
Gurwinder Singh Sohi
ਪੰਜਾਬ ਦਾ ਕਿਸਾਨ ਤਜ਼ਰਬਿਆਂ ਦੀ ਖੇਤੀ ਕਰਦਾ ਹੈ। ਖੇਤੀਬਾੜੀ ਵਿੱਚ ਵੰਨ-ਸੁਵੰਨਤਾ ਪੰਜਾਬ ਦੇ ਕਿਸਾਨ ਦੀ ਆਰਥਿਕ ਖੁਸ਼ਹਾਲੀ ਦਾ ਵੱਡਾ ਰਾਜ਼ ਹੈ। ਆਪਣੇ ਫ਼ਸਲੀ ਚੱਕਰ ਵਿੱਚੋਂ ਬਾਹਰ ਨਿਕਲ ਕੇ ਕਿਸੇ ਵਿਲੱਖਣ ਖੇਤੀ ਜਿਣਸ ਦੀ ਪੈਦਾਵਾਰ ਹੀ ਅੱਜ ਦੇ ਸਮੇਂ ਦੀ ਮੁੱਖ ਮੰਗ ਹੈ।
ਅਜਿਹੀ ਹੀ ਵਿਲੱਖਣ ਖੇਤੀ ਹੈ ਵਪਾਰਕ ਪੱਧਰ ਤੇ ਫੁਲਾਂ ਦੀ ਕਾਸ਼ਤ। ਜ਼ਿਲ੍ਹਾ ਸ਼ੀ ਮੁਕਤਸਰ ਸਾਹਿਬ, ਤਹਿਸੀਲ ਖਮਾਣੋ, ਪਿੰਡ ਨਾਨੋਵਾਲ ਖੁਰਦ ਦਾ ਇੱਕ ਅਗਾਂਹਵਧੂ ਨੌਜਵਾਨ ਕਿਸਾਨ ਹੈ ਗੁਰਵਿੰਦਰ ਸਿੰਘ ਸੋਹੀ ਜੋ ਕਿ ਫੁਲਾਂ ਦੀ ਵਪਾਰਕ ਪੱਧਰ ਤੇ ਕਾਸ਼ਤ ਕਰਕੇ ਪੰਜਾਬ ਹੀ ਨਹੀਂ ਸਗੋਂ ਹੋਰ ਦੂਜੇ ਕਈ ਦੇਸ਼ਾਂ ਵਿੱਚ ਵੀ ਆਪਣਾ ਨਾਂ ਕਮਾਅ ਰਿਹਾ ਹੈ। ਮਾਤਾ ਹਰਜੀਤ ਕੌਰ ਸੋਹੀ ਅਤੇ ਪਿਤਾ ਗੁਰਦੀਪ ਸਿੰਘ ਸੋਹੀ ਦਾ ਸਪੁੱਤਰ ਗੁਰਵਿੰਦਰ ਸਿੰਘ ਸੋਹੀ ਫੁਲਾਂ ਦੀ ਕਾਸ਼ਤ ਕਰਨ ਤੋਂ ਪਹਿਲਾਂ ਸਧਾਰਣ ਖੇਤੀ ਕਰਦਾ ਸੀ ਅਤੇ ਖੇਤੀ ਤਜ਼ਰਬਿਆਂ ਵੱਜੋਂ ਉਸਨੇ ਸਭ ਤੋਂ ਪਹਿਲਾਂ 1996 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਿਸਟੀ, ਲੁਧਿਆਣਾ ਤੋਂ ਖੁੰਬਾਂ ਦੀ ਪੈਦਾਵਾਰ ਕਰਨ ਲਈ ਸਿਖਲਾਈ ਲਈ ਅਤੇ ਕੰਮ ਅਰੰਭਿਆ।

Successful Flower Producer
ਲਗਭਗ 3 ਸਾਲ ਇਸ ਕਿੱਤੇ ਨੂੰ ਕਰਨ ਉਪਰੰਤ ਕੋਈ ਜ਼ਿਆਦਾ ਕਾਮਯਾਬੀ ਨਾ ਮਿਲਣ ਕਰਕੇ 1 ਸਾਲ ਮੁਰਗੀ ਪਾਲਣ ਦੇ ਕਿੱਤੇ ਨੂੰ ਅਪਨਾਅ ਲਿਆ ਪਰ ਇਸ ਕਿਤੇ ਵਿੱਚ ਵੀ ਕੋਈ ਖਾਸ ਕਾਮਗ਼ਾਬੀ ਨਾ ਮਿਲਣ ਕਰਕੇ ਇਸ ਕਿੱਤੇ ਨੂੰ ਵੀ ਬੰਦ ਕਰਨਾ ਪਿਆ ਪਰ ਨੌਜਵਾਨ ਦਿਲ ਦੇ ਵਿੱਚ ਜੋਸ਼ ਦੀ ਕੋਈ ਕਮੀਂ ਨਹੀਂ ਸੀ ਅਤੇ ਉਰੰਤ ਘੋੜੇ-ਘੋੜੀਆਂ ਨੂੰ ਪਾਲਣ ਅਤੇ ਵੇਚਣ ਦਾ ਕਿਤਾ ਅਪਨਾਅ ਲਿਆ। ਲਗਭਗ 3 ਸਾਲ ਹੀ ਇਸ ਕਿੱਤੇ ਨੂੰ ਕਰਨ ਤੋਂ ਬਾਅਦ ਇਹ ਕਿੱਤਾ ਵੀ ਛਡਣਾ ਪਿਆ। 1 ਸਾਲ ਖਮਾਣੋ ਵਿੱਖੇ ਮਿਠਾਈਆਂ ਦੀ ਦੁਕਾਨ ਵੀ ਕੀਤੀ, ਫ਼ਿਰ ਮੋਗੇ ਤੋਂ ਜੀਪਾਂ ਤਿਆਰ ਕਰਕੇ ਵੀ ਵੇਚੀਆਂ ਅਤੇ ਖੇਤੀਬਾੜੀ ਸੰਦਾ ਨੂੰ ਕਿਰਾਏ ਤੇ ਦੇਣ ਦਾ ਕੰਮ ਵੀ ਕੀਤਾ ਪਰ ਜਿਵੇਂ ਗੁਰਵਿੰਦਰ ਸਿੰਘ ਸੋਹੀ ਦੀ ਕਾਮਯਾਬੀ ਦਾ ਰਾਹ ਤਾਂ ਕਿਤੇ ਹੋਰ ਥਾਂ ਤੋਂ ਹੀ ਖੁਣਲਾ ਲਿਖਿਆ ਸੀ। ਕਿਸੇ ਕੰਮ ਵਿੱਚ ਭਾਵੇਂ ਆਰਥਿਕ ਕਾਮਯਾਬੀ ਨਹੀਂ ਮਿਲੀ ਪਰ ਤਜ਼ਰਬਿਆਂ ਵਿੱਚ ਬਹੁਤ ਵਾਧਾ ਹੋਇਆ। 2008 ਵਿੱਚ ਫੁਲਾਂ ਦੀ ਵਪਾਰਕ ਪੱਧਰ ਤੇ ਖੇਤੀ ਸਿਰਫ਼ 2 ਕਨਾਲ ਜ਼ਮੀਨ ਤੋਂ ਸ਼ੁਰੂ ਕੀਤੀ ਸੀ ਤੇ ਹੁਣ ਇਸਨੂੰ ਵਧਾਅ ਕੇ 20 ਏਕੜ ਤੱਕ ਕਰ ਲਿਆ ਹੈ। ਹੁਣ ਗੁਰਵਿੰਦਰ ਸਿੰਘ ਸੋਹੀ ਨੇ ਆਪਣੀ ਕੁਲ ਜ਼ਮੀਨ ਵਿੱਚੋਂ 12 ਏਕੜ ਗਲੈਡਿਉਲਸ, 4 ਏਕੜ ਵਿੱਚ ਗੇਂਦਾ ਅਤੇ 4 ਏਕੜ ਵਿੱਚ ਹੋਰ ਦੂਜੇ ਵਿਦੇਸ਼ੀ ਫ਼ੁੱਲਾਂ ਦੀ ਕਾਸ਼ਤ ਕੀਤੀ ਹੈ। ਗੁਰਵਿੰਦਰ ਸਿੰਘ ਸੋਹੀ ਸਾਲ 2014 ਤੋਂ ਝੋਨੇ ਦੀ ਸਿੱਧੀ ਬਿਜਾਈ ਕਰ ਰਿਹਾ ਹੈ। ਇਸ ਸਾਲ ਵੀ ਗੁਰਵਿੰਦਰ ਸਿੰਘ ਸੋਹੀ ਨੇ 8 ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੋਈ ਹੈ। ਕਣਕ ਦੀ ਬਿਜਾਈ ਵੀ ਪਿੱਛਲੇ ਕੁਝ ਸਾਲਾਂ ਤੋਂ ਹੈਪੀ ਸੀਡਰ ਨਾਲ ਕਰਕੇ ਆਪਣੀ ਫ਼ਸਲ ਦਾ ਝਾੜ ਵਧਾਇਆ ਹੈ। ਪਿਛਲੇ ਬਹੁਤ ਸਾਲਾਂ ਤੋਂ ਗੁਰਵਿੰਦਰ ਸਿੰਘ ਸੋਹੀ ਨੇ ਆਪਣੇ ਖੇਤਾਂ ਦੀ ਰਹਿੰਦ-ਖੂਹੰਦ ਨੂੰ ਅੱਗ ਨਹੀਂ ਲਗਾਈ।

ਆਪਣੇ ਖੇਤੀ ਕੰਮਾਂ ਕਾਜਾਂ ਨੂੰ ਦੇਖਦੇ ਹੋਏ ਗੁਰਵਿੰਦਰ ਸਿੰਘ ਸੋਹੀ ਨੇ ਕਈ ਇਨਾਮ-ਸਨਮਾਨ ਵੀ ਹਾਸਲ ਕੀਤੇ ਹਨ। 2018 ਵਿੱਚ ਨਵੀ ਦਿੱਲੀ ਤੋਂ ਅਗਾਂਹਵਧੂ ਕਿਸਾਨ ਦਾ ਰਾਸ਼ਟਰੀ ਸਨਮਾਨ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਵੀ ਵਿਸ਼ੇਸ਼ ਸਨਮਾਨ ਹਾਸਲ ਕੀਤਾ। ਇਸ ਤੋਂ ਇਲਾਵਾ ਗੁਰਵਿੰਦਰ ਸਿੰਘ ਸੋਹੀ ਨੇ ਹੋਰ ਕਈ ਪਿੰਡ, ਜ਼ਿਲ੍ਹਾ ਅਤੇ ਰਾਜ ਪੱਧਰੀ ਸਨਮਾਨ ਵੀ ਹਾਸਲ ਕੀਤੇ। ਨਵੰਬਰ 2019 ਵਿੱਚ ਗੁਰਵਿੰਦਰ ਸਿੰਘ ਸੋਹੀ ਨੂੰ ਫੁੱਲਾਂ ਦੀ ਖੇਤੀ ਕਰਕੇ ਹਾਲੈਂਡ ਜਾਣ ਦਾ ਵੀ ਮੌਕਾ ਮਿਲਿਆ। ਗੁਰਵਿੰਦਰ ਸਿੰਘ ਸੋਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਫੁੱਲ ਉਤਪਾਦਕਾਂ ਦੁਆਰਾ ਬਣਾਏ ਇੱਕ ਕਲੱਬ ਦਾ ਪ੍ਰਧਾਨ ਵੀ ਹੈ।ਗੁਰਵਿੰਦਰ ਸਿੰਘ ਸੋਹੀ ਨੇ ਆਪਣੇ ਪਿੰਡ ਦੇ ਲਗਭਗ 12 ਕਿਸਾਨਾਂ ਨੂੰ ਮਿਲਾਅ ਕੇ ਇੱਕ ਕਲੱਬ ਦਾ ਗਠਨ ਵੀ ਕੀਤਾ ਹੈ ਜਿਸ ਨਾਲ ਸਾਂਝੀ ਖੇਤੀ ਨੂੰ ਵੀ ਹੱਲਾਸ਼ੇਰੀ ਮਿਲਦੀ ਹੈ। ਲਗਭਗ 15 ਲੱਖ ਦੀ ਖੇਤੀ ਮਸ਼ਨਿਰੀ ਨੂੰ ਇਸ ਕਲੱਬ ਦੇ ਸਾਰੇ ਮੈਂਬਰ ਰੱਲਮਿਲ ਕੇ ਵਰਤਦੇ ਹਨ।
ਗੁਰਵਿੰਦਰ ਸਿੰਘ ਸੋਹੀ ਫੁੱਲਾਂ ਦਾ ਮੰਡੀਕਰਨ ਲੁਧਿਆਣਾ, ਚੰਡੀਗੜ੍ਹ, ਦਿੱਲੀ ਆਦਿ ਵਿੱਚ ਕਰਦਾ ਹੈ। ਗਲੈਡਿਉਲਸ ਦੇ ਬਲਬ (ਬੀਜ) ਤਿਆਰ ਕਰਕੇ ਹੋਰ ਦੂਜੇ ਕਿਸਾਨਾਂ ਨੂੰ ਵੀ ਵੇਚਦਾ ਹੈ ਅਤੇ ਆਪਣੀ ਆਮਦਨ ਵਿੱਚ ਵਾਧਾ ਕਰਦਾ ਹੈ। ਬਲਬਾਂ ਦੀ ਵਿੱਕਰੀ ਪੰਜਾਬ, ਹਿਮਾਚਲ, ਉੱਤਰ ਪ੍ਰਦੇਸ਼, ਮਹਾਂਰਾਸ਼ਟਰ, ਗੋਆ ਆਦਿ ਵਿੱਚ ਬੜੀ ਹੀ ਕਾਮਯਾਬੀ ਨਾਲ ਕਰਦਾ ਹੈ। ਫੁੱਲਾਂ ਦੀ ਕਾਸ਼ਤ ਬਹੁਤ ਹੀ ਤਕਨੀਕੀ ਕੰਮ ਹੈ ਅਤੇ ਗੁਰਵਿੰਦਰ ਸਿੰਘ ਸੋਹੀ ਨੇ ਆਪਣੀ ਇਸ ਖੇਤੀ ਵਿੱਚ ਬਹੁਤ ਤਜ਼ਰਬੇ ਹਾਸਲ ਕੀਤੇ ਹਨ ਅਤੇ ਅੱਜ ਉਹ ਹੋਰ ਦੂਜੇ ਕਿਸਾਨ ਜੋ ਫੁੱਲਾਂ ਦੀ ਕਾਸ਼ਤ ਕਰਨ ਦੇ ਇੱਛੁਕ ਹੁੰਦੇ ਹਨ ਉਹਨਾਂ ਨੂੰ ਤਕਨੀਕੀ ਜਾਣਕਾਰੀ ਵੀ ਪ੍ਰਦਾਨ ਕਰਦਾ ਹੈ। ਗੁਰਵਿੰਦਰ ਸਿੰਘ ਸੋਹੀ ਫੁਲਾਂ ਦੀਆਂ ਨਵੀਆਂ ਕਿਸਮਾਂ ਅਤੇ ਬਦਲਦੇ ਨਵੇਂ ਤਕਨੀਕੀ ਢੰਗ ਤਰੀਕਿਆਂ ਤੋਂ ਵੀ ਪੂਰੀ ਤਰਾਂ ਜਾਣੂ ਹੈ।

ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਸ਼੍ਰੀ ਮੁਕਤਸਰ ਸਾਹਿਬ, ਬਾਗਬਾਨੀ ਵਿਭਾਗ ਸ਼੍ਰੀ ਮੁਕਤਸਰ ਸਾਹਿਬ ਨਾਲ ਪੂਰਾ ਰਾਬਤਾ ਰੱਖਦਾ ਹੈ। ਧਰਤੀ ਹੇਠਲੇ ਪਾਣੀ ਦੀ ਸੁਚੱਜੀ ਸੰਭਾਲ ਕਰਨ ਲਈ ਗੁਰਵਿੰਦਰ ਸਿੰਘ ਸੋਹੀ ਨੇ ਤੁੱਪਕਾ ਅਤੇ ਫੁਆਰਾ ਸਿੰਚਾਈ ਤਕਨੀਕ ਦੀ ਵਰਤੋਂ ਵੀ ਆਪਣੇ ਖੇਤਾਂ ਵਿੱਚ ਕੀਤੀ ਹੋਈ ਹੈ। ਖੇਤੀ ਜਿਣਸਾਂ ਅਤੇ ਫ਼ੁੱਲਾਂ ਦੀ ਮੰਡੀਕਾਰੀ ਲਈ ਗੁਰਵਿੰਦਰ ਸਿੰਘ ਸੋਹੀ ਹਮੇਸ਼ਾਂ ਨਵੀਆਂ ਮੱਡੀਆਂ ਦੀ ਇੰਟਰਨੈੱਟ ਤੇ ਖੋਜ ਕਰਦਾ ਰਹਿੰਦਾ ਹੈ ਅਤੇ ਸਹੀ ਭਾਅ ਮਿਲਣ ਵਾਲੀ ਮੰਡੀ ਵਿੱਚ ਹੀ ਆਪਣੀ ਫ਼ਸਲ ਨੂੰ ਵੇਚਦਾ ਹੈ। ਇਸ ਨਾਲ ਉਸਨੂੰ ਚੰਗਾ ਭਾਅ ਵੀ ਮਿਲਦਾ ਹੈ ਅਤੇ ਨਵੀਆਂ ਮਡੀਆਂ ਬਾਰੇ ਜਾਣਕਾਰੀ ਵੀ ਹਾਸਲ ਹੋ ਜਾਂਦੀ ਹੈ।
ਫ਼ਸਲ ਵਿਭਿੰਨਤਾ ਵੱਜੋਂ ਫ਼ੁਲਾਂ ਦੀ ਕਾਸ਼ਤ ਕਰਨਾ ਇੱਕ ਵਧੀਆ ਉੱਦਮ ਹੈ। ਗੁਰਵਿੰਦਰ ਸਿੰਘ ਸੋਹੀ ਨੇ ਪਰੰਪਰਾਗਤ ਖੇਤੀ ਦੇ ਕਣਕ-ਝੋਨੇ ਦੇ ਫ਼ਸਲੀ ਚੱਕਰ ਨੂੰ ਤੋੜਿਆ ਅਤੇ ਫੁੱਲਾਂ ਦੀ ਸਫ਼ਲ ਕਾਸ਼ਤ ਕੀਤੀ। ਖੇਤੀਬਾੜੀ ਨੂੰ ਵਧੇਰੇ ਤਕਨੀਕੀ ਬਣਾਉਣ ਲਈ ਗੁਰਵਿੰਦਰ ਸਿੰਘ ਸੋਹੀ ਖੇਤੀ ਸਾਹਿਤ ਨੂੰ ਪੜ੍ਹਦਾ ਹੈ ਅਤੇ ਹੋਰ ਖੇਤੀ ਤਕਨੀਕਾਂ ਨੂੰ ਹਾਸਲ ਕਰਦਾ ਰਹਿੰਦਾ ਹੈ। ਅਸੀਂ ਆਸ ਕਰਦੇ ਹਾਂ ਕਿ ਗੁਰਵਿੰਦਰ ਸਿੰਘ ਸੋਹੀ ਦੀ ਖੇਤੀ ਦੂਜੇ ਕਿਸਾਨਾਂ ਲਈ ਇੱਕ ਮਿਸਾਲ ਬਣਕੇ ਸਾਹਮਣੇ ਆਵੇਗੀ ਅਤੇ ਉਹ ਆਪਣੀ ਖੇਤੀ ਤੋਂ ਦਿਨ ਦੁਗਣੀ ਅਤੇ ਰਾਤ ਚੌਗੁਣੀ ਤਰੱਕੀ ਕਰੇਗਾ।
ਦਿਨੇਸ਼ ਦਮਾਥੀਆ
94177-14390