ਸਫਲ ਕਿਸਾਨ ਸ. ਗੁਰਨਾਮ ਸਿੰਘ
Success Story: ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਨੇ ਖੇਤੀ ਵਿੱਚ ਵੱਡੀਆਂ ਪੁਲਾਘਾਂ ਪੁੱਟੀਆ ਹਨ ਪਰ ਇਸ ਦੇ ਨਾਲ-ਨਾਲ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਵੀ ਉਭਰ ਕੇ ਆਈਆਂ ਹਨ ਜਿਸ ਕਾਰਨ ਫ਼ਸਲਾਂ ਦੀ ਚੰਗੀ ਪੈਦਾਵਾਰ ਹੋਣ ਦੇ ਬਾਵਜ਼ੂਦ ਵੀ ਕਿਸਾਨਾਂ ਦੇ ਮੁਨਾਫੇ ਵਿੱਚ ਵਾਧਾ ਨਹੀਂ ਹੋ ਰਿਹਾ। ਪਰਿਵਾਰਾਂ ਵਿੱਚ ਵੰਡੀਆਂ ਕਰਕੇ ਛੋਟੀਆਂ ਹੋ ਰਹੀਆਂ ਖੇਤੀ ਜੋਤਾਂ, ਖੇਤੀ ਮਸ਼ੀਨਰੀ ਤੇ ਵੱਧ ਰਹੀ ਨਿਰਭਰਤਾ, ਨਵੀਂ- ਨਵੀਂ ਕਿਸਮ ਦੇ ਕੀੜੇ ਅਤੇ ਬੀਮਾਰੀਆਂ ਦਾ ਹਮਲਾ ਅਤੇ ਮੌਸਮ ਦੀ ਖਲਬਲੀ ਕਾਰਨ ਛੋਟੀ ਕਿਰਸਾਨੀ ਮੁਸ਼ਕਿਲ ਵਿੱਚ ਆ ਗਈ ਹੈ।
ਆਮਦਨੀ ਵਧਾਉਣ ਲਈ ਖੇਤੀ ਦੇ ਨਾਲ-ਨਾਲ ਹੋਰ ਕਿੱਤਿਆ ਨੂੰ ਅਪਣਾਉਣਾ ਸਮੇਂ ਦੀ ਮੰਗ ਹੈ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਵੱਖ-ਵੱਖ ਪਲੇਟਫਾਰਮਾਂ ਤੇ ਕਈ ਤਰਾਂ ਦੇ ਸਹਾਇਕ ਧੰਦੇ ਜਿਵੇਂ ਕਿ ਪਸ਼ੂ ਪਾਲਣ, ਪੋਲਟਰੀ, ਮੱਛੀ ਪਾਲਣ, ਸੂਰ ਪਾਲਣ, ਬੱਕਰੀ ਪਾਲਣ, ਖੁੰਬਾਂ ਦੀ ਕਾਸ਼ਤ, ਮੱਧੂ ਮੱਖੀ ਪਾਲਣ ਆਦਿ ਨੂੰ ਅਪਨਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
ਮਿਹਨਤ ਅਤੇ ਲਗਨ ਦੀ ਬਦੌਲਤ ਇਨਸਾਨ ਆਪਣੇ ਹਰ ਸੁਪਨੇ ਨੂੰ ਪੂਰਾ ਕਰ ਸਕਦਾ ਹੈ। ਇਸ ਲੇਖ ਵਿੱਚ ਅਜਿਹੇ ਹੀ ਇੱਕ ਕਿਸਾਨ ਦੀ ਗੱਲ ਕਰਨ ਜਾ ਰਹੇ ਹਾਂ ਜਿਸ ਨੇ ਕ੍ਰਿਸ਼ੀ ਵਿਗਿਆਨ ਕੇਂਦਰ, ਗੁਰਦਾਸਪੁਰ ਤੋਂ ਸਿਖਲਾਈ ਲੈ ਕੇ ਆਪਣਾ ਡੇਅਰੀ ਪਾਲਣ, ਬੱਕਰੀ ਪਾਲਣ ਅਤੇ ਮੁਰਗੀ ਪਾਲਣ ਦਾ ਕੰਮ ਸ਼ੁਰੂ ਕਰਕੇ ਆਪਣੇ ਜੀਵਨ ਨੂੰ ਨਵੀਂ ਦਿਸ਼ਾ ਵੱਲ ਲੈ ਕੇ ਜਾ ਰਿਹਾ ਹੈ। ਇਸ ਹਿੰਮਤੀ ਕਿਸਾਨ ਦਾ ਨਾਮ ਸ. ਗੁਰਨਾਮ ਸਿੰਘ ਹੈ ਅਤੇ ਇਹ ਪਿੰਡ ਅਬਲਖੈਰ, ਜ਼ਿਲਾਂ ਗੁਰਦਾਸਪੁਰ ਦਾ ਰਹਿਣ ਵਾਲਾ ਹੈ। ਇਸ ਕੋਲ ਪਿਤਾ ਪੁਰਖੀ ਜ਼ਮੀਨ ਸਿਰਫ 2 ਏਕੜ ਹੈ। ਕਈ ਸਾਲਾਂ ਤੋਂ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿੱਚ ਫਸੇ ਹੋਣ ਦੇ ਬਾਵਜੂਦ ਇਸ ਕਿਸਾਨ ਨੂੰ ਕੁਝ ਹੋਰ ਕੰਮ ਕਰਨ ਦੀ ਤਾਂਘ ਸੀ ਤਾਂ ਜੋ ਆਪਣੀ ਆਮਦਨੀ ਵਧਾ ਸਕੇ। ਇਸ ਨੇ ਕ੍ਰਿਸ਼ੀ ਵਿਗਿਆਨ ਕੇਂਦਰ, ਗੁਰਦਾਸਪੁਰ ਦੇ ਮਾਹਿਰਾਂ ਨਾਲ ਸੰਪਰਕ ਕੀਤਾ ਅਤੇ ਸਲਾਹ ਮੁਤਾਬਿਕ ਪਸ਼ੂ ਪਾਲਣ (ਸਾਲ 2016) ਦੀ ਟ੍ਰੇਨਿੰਗ ਲੈਣ ਪਿਛੋਂ ਡੇਅਰੀ (2017-18) ਦਾ ਕੰਮ ਸ਼ੁਰੂ ਕਰ ਲਿਆ।
ਮੌਜੂਦਾ ਸਮੇਂ ਵਿੱਚ ਇਹਨਾਂ ਕੋਲ ਕੁੱਲ 32 ਪਸ਼ੂ ਹਨ ਜਿੰਨਾਂ ਵਿੱਚ ਦੁੱਧ ਦਿੰਦੀਆਂ 16 ਗਾਵਾਂ (ਐਚ. ਐਫ), 5 ਗੱਭਣ ਪਸ਼ੂ, 5 ਵਹਿੜੀਆਂ, 6 ਛੋਟੀਆਂ ਕੱਟੀਆਂ ਵੱਛੀਆਂ ਹਨ। ਅਣਥੱਕ ਮਿਹਨਤ ਸਦਕਾ ਉਹਨਾਂ ਦੇ ਫਾਰਮ ਤੇ ਕੁੱਲ ਦੁੱਧ ਉਤਪਾਦਨ 1.5-2 ਕੁਇੰਟਲ ਪ੍ਰਤੀ ਦਿਨ ਹੈ ਜਿਸ ਦੀ ਔਸਤ 10-15 ਲਿਟਰ ਪ੍ਰਤੀ ਪਸ਼ੂ ਬਣਦੀ ਹੈ। ਦੁੱਧ ਤੋਂ ਵਧੀਆ ਮੁਨਾਫ਼ਾ ਲੈਣ ਲਈ ਰੋਜ਼ਾਨਾ ਸਵੇਰੇ ਸ਼ਾਮ ਨੇੜਲੇ ਪੈਂਦੇ ਸ਼ਹਿਰ ਗੁਰਦਾਸਪੁਰ ਵਿੱਚ ਘਰ-ਘਰ ਜਾ ਕੇ ਦੁੱਧ ਦੀ ਸਪਲਾਈ ਕਰਦੇ ਹਨ ਜਿੱਥੋਂ ਕਿ 50-55 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਰੇਟ ਮਿਲ ਜਾਂਦਾ ਹੈ। ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਨਿਰਧਾਰਤ ਸਮੇਂ ਤੇ ਟੀਕਾਕਰਨ, ਅੰਦਰੂਨੀ ਅਤੇ ਬਾਹਰੀ ਪ੍ਰਜੀਵੀਆਂ ਤੋਂ ਰਹਿਤ ਕਰਨਾ ਉਹ ਬਹੁਤ ਜ਼ਰੂਰੀ ਸਮਝਦੇ ਹਨ।
ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਅਤੇ ਅਰਾਮਦਾਇਕ ਵਾਤਾਵਰਣ ਵਿੱਚ ਰੱਖਣ ਲਈ ਖੁੱਲ੍ਹੇ ਸ਼ੈੱਡ ਜਿਸ ਵਿੱਚ ਪੱਖੇ, ਕੂਲਰ, ਫੁਹਾਰੇ, ਪੀਣ ਵਾਲੇ ਪਾਣੀ ਅਤੇ ਚਾਰੇ ਦਾ ਪ੍ਰਬੰਧ ਕੀਤਾ ਗਿਆ ਹੈ। ਸਾਫ਼ ਅਤੇ ਮਿਆਰੀ ਦੁੱਧ ਪੈਦਾ ਕਰਨ ਲਈ ਦੁੱਧ ਚੋਣ ਵਾਲੀ ਮਸ਼ੀਨ ਵੀ ਰੱਖੀ ਹੋਈ ਹੈ।ਉਨ੍ਹਾਂ ਨੇ ਗੋਬਰ ਦੀ ਸੁਚੱਜੀ ਵਰਤੋਂ ਵਾਸਤੇ ਗੋਬਰ ਗੈਸ ਪਲਾਂਟ ਵੀ ਲਗਵਾਇਆ ਹੋਇਆ ਹੈ ਜਿਥੋਂ ਕਿ ਰੋਜ਼ਾਨਾ ਘਰੇਲੂ ਗੈਸ ਦੀ ਪੂਰਤੀ ਕੀਤੀ ਜਾਂਦੀ ਹੈ ਅਤੇ ਨਾਲ ਹੀ ਖੇਤਾਂ ਵਿੱਚ ਵਰਤਣ ਵਾਸਤੇ ਸਲੱਰੀ ਵੀ ਪ੍ਰਾਪਤ ਹੁੰਦੀ ਹੈ। ਪਸ਼ੂਆਂ ਵਾਸਤੇ ਖੁਰਾਕ ਘਰੇਲੂ ਪੱਧਰ ‘ਤੇ ਤਿਆਰ ਕੀਤੀ ਜਾਂਦੀ ਹੈ ਤਾਂ ਜੋ ਸਸਤਾ ਅਤੇ ਵਧੀਆ ਦੁੱਧ ਪੈਦਾ ਕੀਤਾ ਜਾ ਸਕੇ।
ਇਸ ਵਲੋਂ ਆਪਣੇ ਫਾਰਮ ‘ਤੇ ਹਰੇ ਚਾਰੇ ਦਾ ਆਚਾਰ ਤਿਆਰ ਕਰਨ ਲਈ ਇੱਕ ਟੋਆ (ਸਾਈਲੇਜ ਪਿੱਟ) ਬਣਾਇਆ ਹੋਇਆ ਹੈ ਜੋ ਕਿ ਸਸਤੇ ਅਤੇ ਵਧੀਆ ਗੁਣਵੱਤਾ ਵਾਲੇ ਦੁੱਧ ਉਤਪਾਦਨ ਲਈ ਇੱਕ ਵਰਦਾਨ ਹੈ। ਵਧੀਆ ਨਸਲ ਦੇ ਸਾਨ ਦੇ ਟੀਕੇ ਨਾਲ ਮਨਸੂਈ ਗਰਭਦਾਨ ਕਰਵਾ ਕੇ ਨਸਲ ਸੁਧਾਰ ਕਰਕੇ ਵੱਧ ਮੁਨਾਫ਼ਾ ਕਮਾ ਰਿਹਾ ਹੈ।ਉਹਨਾਂ ਦੀ ਹੱਥੀ ਕੰਮ ਕਰਨ ਦੀ ਆਦਤ ਕਰਕੇ ਇਹ ਕਿਸਾਨ ਆਪਣੀ 2 ਏਕੜ ਦੀ ਖੇਤੀ ਵੀ ਆਪ ਕਰਦਾ ਹੈ ਅਤੇ ਪਸ਼ੂਆਂ ਦਾ ਕੰਮ ਵੀ ਆਪ ਦੇਖਦਾ ਹੈ। ਇਸ ਕੰਮ ਵਾਸਤੇ ਇਹਨਾਂ ਦਾ ਬੇਟਾ ਇਹਨਾਂ ਦੀ ਸਹਾਇਤਾ ਕਰਦਾ ਹੈ।
ਡੇਅਰੀ ਦੇ ਨਾਲ-ਨਾਲ ਵੱਧ ਮੁਨਾਫ਼ੇ ਵਾਸਤੇ ਇਸ ਉਦਮੀ ਕਿਸਾਨ ਨੇ ਦੇਸੀ ਮੁਰਗੀਆਂ (300) ਵੀ ਰੱਖੀਆਂ ਹੋਈਆ ਹਨ ਕਿਉਂਕਿ ਦੇਸੀ ਆਂਡਿਆ ਦੀ ਕੀਮਤ ਬਜ਼ਾਰ ਵਿੱਚ ਦੁਗਣੀ ਹੈ। ਇਹ ਕਿਸਾਨ ਗਰਮੀਆਂ ਵਿੱਚ ਆਂਡੇ 10 ਰੁਪਏ ਪ੍ਰਤੀ ਆਂਡਾ ਅਤੇ ਸਰਦੀਆਂ ਵਿੱਚ 15 ਰੁਪਏ ਪ੍ਰਤੀ ਆਂਡਾ ਵੇਚਦਾ ਹੈ। ਆਂਡੇ ਵੇਚਣ ਵਾਸਤੇ ਇਸ ਨੂੰ ਕੋਈ ਖੇਚਲ ਨਹੀਂ ਕਰਨੀ ਪੈਂਦੀ ਕਿਉਂਕਿ ਆਂਢ-ਗੁਆਂਢ ਦੇ ਲੋਕ ਹੀ ਆਂਡੇ ਖਰੀਦ ਲੈਂਦੇ ਹਨ।
ਕਈ ਵਾਰ ਤਾਂ ਐਵੇ ਵੀ ਹੋ ਜਾਂਦਾ ਕਿ ਆਂਡੇ ਘੱਟ ਤੇ ਗਾਹਕ ਜ਼ਿਆਦਾ ਹੋ ਜਾਂਦੇ ਹਨ। ਇਥੋਂ ਤੱਕ ਕੇ ਲੋਕ ਆਂਡਿਆ ਦੀ ਵਧੇਰੇ ਕੀਮਤ ਵੀ ਅਦਾ ਕਰਨ ਨੂੰ ਤਿਆਰ ਹੋ ਜਾਂਦੇ ਹਨ। ਇਸ ਤੋਂ ਉਤਸਾਹਿਤ ਹੋ ਕੇ ਹੁਣ ਉਹ ਮੁਰਗੀਆਂ ਦੀ ਗਿਣਤੀ ਵਧਾੳੇਣ ਦੀ ਤਿਆਰੀ ਕਰ ਰਿਹਾ ਹੈ। ਇਹ ਕਿਸਾਨ ਮੁਰਗੀਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਨਿਰਧਾਰਤ ਸਮੇਂ ਤੇ ਟੀਕਾਕਰਨ ਕਰਾਉਣਾ ਨਹੀ ਭੁਲਦਾ। ਆਂਡਿਆਂ ਦੇ ਨਾਲ-ਨਾਲ ਇਹ ਕਿਸਾਨ ਮੀਟ ਵਾਸਤੇ ਵੀ ਕੁਕੜ ਅਤੇ ਮੁਰਗੀਆਂ ਵੇਚਦਾ ਹੈ।
ਪਿਛਲੇ ਇੱਕ ਸਾਲਾਂ ਤੋਂ ਇਹ ਕਿਸਾਨ ਬੱਕਰੀ ਪਾਲਣ ਦਕ ਕੰਮ ਵੀ ਕਰ ਰਿਹਾ ਹੈ ਕਿਉਂਕਿ ਬੱਕਰੀ ਪਾਲਣ ਦਕ ਕਿੱਤਾ ਬਹੁਤ ਹੀ ਲਾਭਦਾਇਕ ਅਤੇ ਘੱਟ ਖਰਚੇ ਵਾਲਾ ਹੈ ਜਿਸ ਕਾਰਨ ਬਹੁਤ ਸਾਰੇ ਕਿਸਾਨ ਇਸ ਕਿੱਤੇ ਨੂੰ ਤਰਜੀਹ ਦੇ ਰਹੇ ਹਨ। ਗੁਰਨਾਮ ਡ;ਜ਼ਣ ਕੋਲ ਬੀਟਲ ਕਿਸਮ ਦੀਆਂ 10-15 ਬੱਕਰੀਆਂ ਹਨ। ਉਹਨਾਂ ਦੱਸਿਆ ਕਿ ਬੀਟਲ ਕਿਸਮ ਦੀ ਕੀਮਤ ਬਾਕੀ ਨਸਲ ਦੀਆਂ ਬੱਕਰੀਆਂ ਨਾਲੋਂ ਜ਼ਿਆਦਾ ਹੁੰਦੀ ਹੈ ਅਤੇ ਇਹ ਕਿਸਮ ਦੁੱਧ ਵੀ ਜ਼ਿਆਦਾ ਦਿੰਦੀ ਹੈ। ਇਹ ਕਿਸਾਨ ਬੱਕਰੀਆਂ ਦਾ ਦੁੱਧ ਵੇਚਣ ਦੇ ਨਾਲ-ਨਾਲ ਮੀਟ ਵੀ ਵੇਚਦਾ ਹੈ।
ਸ. ਗੁਰਨਾਮ ਸਿੰਘ ਨੇ ਦੱਸਿਆ ਕਿ ਸਫ਼ਲਤਾ ਇੰਨੀ ਸੌਖੀ ਨਹੀਂ ਹਾਸਿਲ ਨਹੀਂ ਕੀਤੀ ਜਾਂਦੀ। ਇਸ ਦੇ ਲਈ ਸਾਨੂੰ ਸਖਤ ਮਿਹਨਤ ਵੀ ਕਰਨੀ ਪੈਂਦੀ ਹੈ ਅਤੇ ਕਈ ਵਾਰ ਮੁਸਕਿਲਾਂ ਦਾ ਸਾਹਮਣਾ ਕਰਦੇ ਹੋਏ ਘਾਟਾ ਵੀ ਝੱਲਣਾ ਪੈਂਦਾ ਹੈ ਪਰ ਹੌਸਲਾ ਨਾ ਹਾਰ ਕੇ ਇਹਨਾਂ ਮੁਸਕਿਲਾਂ ਦਾ ਸਾਹਮਣਾ ਕਰਦੇ ਹੋਏ ਫਿਰ ਕਾਮਯਾਬ ਹੋਇਆ ਜਾ ਸਕਦਾ ਹੈ।ਆਪਣੀ ਇਸ ਅਣਥੱਕ ਮਿਹਨਤ ਅਤੇ ਕਾਮਯਾਬੀ ਸਦਕਾ ਇਸ ਕਿਸਾਨ ਨੇ ਕਈ ਇਨਾਮ ਆਪਣੀ ਝੋਲੀ ਵਿੱਚ ਪਾਏ ਹਨ।
ਸੰਨ 2023 (ਸਤੰਬਰ) ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਗੁਰਦਾਸਪੁਰ ਵਿਖੇ ਲਗਾਏ ਜਾਂਦੇ ਕਿਸਾਨ ਮੇਲੇ ਵਿੱਚ “ ਅਗਾਂਹਵਧੂ ਕਿਸਾਨ” ਵਜੋਂ ਇਨਾਮ ਪ੍ਰਾਪਤ ਕੀਤਾ ਹੈ।ਇਸ ਸਫ਼ਲਤਾ ਦਾ ਸਿਹਰਾ ਉਹ ਆਪਣੇ ਪਰਿਵਾਰ ਦੇ ਸਹਿਯੋਗ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਗੁਰਦਾਸਪੁਰ ਦੀ ਤਕਨੀਕੀ ਸਲਾਹ ਨੂੰ ਦਿੰਦਾ ਹੈ।ਇਹ ਕਿਸਾਨ ਆਪਣੇ ਆਲੇ-ਦੁਆਲੇ ਦੇ ਛੋਟੀ ਕਿਰਸਾਨੀ ਲਈ ਰਾਹ ਦਸੇਰਾ ਹੈ।
ਸਰੋਤ: ਅੰਕੁਸ਼ ਪਰੋਚ, ਰਾਜਵਿੰਦਰ ਕੌਰ ਅਤੇ ਯਾਮਿਨੀ ਸਰਮਾ
ਕ੍ਰਿਸ਼ੀ ਵਿਗਿਆਨ ਕੇਂਦਰ, ਗੁਰਦਾਸਪੁਰ
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ [email protected] 'ਤੇ ਈਮੇਲ ਕਰੋ।
Summary in English: Success Story Punjab Gurdaspur Farmer S Gurnam Singh, A reputation earned through diverse farming