ਪੀੜ੍ਹੀ ਦਰ ਪੀੜ੍ਹੀ ਜ਼ਮੀਨ ਦੀ ਵੰਡ ਹੋਣ ਕਾਰਨ ਕਿਸਾਨਾਂ ਕੋਲ ਜੋਤਾਂ (ਜ਼ਮੀਨਾਂ) ਘੱਟ ਰਹਿ ਗਈਆਂ ਹਨ, ਜਿਸ ਕਰਕੇ ਕਿਸਾਨਾਂ ਨੂੰ ਆਪਣੀ ਆਮਦਨ ਵਧਾਉਣ ਲਈ ਹੋਰ ਵਸੀਲੇ ਲੱਭਣੇ ਪੈ ਰਹੇ ਹਨ। ਖੇਤੀ ਦੇ ਸਹਾਇਕ ਕਿੱਤੇ, ਖੇਤੀ ਆਮਦਨੀ ਵਧਾਉਣ ਵਿੱਚ ਬਹੁਤ ਸਹਾਈ ਹੋ ਰਹੇ ਹਨ। ਇਹੋ ਸੋਚ ਲੈ ਕੇ ਜਹl.ਮ ਮੋਗਾ ਦੇ 40 ਸਾਲਾ ਨੌਜਵਾਨ ਸ. ਹਰਜੀਤ ਸਿੰਘ ਪੁੱਤਰ ਸ. ਮਲਕੀਤ ਸਿੰਘ ਨੇ ਆਪਣੀ ਰਵਾਇਤੀ ਖੇਤੀ ਤੋਂ ਕੁਝ ਹਟ ਕੇ ਕਰਨ ਦੀ ਸੋਚੀ।
ਉਹਨਾਂ ਨੇ ਆਪਣੀ ਪੜ੍ਹਾਈ ਐਮ.ਏ. ਅਤੇ ਬੀ.ਐਡ. (M.A and B.E.d) ਕਰਨ ਉਪਰੰਤ ਨੌਕਰੀ ਨਾ ਕਰਨ ਦਾ ਫੈਸਲਾ ਕੀਤਾ ਅਤੇ ਖੇਤੀ ਆਧਾਰਿਤ ਕਿੱਤੇ ਵਿੱਚ ਅੱਗੇ ਤੁਰਨ ਦੀ ਸੋਚੀ। ਉਹਨਾਂ ਨੇ ਪਿੰਡ ਦੇ ਕਿਸਾਨਾਂ ਤੋਂ ਕ੍ਰਿਸ਼ੀ ਵਿਗਿਆਨ ਕੇਂਦਰ, ਬੁੱਧ ਸਿੰਘ ਵਾਲਾ, ਮੋਗਾ ਬਾਰੇ ਸੁਣਿਆ ਹੋਇਆ ਸੀ ਅਤੇ ਉਹ ਕੇ.ਵੀ.ਕੇ., ਮੋਗਾ ਦੇ ਸਾਇੰਸਦਾਨਾਂ ਕੋਲੋਂ ਸਲਾਹ ਲੈਣ ਲਈ ਆਏ। ਵਿਗਿਆਨੀਆਂ ਨੇ ਉਹਨਾਂ ਨੂੰ ਸਹਾਇਕ ਕਿੱਤੇ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰਨ ਦੀ ਸਲਾਹ ਦਿੱਤੀ। ਉਹਨਾਂ ਨੂੰ ਐਗਰੋ ਪੋ੍ਰਸੈਸਿੰਗ ਕੰਪਲੈਕਸ (ਏ.ਪੀ.ਸੀ) ਖੋਲਣ ਬਾਰੇ ਵਿਚਾਰ ਕਰਨ ਲਈ ਕਿਹਾ। ਪੜ੍ਹੇ—ਲਿਖੇ ਨੌਜਵਾਨ ਸ. ਹਰਜੀਤ ਸਿੰਘ ਦੇ ਮਨ ਨੂੰ ਇਹ ਵਿਚਾਰ ਭਾਅ ਗਿਆ। ਉਹਨਾਂ ਨੇ ਇਸ ਬਾਰੇ ਕਿੱਤਾ—ਮੁਖੀ ਸਿਖਲਾਈ ਲੈ ਕੇ ਵਿਗਿਆਨਿਕ ਢੰਗ ਤਰੀਕਾ ਅਪਣਾ ਕੇ ਇਹ ਕੰਪਲੈਕਸ ਖੋਲਣ ਦੀ ਸੋਚੀ। ਉਹਨਾਂ ਨੇ ਪ੍ਰੋਸੈਸਿੰਗ ਸਬੰਧੀ ਪਹਿਲਾਂ ਸੱਤ ਰੋਜ਼ਾ ਕਿੱਤਾ ਮੁਖੀ ਸਿਖਲਾਈ ਕੇ.ਵੀ.ਕੇ., ਮੋਗਾ ਤੋਂ ਅਤੇ ਫਿਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਤੋਂ ਸਾਲ 2014 ਵਿੱਚ ਹਾਸਿਲ ਕੀਤੀ। ਸ. ਹਰਜੀਤ ਸਿੰਘ ਦੇ ਪਿਤਾ ਸ. ਮਲਕੀਤ ਸਿੰਘ ਨੇ ਆਪਣੇ ਪੁੱਤਰ ਦੇ ਐਗਰੋ ਪ੍ਰੋਸੈਸਿੰਗ ਕੰਪਲੈਕਸ ਲਈ ਆਪਣੇ ਪਿੰਡ ਘੱਲ ਕਲਾਂ, ਬਲਾਕ ਮੋਗਾ—1 ਵਿੱਚ ਸੜਕ ਦੇ ਉੱਪਰ ਹੀ ਜਗ੍ਹਾ ਦੀ ਚੋਣ ਕੀਤੀ ਤਾਂ ਜੋ ਲੋਕਾਂ ਦਾ ਪਹੁੰਚਣਾ ਵੀ ਅਸਾਨ ਰਹੇ ਅਤੇ ਨਾਲ ਹੀ ਉਪਜ ਲਿਆਉਣ ਤੇ ਪ੍ਰੋਸੈਸ ਕੀਤਾ ਸਮਾਨ ਲਿਜਾਣ ਦਾ ਕੰਮ ਵੀ ਅਸਾਨ ਰਹੇ। ਉਹਨਾਂ ਨੇ ਆਪਣੇ ਖੇਤਰ ਦੇ ਹਿਸਾਬ ਨਾਲ ਛੋਟੀਆਂ ਮਸ਼ੀਨਾਂ ਜਿਵੇਂ ਕਿ ਮਿੰਨੀ ਚਾਵਲ ਮਿੱਲ, ਆਟਾ ਚੱਕੀ, ਤੇਲ ਕੱਢਣ ਵਾਲੀ ਮਸ਼ੀਨ, ਦਾਲ ਮਿੱਲ, ਮਸਾਲੇ ਪੀਸਣ ਵਾਲੀ ਮਸ਼ੀਨ ਆਦਿ ਦੀ ਚੋਣ ਕਰਨ ਦੀ ਸੋਚੀ। ਇਸ ਚੋਣ ਵਿੱਚ ਕੇ.ਵੀ.ਕੇ. ਦੇ ਵਿਗਿਆਨੀਆਂ ਨੇ ਉਹਨਾਂ ਦੀ ਪੂਰੀ ਮੱਦਦ ਕੀਤੀ ਅਤੇ ਨਾਲ ਹੀ ਇਹਨਾਂ ਮਸ਼ੀਨਾਂ ਤੇ ਆਉਣ ਵਾਲੇ ਖਰਚੇ ਦਾ ਹਿਸਾਬ ਲਗਾਇਆ। ਉਹਨਾਂ ਨੇ ਕੇ.ਵੀ.ਕੇ. ਦੇ ਵਿਗਿਆਨੀਆਂ ਅਤੇ ਚਾਰਟਰਡ ਅਕਾਂਉਟੈਂਟ (ਸੀ.ਏ.) ਦੀ ਮੱਦਦ ਨਾਲ ਪ੍ਰੋਜੈਕਟ ਰਿਪੋਰਟ ਤਿਆਰ ਕੀਤੀ ਤਾਂ ਜੋ ਬੈਂਕ ਤੋਂ ਕਰਜ਼ਾ ਲਿਆ ਜਾ ਸਕੇ।
ਇਸ ਪ੍ਰੋਜੈਕਟ ਰਿਪੋਰਟ ਵਿੱਚ ਹੋਣ ਵਾਲੇ ਖਰਚੇ ਅਤੇ ਲਏ ਗਏ ਕਰਜ਼ੇ ਨੂੰ ਚੁਕਾਉਣ ਦੀਆਂ ਕਿਸ਼ਤਾਂ ਸਬੰਧੀ ਜਾਣਕਾਰੀ ਦਿੱਤੀ ਗਈ।ਪ੍ਰੋਜੈਕਟ ਰਿਪੋਰਟ ਅਨੁਸਾਰ ਇਹ ਖਰਚਾ 20 ਲੱਖ ਬਣਿਆ। ਇਹ ਕੁੱਲ 20 ਲੱਖ ਵਿੱਚੋਂ 15 ਲੱਖ ਰੁਪਏ ਬੈਂਕ ਆਫ ਇੰਡੀਆਂ ਤੋਂ ਕਰਜ਼ਾ ਲਿਆ ਗਿਆ ਅਤੇ 5 ਲੱਖ ਆਪਣੇ ਕੋਲੋਂ ਖਰਚ ਕੀਤੇ ਗਏ। ਬਿਜਲੀ ਮਹਿਕਮੇ ਨੂੰ ਅਰਜ਼ੀ ਦੇ ਕੇ ਬਿਜਲੀ ਦੇ ਕੁਨੈਕਸ਼ਨ ਦੀ ਗੁਜਾਰਿਸ਼ ਕੀਤੀ ਗਈ। ਪੀ.ਏ.ਯੂ. ਵੱਲੋਂ ਪ੍ਰਮਾਣਿਤ ਐਗਰੋ ਪ੍ਰੋਸੈਸਿੰਗ ਕੰਪਲੈਕਸ ਦੇ ਮਾਡਲ ਲਈ 20 ਕੇ.ਵੀ. ਦੇ ਕੁਨੈਕਸ਼ਨ ਦੀ ਲੋੜ ਹੁੰਦੀ ਹੈ ਜੋ ਕਿ 25 ਹਾਰਸ ਪਾਵਰ ਪਲਾਂਟ ਨੂੰ ਚਲਾਉਣ ਲਈ ਸਮਰੱਥ ਹੁੰਦੀ ਹੈ। ਛੋਟੇ ਉਦਯੋਗ (ਸਮਾਲ ਸਕੇਲ ਇੰਡਸਟਰੀ) ਦੇ ਤਹਿਤ ਆਪਣਾ ਲਘੂ ਉਦਯੋਗ ਲਗਾਉਣ ਲਈ ਫਾਰਮ ਜਮਾਂ ਕਰਵਾ ਕੇ ਸ. ਹਰਜੀਤ ਸਿੰਘ ਨੇ ਆਪਣਾ ਇਹ ਕਾਰਖਾਨਾ ਰਜਿਸਟਰ ਕਰਵਾਇਆ ਜਿਸ ਦਾ ਨਾਮ ਏਕਮ ਐਗਰੋ ਫੂਡ ਪ੍ਰੋਸੈਸਿੰਗ ਇੰਡਸਟਰੀ ਰੱਖਿਆ। ਮਸ਼ੀਨਾਂ ਦੀ ਖਰੀਦ ਲੁਧਿਆਣਾ ਅਤੇ ਰਾਜਪੁਰਾ ਤੋਂ ਕੀਤੀ ਗਈ ਅਤੇ ਫਿਰ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਇਸ ਦੀ ਸ਼ੁਰੂਆਤ ਸਾਲ 2015 ਵਿੱਚ ਹੋ ਗਈ। ਆਪਣੀ ਇਸ ਇੰਡਸਟਰੀ ਵਿੱਚ ਇਹਨਾਂ ਨੇ ਆਟਾ ਚੱਕੀ, ਸਰੋਂ ਦਾ ਤੇਲ ਕੱਢਣ ਦੀ ਮਸ਼ੀਨ, ਮਿੰਨੀ ਚਾਵਲ ਮਿੱਲ, ਮਸਾਲੇ ਪੀਸਣ ਵਾਲੀ ਮਸ਼ੀਨ ਅਤੇ ਪਸ਼ੂ ਆਹਾਰ ਬਣਾਉਣ ਲਈ ਮਸ਼ੀਨ ਲਗਾਈ। ਕੱਚਾ ਮਾਲ ਇਹਨਾਂ ਨੇ ਪਿੰਡ ਤੋਂ ਹੀ ਖਰੀਦ ਕੇ ਆਪਣਾ ਕੰਮ ਸ਼ੁਰੂ ਕੀਤਾ ਅਤੇ ਪਿੰਡ ਵਾਲਿਆਂ ਨੇ ਇਹਨਾਂ ਦੇ ਇਸ ਉਪਰਾਲੇ ਨੂੰ ਸਿਰ ਮੱਥੇ ਲਿਆ। ਹੌਲੀ—ਹੌਲੀ ਇਹਨਾਂ ਨੇ ਆਪਣਾ ਇਹ ਕੰਮ ਵਧਾਉਣਾ ਸ਼ੁਰੂ ਕੀਤਾ ਅਤੇ ਆਪਣੇ ਸਬੰਧ ਮਜਬੂਤ ਕਰਦੇ ਹੋਏ ਇਹਨਾਂ ਨੇ ਕੱਚਾ ਮਾਲ ਹੋਲ ਸੇਲ ਮਾਰਕੀਟ ਤੋਂ, ਕਣਕ ਮੱਧ ਪ੍ਰਦੇਸ਼ ਤੋਂ ਅਤੇ ਨੇੜਲੇ ਪਿੰਡਾਂ ਤੋਂ ਹਲਦੀ, ਮੱਕੀ, ਸਰੋਂ, ਬਾਜਰਾ ਆਦਿ ਖਰੀਦਣਾ ਸ਼ੁਰੂ ਕੀਤਾ।
ਮਾਰਕੀਟ ਦੀ ਮੰਗ ਵਧਣ ਤੇ ਇਹਨਾਂ ਨੇ ਕੇ.ਵੀ.ਕੇ., ਮੋਗਾ ਦੇ ਸਾਇੰਸਦਾਨਾਂ ਦੀ ਸਲਾਹ ਨਾਲੇ ਆਪਣੇ ਉਤਪਾਦਾਂ ਦੀ ਬ੍ਰਾਡਿੰਗ ਅਤੇ ਪੈਕਿੰਗ ਤੇ ਵੀ ਜ਼ੋਰ ਦਿੱਤਾ ਅਤੇ ਵਧੀਆ ਕੁਆਲਟੀ ਅਤੇ ਪੈਕਿੰਗ ਨਾਲ ਆਪਣੀ ਮਾਰਕੀਟ ਮਜਬੂਤ ਕੀਤੀ। ਨਾਲ ਹੀ ਸਾਲ 2015 ਵਿੱਚ ਇਹਨਾਂ ਨੇ ਐਫ.ਐਸ.ਐਸ.ਏ.ਆਈ. ਨੰਬਰ ਵੀ ਲੈ ਲਿਆ ਜੋ ਕਿ ਖਾਣ ਦੀਆਂ ਚੀਜਾਂ ਲਈ ਜ਼ਰੂਰੀ ਹੁੰਦਾ ਹੈ। ਸ਼ੁਰੂਆਤ ਵਿੱਚ ਤਾਂ ਇਹਨਾਂ ਦੇ ਉਤਪਾਦਾਂ ਦੇ ਗਾਹਕ ਪਿੰਡ ਵਾਲੇ ਹੀ ਸਨ ਪਰ ਹੌਲੀ—ਹੌਲੀ ਇਹਨਾਂ ਦੇ ਉਤਪਾਦਾਂ ਦੀ ਵਧੀਆ ਕੁਆਲਿਟੀ ਕਰਕੇ ਇਹਨਾਂ ਦੀ ਮੰਡੀ ਦੀ ਪਹੁੰਚ ਵਧਣੀ ਸ਼ੁਰੂ ਹੋਈ।
ਇਹਨਾਂ ਨੇ ਮੋਗਾ ਜਿਲ੍ਹੇ ਦੇ ਵੱਖ—ਵੱਖ ਦੁਕਾਨਾਂ ਵਾਲਿਆਂ ਨਾਲ ਸੰਪਰਕ ਕਰਕੇ ਆਪਣੇ ਉਤਪਾਦ ਉਹਨਾਂ ਦੀਆਂ ਦੁਕਾਨਾਂ ਤੇ ਰੱਖੇ ਅਤੇ ਨਾਲ ਹੀ ਆਪਣੇ ਜਾਣਕਾਰਾਂ ਨੂੰ ਆਪਣੇ ਉਤਪਾਦ ਵੇਚੇ। ਸਮੇਂ ਦੇ ਨਾਲ—ਨਾਲ ਇਹਨਾਂ ਦੀ ਮੰਡੀਕਰਨ ਤੇ ਪਕੜ ਮਜਬੂਤ ਹੋ ਗਈ ਅਤੇ ਵਿੱਕਰੀ ਵਿੱਚ ਆਟਾ, ਬੇਸਣ, ਮੱਧ ਪ੍ਰਦੇਸ਼ ਦੀ ਕਣਕ ਦਾ ਆਟਾ, ਬਾਜਰੇ ਦਾ ਆਟਾ, ਮੱਕੀ ਦਾ ਆਟਾ, ਪੌਲਿਸ਼ਡ ਚਾਵਲ, ਹਲਦੀ, ਮਿਰਚ, ਗਰਮ ਮਸਾਲਾ ਆਦਿ ਦੇ ਉਤਪਾਦ ਸ਼ਾਮਿਲ ਕੀਤੇ। ਇਹਨਾਂ ਦੀ ਅਗਾਂਹਵਧੂ ਸੋਚ ਅਤੇ ਸਵੈ—ਮੰਡੀਕਰਨ ਨੇ ਇਹਨਾਂ ਦੇ ਇਸ ਉਪਰਾਲੇ ਨੂੰ ਨਵੀਆਂ ਬੁਲੰਦੀਆਂ ਤੇ ਪਹੁੰਚਾਇਆ ਹੈ।
ਇਹਨਾਂ ਦੇ ਇਸ ਏ.ਪੀ.ਸੀ. ਤੇ ਪੰਜ ਬੰਦਿਆਂ ਨੂੰ ਰੋਜ਼ਗਾਰ ਵੀ ਮਿਲਿਆ ਹੋਇਆ ਹੈ। ਸਾਲ 2015 ਵਿੱਚ ਇਹਨਾਂ ਦੀ ਮਾਸਿਕ ਆਮਦਨ 50,000/— ਰੁਪਏ ਸੀ ਜੋ ਹੁਣ ਵਧ ਕੇ 1,00,000/— ਰੁਪਏ ਤੱਕ ਪਹੁੰਚ ਚੁੱਕੀ ਹੈ। ਇਹ ਸਮਾਨ ਦਾ ਮੰਡੀਕਰਨ ਅਤੇ ਡਿਲੀਵਰੀ ਆਪ ਕਰਦੇ ਹਨ। ਕਿਸੇ ਵੀ ਤਕਨੀਕੀ ਜਾਣਕਾਰੀ ਲਈ ਕੇ.ਵੀ.ਕੇ. ਨਾਲ ਹਮੇਸ਼ਾਂ ਸੰਪਰਕ ਵਿੱਚ ਰਹਿੰਦੇ ਹਨ ਅਤੇ ਕੇ.ਵੀ.ਕੇ. ਦੀਆਂ ਪ਼੍ਰਰਦਰਸ਼ਨੀਆਂ ਵਿੱਚ, ਜਿਲ੍ਹਾ ਪੱਧਰੀ ਕੈਂਪ, ਕਿਸਾਨ ਮੇਲਿਆਂ ਵਿੱਚ ਇਹ ਆਪਣੇ ਉਤਪਾਦ ਵੇਚਣ ਲਈ ਸਟਾਲ ਜ਼ਰੂਰ ਲਗਾਉਂਦੇ ਹਨ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਨ੍ਹਾਂ ਦੇ ਉਤਪਾਦਾਂ ਬਾਰੇ ਜਾਣਕਾਰੀ ਹੋ ਸਕੇ। ਸ. ਹਰਜੀਤ ਸਿੰਘ ਨੇ ਆਪਣੀ ਅਗਾਂਹਵਧੂ ਸੋਚ ਅਤੇ ਆਪਣੀ ਪੜ੍ਹਾਈ ਦਾ ਪੂਰਾ ਫ਼ਾਇਦਾ ਲੈ ਕੇ ਆਪਣੇ ਇਸ ਉਪਰਾਲੇ ਨੂੰ ਨਵੀਆਂ ਬੁਲੰਦੀਆਂ ਤੱਕ ਪਹੁੰਚਾਇਆ ਅਤੇ ਸਾਲ ਵਿੱਚ ਹੀ ਕਰਜ਼ਾ ਉਤਾਰ ਕੇ ਮੁਨਾਫ਼ਾ ਕਮਾਉਣਾ ਸ਼ੁਰੂ ਕਰ ਦਿੱਤਾ। ਸ. ਹਰਜੀਤ ਸਿੰਘ ਹੋਰ ਕਿਸਾਨਾਂ ਲਈ ਇੱਕ ਮਿਸਾਲ ਹਨ ਜੋ ਲੀਕ ਤੋਂ ਹਟ ਕੇ ਕੁਝ ਕਰਨਾ ਚਾਹੁੰਦੇ ਹਨ ਅਤੇ ਨਾਲ ਹੀ ਆਪਣੀ ਖੇਤੀ ਨਾਲ ਜੁੜੇ ਰਹਿਣਾ ਚਾਹੁੰਦੇ ਹਨ।
ਐਗਰੋ ਪ੍ਰੋਸੈਸਿੰਗ ਕੰਪਲੈਕਸ (ਏ.ਪੀ.ਸੀ.) ਲਗਾ ਕੇ ਨਾ ਸਿਰਫ ਸ. ਹਰਜੀਤ ਸਿੰਘ ਨੇ ਆਪਣੀ ਆਮਦਨ ਵਿੱਚ ਵਾਧਾ ਕੀਤਾ ਹੈ ਸਗੋਂ ਨਾਲ ਹੀ ਹੋਰ ਕਿਸਾਨਾਂ ਲਈ ਇਹ ਮਿਸਾਲ ਵੀ ਬਣੇ ਹਨ ਜੋ ਮਿਹਨਤ ਕਰਨ ਤੋਂ ਨਹੀਂ ਡਰਦੇ ਅਤੇ ਪ੍ਰੋਸੈਸਿੰਗ ਦੇ ਕਿੱਤੇ ਨੂੰ ਅਪਣਾ ਕੇ ਆਪਣਾ ਜੀਵਨ ਪੱਧਰ ਉੱਪਰ ਚੁੱਕਣਾ ਚਾਹੁੰਦੇ ਹਨ।
ਹਰਸਿਮਰਨਜੀਤ ਕੌਰ ਮਾਵੀ1,2 ਅਤੇ ਅਮਨਦੀਪ ਸਿੰਘ ਬਰਾੜ2
ਅਰਥਸ਼ਾਸਤਰ ਅਤੇ ਸਮਾਜ ਵਿਗਿਆਨ ਵਿਭਾਗ,ਪੰਜਾਬ ਐਗਰੀਕਲਚਰਲ ਲੁਧਿਆਣਾ 1, 2 ਅਤੇ ਕ੍ਰਿਸ਼ੀ ਵਿਗਿਆਨ ਕੇਂਦਰ, ਮੋਗਾ2
Summary in English: Unit Agro Food Processing Industry - Moving Towards Prosperity