ਕਿਸੇ ਵੀ ਮਜ਼ਬੂਤ ਸਮਾਜ ਦਾ ਧੁਰਾ ਪਰਿਵਾਰ ਹੁੰਦਾ ਹੈ ਅਤੇ ਪਰਿਵਾਰ ਦੀ ਮਜ਼ਬੂਤੀ ਦੀ ਜ਼ਿੰਮੇਵਾਰ ਘਰ ਦੀ ਔਰਤ ਹੁੰਦੀ ਹੈ ਜੋ ਬੱਚਿਆਂ ਦੀ ਸਹੀ ਪਰਵਰਿਸ਼ ਅਤੇ ਸਾਰਿਆਂ ਦਾ ਮਾਰਗ ਦਰਸ਼ਨ ਕਰਦੇ ਹੋਏ ਉਨ੍ਹਾਂ ਨੂੰ ਦੇਸ਼ ਦੀ ਖੁਸ਼ਹਾਲੀ ਦੇ ਰਾਹ ਪਾਉਂਦੀ ਹੈ।
ਪਰ ਜੇ ਸੁਆਣੀ ਦੀ ਜੀਵਨ ਸ਼ੈਲੀ ਹੀ ਮੁਸ਼ਕਲਾਂ ਦੀ ਵਜ੍ਹਾ ਨਾਲ ਪ੍ਰਭਾਵਿਤ ਹੋ ਕੇ ਉਸ ਨੂੰ ਇਕ ਕਮਜ਼ੋਰ ਅਤੇ ਬੇਅਸਰ ਜਿਹ ਬਣਾ ਦੇਵੇ ਤਾਂ ਉਹ ਕੀ ਮਜ਼ਬੂਤ ਦੇਸ਼ ਦਾ ਨਿਰਮਾਣ ਕਰ ਸਕੇਗੀ? ਪੰਡਿਤ ਨਹਿਰੂ ਦੇ ਸ਼ਬਦਾਂ ਵਿੱਚ ‘ਨਾਰੀ ਹੀ ਦੇਸ਼ ਦਾ ਧੁਰਾ ਹੈ’। ਆਮ ਇਹ ਵੇਖਣ ਵਿੱਚ ਆੳਂਦਾ ਹੈ ਕਿ ਜਨਮ ਤੋਂ ਹੀ ਲੜਕੀਆਂ ਦੀ ਜੀਵਨ ਸ਼ੈਲੀ ਨੂੰ ਬਹੁਤੀ ਮਹੱਤਤਾ ਨਹੀਂ ਦਿੱਤੀ ਜਾਂਦੀ। ਨਾ ਹੀ ਉਨ੍ਹਾਂ ਦੇ ਖਾਣ-ਪੀਣ ਦੀ ਖਾਸ ਫਿਕਰ, ਨਾ ਹੀ ਉਨ੍ਹਾਂ ਦੇ ਰੂਟੀਨ ਵੱਲ ਧਿਆਨ ਦੇਣਾ, ਨਾ ਹੀ ਉਨ੍ਹਾਂ ਨੂੰ ਅੱਗੇ ਉੱਭਰ ਕੇ ਆਉਣ ਦੇ ਮੌਕੇ ਦੇਣੇ ਅਤੇ ਇਥੋਂ ਤੱਕ ਕਿ ਉਨ੍ਹਾਂ ਦੀਆਂ ਖਾਸ ਸਮੱਸਿਆਵਾਂ ਨੂੰ ਵੀ ਨਜ਼ਰ ਅੰਦਾਜ਼ ਕਰਕੇ ਰੱਖਿਆ ਜਾਂਦਾ ਹੈ। ਇਹੋ ਜਿਹੇ ਵਾਤਾਵਰਣ ਵਿੱਚ ਪਲੀ ਲੜਕੀ ਜਦ ਸੁਆਣੀ ਬਣ ਕੇ ਕਿਸੇ ਹੋਰ ਪਰਿਵਾਰ ਦਾ ਪੁਰਾ ਬਣ ਜਾਂਦੀ ਹੈ ਤਾਂ ਉਸਦੀ ਆਪਣੀ ਜੀਵਨ ਸ਼ੈਲੀ, ਮਜ਼ਬੂਤ ਪਰਿਵਾਰ ਬਣਾਉਣ ਵਿੱਚ ਓਨੀ ਕਾਰਗਾਰ ਨਹੀਂ ਸਿੱਧ ਹੁੰਦੀ। ਇਸ ਲਈ ਬਹੁਤ ਜ਼ਰੂਰੀ ਹੈ ਔਰਤਾਂ ਆਪਣੀ ਜੀਵਨ ਸ਼ੈਲੀ ਵਿੱਚ ਸੁਧਾਰ ਲਿਆਉਣ ਜਿਸ ਲਈ ਉਹਨਾਂ ਨੂੰ ਖੁਦ ਹੰਬਲਾ ਮਾਰਨ ਦੀ ਲੋੜ ਹੈ।
ਰੋਜ਼ਾਨਾ ਰੂਟੀਨ ਸੈੱਟ ਕਰੋ
ਪਰਿਵਾਰ ਦੇ ਹਰ ਜੀਵ ਨੂੰ ਇਹ ਪਤਾ ਹੋਵੇ ਕਿ ਤੁਸੀਂ ਕਿੰਨੇ ਮਹੱਤਵਪੂਰਨ ਹੋ ਅਤੇ ਤੁਸੀਂ ਆਪਣਾ ਸਮਾਂ ਆਪਣੇ ਲਈ ਅਤੇ ਆਪਣੇ ਹਿਸਾਬ ਨਾਲ ਵੰਡਿਆ ਹੈ, ਇਸ ਲਈ ਆਪਣਾ ਇੱਕ ਰੂਟੀਨ ਬਣਾਓ ਅਤੇ ਉਸਦੇ ਹਿਸਾਬ ਨਾਲ ਚਲੋ। ਇਹ ਨਹੀਂ ਕਿ ਸਾਰਿਆਂ ਦਾ ਹਿਸਾਬ ਸੋਚੋ ਅਤੇ ਬਾਕੀ ਸਾਰੇ ਤੁਹਾਨੂੰ ਫਿਰਕੀ ਵਾਂਗ ਘੁਮਾਈ ਜਾਣ। ਜੋ ਤੁਹਾਡਾ ਆਰਾਮ ਦਾ, ਆਪਣੇ ਰੁਚੀਕਰ ਕੰਮਾਂ ਨੂੰ ਕਰਨ ਦਾ ਸਮਾਂ ਹੈ ਉਨ੍ਹਾਂ ਵਿੱਚ ਕੋਈ ਖਲੱਲ ਨਾ ਹੋਵੇ। ਇਸ ਤਰ੍ਹਾਂ ਕਰਨ ਨਾਲ ਤੁਸੀਂ ਸਰੀਰਕ ਅਤੇ ਮਾਨਸਿਕ ਰੂਪ ਵਿੱਚ ਸੰਤੁਸ਼ਟ ਰਹੋਗੇ ਅਤੇ ਪਰਿਵਾਰ ਨੂੰ ਹੋਰ ਖੁਸ਼ਹਾਲ ਬਣਾ ਸਕੋਗੇ।
ਤੰਦਰੁਸਤ ਸਿਹਤ ਮਜ਼ਬੂਤ ਹੋਂਦ
ਆਪਣੀ ਜੀਵਨ ਸ਼ੈਲੀ ਵਿੱਚ ਰੋਜ਼ਾਨਾ ਸੈਰ, ਯੋਗ, ਕਸਰਤ ਅਤੇ ਚੰਗੀ ਖੁਰਾਕ ਰਾਹੀਂ ਮਜ਼ਬੂਤੀ ਪੈਦਾ ਕਰੋ। ਇਸ ਨੂੰ ਵੀ ਰੋਜ਼ਾਨਾ ਰੂਟੀਨ ਵਿੱਚ ਇਸ ਤਰ੍ਹਾਂ ਸੈੱਟ ਕਰੋ ਕਿ ਤੁਹਾਡਾ ਸਰੀਰ ਹਮੇਸ਼ਾ ਤੰਦਰੁਸਤ ਅਤੇ ਮਨ ਤਰੋ-ਤਾਜ਼ਾ। ਵਧੇਰੇ ਔਰਤਾਂ ਦੀਆਂ ਬੀਮਾਰੀਆਂ ਜ਼ਿਆਦਾਤਰ ਇਸ ਕਾਰਣ ਕਰਕੇ ਸ਼ੁਰੂ ਹੁੰਦੀਆਂ ਹਨ ਕਿ ਉਨ੍ਹ੍ਹਾਂ ਨੇ ਆਪਣੇ ਰੋਜ਼ਮਰਾ ਜੀਵਨ ਵਿੱਚ ਚੰਗੀ ਸਿਹਤ ਦਾ ਟੀਚਾ ਨਹੀਂ ਸਿਖਿਆ ਹੁੰਦਾ। ਯੋਗ, ਸੈਰ, ਕਸਰਤ ਆਦਿ ਨਾਲ ਅਸੀਂ ਜ਼ਿਆਦਾ ਆਕਸੀਜਨ ਲੈ ਸਕਦੇ ਹਾਂ। ਆਕਸੀਜਨ ਸਾਡੇ ਜੀਵਨ ਦਾ ਮੂਲ ਅਧਾਰ ਹੈ ਅਤੇ ਸਰੀਰ ਅਤੇ ਮਨ ਨੂੰ ਨਿਰੋਗ ਬਣਾਉਂਦਾ ਹੈ। ਬਲੱਡ ਪ੍ਰੈਸ਼ਰ, ਮੋਟਾਪਾ, ਦਰਦਾਂ ਆਦਿ ਤੋਂ ਨਿਜਾਤ ਦਿਵਾਉਂਦਾ ਹੈ। ਟੀ.ਵੀ, ਰਸਾਲਿਆਂ, ਇੰਟਰਨੈਟ ਰਾਹੀਂ ਆਸਾਨ ਕਸਰਤਾਂ, ਯੋਗ ਆਦਿ ਸਿੱਖੇ ਜਾ ਸਕਦੇ ਹਨ।
ਕੰਮਾਂ ਦਾ ਟਾਈਮ ਟੇਬਲ ਬਣਾਓ
ਪਹਿਲਾਂ ਰੋਜ਼ਾਨਾ ਕੰਮ ਦਾ ਇੱਕ ਟਾਈਮ ਟੇਬਲ ਬਣਾਓ, ਇਸ ਵਿੱਚ 2 ਘੰਟੇ ਸਵੇਰੇ ਅਤੇ 2 ਘੰਟੇ ਸ਼ਾਮ ਲਈ ਵੇਹਲਾ ਸਮਾਂ ਕੱਢ ਲਵੋ। ਇਸ ਵਾਧੂ ਸਮੇਂ ਵਿੱਚ ਹਫ਼ਤੇ ਦੇ ਅਤੇ ਮੌਸਮੀ ਕੰਮ ਫਿੱਟ ਕਰ ਲਵੋ ਜਿਵੇਂ ਕਿ ਬਾਜ਼ਾਰ ਜਾਣਾ, ਬੈਂਕ ਜਾਣਾ, ਕੱਪੜੇ ਸਾਂਭਣੇ ਆਦਿ। ਕੁਝ ਸਮਾਂ ਅਚਨਚੇਤ ਕੰਮਾਂ ਲਈ ਵੀ ਛੱਡ ਲਵੋ ਤਾਂ ਜੋ ਜੇ ਸਮਾਂ ਪਿੱਛੇ ਛੁੱਟਣ ਲੱਗ ਪਵੇ ਜਾਂ ਕੋਈ ਰੁਕਾਵਟ ਆ ਜਾਵੇ ਤਾਂ ਵੀ ਕੁਝ ਸਮਾਂ ਸੁਆਣੀ ਆਪਣੇ ਲਈ ਕੱਢ ਸਕੇ। ਟਾਈਮ ਟੇਬਲ ਬਣਾ ਕੇ ਕੰਮ ਕਰਨ ਨਾਲ, ਕੰਮਾਂ ਅਤੇ ਸਮੇਂ ਦਾ ਕੰਟਰੋਲ ਆਪਣੇ ਹੱਥ ਵਿੱਚ ਰਹਿੰਦਾ ਹੈ, ਕੋਈ ਕੰਮ ਛੁੱਟਦਾ ਨਹੀਂ ਅਤੇ ਸਮਾਂ ਬਰਬਾਦ ਨਹੀਂ ਹੁੰਦਾ।
ਸੁਚੱਜੀ ਸੁਆਣੀ ਬਣੋ
ਇੱਕ ਸੁਚੱਜੀ ਸੁਆਣੀ ਹੀ ਆਪਣੇ ਘਰ ਨੂੰ ਖੁਸ਼ਹਾਲ ਬਣਾ ਸਕਦੀ ਹੈ। ਕਿਉਂਕਿ ਉਹ ਪਹਿਲਾਂ ਹੀ ਮਿੱਥੇ ਟੀਚਿਆਂ ਨੂੰ ਪ੍ਰਬੰਧਕੀ ਢੰਗ ਨਾਲ ਪ੍ਰਾਪਤ ਕਰ ਲੈਂਦੀ ਹੈ। ਸੀਮਿਤ ਸੋਮਿਆਂ ਨਾਲ ਅਸੀਮਤ ਲੋੜਾਂ ਪੂਰੀਆਂ ਕਰ ਸਕਦੀ ਹੈ। ਇਹ ਸਭ ਸਮਾਂ ਪ੍ਰਬੰਧ, ਸ਼ਕਤੀ-ਪ੍ਰਬੰਧ, ਧਨ ਪ੍ਰਬੰਧ ਅਤੇ ਸੁਚਾਰੂ ਨਿਰਣੇ ਪ੍ਰਣਾਲੀ ਨਾਲ ਕਰਦੀ ਹੈ। ਸੁਆਣੀਆਂ ਘਰ ਨੂੰ ਸੁਚਾਰੂ ਰੂਪ ਨਾਲ ਚਲਾਉਣ ਦਾ ਗੁਣ, ਘਰ ਦੇ ਵੱਡਿਆਂ, ਆਂਢ-ਗੁਆਂਢ ਦੀਆਂ ਗ੍ਰਹਿਣੀਆਂ ਤੇ ਪੀ.ਏ.ਯੂ. ਵਿੱਚ ਲਾਏ ਜਾਣ ਵਾਲੇ ਕੋਰਸਾਂ ਰਾਹੀਂ ਵੀ ਪ੍ਰਾਪਤ ਕਰ ਸਕਦੀਆਂ ਹਨ। ਘਰ ਨੂੰ ਸੁਚੱਜੇ ਢੰਗ ਨਾਲ ਚਲਾਉਣ ਵਾਲੀ ਸੁਆਣੀ ਆਪ ਹੀ ਦ੍ਰਿੜ ਬਣ ਜਾਂਦੀ ਹੈ।
ਆਗੂ ਬਣੋ, ਨਿਰਣੇਕਾਰੀ ਬਣੋ
ਘਰ ਦੇ ਮੁੱਖੀ ਨਾਲ ਮੋਢੇ ਨਾਲ ਮੋਢਾ ਅਗਾਂਹ ਵਧੋ। ਨਿਰਣੇ ਵਿੱਚ ਹਿੱਸਾ ਪਾਓ। ਹਰ ਪੱਖ ਤੇ ਸਲਾਹ ਦਿਓ ਅਤੇ ਅਗਾਂਹ ਹੋ ਕਿ ਅਪਣੇ ਵਿਚਾਰ ਰੱਖੋ। ਇਸ ਤਰ੍ਹ੍ਹਾਂ ਤੁਸੀਂ ਆਪਣੀ ਸਥਿਤੀ ਮਜ਼ਬੂਤ ਬਣਾਉਂਗੇ ਅਤੇ ਤੁਹਾਡੀ ਹੋਂਦ ਨੂੰ ਨਕਾਰਿਆ ਨਹੀਂ ਜਾ ਸਕੇਗਾ।
ਤਣਾਅ ਰਹਿਤ ਬਣੋ
ਆਪਣੇ ਆਪ ਨੂੰ ਕਿਸ ਵੀ ਤਣਾਅ ਵਿੱਚ ਨਾ ਰੱਖੋ। ਹਾਲਾਤ ਦਾ ਸਾਹਮਣਾ ਕਰੋ ਅਤੇ ਹਰ ਮੁਸ਼ਕਲ ਦਾ ਹੱਲ ਲੱਭੋ ਨਾ ਕਿ ਡਿਪ੍ਰੈਸ਼ਨ ਵਿੱਚ ਚਲੇ ਜਾਉ। ਸਥਿਤੀ ਬਦਲਣ ਦੀ ਕੋਸ਼ਿਸ਼ ਕਰੋ ਅਤੇ ਜੇ ਨਹੀਂ ਬਦਲ ਤਾਂ ਅਪਣੇ ਆਪ ਨੂੰ ਬਦਲ ਲਵੋ। ਇਸ ਤਰ੍ਹ੍ਹਾਂ ਕਰਨ ਨਾਲ ਤੁਹਾਡਾ ਮਨ ਸੰਤੁਸ਼ਟੀ ਨਾਲ ਭਰ ਜਾਵੇਗਾ। ਹਰ ਵਿਅਕਤੀ ਨੂੰ ਆਪਣੀ ਖੁਸ਼ੀ ਅਤੇ ਤਸੱਲੀ ਆਪ ਲੱਭਣੀ ਪੈਂਦੀ ਹੈ।
ਵਿਚਾਰ ਬਦਲੋ, ਸਾਕਰਾਤਮਕ ਬਣੋ
ਜੀਵਨ ਸ਼ੈਲੀ ਵਿੱਚ ਸੁਧਾਰ ਲਿਆਉਣ ਲਈ ਅਤੇ ਅਗਾਂਹ ਵੱਧਣ ਲਈ ਸਰੀਰਿਕ ਮਜ਼ਬੂਤੀ ਹੀ ਨਹੀਂ ਮਨ ਨੂੰ ਵੀ ਪੱਕਾ ਕਰਨ ਦੀ ਲੋੜ ਹੈ। ਇਸ ਲਈ ਸੌੜਾਪਣ ਛੱਡ ਕੇ ਖੁੱਲੇ ਵਿਚਾਰ ਪਾਲੋ। ਆਪਣੇ ਆਪ ਨੂੰ ਬਦਲਦੇ ਸਮੇਂ ਨਾਲ ਬਦਲੋ। ਸ਼ਕ, ਵਹਿਮ, ਛੋਟਾਪਨ, ਧਾਰਮਿਕ ਸਕੀਰਨਤਾ ਵਿਅਕਤੀ ਨੂੰ ਪਿੱਛੇ ਧੱਕਦੇ ਹਨ। ਇਸ ਤੋਂ ਬਚੋ।
ਮਨ ਅਤੇ ਤਨ ਨੂੰ ਆਰਾਮ ਦਿਓ
ਪੂਰੀ ਨੀਂਦ ਅਤੇ ਦਿਨ ਦਾ ਆਰਾਮ ਤਨ ਨੂੰ ਸੁੱਖ ਪਹੁੰਚਾਉਂਦਾ ਹੈ। ਅਤੇ ਚੰਗੀ ਸਿਹਤ, ਰੱਬ ਵੱਲ ਧਿਆਨ, ਚੰਗੀਆਂ ਪੁਸਤਕਾਂ ਅਤੇ ਵਿਚਾਰ, ਮਨ ਨੂੰ ਆਰਾਮ ਦਿੰਦੇ ਹਨ। ਇਹ ਦੋਵੇਂ ਮਜ਼ਬੂਤ ਸਰੀਰ ਅਤੇ ਮਨ ਲਈ ਜ਼ਰੂਰੀ ਹਨ।
ਡਾ. ਸੁਖਦੀਪ ਕੌਰ ਮਾਨ ਅਤੇ ਡਾ. ਸ਼ਰਨਬੀਰ ਬੱਲ
ਸਹਾਇਕ ਪ੍ਰੋਫੈਸਰ ਅਤੇ ਸਹਿਯੋਗੀ ਪ੍ਰੋਫੈਸਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ,ਲੁਧਿਆਣਾ
Summary in English: Improving women's lifestyles, saving society as a whole