1. Home
  2. ਸਫਲਤਾ ਦੀਆ ਕਹਾਣੀਆਂ

Hoshiarpur ਦੀ Rekha Sharma ਸਬਰ, ਸੰਤੋਖ ਅਤੇ ਸਿੱਦਕ ਦੀ ਵਧੀਆ ਮਿਸਾਲ, ਵਿਲੱਖਣ ਸੋਚ ਅਤੇ ਕਰੜੀ ਮਿਹਨਤ ਸਦਕਾ ਬਦਲੀ ਕਈ ਔਰਤਾਂ ਦੀ ਜ਼ਿੰਦਗੀ, ਛੋਟੀ ਉਮਰ 'ਚ ਮਿਲਿਆ National Award

"ਲੋਕਾਂ ਨੂੰ ਮੇਰੀ ਪੜ੍ਹਾਈ ਅਤੇ ਖੇਤਾਂ ਵਿੱਚ ਤਜਰਬੇ ਪਸੰਦ ਨਹੀਂ ਆ ਰਹੇ ਸਨ। ਲੋਕਾਂ ਨੇ ਤਾਂ ਇਥੋਂ ਤੱਕ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੇਰੀ 10ਵੀਂ ਪਾਸ ਹੋਣ ਤੋਂ ਬਾਅਦ ਮੇਰਾ ਵਿਆਹ ਕਰਾ ਦਿੱਤਾ ਜਾਵੇ, ਕਿਉਂਕਿ ਮੈਂ ਜੋ ਰਾਹ ਫੜੀ ਹੈ, ਉਸ ਨਾਲ ਪਿੰਡ ਦੀਆਂ ਹੋਰ ਕੁੜੀਆਂ ਵੀ ਘਰੋਂ ਬਾਹਰ ਆ ਕੇ ਖ਼ਰਾਬ ਹੋ ਰਹੀਆਂ ਹਨ। ਅਜਿਹੇ ਹਾਲਾਤਾਂ ਵਿੱਚ ਮੇਰੇ ਪਿਤਾ ਨੇ ਸਮਾਜ ਦੇ ਖਿਲਾਫ ਮੇਰਾ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਮੇਰੀ ਬੇਟੀ ਜੋ ਕੁਝ ਕਰ ਰਹੀ ਹੈ, ਉਹ ਨਾ ਸਿਰਫ ਸਾਡੇ ਭਾਈਚਾਰੇ ਲਈ ਸਗੋਂ ਦੇਸ਼ ਲਈ ਵੀ ਇਕ ਮਿਸਾਲ ਬਣੇਗੀ: ਰੇਖਾ ਸ਼ਰਮਾ"

Gurpreet Kaur Virk
Gurpreet Kaur Virk
ਸਬਰ, ਸੰਤੋਖ ਅਤੇ ਸਿੱਦਕ ਦੀ ਵਧੀਆ ਮਿਸਾਲ ਰੇਖਾ ਸ਼ਰਮਾ

ਸਬਰ, ਸੰਤੋਖ ਅਤੇ ਸਿੱਦਕ ਦੀ ਵਧੀਆ ਮਿਸਾਲ ਰੇਖਾ ਸ਼ਰਮਾ

Success Story: ਆਪਣੇ ਆਪ ਨੂੰ ਤਾਂ ਹਰ ਕੋਈ ਪਸੰਦ ਕਰਦਾ ਹੈ ਅਤੇ ਆਪਣੀਆਂ ਸੁੱਖ-ਸਹੂਲਤਾਂ ਦੀ ਵੀ ਪਰਵਾਹ ਕਰਦਾ ਹੈ, ਪਰ ਕੁਝ ਵਿਰਲੇ ਇਨਸਾਨ ਹੁੰਦੇ ਹਨ ਜੋ ਦੂਜਿਆਂ ਨੂੰ ਆਪਣੇ ਨਾਲੋਂ ਜ਼ਿਆਦਾ ਮਹੱਤਵ ਦਿੰਦੇ ਹਨ ਅਤੇ ਆਪਣੀ ਜ਼ਿੰਦਗੀ ਨੂੰ ਦੂਜਿਆਂ ਲਈ ਸਮਰਪਿਤ ਕਰ ਦਿੰਦੇ ਹਨ। ਤੁਸੀਂ ਸੋਚ ਰਹੇ ਹੋਵੋਗੇ ਕਿ ਅਸੀਂ ਸਤਯੁਗ ਦੀ ਗੱਲਾਂ ਕਲਯੁਗ ਵਿੱਚ ਕਿਉਂ ਤੇ ਕਿਵੇਂ ਕਰ ਰਹੇ ਹਾਂ। ਪਰ ਇੱਥੇ ਦੱਸਣਾ ਬਣਦਾ ਹੈ ਕਿ ਅੱਜ ਦੇ ਯੁਗ ਵਿੱਚ ਵੀ ਕੁਝ ਅਜਿਹੇ ਲੋਕ ਹਨ ਜੋ ਆਪਣੇ ਨਿਰਸਵਾਰਥ ਅਤੇ ਦਿਆਲੂ ਵਿਵਹਾਰ ਕਾਰਨ ਜ਼ਿੰਦਗੀ ਨੂੰ ਇਨ੍ਹੇ ਸੋਹਣੇ ਅਤੇ ਸੁਚੱਜੇ ਢੰਗ ਨਾਲ ਜਿਊਂਦੇ ਹਨ ਕਿ ਇਨਸਾਨੀਯਤ ਦੀ ਵਧੀਆ ਮਿਸਾਲ ਪੇਸ਼ ਕਰਦੇ ਹਨ।

ਅਸੀਂ ਗੱਲ ਕਰ ਰਹੇ ਹਾਂ ਸਬਰ, ਸੰਤੋਖ ਅਤੇ ਸਿੱਦਕ ਦੀ ਮਿਸਾਲ ਕੁਮਾਰੀ ਰੇਖਾ ਸ਼ਰਮਾ ਦੀ, ਜਿਨ੍ਹਾਂ ਨੇ ਆਪਣੇ ਜੀਵਨ ਦਾ ਵੱਡਾ ਹਿੱਸਾ ਉਨ੍ਹਾਂ ਔਰਤਾਂ ਨੂੰ ਸਮਰਪਿਤ ਕਰ ਦਿੱਤਾ ਜਿਨ੍ਹਾਂ ਨੂੰ ਆਪਣੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਲਈ ਬਹੁਤੇ ਸੰਘਰਸ਼ ਕਰਨੇ ਪੈਂਦੇ ਸਨ।

ਰੇਖਾ ਦੀ ਇਹ ਸੰਘਰਸ਼ ਭਰੀ, ਪਰ ਸਫ਼ਲ ਕਹਾਣੀ ਉਨ੍ਹਾਂ ਦੇ ਸਕੂਲੀ ਦਿਨਾਂ ਤੋਂ ਸ਼ੁਰੂ ਹੋਈ। ਇਹ ਉਹ ਸਮਾਂ ਸੀ ਜਦੋਂ ਰੇਖਾ ਆਪਣੀ 10ਵੀਂ ਜਮਾਤ ਦੀ ਪੜ੍ਹਾਈ ਵਿੱਚ ਰੁੱਝੀ ਹੋਈ ਸੀ। ਇਸ ਦੌਰਾਨ ਜਦੋਂ ਉਨ੍ਹਾਂ ਆਪਣਾ ਚਰਿੱਤਰ ਸਰਟੀਫਿਕੇਟ ਲੈਣ ਲਈ ਇਕ ਅਧਾਰੇ ਤੱਕ ਪਹੁੰਚ ਕੀਤੀ ਤਾਂ ਉੱਥੇ ਜੋ ਦੇਖਿਆ, ਉਸ ਨੇ ਰੇਖਾ ਦੇ ਮਨ ਨੂੰ ਝੰਜੋੜ ਕੇ ਕਰ ਰੱਖ ਦਿੱਤਾ। ਕ੍ਰਿਸ਼ੀ ਜਾਗਰਣ ਨਾਲ ਖ਼ਾਸ ਗੱਲਬਾਤ ਦੌਰਾਨ ਰੇਖਾ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਔਰਤ ਨੂੰ ਕੁਝ ਪੈਸਿਆਂ ਦੀ ਖ਼ਾਤਰ ਇੱਕ ਤਰਸਯੋਗ ਜੀਵਨ ਬਤੀਤ ਕਰਦਿਆਂ ਦੇਖਿਆ, ਜੋ ਉਨ੍ਹਾਂ ਦੇ ਲਈ ਇੱਕ ਦਿਲ ਕੰਬਾਊ ਸਮਾਂ ਸੀ। ਪਰੇਸ਼ਾਨ ਮਨ ਨਾਲ ਉਨ੍ਹਾਂ ਨੇ ਆਪਣੇ ਘਰ ਦਾ ਰੁੱਖ ਕੀਤਾ ਅਤੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਕਰਕੇ ਉਸ ਔਰਤ ਦੀ ਮਦਦ ਕੀਤੀ। ਪਰ ਰੇਖਾ ਦੇ ਮਨ ਵਿੱਚ ਇਹ ਤਸਵੀਰ ਆਪਣੀ ਗਹਿਰੀ ਛਾਪ ਛੱਡ ਗਈ। ਉਸ ਦਿਨ ਰੇਖਾ ਨੇ ਠਾਣ ਲਿਆ ਕਿ ਉਹ ਆਪਣੀ ਜ਼ਿੰਦਗੀ ਨੂੰ ਸਮਾਜ ਦੀਆਂ ਉਨ੍ਹਾਂ ਔਰਤਾਂ ਦੇ ਉਤਥਾਨ ਲਈ ਸਮਰਪਿਤ ਕਰ ਦੇਣਗੇ, ਜਿਨ੍ਹਾਂ ਨੂੰ ਆਪਣੀ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਲਈ ਥਾਂ-ਥਾਂ ਧੱਕੇ ਖਾਣੇ ਪਹਿੰਦੇ ਹਨ।

ਰੇਖਾ ਦੀ ਜ਼ਿੰਦਗੀ ਦਾ ਇਹ ਟਰਨਿੰਗ ਪੁਆਇੰਟ ਸੀ, ਜਦੋਂ ਉਨ੍ਹਾਂ ਐਮ.ਏ. ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸਮਾਜ ਸ਼ਾਸਤਰ, ਐਮ.ਐਸ.ਸੀ. ਦੀ ਡਿਗਰੀ ਆਈ.ਟੀ. ਜਲੰਧਰ ਅਤੇ ਦਿੱਲੀ ਯੂਨੀਵਰਸਿਟੀ ਤੋਂ ਸੋਇਲ ਐਂਡ ਵਾਟਰ ਮੈਨੇਜਮੈਂਟ ਦੀ ਡਿਗਰੀ ਹੋਣ ਦੇ ਬਾਵਜੂਦ ਕਿਸੇ ਵੀ ਕੰਪਨੀ ਵਿੱਚ ਲੱਖਾਂ ਦੀ ਨੌਕਰੀ ਨਾ ਕਰਨ ਦਾ ਫੈਸਲਾ ਕਰਦਿਆਂ ਪੰਜਾਬ ਦੇ ਜ਼ਿਲ੍ਹੇ ਹੋਸ਼ਿਆਰਪੁਰ ਵਿੱਚ ਹੀ ਰਹਿਣ ਦਾ ਰਾਹ ਚੁਣਿਆ। ਜਿਸ ਤੋਂ ਬਾਅਦ ਰੇਖਾ ਸ਼ਰਮਾ ਨੇ ਔਰਤਾਂ ਨੂੰ ਆਪਣੇ ਨਾਲ ਜੋੜਿਆ ਅਤੇ ਖੇਤੀ ਵਿੱਚ ਕੁਝ ਨਵਾਂ ਕਰਨ ਦੀ ਸੋਚੀ।

ਸਬਰ, ਸੰਤੋਖ ਅਤੇ ਸਿੱਦਕ ਦੀ ਵਧੀਆ ਮਿਸਾਲ ਰੇਖਾ ਸ਼ਰਮਾ

ਸਬਰ, ਸੰਤੋਖ ਅਤੇ ਸਿੱਦਕ ਦੀ ਵਧੀਆ ਮਿਸਾਲ ਰੇਖਾ ਸ਼ਰਮਾ

ਇੱਕ ਮੱਧਵਰਗੀ ਪਰਿਵਾਰ ਵਿੱਚ ਪੈਦਾ ਹੋਈ ਕੁਮਾਰੀ ਰੇਖਾ ਸ਼ਰਮਾ, ਸਪੁੱਤਰੀ ਸ੍ਰੀ ਰਾਕੇਸ਼ ਕੁਮਾਰ, ਪਿੰਡ ਰਾਮਗੜ੍ਹ ਸੀਕਰੀ, ਤਹਿਸੀਲ ਮੁਕੇਰੀਆਂ, ਬਲਾਕ ਤਲਵਾੜਾ, ਜ਼ਿਲ੍ਹਾ ਹੁਸ਼ਿਆਰਪੁਰ ਦੀ ਜਾਗਰੂਕ ਅਤੇ ਉੱਦਮੀ ਮਹਿਲਾ ਕਿਸਾਨ ਦੱਸਦੀ ਹੈ ਕਿ ਉਹ ਚਾਰ ਭੈਣ-ਭਰਾ ਹਨ, ਪਰ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਦੇ ਮਾਤਾ-ਪਿਤਾ ਨੇ ਉਨ੍ਹਾਂ ਨੂੰ ਬਚਪਨ ਤੋਂ ਹੀ ਇਹ ਸਿਖਾਇਆ ਸੀ ਕਿ ਹਰ ਕੋਈ ਆਪਣੇ ਲਈ ਜਿਊਂਦਾ ਹੈ, ਜੇਕਰ ਅਸੀਂ ਸਮਾਜ ਲਈ ਕੁਝ ਵੱਖਰਾ ਕਰਾਂਗੇ ਤਾਂ ਹੀ ਜ਼ਿੰਦਗੀ ਦਾ ਮਕਸਦ ਪੂਰਾ ਹੋਵੇਗਾ। ਉਨ੍ਹਾਂ ਦੱਸਿਆ ਕਿ ਪਿਤਾ ਇੱਕ ਵਪਾਰੀ ਅਤੇ ਸਮਾਜ ਸੇਵੀ ਸਨ ਅਤੇ ਮਾਂ ਇੱਕ ਘਰੇਲੂ ਔਰਤ ਸੀ। ਪਿਤਾ ਜੀ ਨੇ ਸਿਰਫ਼ ਆਪਣੇ ਪਰਿਵਾਰ ਦੀ ਹੀ ਨਹੀਂ, ਸਗੋਂ ਹਰ ਕਿਸੇ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਬਚਪਨ ਵਿੱਚ ਮਾਤਾ-ਪਿਤਾ ਦੀ ਇਸ ਸ਼ਖਸੀਅਤ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੇ ਰੇਖਾ ਦੇ ਮਨ 'ਤੇ ਡੂੰਘੀ ਛਾਪ ਛੱਡੀ।

ਰੇਖਾ ਸ਼ਰਮਾ ਦੱਸਦੇ ਹਨ ਕਿ ਮੈਨੂੰ ਆਪਣੇ ਪਿਤਾ ਤੋਂ ਖੇਤੀਬਾੜੀ ਦੀ ਦਿਸ਼ਾ ਵਿੱਚ ਕੰਮ ਕਰਨ ਦੀ ਪ੍ਰੇਰਨਾ ਮਿਲੀ। ਹੋਇਆ ਇਹ ਕਿ ਮੇਰੇ ਪਿਤਾ ਜੀ ਇੱਕ ਸਮਾਜ ਸੇਵੀ ਸਨ, ਇਸ ਲਈ ਹੌਲੀ-ਹੌਲੀ ਉਨ੍ਹਾਂ ਨੂੰ ਅਹਿਸਾਸ ਹੋਣ ਲੱਗਾ ਕਿ ਅਸੀਂ ਅੱਜਕੱਲ੍ਹ ਜੋ ਖਾ ਰਹੇ ਹਾਂ, ਉਸ ਵਿੱਚ ਰਸਾਇਣਕ ਖੇਤੀ ਦਾ ਬਹੁਤ ਵੱਡਾ ਰੋਲ ਹੈ, ਜਿਸ ਕਾਰਨ ਲੋਕਾਂ ਵਿੱਚ ਦਿਨੋ-ਦਿਨ ਬਿਮਾਰੀਆਂ ਵੱਧ ਰਹੀਆਂ ਹਨ। ਲੋਕਾਂ ਵਿੱਚ ਵਧ ਰਹੀਆਂ ਬਿਮਾਰੀਆਂ ਦੀ ਦਰ ਨੂੰ ਰੋਕਣ ਲਈ ਅਤੇ ਸਿਹਤਮੰਦ ਸਮਾਜ ਲਈ ਸਾਨੂੰ ਕੁਦਰਤੀ ਖੇਤੀ ਵੱਲ ਵਧਣਾ ਪਵੇਗਾ।

ਦੂਸਰੀ ਘਟਨਾ ਜੋ ਉਨ੍ਹਾਂ ਨਾਲ ਹੋਈ ਉਹ ਇਹ ਸੀ ਕਿ ਪਿਤਾ ਜੀ ਅਤੇ ਮਾਤਾ ਜੀ ਮੈਨੂੰ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਮੇਲਾ ਦਿਖਾਉਣ ਲੈ ਗਏ। ਅਸੀਂ ਦੇਖਿਆ ਕਿ ਵੱਖ-ਵੱਖ ਥਾਵਾਂ ਤੋਂ ਲੋਕ ਆ ਰਹੇ ਸਨ, ਜੋ ਬਹੁਤ ਸਾਰੀਆਂ ਚੀਜ਼ਾਂ ਵਿੱਚ ਨਿਪੁੰਨ ਸਨ। ਉਨ੍ਹਾਂ ਕਿਹਾ ਕਿ ਇਹ ਸਬੱਬ ਹੀ ਸਮਝੋ ਕਿ ਮੈਨੂੰ ਪਹਿਲੀ ਵਾਰ ਇੱਕ ਸਮੇਂ ਵਿੱਚ ਇੰਨੇ ਲੋਕਾਂ ਦੇ ਹੁਨਰ ਨੂੰ ਦੇਖਣ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਜਿਸ ਜਗ੍ਹਾ ਤੋਂ ਮੈਂ ਹਾਂ ਉੱਥੇ ਲਈ ਇਹ ਸੰਭਵ ਨਹੀਂ ਸੀ, ਕਿਉਂਕਿ ਉੱਥੇ ਔਰਤਾਂ ਪਰਦੇ ਵਿੱਚ ਰਹਿੰਦੀਆਂ ਹਨ ਅਤੇ ਘਰ ਦੀ ਚਾਰ ਦੀਵਾਰੀ ਉਨ੍ਹਾਂ ਦੀ ਜ਼ਿੰਦਗੀ ਹੈ।

ਇਹ ਵੀ ਪੜੋ : Mahindra Success Story: ਸਸ਼ਕਤ ਮਨੋਬਲ 'ਤੇ ਨਿਰਮਿਤ ਜੀਵਨ - ਸੰਗੀਤਾ ਪਿੰਗਲੇ ਦੀ ਸਾਹਸ ਦੀ ਕਹਾਣੀ

ਉਨ੍ਹਾਂ ਦੱਸਿਆ ਕਿ ਦਿੱਲੀ ਦੇ ਮਾਹੌਲ ਨੂੰ ਦੇਖ ਕੇ ਮੈਨੂੰ ਸਮਝ ਆ ਗਈ ਕਿ ਮੈਂ ਕਿਸ ਦਿਸ਼ਾ ਵਿੱਚ ਅੱਗੇ ਵਧਣਾ ਹੈ, ਛੋਟੀ ਉਮਰ ਵਿੱਚ ਹੀ ਇਨ੍ਹਾਂ ਤਜ਼ਰਬਿਆਂ ਨੇ ਮੈਨੂੰ ਆਪਣੇ ਪਿੰਡ ਵਿੱਚ ਰਹਿੰਦਿਆਂ ਕੁਦਰਤੀ ਖੇਤੀ ਦੀ ਦਿਸ਼ਾ ਵਿੱਚ ਕੁਝ ਨਵਾਂ ਕਰਨ ਲਈ ਪ੍ਰੇਰਿਤ ਕੀਤਾ, ਫਿਰ ਮੈਂ ਆਪਣੀ ਜ਼ਮੀਨ ਦੇ ਛੋਟੇ ਜਿਹੇ ਟੁਕੜੇ 'ਤੇ ਖੇਤੀ ਦੇ ਨਵੇਂ ਤਜਰਬੇ ਕਰਨੇ ਸ਼ੁਰੂ ਕਰ ਦਿੱਤੇ। ਖੇਤੀ ਅਤੇ ਪੜ੍ਹਾਈ ਇਕੱਠੇ ਚੱਲਦੇ ਰਹੇ। ਕਹਿੰਦੇ ਨੇ ਕਿ ਜੇਕਰ ਤੁਸੀਂ ਕੁਝ ਵੱਖਰਾ ਕਰਦੇ ਹੋ ਤਾਂ ਤੁਹਾਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਅਜਿਹਾ ਹੀ ਕੁਝ ਮੇਰੇ ਨਾਲ ਵੀ ਹੋਇਆ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਮੇਰੀ ਪੜ੍ਹਾਈ ਅਤੇ ਖੇਤਾਂ ਵਿੱਚ ਤਜਰਬੇ ਪਸੰਦ ਨਹੀਂ ਆ ਰਹੇ ਸਨ। ਲੋਕਾਂ ਨੇ ਤਾਂ ਇਥੋਂ ਤੱਕ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੇਰੀ 10ਵੀਂ ਪਾਸ ਹੋਣ ਤੋਂ ਬਾਅਦ ਮੇਰਾ ਵਿਆਹ ਕਰਾ ਦਿੱਤਾ ਜਾਵੇ, ਕਿਉਂਕਿ ਮੈਂ ਜੋ ਰਾਹ ਫੜੀ ਹੈ, ਉਸ ਨਾਲ ਪਿੰਡ ਦੀਆਂ ਹੋਰ ਕੁੜੀਆਂ ਵੀ ਘਰੋਂ ਬਾਹਰ ਆ ਕੇ ਖ਼ਰਾਬ ਹੋ ਰਹੀਆਂ ਹਨ।

ਅਜਿਹੇ ਹਾਲਾਤਾਂ ਵਿੱਚ ਮੇਰੇ ਪਿਤਾ ਨੇ ਸਮਾਜ ਦੇ ਖਿਲਾਫ ਮੇਰਾ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਮੇਰੀ ਬੇਟੀ ਜੋ ਕੁਝ ਕਰ ਰਹੀ ਹੈ, ਉਹ ਨਾ ਸਿਰਫ ਸਾਡੇ ਭਾਈਚਾਰੇ ਲਈ ਸਗੋਂ ਦੇਸ਼ ਲਈ ਵੀ ਇਕ ਮਿਸਾਲ ਬਣੇਗੀ। ਰੇਖਾ ਸ਼ਰਮਾ ਦਾ ਕਹਿਣਾ ਹੈ ਕਿ ਜਦੋਂ ਤੁਹਾਨੂੰ ਆਪਣੇ ਘਰ ਦੇ ਅੰਦਰ ਪਿਆਰ, ਸਤਿਕਾਰ ਅਤੇ ਸਮਰਥਨ ਮਿਲਦਾ ਹੈ ਤਾਂ ਤੁਹਾਨੂੰ ਸਮਾਜ ਦੀ ਪਰਵਾਹ ਨਹੀਂ ਹੁੰਦੀ। ਸਮਾਜ ਤੋਂ ਇਲਾਵਾ ਮੇਰੇ ਕੋਲ ਖੇਤੀ ਵਿੱਚ ਦੋ ਹੋਰ ਚੁਣੌਤੀਆਂ ਸਨ। ਪਹਿਲਾਂ ਪਥਰੀਲੀ ਜ਼ਮੀਨ ਅਤੇ ਦੂਜਾ ਇਥੋਂ ਦੇ ਜੰਗਲੀ ਜਾਨਵਰ। ਆਪਣੀਆਂ ਫਸਲਾਂ ਨੂੰ ਬਚਾਉਣ ਲਈ ਸਾਨੂੰ ਆਪਣੀ ਜਾਨ ਖਤਰੇ ਵਿੱਚ ਪਾ ਕੇ ਖੇਤਾਂ ਵਿੱਚ ਹੀ ਸੌਣਾ ਪੈਂਦਾ ਸੀ, ਜੋ ਕੰਮ ਅੱਜ ਵੀ ਨਿਰੰਤਰ ਜਾਰੀ ਹੈ।

ਇਹ ਵੀ ਪੜ੍ਹੋ: District Sangrur ਦੀ ਸਿਰੜੀ ਕਿਸਾਨ Amandeep Kaur ਨੌਜਵਾਨਾਂ ਲਈ ਮਾਰਗ ਦਰਸ਼ਕ, Punjab ਦੀ ਧੀ ਨੇ ਖੇਤੀਬਾੜੀ ਵਿੱਚ ਹੱਥੀਂ ਕੰਮ ਕਰਨ ਦੀ ਸਿਰਜੀ ਮਿਸਾਲ

ਸਬਰ, ਸੰਤੋਖ ਅਤੇ ਸਿੱਦਕ ਦੀ ਵਧੀਆ ਮਿਸਾਲ ਰੇਖਾ ਸ਼ਰਮਾ

ਸਬਰ, ਸੰਤੋਖ ਅਤੇ ਸਿੱਦਕ ਦੀ ਵਧੀਆ ਮਿਸਾਲ ਰੇਖਾ ਸ਼ਰਮਾ

ਰੇਖਾ ਸ਼ਰਮਾ ਦਾ ਕਹਿਣਾ ਹੈ ਕਿ ਜਦੋਂ ਤੁਸੀਂ ਆਪਣੇ ਆਪ ਨੂੰ ਕਿਸੇ ਕੰਮ ਵਿੱਚ ਪੂਰੀ ਤਰ੍ਹਾਂ ਸਮਰਪਿਤ ਕਰ ਦਿੰਦੇ ਹੋ, ਤਾਂ ਤੁਸੀਂ ਆਸਾਨੀ ਨਾਲ ਨਵੀਂ ਕਾਢ ਕੱਢ ਸਕਦੇ ਹੋ। ਕੁਦਰਤੀ ਖੇਤੀ ਕਰਦੇ ਸਮੇਂ ਮੈਨੂੰ ਪਤਾ ਲੱਗਾ ਕਿ ਅਸੀਂ ਬਹੁਤ ਸਾਰੀਆਂ ਅਨਮੋਲ ਜੜ੍ਹੀਆਂ ਬੂਟੀਆਂ ਬਾਰੇ ਨਹੀਂ ਜਾਣਦੇ, ਜੋ ਕੁਦਰਤ ਸਾਨੂੰ ਸਾਲਾਂ ਤੋਂ ਬਿਨਾਂ ਕਿਸੇ ਰੱਖ-ਰਖਾਅ ਦੇ ਸਾਡੇ ਜੰਗਲਾਂ ਵਿੱਚ ਮੁਫਤ ਵਿੱਚ ਦੇ ਰਹੀ ਹੈ, ਜੇਕਰ ਅਸੀਂ ਉਨ੍ਹਾਂ ਨੂੰ ਦਵਾਈਆਂ ਦੇ ਰੂਪ ਵਿੱਚ ਵਰਤੀਏ ਤਾਂ ਇਹ ਕਾਫੀ ਲਾਭਦਾਇਕ ਹੋ ਸਕਦਾ ਹੈ ਅਤੇ ਕਈ ਬਿਮਾਰੀਆਂ ਦੇ ਇਲਾਜ ਲਈ ਵਰਦਾਨ ਸਾਬਿਤ ਹੋ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਇਸ ਦਿਸ਼ਾ ਵੱਲ ਕਦਮ ਚੁੱਕਦੇ ਹੋਏ, ਅਸੀਂ ਹਲਦੀ, ਐਲੋਵੇਰਾ, ਹਰੜ, ਬਹੇੜਾ ਅਤੇ ਆਂਵਲੇ ਦੀ ਪ੍ਰੋਸੈਸਿੰਗ 'ਤੇ ਕੰਮ ਕਰਨਾ ਸ਼ੁਰੂ ਕੀਤਾ, ਜੋ ਆਮ ਤੌਰ 'ਤੇ ਜੰਗਲਾਂ ਵਿੱਚ ਬਰਬਾਦ ਹੋ ਜਾਂਦੇ ਹਨ। ਰੇਖਾ ਦਾ ਕਹਿਣਾ ਹੈ ਕਿ ਸਾਲ 2003 ਵਿੱਚ ਅਸੀਂ 13 ਮੈਂਬਰਾਂ ਨਾਲ ਆਪਣਾ ਸਫ਼ਰ ਸ਼ੁਰੂ ਕੀਤਾ ਸੀ ਅਤੇ ਅੱਜ 350 ਦੇ ਕਰੀਬ ਮੈਂਬਰ ਗਰੁੱਪ ਨਾਲ ਜੁੜੇ ਹੋਏ ਹਨ। ਇਨ੍ਹਾਂ ਦੇ ਮੁੱਖ ਉਤਪਾਦਾਂ ਵਿੱਚ ਸਕੁਐਸ਼, ਨਿੰਬੂ ਦਾ ਰਸ, ਲੀਚੀ ਦਾ ਰਸ, ਅੰਬ ਦਾ ਰਸ, ਕਰੈਨਬੇਰੀ ਦਾ ਰਸ, ਕੈਂਡੀ, ਬਰਫ਼ੀ, ਅਚਾਰ, ਚਟਣੀਆਂ, ਬਾਂਸ ਦਾ ਅਚਾਰ ਆਦਿ ਸ਼ਾਮਿਲ ਹਨ।

ਰੇਖਾ ਸ਼ਰਮਾ ਦਾ ਕਹਿਣਾ ਹੈ ਕਿ ਅਸੀਂ ਕੁਦਰਤੀ ਖੇਤੀ ਕਰਨ ਦੇ ਨਾਲ-ਨਾਲ ਸਮਾਜ ਵਿੱਚ ਲੋਕ ਜਾਗਰੂਕਤਾ ਦਾ ਕੰਮ ਵੀ ਕਰਦੇ ਹਾਂ। ਅਸੀਂ ਲੋਕਾਂ ਨੂੰ ਦੱਸਦੇ ਹਾਂ ਕਿ ਰੋਜ਼ਾਨਾ ਇਨ੍ਹਾਂ ਉਤਪਾਦਾਂ ਦੀ ਵਰਤੋਂ ਕਰਕੇ ਕਈ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਅਸੀਂ ਆਪਣੇ ਉਤਪਾਦਾਂ ਦੀ ਖੁਦ ਮਾਰਕੀਟਿੰਗ ਕਰਦੇ ਹਾਂ ਅਤੇ ਉਨ੍ਹਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਗਾਹਕਾਂ ਲਈ ਉਪਲਬਧ ਕਰਾਉਂਦੇ ਹਾਂ। ਰੇਖਾ ਸ਼ਰਮਾ ਦੱਸਦੇ ਹਨ ਕਿ ਅਸੀਂ ਇਨ੍ਹਾਂ ਉਤਪਾਦਾਂ ਨੂੰ ਕਿਸਾਨ ਮੇਲਿਆਂ ਰਾਹੀਂ ਅਤੇ ਸੋਸ਼ਲ ਮੀਡੀਆ ਅਤੇ ਈ-ਕਾਮਰਸ ਪਲੇਟਫਾਰਮਾਂ ਰਾਹੀਂ ਵੀ ਵੇਚਦੇ ਹਾਂ।

ਇਹ ਵੀ ਪੜ੍ਹੋ: Female Farmer ਸੁਰਜੀਤ ਕੌਰ ਨੇ YouTube ਅਤੇ Social Media ਰਾਹੀਂ ਸ਼ੁਰੂ ਕੀਤੀ Natural Farming, ਅੱਜ ਹੋਰਨਾਂ ਕਿਸਾਨ ਬੀਬੀਆਂ ਲਈ ਬਣੀ Inspiration

ਦੱਸ ਦੇਈਏ ਕਿ ਖੇਤੀ ਅਤੇ ਖੇਤੀ ਅਧਾਰਿਤ ਕਿੱਤਿਆਂ ਸੰਬੰਧੀ ਸਿਖਲਾਈ ਰੇਖਾ ਸ਼ਰਮਾ ਨੇ ਕ੍ਰਿਸ਼ੀ ਵਿਗਿਆਨ ਕੇਂਦਰ, ਗੁਰਦਾਸਪੁਰ, ਪੀ.ਐਚ.ਪੀ.ਟੀ.ਸੀ., ਪੀਏਯੂ, ਲੁਧਿਆਣਾ ਅਤੇ ਡਾ. ਵਾਈ.ਐਸ.ਪਰਮਾਰ ਯੂਨੀਵਰਸਿਟੀ ਆਫ਼ ਹੋਰਟੀਕਲਚਰ ਐਂਡ ਫੋਰੇਸਟਰੀ, ਸੋਲਨ (ਹਿਮਾਚਲ ਪ੍ਰਦੇਸ਼) ਤੋਂ ਪ੍ਰਾਪਤ ਕੀਤੀ ਹੈ। ਸਦਾ ਸ਼ਿਵ ਮਾਡਰਨ ਸਵੈ-ਸਹਾਇਤਾ ਗਰੁੱਪ ਦੇ ਰਾਹੀਂ ਸਿਖਰਾਂ 'ਤੇ ਪਹੁੰਚ ਕੇ ਨਾਮਣਾ ਖੱਟਣ ਵਾਲੀ ਕੁਮਾਰੀ ਰੇਖਾ ਸ਼ਰਮਾ ਦਾ ਆਪਣੇ ਗਰੁੱਪ ਨੂੰ ਵਿਸ਼ੇਸ਼ ਯੋਗਦਾਨ ਹੈ। ਇਨ੍ਹਾਂ ਸਾਂਝੇ ਯਤਨਾਂ ਸਦਕਾ ਹੀ ਇਨ੍ਹਾਂ ਦੇ ਗਰੁੱਪ ਨੂੰ ਸਟੇਟ ਅਵਾਰਡ 2013, ਨੈਸ਼ਨਲ ਅਵਾਰਡ 2012 ਮਿਲੇ। ਰੇਖਾ ਸ਼ਰਮਾ ਨੂੰ 2012 ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਮਿਤੀ 26-7-2012 ਨੂੰ ਇਨ੍ਹਾਂ ਦੇ ਯੂਨਿਟ ਦਾ ਦੌਰਾ ਕਰਕੇ 77 ਲੱਖ ਦੀ ਵਿੱਤੀ ਸਹਾਇਤਾ ਦਿੱਤੀ ਗਈ।

ਆਪਣੇ ਇਲਾਕੇ ਦੀਆਂ ਔਰਤਾਂ ਲਈ ਮਾਰਗ-ਦਰਸ਼ਕ ਬਣੀ ਰੇਖਾ ਸ਼ਰਮਾ ਨੇ ਸਬਜ਼ੀਆਂ ਅਤੇ ਫਲਾਂ ਦੀ ਪ੍ਰੋਸੈਸਿੰਗ ਨੂੰ ਰੁਜ਼ਗਾਰ ਦਾ ਰਾਹ ਬਣਾ ਕੇ ਚੰਗਾ ਨਾਂ ਬਣਾਇਆ ਹੈ। ਇਨ੍ਹਾਂ ਹੀ ਨਹੀਂ, ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਵਿੱਚ ਵੀ ਕੁਮਾਰੀ ਰੇਖਾ ਸ਼ਰਮਾ ਵਿਸ਼ੇਸ਼ ਯੋਗਦਾਨ ਪਾ ਰਹੀ ਹੈ। ਕੁੱਲ ਮਿਲਾ ਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਰੇਖਾ ਸ਼ਰਮਾ ਹਰ ਉਸ ਔਰਤ ਲਈ ਇੱਕ ਪ੍ਰੇਰਨਾ ਸਰੋਤ ਹਨ, ਜਿਨ੍ਹਾਂ ਵਿੱਚ ਕੁਝ ਕਰ ਦਿਖਾਉਣ ਦਾ ਜ਼ਜ਼ਬਾ ਤਾਂ ਹੈ ਪਰ ਉਨ੍ਹੀ ਹਿੰਮਤ ਨਹੀਂ ਕੇ ਔਂਕੜਾਂ ਨੂੰ ਪਾਰ ਕਰਕੇ ਅਤੇ ਸਮਾਜ ਦਾ ਟਾਕਰਾ ਕਰਕੇ ਇੱਕ ਮੁਕਾਮ ਤੱਕ ਪਹੁੰਚ ਸਕਣ। ਕ੍ਰਿਸ਼ੀ ਜਾਗਰਣ ਰੇਖਾ ਸ਼ਰਮਾ ਦੇ ਜਜ਼ਬੇ ਨੂੰ ਸਲਾਮ ਕਰਦਾ ਹੈ ਅਤੇ ਆਸ ਕਰਦਾ ਹੈ ਕਿ ਰੇਖਾ ਸ਼ਰਮਾ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੀਆਂ ਸਫਲਤਾਵਾਂ ਹਾਸਲ ਕਰਦੇ ਰਹਿਣਗੇ।

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Rekha Sharma of Hoshiarpur is a good example of patience, contentment and righteousness, changed the lives of many women due to her unique thinking and hard work, got National Award at a young age.

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters