸਦਾ ਇਕ ਵਾਰ ਲਈ ਪ੍ਰਤੀ ਏਕੜ 1 ਹਜਾਰ ਰੁਪਏ ਦਾ ਖਰਚ ਆਇਆ ਸੀ।
ਇਹ ਵੀ ਪੜ੍ਹੋ : National Award Winner ਸਫਲ ਕਿਸਾਨ ਗੁਰਮੀਤ ਸਿੰਘ
ਉਸਦੇ ਖੇਤ ਵਿਚ ਪੀਏਯੂ ਦੇ ਮਾਹਿਰ ਜਿਵੇਂ ਡਾ: ਸਤਨਾਮ ਸਿੰਘ, ਡਾ: ਜ਼ੇ ਕੇ ਅਰੋੜਾ, ਡਾ: ਮਨਪ੍ਰੀਤ ਸਿੰਘ ਆਉਂਦੇ ਰਹਿੰਦੇ ਹਨ ਅਤੇ ਉਹ ਲਗਾਤਾਰ ਮਾਹਿਰਾਂ ਦੀ ਸਲਾਹ ਨਾਲ ਖੇਤੀ ਕਰਦਾ ਹੈ ਜਦਕਿ ਦੂਜ਼ੇ ਪਾਸੇ ਖੇਤਬਾੜੀ ਵਿਭਾਗ ਦੇ ਏਡੀਓ ਸੌਰਭ ਸੰਘਾ ਅਤੇ ਐਸਆਈ ਅਰਮਾਨ ਸਿੰਘ ਵੀ ਲਗਾਤਾਰ ਉਨ੍ਹਾਂ ਦੇ ਸੰਪਰਕ ਵਿਚ ਰਹਿੰਦੇ ਹਨ।
ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਵੱਲੋਂ ਕਿਸਾਨਾਂ ਨੂੰ ਸਹੀ ਸਮੇਂ ’ਤੇ ਨਹਿਰੀ ਪਾਣੀ ਮੁਹੱਈਆ ਕਰਾਉਣ ਕਾਰਨ ਉਹ ਸਹੀ ਸਮੇਂ ’ਤੇ ਝੋਨੇ ਦੀ ਬਿਜਾਈ ਕਰ ਸਕੇ ਹਨ ਅਤੇ ਨਤੀਜੇ ਵਜੋਂ ਫਸਲ ਨੇ ਅਗੇਤਾ ਵਾਧਾ ਲੈ ਲਿਆ ਅਤੇ ਅਜਿਹੀ ਫਸਲ ਬਿਮਾਰੀਆਂ ਅਤੇ ਕੀੜਿਆਂ ਦੇ ਹਮਲੇ ਨੂੰ ਸਹਾਰ ਗਈ ਅਤੇ ਕਿਸਾਨਾਂ ਨੂੰ ਇਕ ਔਸਤ ਉਤਪਾਦਨ ਮਿਲ ਰਿਹਾ ਹੈ ਜਦ ਕਿ ਜ਼ੇਕਰ ਸਮੇਂ ਸਿਰ ਬਿਜਾਈ ਨਾ ਹੋਈ ਹੁੰਦੀ ਤਾਂ ਫਸਲ ਪੂਰੀ ਤਰਾਂ ਫੇਲ ਹੋ ਜਾਣੀ ਸੀ।
ਸਰੋਤ: ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਫ਼ਾਜ਼ਿਲਕਾ (District Public Relations Office Fazilka)
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: Farmer stopped the attack of pink bollworm with new technology