Zoonoses Diseases: ਜ਼ੂਨੋਸਿਸ, ਜਿਸਦਾ ਭਾਵ ਉਹਨਾਂ ਬਿਮਾਰੀਆਂ ਤੋਂ ਹੈ ਜੋ ਜਾਨਵਰਾਂ ਤੋਂ ਮਨੁੱਖਾਂ ਨੂੰ ਲੱਗ ਸਕਦੀਆਂ ਹਨ। ਮਨੁੱਖ ਨੂੰ ਲਗਭਗ 200 ਪ੍ਰਮੁੱਖ ਜ਼ੂਨੋਸਿਸ ਬਿਮਾਰੀਆਂ ਲੱਗ ਸਕਦੀਆਂ ਹਨ। ਇਹਨਾਂ ਵਿੱਚੋਂ 40 ਦੇ ਕਰੀਬ ਬਿਮਾਰੀਆਂ ਗਾਵਾਂ-ਮੱਝਾਂ ਅਤੇ ਮਨੁੱਖ ਵਿੱਚ ਸਾਂਝੀਆਂ ਹਨ। ਲਗਭਗ 30 ਜੂਨੋਸਿਸ ਬਿਮਾਰੀਆਂ ਘੋੜਿਆਂ ਤੋਂ, 60 ਪਾਲਤੂ ਜਾਨਵਰਾਂ (ਕੁੱਤਿਆਂ ਅਤੇ ਬਿੱਲੀਆਂ) ਤੋਂ, 35 ਸੂਰਾਂ ਤੋਂ, 20 ਜੰਗਲੀ ਜਾਨਵਰਾਂ ਤੋਂ, 30 ਚੂਹਿਆਂ ਤੋਂ ਅਤੇ 20 ਪੰਛੀਆਂ ਤੋਂ ਮਨੁੱਖ ਨੂੰ ਲੱਗ ਸਕਦੀਆਂ ਹਨ।
ਫੈਲਣ ਦੇ ਤਰੀਕੇ
ਜੂਨੋਸਿਸ ਬਿਮਾਰੀਆਂ ਕਈ ਤਰੀਕਿਆਂ ਨਾਲ ਪਸ਼ੂਆਂ ਅਤੇ ਮਨੁੱਖ ਵਿਚਕਾਰ ਫੈਲਦੀਆਂ ਹਨ। ਇਹਨਾਂ ਬਿਮਾਰੀਆਂ ਦੇ ਕੀਟਾਣੂ ਪਸ਼ੂਆਂ ਦੇ ਮਲ ਵਿੱਚ, ਪਿਸ਼ਾਬ ਵਿੱਚ, ਦੁੱਧ ਵਿੱਚ, ਮਾਸ ਵਿੱਚ ਜਾਂ ਖੂਨ ਵਿੱਚ ਹੁੰਦੇ ਹਨ। ਜਦੋਂ ਮਨੁੱਖ ਸਿੱਧੇ ਜਾਂ ਅਸਿੱਧੇ ਤੌਰ ਤੇ ਇਹਨਾਂ ਕੀਟਾਣੂੰਆਂ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਇਹ ਕੀਟਾਣੂ ਮਨੁੱਖ ਅੰਦਰ ਚਲੇ ਜਾਂਦੇ ਹਨ ਅਤੇ ਬਿਮਾਰੀ ਦਾ ਕਾਰਨ ਬਣਦੇ ਹਨ।
ਬਚਾਅ ਅਤੇ ਰੋਕਥਾਮ
1. ਆਪਣੇ ਆਪ ਨੂੰ ਅਤੇ ਆਪਣੇ ਆਲੇ-ਦੁਆਲੇ ਨੂੰ ਸਾਫ ਰੱਖੋ। ਫਲਾਂ-ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਖਾਓ।
2. ਹਮੇਸ਼ਾ ਉਬਾਲੇ ਹੋਏ ਦੁੱਧ ਦਾ ਸੇਵਨ ਕਰਨਾ ਚਾਹੀਦਾ ਹੈ।
3. ਮੀਟ ਨੂੰ ਹਮੇਸ਼ਾ ਪਕਾ ਕੇ ਖਾਣਾ ਚਾਹੀਦਾ ਹੈ। ਅੱਧਾ ਜਾਂ ਅੱਧ ਪਕਾਏ ਗਏ ਮੀਟ ਦਾ ਸੇਵਨ ਨਹੀਂ ਕਰਨਾ ਚਾਹੀਦਾ।
4. ਮਿੱਟੀ ਵਿੱਚ ਕੰਮ ਕਰਨ ਤੋਂ ਬਾਅਦ ਹੱਥਾਂ ਨੂੰ ਧੋ ਲੈਣਾ ਚਾਹੀਦਾ ਹੈ। ਅਜਿਹੀ ਥਾਂ ਉੱਪਰ ਨਾ ਖੇਡੋ ਜਿਥੇ ਮਿੱਟੀ ਦੀ ਜਾਨਵਰਾਂ ਦੇ ਮੱਲ ਨਾਲ ਦੂਸ਼ਿਤ ਹੋਣ ਦੀ ਸੰਭਾਵਨਾ ਹੋਵੇ।
5. ਚੂਹਿਆਂ ਅਤੇ ਅਵਾਰਾ ਕੁੱਤਿਆਂ ਦਾ ਕੰਟਰੋਲ ਕਰਨਾ ਚਾਹੀਦਾ ਹੈ। ਕੁੱਤਾ ਜਾਂ ਬਿੱਲੀ ਦੇ ਦੰਦੀ ਵੱਢਣ ਤੇ ਜਲਦੀ ਤੋਂ ਜਲਦੀ ਉਸ ਜਗ੍ਹਾ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋ ਲਵੋ ਅਤੇ ਵੈਟਰਨਰੀ ਡਾਕਟਰ ਦੀ ਸਲਾਹ ਦੇ ਨਾਲ ਤੁਰੰਤ ਟੀਕੇ ਲਗਵਾਓ।
ਇਹ ਵੀ ਪੜ੍ਹੋ : ਆਓ ਸ਼ਹਿਦ ਮੱਖੀ ਕਟੁੰਬਾਂ ਨੂੰ ਹਵਾਦਾਰ ਬਣਾਈਏ ਅਤੇ ਪਾਣੀ ਦੀ ਮਾਰ ਤੋਂ ਬਚਾਈਏ
6. ਵਾੜ੍ਹਿਆਂ ਨੂੰ ਸਾਫ-ਸੁਥਰਾ ਰੱਖੋ। ਜਿੱਥੇ ਬਿਮਾਰ ਪਸ਼ੂ ਹੋਵੇ, ਅਜਿਹੀ ਜਗ੍ਹਾ ਨੂੰ ਰੋਗਾਣੂੰ ਨਾਸ਼ਕ ਦਵਾਈਆਂ (ਧਸਿਨਿਡੲਚਟੳਨਟਸ) ਨਾਲ ਧੋਣਾ ਚਾਹੀਦਾ ਹੈ।
7. ਬਿਮਾਰ ਜਾਨਵਰ ਨੂੰ ਸਿਹਤਮੰਦ ਜਾਨਵਰਾਂ ਨਾਲੋਂ ਵੱਖਰਾ ਰੱਖਣਾ ਚਾਹੀਦਾ ਹੈ। ਜੇਕਰ ਜਾਨਵਰ ਕਿਸੇ ਬਿਮਾਰੀ ਨਾਲ ਪੀੜਿਤ ਹੈ ਤਾਂ ਉਸਦਾ ਇਲਾਜ ਵੈਟਰਨਰੀ ਡਾਕਟਰ ਤੋਂ ਕਰਵਾਉਣਾ ਚਾਹੀਦਾ ਹੈ।
8. ਨਵੇਂ ਲਿਆਂਦੇ ਗਏ ਪਸ਼ੂ ਨੂੰ ਬਾਕੀ ਪਸ਼ੂਆਂ ਦੇ ਨਾਲੋਂ ਘੱਟੋ-ਘੱਟ 21 ਦਿਨ ਵੱਖਰੇ ਰੱਖਣਾ ਚਾਹੀਦਾ ਹੈ, ਕਿ ਜੇਕਰ ਪਸ਼ੂ ਨੂੰ ਕੋਈ ਬਿਮਾਰੀ ਤਾਂ ਹੈ 21 ਦਿਨਾਂ ਦੇ ਵਿੱਚ ਉਸਦੇ ਲੱਛਣ ਦਿਸਣ ਲੱਗ ਪੈਂਦੇ ਹਨ।
9. ਜਾਨਵਰਾਂ ਨੂੰ ਬਚਾਅ ਦੇ ਟੀਕੇ ਲਾਗਵਾਉਣੇ ਚਾਹੀਦੇ ਹਨ। ਵੱਛੀਆਂ-ਕੱਟੀਆਂ ਨੂੰ 4-8 ਮਹੀਨੇ ਦੀ ਉਮਰ ਤੇ ਬਰੂਸੇਲਾ ਦਾ ਟੀਕਾਕਰਨ ਕਰਾਉਣਾ ਜਰੂਰੀ ਹੈ। ਕੁੱਤਿਆਂ ਵਿਚ ਹਲਕਾਅ ਤੋਂ ਬਚਾਅ ਲਈ ਟੀਕਾਕਰਨ ਕਰਵਾਉਣਾ ਚਾਹੀਦਾ ਹੈ।
10. ਬਿਮਾਰੀ ਨਾਲ ਮਰੇ ਪਸ਼ੂ ਨੂੰ, ਸੂਣ ਉਪਰੰਤ ਮਰੇ ਕੱਟੜੂ-ਵੱਛੜੂ ਨੂੰ ਅਤੇ ਪਸ਼ੂ ਦੀ ਜੇਰ ਨੂੰ ਚੰਗੀ ਤਰ੍ਹਾਂ ਨਸ਼ਟ ਕਰ ਦੇਣਾ ਚਾਹੀਦਾ ਹੈ। ਟੋਆ ਪੁੱਟ ਕੇ ਚੂਨੇ ਸਮੇਤ ਦੱਬ ਦੇਣਾ ਚਾਹੀਦਾ ਹੈ ਜਾਂ ਸਾੜ ਦੇਣਾ ਚਾਹੀਦਾ ਹੈ।
ਕੰਵਰਪਾਲ ਸਿੰਘ ਢਿੱਲੋਂ ਅਤੇ ਵਿਵੇਕ ਸ਼ਰਮਾ, ਕ੍ਰਿਸ਼ੀ ਵਿਗਿਆਨ ਕੇਂਦਰ, ਅੰਮ੍ਰਿਤਸਰ
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: 200 zoonoses diseases can be transmitted from animals to humans