1. Home
  2. ਪਸ਼ੂ ਪਾਲਣ

ਪਸ਼ੂਆਂ ਨੂੰ ਚਿੱਚੜਾਂ, ਮੱਖੀਆਂ ਅਤੇ ਮੱਛਰਾਂ ਤੋਂ ਬਚਾਉਣ ਲਈ 4 Easy Steps

ਆਓ ਜਾਣਦੇ ਹਨ ਕਿ ਪਸ਼ੂਆਂ ਨੂੰ ਚਿੱਚੜਾਂ, ਮੱਖੀਆਂ ਅਤੇ ਮੱਛਰਾਂ ਤੋਂ ਬਚਾਉਣ ਲਈ ਪਸ਼ੂ ਪਾਲਕਾਂ ਨੂੰ ਕੀ ਕਰਨਾ ਚਾਹੀਦਾ ਹੈ?

Gurpreet Kaur Virk
Gurpreet Kaur Virk
ਹੁੰਮਸ ਵਾਲੇ ਮੌਸਮ ਵਿੱਚ ਪਸ਼ੂਆਂ ਦੀ ਦੇਖਭਾਲ ਜ਼ਰੂਰੀ

ਹੁੰਮਸ ਵਾਲੇ ਮੌਸਮ ਵਿੱਚ ਪਸ਼ੂਆਂ ਦੀ ਦੇਖਭਾਲ ਜ਼ਰੂਰੀ

ਇਹ ਵੇਖਣ ਵਿੱਚ ਆਇਆ ਹੈ ਕਿ ਪਸ਼ੂਆਂ ਵਿੱਚ ਗਰਮੀਆਂ ਤੋਂ ਬਾਅਦ ਬਰਸਾਤ ਦੇ ਮੌਸਮ ਵਿੱਚ ਬਾਹਰੀ ਪਰਜੀਵੀਆਂ ਦੀ ਸਮੱਸਿਆ ਬਹੁਤ ਵੱਧ ਜਾਂਦੀ ਹੈ। ਪਸ਼ੂਆਂ ਦੇ ਇਹ ਬਾਹਰੀ ਪਰਜੀਵੀ ਪਸ਼ੂਆਂ ਨੂੰ ਨਾ ਸਿਰਫ ਤੰਗ ਕਰਦੇ ਹਨ, ਸਗੋਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਦਿੰਦੇ ਹਨ। ਬਾਹਰੀ ਪਰਜੀਵੀਆਂ ਵਿੱਚ ਮੁੱਖ ਤੌਰ ਤੇ ਚਿੱਚੜ, ਮੱਖੀਆਂ, ਮੱਛਰ, ਜੂੰਆਂ, ਪਿੱਸੂ ਅਤੇ ਚੰਮਜੂੰਆਂ ਆਦਿ ਗਰਮੀਆਂ ਅਤੇ ਬਰਸਾਤਾਂ ਵਿੱਚ ਜ਼ਿਆਦਾ ਹੁੰਦੇ ਹਨ।

ਬਾਹਰੀ ਪਰਜੀਵੀ ਪਸ਼ੂ ਪਾਲਕਾਂ ਦਾ ਕਾਫੀ ਆਰਥਿਕ ਨੁਕਸਾਨ ਕਰਦੇ ਹਨ ਕਿਉਂਕਿ ਇਨ੍ਹਾਂ ਦੇ ਖੂਨ ਚੂਸਣ ਕਾਰਨ ਪਸ਼ੂਆਂ ਦੀਆਂ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ ਜਿਵੇਂ ਕਿ: ਅਨੀਮੀਆ (ਖੂਨ ਦੀ ਘਾਟ), ਤੱਤਾਂ ਦੀ ਘਾਟ, ਦੁੱਧ ਦਾ ਘਟਣਾ, ਪਸ਼ੂਆਂ ਦਾ ਹੇਹੇ ਵਿੱਚ ਨਾ ਆਉਣਾ ਅਤੇ ਗਰਭ ਦਾ ਨਾ ਠਹਿਰਣਾ। ਇਸ ਤੋਂ ਇਲਾਵਾ ਇਹ ਪਸ਼ੂਆਂ ਵਿੱਚ ਖੂਨ ਦੇ ਪਰਜੀਵੀਆਂ ਦੀਆਂ ਕਈ ਭਿਆਨਕ ਬੀਮਾਰੀਆਂ ਵੀ ਫੈਲਾਉਂਦੇ ਹਨ।

ਇਹ ਬਾਹਰੀ ਪਰਜੀਵੀ ਪਸ਼ੂਆਂ ਨੂੰ ਕੱਟਦੇ-ਵੱਢਦੇ ਹਨ ਜਿਸ ਕਾਰਨ ਪਸ਼ੂਆਂ ਵਿੱਚ ਚਿੜਚਿੜਾਹਟ ਜਾਂ ਉਨੀਂਦਰਾਪਨ ਪੈਦਾ ਹੋ ਜਾਂਦਾ ਹੈ। ਇਸ ਕਰਕੇ ਪਸ਼ੂ ਬਾਰ-ਬਾਰ ਆਪਣੇ ਪੈਰ ਜ਼ਮੀਨ ਤੇ ਪਟਕਦਾ ਹੈ ਤੇ ਮੱਖੀਆਂ/ਮੱਛਰ ਤੋਂ ਬਚਾਓ ਲਈ ਆਪਣੀ ਪੂੰਛ ਨੂੰ ਹਿਲਾਉਂਦਾ ਰਹਿੰਦਾ ਹੈ। ਇਸ ਕਰਕੇ ਪਸ਼ੂ ਰੱਜਵੀਂ ਖੁਰਾਕ ਨਹੀਂ ਲੈ ਪਾਂਦਾ। ਜਿਸ ਕਾਰਨ ਉਸਦਾ ਸਰੀਰਕ ਭਾਰ ਘੱਟ ਜਾਂਦਾ ਹੈ ਅਤੇ ਉਤਪਾਦਨ ਸਮਰੱਥਾ ਘੱਟਣੀ ਸ਼ੁਰੂ ਹੋ ਜਾਂਦੀ ਹੈ।

ਕੁੱਝ ਮੱਖੀਆਂ ਪਸ਼ੂਆਂ ਨੂੰ ਇੰਨ੍ਹੀਂ ਜ਼ੋਰ ਨਾਲ ਕੱਟਦੀਆਂ ਹਨ ਕਿ ਪਸ਼ੂ ਇੰਨ੍ਹਾਂ ਤੋਂ ਬਚਣ ਲਈ ਇੱਧਰ-ਉੱਧਰ ਦੌੜਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ। ਹੋਰ ਤਾਂ ਹੋਰ ਜੇ ਪਸ਼ੂ ਗੱਭਣ ਹੋਵੇ ਤਾਂ ਅਜਿਹੀ ਹਾਲਤ ਵਿੱਚ ਪਸ਼ੂ ਬੱਚਾ ਵੀ ਸੁੱਟ ਸਕਦਾ ਹੈ। ਇਹ ਬਾਹਰੀ ਪਰਜੀਵੀ ਪਸ਼ੂਆਂ ਵਿੱਚ ਚਮੜੀ ਰੋਗ ਵੀ ਕਰ ਦਿੰਦੇ ਹਨ। ਮੱਛਰ ਆਮ ਕਰਕੇ ਖੜ੍ਹੇ ਪਾਣੀ ਦੇ ਸਰੋਤਾਂ ਕੋਲ ਵੱਧਦੇ ਫੁੱਲਦੇ ਹਨ ਜੋ ਕਿ ਇੰਨ੍ਹਾਂ ਦੇ ਜੀਵਨ ਕਾਲ ਨੂੰ ਪੂਰਾ ਕਰਨ ਲਈ ਜ਼ਰੂਰੀ ਹੁੰਦਾ ਹੈ। ਬਰਸਾਤੀ ਰੁੱਤ ਵਿੱਚ ਸਹੀ ਜਲਵਾਯੂ (ਉਚਿਤ ਨਮੀ ਤੇ ਤਾਪਮਾਨ) ਮਿਲਣ ਕਰਕੇ ਇੰਨ੍ਹਾਂ ਦੀ ਪਸ਼ੂਆਂ ਤੇ ਭਰਮਾਰ ਹੋ ਜਾਂਦੀ ਹੈ।

ਇਹ ਵੀ ਪੜ੍ਹੋ : Dangi Cow ਦਿੰਦੀ ਹੈ 800 ਲੀਟਰ ਦੁੱਧ, ਜਾਣੋ ਇਸਦੀ ਪਛਾਣ ਕਰਨ ਦਾ ਤਰੀਕਾ

ਪਸ਼ੂ ਪਾਲਕਾਂ ਨੂੰ ਕੀ ਕਰਨਾ ਚਾਹੀਦਾ ਹੈ ?

• ਪਸ਼ੂਆਂ ਵਿੱਚ ਚਿੱਚੜਾਂ ਤੋਂ ਬਚਾਅ ਲਈ ਵੈਟਨਰੀ ਡਾਕਟਰ ਦੀ ਸਲਾਹ ਨਾਲ ਟੀਕੇ ਜਾਂ ਸਰੀਰ ਤੇ ਮਲਣ ਵਾਲੀਆਂ ਦਵਾਈਆਂ ਲਗਾਉਣੀਆਂ ਚਾਹੀਦੀਆਂ ਹਨ। ਦਵਾਈ ਦਾ ਇਸਤੇਮਾਲ ਘੱਟੋ-ਘੱਟ 10 ਦਿਨਾਂ ਦੇ ਅੰਤਰਾਲ ਤੇ 3-4 ਵਾਰ ਕਰਨਾ ਚਾਹੀਦਾ ਹੈ। ਦਵਾਈ ਨੂੰ ਪਸ਼ੂ ਦੇ ਸਰੀਰ ਤੇ ਚਿੱਚੜ ਦੇ ਲੁਕਣ ਵਾਲੀਆਂ ਥਾਵਾਂ ਜਿਵੇਂ ਕਿ ਕੰਨ ਦੇ ਥੱਲੇ, ਚੱਡੇ ਦੇ ਉੱਪਰ, ਪੂੰਛ ਦੇ ਥੱਲੇ ਆਦਿ ਲਗਵਾਉਣਾ ਚਾਹੀਦਾ ਹੈ।ਦਵਾਈ ਦੀ ਸਪਰੇਅ ਪਸ਼ੂ ਫਾਰਮ ਦੇ ਵਿੱਚ ਹੋਰ ਲੁਕਵੀਆਂ ਥਾਵਾਂ ਜਿਵੇਂ ਕਿ: ਤਰੇੜਾਂ, ਵਿੱਥਾਂ, ਖੁੰਜਿਆਂ ਵਿੱਚ ਵੀ ਕਰਨਾ ਬਹੁਤ ਜ਼ਰੂਰੀ ਹੈ।

• ਮੱਖੀਆਂ ਨੂੰ ਵੱਧਣ ਫੁੱਲਣ ਤੋਂ ਰੋਕਣ ਲਈ ਸਭ ਤੋਂ ਅਹਿਮ ਗੱਲ ਇਹ ਹੈ ਕਿ ਪਸ਼ੂ ਪਾਲਕਾਂ ਨੂੰ ਆਪਣੇ ਸ਼ੈੱਡਾਂ ਤੇ ਆਲੇ ਦੁਆਲੇ ਦੀ ਸਾਫ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇਸ ਲਈ ਪਸ਼ੂਆਂ ਦੇ ਮਲ ਮੂਤਰ ਦੀ ਸਹੀ ਨਿਕਾਸੀ ਦੇ ਲੋੜੀਂਦੇ ਪ੍ਰਬੰਧ ਕਰਨੇ ਚਾਹੀਦੇ ਹਨ। ਸ਼ੈੱਡ ਵਿੱਚ ਪਸ਼ੂਆਂ ਦੇ ਗੋਹੇ ਨੂੰ ਦੇਰ ਤੱਕ ਨਹੀਂ ਪਿਆ ਰਹਿਣ ਦੇਣਾ ਚਾਹੀਦਾ ਤੇ ਸਮੇਂ-ਸਮੇਂ ਤੇ ਗੋਹੇ ਨੂੰ ਇਕੱਠਾ ਕਰਕੇ ਕਿਸੇ ਡੂੰਘੇ ਟੋਏ ਵਿੱਚ ਪਾ ਕੇ ਦੱਬ ਦੇਣਾ ਜਾਂ ਢੱਕ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ : Cow Horns ਤੋਂ ਵੀ ਬਣਾਈ ਜਾ ਸਕਦੀ ਹੈ ਖਾਦ! ਜਾਣੋ ਇਹ Simple Method

• ਮੱਛਰਾਂ ਦੀ ਰੋਕਥਾਮ ਲਈ ਮੱਛਰਾਂ ਦੀਆਂ ਪ੍ਰਜਨਣ ਥਾਵਾਂ ਤੇ ਮਿੱਟੀ ਦੇ ਤੇਲ ਦਾ ਛਿੜਕਾਅ, ਕੀਟਨਾਸ਼ਕਾਂ ਦਾ ਸਪਰੇਅ, ਪਾਣੀ ਖੜ੍ਹਾ ਨਾ ਹੋਣ ਦੇਣਾ, ਛੋਟੇ ਮੋਟੇ ਟੋਏ ਟਿੱਬਿਆਂ ਨੂੰ ਮਿੱਟੀ ਨਾਲ ਭਰ ਦੇਣਾ, ਛੱਪੜਾਂ ਜਾਂ ਉੱਥਲੇ ਪਾਣੀ ਦੀਆਂ ਥਾਵਾਂ ਤੇ ਬੂਟੀ ਨਾ ਉੱਗਣ ਦੇਣਾ ਤੇ ਝੀਲਾਂ, ਛੱਪੜਾਂ, ਝੋਨੇ ਦੇ ਖੇਤਾਂ ਵਿੱਚ ਮੱਛੀ ਪਾਲਣ ਦੀ ਅਪਨਾਇਆ ਜਾ ਸਕਦਾ ਹੈ।

• ਸ਼ੈੱਡ ਵਿੱਚ ਜਾਲੀਆਂ ਦੀ ਵਰਤੋਂ ਕਰਕੇ ਵੀ ਮੱਖੀਆਂ/ਮੱਛਰਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਖਾਸ ਕਰਕੇ ਜਿਸ ਸ਼ੈੱਡ ਵਿੱਚ ਮਿਲਕ ਪਾਰਲਰ (ਚੁਆਈ ਦਾ ਕਮਰਾ) ਅਲੱਗ ਹੋਵੇ ਉੱਥੇ ਇਸ ਕਮਰੇ ਦੀ ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਬਿਜਲੀ ਨਾਲ ਚੱਲਣ ਵਾਲੀਆਂ ਨੀਲੀਆਂ ਟਿਊਬ ਲਾਈਟਾਂ ਅਤੇ ਤੇਜ਼ ਹਵਾ ਵਾਲੇ ਪੱਖਿਆਂ (ਫਰਾਟੇ) ਦੀ ਵਰਤੋਂ ਕਰਕੇ ਵੀ ਮੱਖੀਆਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਬਹੁਤੇਰੀ ਮਾਤਰਾ ਵਿੱਚ ਹੋਣ ਤੇ ਕੀਟ ਨਾਸ਼ਕ ਦਵਾਈਆਂ ਜਿਵੇਂ ਕਿ: ਅੰਮਿਤਰਾਜ, ਡੈਲਟਾਮੈਥਰਿਨ, ਸਾਈਪਰਮੈਥਰਿਨ ਦਾ ਛਿੜਕਾਅ ਕਰਨਾ ਚਾਹੀਦਾ ਹੈ ਤੇ ਜ਼ਰੂਰਤ ਪੈਣ ਤੇ 10-14 ਦਿਨ ਬਾਅਦ ਰੀਪੀਟ ਵੀ ਕਰਨਾ ਚਾਹੀਦਾ ਹੈ।

ਕੰਵਰਪਾਲ ਸਿੰਘ ਢਿੱਲੋਂ1*, ਤੇਜਬੀਰ ਸਿੰਘ2
ਕ੍ਰਿਸ਼ੀ ਵਿਗਿਆਨ ਕੇਂਦਰ, ਅੰਮ੍ਰਿਤਸਰ1
ਕ੍ਰਿਸ਼ੀ ਵਿਗਿਆਨ ਕੇਂਦਰ, ਸ਼ਹੀਦ ਭਗਤ ਸਿੰਘ ਨਗਰ2

Summary in English: 4 Easy Steps to Protect Animals from Fleas, Flies and Mosquitoes

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters