1. Home
  2. ਪਸ਼ੂ ਪਾਲਣ

ਡੇਅਰੀ ਪਸ਼ੂਆਂ ਵਿੱਚ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਣ ਉਪਾਅ!

ਅੱਜ ਅੱਸੀ ਤੁਹਾਨੂੰ ਡੇਅਰੀ ਪਸ਼ੂਆਂ ਵਿੱਚ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਣ ਦੇ ਕੁੱਝ ਉਪਾਅ ਦੱਸਣ ਜਾ ਰਹੇ ਹਾਂ।

Gurpreet Kaur Virk
Gurpreet Kaur Virk
Dairy Animals

Dairy Animals

ਅੱਜ ਅੱਸੀ ਤੁਹਾਨੂੰ ਡੇਅਰੀ ਪਸ਼ੂਆਂ ਵਿੱਚ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਣ ਦੇ ਕੁੱਝ ਉਪਾਅ ਦੱਸਣ ਜਾ ਰਹੇ ਹਾਂ। ਪੂਰੀ ਜਾਣਕਾਰੀ ਲਈ ਅੱਗੇ ਪੜੋ... 

ਅੱਜਕੱਲ ਵਿਕਾਸ ਦੇ ਦੌਰ ਵਿੱਚ ਮਾਹਿਰਾਂ ਨੇ ਤਕਰੀਬਨ ਬਹੁਤ ਬੀਮਾਰੀਆਂ ਦਾ ਇਲਾਜ਼ ਲੱਭ ਲਿਆ ਹੈ। ਪਰ ਇਹ ਇਲਾਜ ਡੇਅਰੀ ਪਸ਼ੂਆਂ ਦੇ ਮਾਲਕਾਂ ਲਈ ਮਹਿੰਗਾ ਸਾਬਤ ਹੁੰਦਾ ਹੈ। ਇਸ ਲਈ ਸਾਨੂੰ ਇਲਾਜ ਦੇ ਬਜਾਏ ਬਿਮਾਰੀਆਂ ਦੀ ਰੋਕਥਾਮ ਲਈ ਉਚੇਚੇ ਤੌਰ ਤੇ ਧਿਆਨ ਦੇਣ ਦੀ ਲੋੜ ਹੈ। ਇਨ੍ਹਾਂ ਵਿੱਚ:

-ਵੱਖ-ਵੱਖ ਵਾਇਰਲ ਅਤੇ ਜਰਾਸੀਮੀ ਬਿਮਾਰੀਆਂ ਦੇ ਵਿਰੁੱਧ ਟੀਕਾਕਰਨ,

-ਟੈਸਟਿੰਗ ਪ੍ਰੋਗਰਾਮ ਅਤੇ

-ਡੀਵੋਰਮਿੰਗ ਪ੍ਰੋਗਰਾਮ ਸ਼ਾਮਲ ਹਨ।

ਟੀਕਾਕਰਨ ਪ੍ਰੋਗਰਾਮ

-ਟੀਕਾਕਰਨ ਜੀਵ-ਵਿਗਿਆਨਕ ਏਜੰਟ ਟੀਕੇ (vaccine) ਦੁਆਰਾ ਖਾਸ ਛੂਤ ਦੀਆਂ ਬਿਮਾਰੀਆਂ ਦੇ ਵਿਰੁੱਧ ਜਾਨਵਰਾਂ ਦੇ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਵਿੱਚ ਨਕਲੀ ਤੌਰ 'ਤੇ ਉਸਾਰਨ ਦਾ ਅਭਿਆਸ ਹੈ।

-“ਟੀਕਾਸ਼ਬਦ ਦੀ ਵਰਤੋਂ ਇਕ ਐਂਟੀਜੇਨ (ਪਦਾਰਥਾਂ ਦੇ ਰੂਪ ਜੀਵ) ਨੂੰ ਦਰਸਾਉਣ ਲਈ ਕੀਤੀ ਜਾਂਦੀ ਹੈ। ਜਿਸ ਵਿੱਚ ਇਕ ਜੀਵਿਤ, ਕਮਜ਼ੋਰ ਜਾਂ ਮਰੇ ਬੈਕਟੀਰੀਆ, ਵਾਇਰਸ ਜਾਂ ਫੰਗਸ ਹੁੰਦੇ ਹਨ ਅਤੇ ਜਾਨਵਰਾਂ ਵਿਚ ਕਿਰਿਆਸ਼ੀਲ ਛੋਟ ਦੇ ਉਤਪਾਦਨ ਲਈ ਵਰਤੇ ਜਾਂਦੇ ਹਨ।

-ਇਸ ਸ਼ਬਦ ਵਿੱਚ ਰੋਗਾਣੂਆਂ ਦੁਆਰਾ ਤਿਆਰ ਕੀਤੇ ਗਏ ਅਤੇ ਟੀਕਾਕਰਨ ਲਈ ਇਸਤੇਮਾਲ ਕੀਤੇ ਜਾਣ ਵਾਲੇ ਪਦਾਰਥ ਜਿਵੇਂ ਕਿ ਟੌਕਸਿਨ, ਟੌਕਸਾਈਡ ਜਾਂ ਕੋਈ ਹੋਰ ਮੈਟਾਬੋਲਾਈਟਸ ਵੀ ਸ਼ਾਮਲ ਹਨ।

ਟੀਕਾਕਰਨ ਦੇ ਪ੍ਰੋਗਰਾਮ ਨੂੰ ਸਫਲ ਕਿਵੇਂ ਬਣਾਇਆ ਜਾਵੇ?

ਟੀਕਾਕਰਨ ਜਾਨਵਰਾਂ ਵਿੱਚ ਛੋਟ ਵਧਾ ਕੇ ਵਿਸ਼ੇਸ਼ ਰੋਗਾਂ ਨੂੰ ਰੋਕਣ ਦਾ ਸਭ ਤੋਂ ਪ੍ਰਭਾਵਸ਼ਾਲੀ ਢੰਗ ਹੈ। ਬਦਕਿਸਮਤੀ ਨਾਲ ਸਾਰੀਆਂ ਕਿਸਮਾਂ ਦੇ ਟੀਕਾਕਰਨ ਜੀਵਨ ਭਰ ਇਮਿਉਨਟੀ ਦੇਣ ਦੇ ਸਮਰੱਥ ਨਹੀਂ ਹਨ। ਇਸ ਤਰ੍ਹਾਂ ਕਿਸੇ ਖਾਸ ਟੀਕੇ ਦੀ ਪ੍ਰਭਾਵਸ਼ੀਲਤਾ, ਟੀਕਾਕਰਨ ਦੀ ਮਾਤਰਾ ਅਤੇ ਮਾਰਗ ਅਤੇ ਟੀਕਿਆਂ ਦੇ ਲਈ ਭੰਡਾਰਨ ਦੀਆਂ ਸਥਿਤੀਆਂ ਬਾਰੇ ਜਾਣਨਾ ਜ਼ਰੂਰੀ ਹੈ। ਟੀਕਾਕਰਨ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਹੇਠਾਂ ਦਿੱਤੇ ਪਹਿਲੂ ਮਦਦਗਾਰ ਹੋ ਸਕਦੇ ਹਨ।

-ਬਿਮਾਰ ਤੇ ਕਮਜ਼ੋਰ ਪਸ਼ੂਆਂ ਦਾ ਟੀਕਾਕਰਨ ਨਾ ਕਰੋ, ਸਿਰਫ ਸਿਹਤਮੰਦ ਪਸ਼ੂਆਂ ਵਿੱਚਟੀਕਾਕਰਨ ਕਰੋ।

-ਟੀਕਾਕਰਨ ਤੋਂ ਬਾਅਦ 2 ਹਫਤੇ ਤੱਕ ਪਸ਼ੂ ਨੂੰ ਕਿਸੇ ਕਿਸਮ ਦਾ ਐਂਟੀਬਾਇਓਟਿਕ ਨਾ ਦਿੱਤਾ ਜਾਵੇ।

-ਟੀਕਾਕਰਨ ਤੋਂ ਬਾਅਦ 2 ਹਫਤੇ ਤੱਕ ਪਸ਼ੂ ਤੇ ਕਿਸੇ ਕਿਸਮ ਦਾ ਦਬਾਅ ਨਾ ਪਾਇਆ ਜਾਵੇ, ਜਿਵੇ ਇਕਦੱਮ ਦਾਣੇ ਵਿੱਚ ਤਬਦੀਲੀ ਜਾਂ ਸ਼ੈਡ ਵਿੱਚ ਕੋਈ ਬਦਲਾਵ।

-ਪੂਰਨ ਗਰਭ ਅਵਸਥਾ ਵਿੱਚ ਜਾਨਵਰਾਂ ਦੇ ਟੀਕਾਕਰਨ ਤੋਂ ਪਰਹੇਜ਼ ਕੀਤਾ ਜਾ ਸਕਦਾ ਹੈ। ਹਾਲਾਂਕਿ, ਜਿਆਦਾਤਰ ਕੇਸਾਂ ਵਿੱਚ ਟੀਕੇ ਆਮ ਤੌਰ ਤੇ ਸੁਰੱਖੀਅਤ ਹੀ ਹੁੰਦੇ ਹਨ।

-ਕੇਵਲ 4-6 ਮਹੀਨਿਆਂ ਦੇ ਵਿਚਕਾਰ ਕੱਟੜੂ/ਵੱਛੜੂ ਨੂੰ ਟੀਕਾ ਲਗਵਾਇਆ ਜਾਣਾ ਚਾਹੀਦਾ ਹੈ।

-ਬਿਮਾਰੀ ਦੇ ਕਿਸੇ ਵੀ ਪ੍ਰਕੋਪ ਦੇ ਦੌਰਾਨ, ਟੀਕਾਕਰਨ ਪ੍ਰੋਗਰਾਮ ਕਦੇ ਵੀ ਨਹੀਂ ਕੀਤਾ ਜਾਣਾ ਚਾਹੀਦਾ।

-ਇਹ ਸੁਨਿਸ਼ਚਿਤ ਕੀਤਾ ਜਾਵੇ ਕੇ ਵੈਕਸੀਨ ਦੀ ਮਿਆਦ ਖਤਮ ਤਾਂ ਨਹੀਂ ਅਤੇ ਉਸਦੀ ਠੰਡੀ ਲੜੀ (2-8oC) ਬਰਕਰਾਰ ਹੈ।

-ਤਰੀਕਿਆਂ ਦੇ ਨਾਲ ਵੱਖ-ਵੱਖ ਜਾਨਵਰਾਂ ਦੀਆਂ ਕਿਸਮਾਂ ਲਈ ਵਰਤੇ ਜਾਣ ਵਾਲੇ ਟੀਕੇ ਦੀ ਬ੍ਰਾਂਡ, ਕਿਸਮ ਅਤੇ ਬੈਚ ਦਾ ਰਿਕਾਰਡ ਰੱਖੋ।

-ਚੰਗੇ ਪ੍ਰਤੀਰੋਧਨ ਲਈ ਟੀਕਾਕਰਨ ਤੋਂ 1-2 ਹਫਤੇ ਪਹਿਲਾਂ ਜਾਨਵਰਾਂ ਨੂੰ ਮਲੱਪ ਰਹਿਤ ਕਰਨ ਲਈ ਦਵਾਈ ਦੇਣੀ ਚਾਹੀਦੀ ਹੈ।

-ਵੱਖ-ਵੱਖ ਬਿਮਾਰੀਆਂ ਦੇ ਟੀਕੇ ਇਕੱਠੇ ਮਿਲਾਕੇ ਇਸਤੇਮਾਲ ਨਹੀਂ ਕਰਨੇ ਚਾਹੀਦੇ ।

-ਇੱਕ ਤੋਂ ਦੂਸਰੀ ਵੈਕਸੀਨ ਵਿੱਚ 21-28 ਦਿਨ ਦਾ ਅੰਤਰ ਜ਼ਰੂਰ ਹੋਵੇ।

-ਆਮ ਤੌਰ ਤੇ ਟੀਕਾਕਰਨ ਬਿਮਾਰੀ ਪ੍ਰਤੀ ਸੁਰੱਖਿਆ ਪ੍ਰਦਾਨ ਕਰਨ ਵਿੱਚ 2-3 ਹਫਤੇ ਦਾ ਸਮਾਂ ਲੈਂਦੇ ਹਨ। ਇਸ ਲਈ ਬਿਮਾਰੀ ਦੇ ਸੰਭਾਵਿਤ ਖ਼ਤਰੇ ਦੇ ਸਮੇ ਤੋਂ ਘਟ ਤੋਂ ਘਟ ਇੱਕ ਮਹੀਨਾ ਪਹਿਲਾਂ ਕਰਵਾਉਣਾ ਚਾਹੀਦਾ ਹੈ। ਵੱਖ-ਵੱਖ ਕੰਪਨੀਆਂ ਦੁਆਰਾ ਤਿਆਰ ਟੀਕੇ ਵੱਖ-ਵੱਖ ਮਾਤਰਾ ਅਤੇ ਬੂਸਟਰ (ਦੁਬਾਰਾ ਟੀਕਾਕਰਨ) ਦੀ ਸਿਫਾਰਿਸ਼ ਕਰਦੇ ਹਨ। ਇਸ ਲਈ ਸਾਨੂੰ ਇਸਤੇਮਾਲ ਕਰਨ ਵਾਲੇ ਟੀਕੇ ਦੇ ਬਾਰੇ ਪੂਰੀ ਜਾਣਕਾਰੀ ਹਾਸਲ ਕਰ ਲੈਣੀ ਚਾਹੀਦੀ ਹੈ।

-ਝੁੰਡ ਦਾ ਟੀਕਾਕਰਨ (Herd Vaccination) ਕਰਨ ਵੇਲੇ ਇਹ ਯਕੀਨੀ ਕਰੋ ਕਿ ਹਰੇਕ ਜਾਨਵਰ ਨੂੰ ਟੀਕੇ ਦੀ ਪੂਰੀ ਮਾਤਰਾ ਦਿੱਤੀ ਜਾਵੇ ।

-ਵੈਕਸੀਨ ਨਿਰਮਾਤਾ ਦੁਆਰਾ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ ਅਤੇ ਕੋਸ਼ਿਸ਼ ਕਰੋ ਕਿ ਟੀਕਾਕਰਨ ਕਿਸੇ ਮਾਹਿਰ ਵੈਟਰਨਰੀ ਡਾਕਟਰ ਜਾਂ ਵੈਟਰਨਰੀ ਇੰਸਪੈਕਟਰ ਤੋਂ ਹੀ ਕਰਵਾਇਆ ਜਾਵੇ।

-ਸਰਿੰਜ ਅਤੇ ਸੂਈਆਂ ਦਾ ਸਹੀ ਨਿਪਟਾਰਾ ਕਰਨਾ ਅੱਤ ਜ਼ਰੂਰੀ ਹੈ।

-ਸਾਰੇ ਨਾ ਵਰਤੇ ਗਏ ਟੀਕੇ ਨਸ਼ਟ ਕਰ ਦਿਓ, ਜੋ ਵੈਧਤਾ ਅਵਧੀ ਦੇ ਅੰਦਰ ਨਹੀਂ ਵਰਤੇ ਜਾ ਸਕਦੇ।

ਪਸ਼ੂਆਂ ਵਿੱਚ ਟੀਕਾਕਰਨ ਦਾ ਕਾਰਜਕ੍ਰਮ:

ਸੀਰੀਅਲ ਨੰ.

ਬਿਮਾਰੀ

ਸਮਾਸੂਚੀ

ਪ੍ਰਾਇਮਰੀ ਟੀਕਾਕਰਨ

ਬੂਸਟਰ ਟੀਕਾਕਰਨ

1.

ਮੂੰਹ-ਖੁਰ (FMD)

4 ਮਹੀਨੇ ਦੀ ਉਮਰ ਤੇ

ਬੂਸਟਰ: 1 ਮਹੀਨੇ ਬਾਅਦ

ਫਿਰ ਸਾਲ ਵਿੱਚ 2 ਵਾਰ (ਫਰਵਰੀ ਤੇ ਸਿਤੰਬਰ)

2.

ਗੱਲ-ਘੋਟੂ (HS)

4-6ਮਹੀਨੇ ਦੀ ਉਮਰ ਤੇ

ਫਿਰ ਸਾਲ ਵਿੱਚ 2 ਵਾਰ (ਮਈ-ਜੂਨ ਤੇ ਨਵੰਬਰ-ਦਸੰਬਰ)

3.

ਬਲੈਕ ਕੁਆਰਟਰ (ਪੱਟ ਸੋਜ਼)

6 ਮਹੀਨੇ ਦੀ ਉਮਰ ਤੇ

ਸਲਾਨਾ ਮਾਨਸੂਨ ਤੋਂ ਪਹਿਲਾਂ

4.

ਐਂਥ੍ਰੈਕਸ

6-8 ਮਹੀਨੇ ਦੀ ਉਮਰ ਤੇ

ਸਲਾਨਾ ਪ੍ਰਭਾਵਿਤ ਇਲਾਕਿਆਂ ਵਿੱਚ

5.

ਬਰੂਸਲੋਸਿਸ (ਤੂ ਜਾਣਾ)

ਸਿਰਫ ਵੱਛੀ/ਕੱਟੀ ਨੂੰ 4-8 ਮਹੀਨਿਆਂ ਦੀ ਉਮਰ ਤੇ

ਦੁਬਾਰਾ ਲੋੜ ਨਹੀਂ

6.

ਥੀਲੀਰੀਓਸਿਸ (ਕਨੇਡੂ ਰੋਗ)

3 ਮਹੀਨੇ ਦੀ ਉਮਰ ਤੇ

ਦੁਬਾਰਾ ਹਰ 3 ਸਾਲਾਂ ਬਾਅਦ ਪ੍ਰਭਾਵਿਤ ਇਲਾਕਿਆਂ ਵਿੱਚ

ਟੈਸਟਿੰਗ ਪ੍ਰੋਗਰਾਮ

ਸ਼ੁਰੂਆਤੀ ਪੜਾਵਾਂ ਦੇ ਹਰ ਛੇ ਮਹੀਨਿਆਂ ਵਿੱਚ ਇੱਕ ਵਾਰ ਟੀ.ਬੀ., ਬਰੂਸਲੋਸਿਸ ਅਤੇ ਜੋਹਨੀ(JD) ਦੀ ਬਿਮਾਰੀ ਬਾਰੇਪਸ਼ੂਆਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਬਾਅਦ ਵਿੱਚ, ਝੁੰਡ ਦੀ ਸਿਹਤ ਸਥਿਤੀ ਦੇ ਅਧਾਰ ਤੇ, ਸਾਲਾਨਾ ਟੈਸਟ ਕੀਤਾ ਜਾ ਸਕਦਾ ਹੈ। ਬੀਮਾਰ ਪਸ਼ੂਆਂ ਨੂੰ ਝੁੰਡ ਤੋਂ ਵੱਖ ਰੱਖਣਾ ਚਾਹੀਦਾ ਹੈ। ਇਨ੍ਹਾਂ ਦੇ ਨਾਲ, ਸਵੱਛਤਾ ਦੇ ਸਖਤ ਉਪਾਅ ਅਪਣਾਏ ਜਾਣੇ ਚਾਹੀਦੇ ਹਨ। ਪ੍ਰਜਨਨ ਬਲਦਾਂ ਨੂੰ ਬਿਮਾਰੀਆਂ ਤੋਂ ਪੂਰੀ ਤਰ੍ਹਾਂ ਮੁਕਤ ਹੋਣਾ ਚਾਹੀਦਾ ਹੈ।

ਡੀਵਰਮਿੰਗ ਪ੍ਰੋਗਰਾਮ

-ਡੀਵਰਮਿੰਗ ਪਸ਼ੂਆਂ ਨੂੰ ਮਲੱਪ-ਰਹਿਤ ਕਰਨ ਲਈ ਦਵਾਈ ਦੇਣਾ ਹੈ, ਜੋ ਕਿ ਉਨ੍ਹਾਂ ਨੂੰ ਵੱਖ-ਵੱਖ ਤਰ੍ਹਾਂ ਦੇ ਪਰਜੀਵੀ ਜਿਵੇਂ ਕਿ ਗੋਲ ਅਕਾਰ ਮਲੱਪ (Roundworms), ਜਿਗਰ ਪਰਜੀਵੀ (Liver flukes) ਅਤੇ ਚਪਟੇ ਪਰਜੀਵੀ (Tapeworms) ਤੋਂ ਛੁਟਕਾਰਾ ਦਿਵਾਉਂਦੀ ਹੈ।

-ਅੰਦਰੂਨੀ ਪਰਜੀਵੀ ਦੇ ਖਿਲਾਫ ਡੀਵਰਮਿੰਗ ਸਾਲ ਵਿੱਚ ਦੋ ਵਾਰ, ਅਰਥਾਤ ਮਾਨਸੂਨ ਦੀ ਸ਼ੁਰੂਆਤ ਵੇਲੇ (ਮਈ-ਜੂਨ) ਅਤੇ ਦੁਬਾਰਾ ਮਾਨਸੂਨ ਦੇ ਅੰਤ (ਅਗਸਤ-ਸਤੰਬਰ) ਤੋਂ ਬਾਅਦ ਕਰਨੀ ਚਾਹੀਦੀ ਹੈ।

ਡੀਵਰਮਿੰਗ ਪ੍ਰੋਗਰਾਮ ਨੂੰ ਸਫਲ ਕਿਵੇਂ ਬਣਾਇਆ ਜਾਵੇ?

-ਕਿਸਾਨਾਂ ਨੂੰ ਨਿਯਮਿਤ ਰੂਪ ਵਿੱਚ ਆਪਣੇ ਪਸ਼ੂਆਂ ਨੂੰ ਮਲੱਪ-ਰਹਿਤ (ਡੀਵਰਮਿੰਗ) ਰੱਖਣਾ ਜ਼ਰੂਰੀ ਹੈ।

-ਡੀਵਰਮਿੰਗ (ਕੀੜੇ-ਮੁਕਤ) ਕਰਨਦਾ ਸਭ ਤੋਂ ਸਹੀ ਸਮਾਂ ਬੀਮਾਰੀ ਦੇ ਸ਼ੁਰੂਆਤੀ ਪੜਾਅ ਵਿੱਚ ਕਰਨਾ ਹੁੰਦਾ ਹੈ, ਜਦੋਂ ਕੀੜੇ-ਮਕੌੜੇ ਦਾ ਬੋਝ ਘੱਟ ਹੁੰਦਾ ਹੈ।

-ਪਸ਼ੂਆਂ ਦੇ ਗੋਬਰ ਦੀ ਜਾਂਚ ਕਰਨ 'ਤੇ ਡੀਵਰਮਿੰਗ ਕੀਤੀ ਜਾਣੀ ਚਾਹੀਦੀ ਹੈ।

-ਸੂਣ ਤੋਂ ਪਹਿਲਾਂ ਗੱਭਣ ਪਸ਼ੂਆਂ ਨੂੰ 15-20 ਦਿਨ ਪਹਿਲਾਂ ਮਲੱਪਾਦੀ ਦਵਾਈ ਜ਼ਰੂਰ ਦੇਵੋ।

-ਸਾਰੇ ਪਸ਼ੂਆਂ ਦੀ ਡੀਵਰਮਿੰਗ ਕਰਨ ਤੋਂ ਪਹਿਲਾਂ 24 ਘੰਟੇ ਉਹਨਾਂ ਨੂੰ ਭੁੱਖੇ ਰੱਖਣਾ ਚਾਹੀਦਾ ਹੈ।

-ਕੱਟੜੂ/ਵੱਛੜੂ ਦੇ ਜਨਮ ਤੋਂ 15 ਦਿਨ ਬਾਅਦ ਡੀਵਰਮਿੰਗ ਸ਼ੁਰੂ ਕਰ ਦੇਣੀ ਚਾਹੀਦੀ ਹੈ।

-ਕੱਟੜੂ/ਵੱਛੜੂ ਦੀ 6 ਮਹੀਨਿਆਂਦੀ ਉਮਰ ਤੱਕ ਹਰ ਮਹੀਨੇ ਡੀਵਰਮਿੰਗ ਕਰਨੀ ਚਾਹੀਦੀ ਹੈ।

-ਵੱਡੀ ਉਮਰ ਦੇ ਪਸ਼ੂਆ ਦੀ ਹਰ 4-6 ਮਹੀਨਿਆਂ ਦੇ ਅੰਤਰਾਲ 'ਤੇ ਡੀਵਰਮਿੰਗ ਕੀਤੀ ਜਾਣੀ ਚਾਹੀਦੀ ਹੈ।

-ਉਨ੍ਹਾਂ ਥਾਵਾਂ 'ਤੇ ਜਿੱਥੇ ਬਿਮਾਰੀ ਦਾ ਭਾਰ ਜਿਆਦਾ ਹੈ (ਗਰਮ-ਨਮੀ ਵਾਲੇ ਖੇਤਰ), ਉੱਥੇ ਦੋ ਸਾਲ ਦੀ ਉਮਰ ਤੱਕ ਇਕ ਸਾਲ ਵਿੱਚ ਤਿੰਨ ਤੋਂ ਚਾਰ ਵਾਰ ਡੀਵਰਮਿੰਗ ਦੀ ਸਲਾਹ ਦਿੱਤੀ ਜਾਂਦੀ ਹੈ। 

ਇਹ ਵੀ ਪੜ੍ਹੋ: ਗਰਮੀ ਦਾ ਕਹਿਰ ਜਾਰੀ! ਹਰਿਆਣਾ 'ਚ ਬਣਿਆ ਮੱਝਾਂ ਲਈ ਸਵੀਮਿੰਗ ਪੂਲ!

ਪਸ਼ੂਆਂ ਵਿੱਚ ਡੀਵਰਮਿੰਗ ਕਾਰਜਕ੍ਰਮ:

ਸੀਰੀਅਲ ਨੰ.

ਕੀੜੇ ਦੀ ਕਿਸਮ

ਡੀਵਰਮਿੰਗ ਸਮਾਂ ਸੂਚੀ

ਮਲੱਪਾ ਦੀ ਦਵਾਈ

 

 

1.

 

 

ਗੋਲ ਅਕਾਰ ਮਲੱਪ (Roundworms)

ਪਹਿਲੀ ਖੁਰਾਕ ਉਮਰ ਦੇ 10-15 ਦਿਨਾਂ ਤੇ ਅਤੇ ਫਿਰ ਮਹੀਨਾਵਾਰ 6 ਮਹੀਨਿਆਂ ਤੱਕ

 

6 ਮਹੀਨਿਆਂ ਤੋਂ ਵੱਧ ਉਮਰ ਦੇ ਪਸ਼ੂਆਂ ਵਿੱਚ ਇਕ ਸਾਲ ਵਿਚ ਤਿੰਨ ਵਾਰ

 

ਫੇਨਬੇਂਡਾਜ਼ੋਲ, ਇਵਰਮੇਕਟਿਨ

 

2.

 

ਜਿਗਰ ਪਰਜੀਵੀ

(Liver flukes)

 

ਪ੍ਰਭਾਵਿਤ ਇਲਾਕਿਆਂ ਵਿੱਚ ਸਾਲ ਵਿੱਚ ਦੋ ਵਾਰ (ਜਨਵਰੀ ਅਤੇ ਜੂਨ)

 

ਟ੍ਰਾਈਕਲੇਬੈਂਡਾਜ਼ੋਲ, ਆਕਸੀਕਲੋਜ਼ਨਾਈਡ

 

3.

 

ਚੱਪਟੇ ਪਰਜੀਵੀ

(Tapeworms)

 

ਸਾਲ ਵਿੱਚ ਦੋ ਵਾਰ (ਜਨਵਰੀ ਅਤੇ ਜੂਨ) ਕੱਟੜੂ/ਵੱਛੜੂ ਵਿੱਚ

 

ਪਾ੍ਜ਼ੀਕੁਆਂਟਲ,   ਨਿਕਲੋਸਾਮਾਈਡ

 

Summary in English: Disease Prevention and Control Measures in Dairy Animals!

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters