1. Home
  2. ਸਫਲਤਾ ਦੀਆ ਕਹਾਣੀਆਂ

2011 'ਚ ਇੱਕ ਖੁੰਬ ਉਤਪਾਦਕ ਲਈ ਮਜ਼ਦੂਰ ਵਜੋਂ ਕੰਮ ਕਰਨ ਵਾਲਾ ਵਿਕਰਮਜੀਤ ਅੱਜ ਖੁਦ ਬਣ ਗਿਆ Successful Mushroom Grower

ਪੰਜਾਬ ਵਿੱਚ ਉੱਦਮੀ ਲੋਕਾਂ ਦੀ ਕਮੀਂ ਨਹੀਂ। ਕਿਸੇ ਰੁਜ਼ਗਾਰ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਕਰਕੇ ਕਾਮਯਾਬ ਹੋਣਾ ਪੰਜਾਬੀਆਂ ਦੀ ਅਸਲ ਪਹਿਚਾਣ ਹੈ। ਅਜਿਹੀ ਸੋਚ ਰੱਖਣ ਵਾਲਾ ਇੱਕ ਉੱਦਮੀ ਖੁੰਬ ਉਤਪਾਦਕ ਹੈ ਪਿੰਡ ਮੀਰਪੁਰ, ਜ਼ਿਲ੍ਹਾ ਗੁਰਦਾਸਪੁਰ ਦਾ ਵਸਨੀਕ ਵਿਕਰਮਜੀਤ। ਸਾਲ 2011 ਵਿੱਚ ਵਿਕਰਮਜੀਤ ਕਿਸੇ ਹੋਰ ਖੁੰਬ ਉਤਪਾਦਕ ਦੇ ਕੋਲ ਇੱਕ ਮਜਦੂਰ ਦੇ ਤੌਰ 'ਤੇ ਕੰਮ ਕਰ ਰਿਹਾ ਸੀ, ਪਰ ਖੁੰਬਾਂ ਦੇ ਉਤਪਾਦਨ ਵਿੱਚ ਅਣਥੱਕ ਮਿਹਨਤ ਸਦਕਾ ਅੱਜ ਇਹ ਆਪਣੇ ਪੂਰੇ ਇਲਾਕੇ ਵਿੱਚ ਵਿਸ਼ੇਸ਼ ਪਹਿਚਾਣ ਬਣਾ ਚੁੱਕਿਆ ਹੈ।

Gurpreet Kaur Virk
Gurpreet Kaur Virk
ਵਿਕਰਮਜੀਤ ਦੀ ਸਫਲਤਾ ਦੀ ਕਹਾਣੀ

ਵਿਕਰਮਜੀਤ ਦੀ ਸਫਲਤਾ ਦੀ ਕਹਾਣੀ

Success Story: ਅੱਜ ਕੱਲ੍ਹ ਲੋਕਾਂ ਦਾ ਝੁਕਾਅ ਖੇਤੀ ਵੱਲ ਵੱਧ ਰਿਹਾ ਹੈ। ਇਹੀ ਕਾਰਨ ਹੈ ਕਿ ਲੋਕਾਂ ਨੇ ਨੌਕਰੀਆਂ ਛੱਡ ਕੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਦਾ ਮੁੱਖ ਕਾਰਨ ਉਹ ਲੋਕ ਹਨ ਜੋ ਆਪਣੀ ਮਿਹਨਤ ਨਾਲ ਦੂਜਿਆਂ ਲਈ ਮਿਸਾਲ ਬਣ ਕੇ ਉੱਭਰ ਰਹੇ ਹਨ। ਇਨ੍ਹਾਂ ਕਿਸਾਨਾਂ ਦੀ ਕਾਮਯਾਬੀ ਨੇ ਹੋਰ ਲੋਕਾਂ ਨੂੰ ਵੀ ਖੇਤੀ ਵੱਲ ਪ੍ਰੇਰਿਤ ਕੀਤਾ ਹੈ।

ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਵਿਅਕਤੀ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ ਜਿਸ ਨੇ ਇੱਕ ਖੁੰਬ ਉਤਪਾਦਕ ਕੋਲ ਮਜਦੂਰ ਦੇ ਤੌਰ 'ਤੇ ਕੰਮ ਸ਼ੁਰੂ ਕੀਤਾ, ਪਰ ਅੱਜ ਉਹ ਆਪ ਇੱਕ ਸਫਲ ਖੁੰਬ ਉਤਪਾਦਕ ਵੱਜੋਂ ਪੂਰੇ ਇਲਾਕੇ ਵਿੱਚ ਮਸ਼ਹੂਰ ਹੈ। ਇਹ ਕਿਸਾਨ ਅੱਜ ਆਪਣੀ ਮਿਹਨਤ ਸਦਕਾ ਲੱਖਾਂ ਰੁਪਏ ਕਮਾ ਰਿਹਾ ਹੈ।

ਮੋਹਿੰਦਰ ਪਾਲ ਅਤੇ ਸਵਰਗਵਾਸੀ ਪ੍ਰੇਮਬਾਲਾ ਦੇ ਘਰ ਪੈਦਾ ਹੋਇਆ ਵਿਕਰਮਜੀਤ ਇੱਕ ਨੌਜਵਾਨ ਖੁੰਬ ਉਤਪਾਦਕ ਵੱਜੋਂ ਜਾਣਿਆ ਪਛਾਣਿਆ ਜਾਂਦਾ ਹੈ। ਸਾਲ 2011 ਵਿੱਚ ਕਿਸੇ ਹੋਰ ਖੁੰਬ ਉਤਪਾਦਕ ਦੇ ਕੋਲ ਮਜਦੂਰ ਦੇ ਤੌਰ 'ਤੇ ਕੰਮ ਕਰਨ ਵਾਲਾ ਵਿਕਰਮਜੀਤ ਅੱਜ ਖੁੰਬਾਂ ਦੇ ਉਤਪਾਦਨ ਵਿੱਚ ਅਣਥੱਕ ਮਿਹਨਤ ਸਦਕਾ ਆਪਣੇ ਪੂਰੀ ਇਲਾਕੇ ਵਿੱਚ ਵਿਸ਼ੇਸ਼ ਪਹਿਚਾਣ ਰੱਖਦਾ ਹੈ। ਬੀ.ਏ. ਤੱਕ ਦੀ ਪੜ੍ਹਾਈ ਕਰਕੇ ਨੌਕਰੀ ਨਾ ਕਰਦੇ ਹੋਏ ਖੁੰਬਾਂ ਦੀ ਪੈਦਾਵਾਰ ਨੂੰ ਹੀ ਆਪਣੇ ਕਿੱਤੇ ਦੇ ਤੌਰ 'ਤੇ ਅਪਨਾਇਆ ਅਤੇ ਇਸ ਨਾਲ ਹੀ ਆਪਣੇ ਪਰਿਵਾਰ ਦਾ ਵਧੀਆ ਪਾਲਣ ਪੋਸ਼ਣ ਕਰ ਰਿਹਾ ਹੈ।

ਮਜ਼ਦੂਰ ਵਜੋਂ ਕੀਤਾ ਕੰਮ

ਵਿਕਰਮਜੀਤ ਨੇ ਇਸ ਕਾਰੋਬਾਰ ਦੀ ਸ਼ੁਰੂਆਤ ਆਪਣੇ ਭਰਾ ਦੇ ਮਕਾਨ ਤੋਂ ਕੀਤੀ। ਕੰਮ ਵੱਧਣ ਤੋਂ ਬਾਅਦ 1 ਤੋਂ 4 ਕਮਰੇ ਕਿਰਾਏ 'ਤੇ ਲੈ ਕੇ ਉਸ ਵਿੱਚ ਖੁੰਬਾਂ ਦੀ ਕਾਸ਼ਤ ਕਰਨੀ ਸ਼ੁਰੂ ਕੀਤੀ। ਨਾਲ ਦਾ ਖਾਲੀ ਪਲਾਟ ਵੀ ਕਿਰਾਏ 'ਤੇ ਲੈ ਕੇ ਉਸ ਵਿੱਚ ਪਰਾਲੀ ਦਾ ਸ਼ੈੱਡ ਬਣਾਇਆ ਅਤੇ ਉਸ ਵਿੱਚ ਵੀ ਖੁਬਾਂ ਦੀ ਕਾਸ਼ਤ ਦਾ ਕੰਮ ਵਧਾਇਆ। ਇਸ ਕੰਮ ਵਿੱਚ ਸਿਖਲਾਈ ਤਾਂ ਵਿਕਰਮਜੀਤ ਨੇ ਆਪਣੇ ਪੱਧਰ 'ਤੇ ਲੈ ਹੀ ਲਈ ਸੀ, ਪਰ ਫ਼ਿਰ ਵੀ ਤਕਨੀਕੀ ਤੌਰ 'ਤੇ ਸਿਖਲਾਈ ਨੂੰ ਮਾਨਤਾ ਪ੍ਰਾਪਤ ਕਰਨ ਲਈ ਕ੍ਰਿਸ਼ੀ ਵਿਗਿਆਨ ਕੇਂਦਰ, ਗੁਰਦਾਸਪੁਰ ਤੋਂ ਖੁੰਬਾਂ ਦੇ ਉਤਪਾਦਨ ਦੀ ਸਿਖਲਾਈ ਲਈ ਅਤੇ ਇਸ ਕੰਮ ਨੂੰ ਹੋਰ ਬਾਰੀਕੀ ਅਤੇ ਵਿਸਥਾਰ ਨਾਲ ਸਿੱਖਿਆ।

ਪਰਿਵਾਰ ਦਾ ਸਮਰਥਨ

ਇਸ ਕੰਮ ਵਿੱਚ ਵਿਕਰਮਜੀਤ ਦੀ ਪਤਨੀ ਸ਼੍ਰੀਮਤੀ ਸੋਨੀਆ ਅਤੇ ਚਾਚਾ ਸ਼੍ਰੀ ਸੋਹਨ ਲਾਲ ਖੁੰਬਾਂ ਦੀ ਪੈਕਿੰਗ ਅਤੇ ਮੰਡੀਕਾਰੀ ਵਿੱਚ ਉਸਦਾ ਪੂਰਾ ਸਾਥ ਦਿੰਦੇ ਹਨ ਅਤੇ ਹੁਣ ਤਕਨੀਕੀ ਤੌਰ ਤੇ ਉਹ ਵੀ ਖੁੰਬਾਂ ਦੀ ਕਾਸ਼ਤ ਵਿੱਚ ਬਾਰੀਕ ਜਾਣਕਾਰੀ ਅਤੇ ਤਜ਼ਰਬਾ ਰੱਖਦੇ ਹਨ। ਵਿਕਰਮਜੀਤ ਦੇ ਦੋ ਛੋਟੇ ਬੱਚੇ ਬੇਟਾ ਕਬੀਰ ਚੌਧਰੀ ਅਤੇ ਬੇਟੀ ਜਾਨਵੀ ਵੀ ਆਪਣੇ ਪਰਿਵਾਰ ਦੇ ਇਸ ਕਾਰੋਬਾਰ ਵਿੱਚ ਆਪਣਾ ਬਣਦਾ ਯੋਗਦਾਨ ਪਾਉਂਦੇ ਹਨ।

ਇਹ ਵੀ ਪੜ੍ਹੋ : Progressive Mushroom Farmer ਬਲਜੀਤ ਸਿੰਘ ਨੌਜਵਾਨਾਂ ਲਈ ਸੇਧ, ਕਈ ਔਂਕੜਾਂ ਤੋਂ ਬਾਅਦ ਵੀ ਨਹੀਂ ਮੰਨੀ ਹਾਰ, Success Story ਨਾਲ ਪੇਸ਼ ਕੀਤੀ ਵੱਖਰੀ ਮਿਸਾਲ, ਅੱਜ 10 ਤੋਂ 12 ਲੋਕਾਂ ਨੂੰ ਦਿੱਤਾ ਪੱਕਾ ਰੁਜ਼ਗਾਰ

ਬਟਨ ਅਤੇ ਢੀਂਗਰੀ ਖੁੰਬ ਦੀ ਪੈਦਾਵਾਰ

ਵਿਕਰਮਜੀਤ ਜ਼ਿਆਦਾਤਰ ਬਟਨ ਅਤੇ ਢੀਂਗਰੀ ਖੁੰਬ ਦੀ ਪੈਦਾਵਾਰ ਕਰਦਾ ਹੈ ਭਾਵ 4 ਸ਼ੈੱਡਾਂ ਵਿੱਚ ਬਟਨ ਖੁੰਬ ਅਤੇ 2 ਸ਼ੈੱਡਾਂ ਵਿੱਚ ਢੀਂਗਰੀ ਖੁੰਬ ਦਾ ਉਤਪਾਦਨ ਕੀਤਾ ਜਾਂਦਾ ਹੈ। ਇਸ ਕਾਰੋਬਾਰ ਵਿੱਚ ਵਿਕਰਮਜੀਤ ਨੇ ਆਪਣੇ ਨਾਲ ਕੁਲ 9 ਮਜਦੂਰ ਲਗਾਏ ਹੋਏ ਹਨ ਜੋ ਇਸ ਕਿੱਤੇ ਵਿੱਚ ਉਸਦੀ ਪੂਰੀ ਤਕਨੀਕੀ ਮਦਦ ਕਰਦੇ ਹਨ। ਇਹਨਾਂ ਵਿੱਚੋਂ 3 ਮੁੰਡੇ ਵਿਕਰਮਜੀਤ ਕੋਲੋਂ ਖੁੰਬਾਂ ਦੀ ਕਾਸ਼ਤ ਦੀ ਸਿਖਲਾਈ ਲੈ ਕੇ ਆਪਣਾ ਕਾਰੋਬਾਰ ਵੀ ਸ਼ੁਰੂ ਕਰ ਚੁਕੇ ਹਨ।

ਵਿਕਰਮਜੀਤ ਆਪ ਤਿਆਰ ਕਰਦਾ ਹੈ ਕੰਪੋਸਟ

ਜੇਕਰ ਸ਼ੈੱਡਾਂ ਦੀ ਗਲ ਕਰੀਏ ਤਾਂ ਸ਼ੁਰੂਆਤ ਵਿੱਚ ਵਿਕਰਮਜੀਤ ਨੇ 4 ਸ਼ੈੱਡ ਕੱਚੇ ਭਾਵ ਬਾਂਸਾਂ ਅਤੇ ਪਰਾਲੀ ਦੇ ਬਣਾਏ ਅਤੇ ਫ਼ਿਰ 30’ 40” ਦੀ ਪੱਕੀ ਸੀਮੇਂਟ ਦੀ ਸ਼ੈੱਡ ਬਣਾਈ। ਇਸ ਤੋਂ ਇਲਾਵਾ ਬਾਂਸਾਂ ਦੇ ਰੈਕ 'ਤੇ ਹੀ ਢੀਂਗਰੀ ਦੀ ਪੈਦਾਵਾਰ ਲਈ। ਖੁੰਬਾਂ ਦੇ ਉਤਪਾਦਨ ਵਿੱਚ ਜੋ ਕੰਪੋਸਟ ਤਿਆਰ ਹੁੰਦੀ ਹੈ ਉਹ ਵੀ ਵਿਕਰਮਜੀਤ ਆਪ ਹੀ ਤਿਆਰ ਕਰਦਾ ਹੈ ਜਿਸ ਨਾਲ ਉਸਨੂੰ ਮਾਲੀ ਲਾਭ ਤਾਂ ਹੁੰਦਾ ਹੀ ਹੈ ਸਗੋਂ ਉਸਦਾ ਸਮਾਂ ਵੀ ਬੱਚਦਾ ਹੈ।

ਇਹ ਵੀ ਪੜ੍ਹੋ : National Award Winner ਸਫਲ ਕਿਸਾਨ ਗੁਰਮੀਤ ਸਿੰਘ

ਵਿਕਰਮਜੀਤ ਦੀ ਸਫਲਤਾ ਦੀ ਕਹਾਣੀ

ਵਿਕਰਮਜੀਤ ਦੀ ਸਫਲਤਾ ਦੀ ਕਹਾਣੀ

ਮੰਡੀਕਰਨ

ਵਿਕਰਮਜੀਤ ਅਨੁਸਾਰ ਸਤੰਬਰ ਤੋਂ ਅਕਤੂਬਰ ਦੇ ਪਹਿਲੇ ਹਫ਼ਤੇ ਵਿੱਚ ਖੁੰਬਾਂ ਦੀ ਬਿਜਾਈ ਹੁੰਦੀ ਹੈ ਅਤੇ ਨਵੰਬਰ ਦੇ ਪਹਿਲੇ ਹਫ਼ਤੇ ਵਿੱਚ ਖੁੰਬ ਤੁੜਾਈ ਤੋਂ ਬਾਅਦ ਮੰਡੀਕਰਨ ਲਈ ਤਿਆਰ ਹੋ ਜਾਂਦੀ ਹੈ। ਮਾਰਚ ਦੇ ਮਹੀਨੇ ਤੱਕ ਖੁੰਬ ਦੀ ਪੈਦਾਵਾਰ ਚਲਦੀ ਰਹਿੰਦੀ ਹੈ। ਵਿਕਰਮਜੀਤ ਮੰਡੀਕਰਨ ਅਤੇ ਗਾਹਕਾਂ ਦੀ ਲੋੜ ਅਨੁਸਾਰ 200 ਗ੍ਰਾਮ ਦੀ ਪੈਕਿੰਗ ਕਰਕੇ ਵੇਚਦਾ ਹੈ ਅਤੇ ਵਧੀਆ ਆਮਦਨ ਲੈਂਦਾ ਹੈ। ਇਹ ਖੁੰਬ ਵਿਕਰਮਜੀਤ ਹੋਟਲਾਂ, ਵਿਆਹ-ਸ਼ਾਦੀਆਂ, ਪਾਰਟੀਆਂ, ਢਾਬਿਆਂ, ਸਬਜ਼ੀ ਦੀਆਂ ਦੁਕਾਨਾਂ ਆਦਿ ਤੇ ਸਪਲਾਈ ਕਰਦਾ ਹੈ ਅਤੇ ਮੰਡੀਕਰਨ ਵਿੱਚ ਵਿਕਰਮਜੀਤ ਨੂੰ ਕਿਸੇ ਤਰਾਂ ਦੀ ਕੋਈ ਸਮੱਸਿਆ ਨਹੀਂ ਆਉਂਦੀ।

ਇਹ ਵੀ ਪੜ੍ਹੋ : ਸਫ਼ਲ ਬੀਜ ਉਤਪਾਦਕ: ਗੁਰਿੰਦਰ ਪਾਲ ਸਿੰਘ

ਭਵਿੱਖ ਵਿੱਚ ਇਸ ਕੰਮ ਨੂੰ ਹੋਰ ਵਧਾਉਣ ਲਈ ਵਿਕਰਮਜੀਤ ਪੂਰੀ ਤਰਾਂ ਨਾਲ ਯਤਨਸ਼ੀਲ ਹੈ। ਢੀਂਗਰੀ ਖੁੰਬ ਨੂੰ ਲੈ ਕੇ ਵੀ ਵਿਕਰਮਜੀਤ ਨੇ ਮਹਾਂਰਾਸ਼ਟਰ ਦੀ ਇੱਕ ਕੰਪਨੀ ਨਾਲ ਰਾਬਤਾ ਕੀਤਾ ਹੈ ਜਿਸ ਵਿੱਚ ਉਹ ਹੋਰ ਦੂਜੇ ਕਿਸਾਨਾਂ ਤੋਂ ਢੀਂਗਰੀ ਖੁੰਬ ਖਰੀਦ ਕੇ ਇਸ ਕੰਪਨੀ ਨੂੰ ਵੇਚੇਗਾ। ਇਹ ਕੰਪਨੀ ਖੁੰਬਾਂ ਤੋਂ ਵੱਖ-ਵੱਖ ਉਤਪਾਦ ਬਣਾਉਂਦੀ ਹੈ। ਇਸ ਨਾਲ ਵੀ ਵਿਕਰਮਜੀਤ ਖੁੰਬਾਂ ਦੇ ਖੇਤਰ ਵਿੱਚ ਹੋਰ ਲੰਮੀਆਂ ਪੁਲਾਂਘਾਂ ਪੁੱਟੇਗਾ।

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Successful mushroom grower Vikramjit, know the full story of his journey from labor to ownership

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters