1. Home
  2. ਪਸ਼ੂ ਪਾਲਣ

ਪਸ਼ੂਆਂ ਦੀ ਸਿਹਤ ਜਲਵਾਯੂ ਪਰਿਵਰਤਨ `ਤੇ ਵੀ ਨਿਰਭਰ ਕਰਦੀ ਹੈ, ਜਾਣੋ ਕਿਵੇਂ!

ਖੇਤੀ ਮੌਸਮ ਸੇਵਾਵਾਂ ਦਾ ਪਸ਼ੂਆਂ ਦੇ ਸਿਹਤ ਪ੍ਰਬੰਧ `ਚ ਬਹੁਤ ਮਹੱਤਵ ਹੁੰਦਾ ਹੈ, ਵਧੇਰੇ ਜਾਣਕਾਰੀ ਲਈ ਲੇਖ ਪੜ੍ਹੋ....

Priya Shukla
Priya Shukla
ਖੇਤੀ ਮੌਸਮ ਸੇਵਾਵਾਂ ਦਾ ਪਸ਼ੂਆਂ ਦੇ ਸਿਹਤ ਪ੍ਰਬੰਧ

ਖੇਤੀ ਮੌਸਮ ਸੇਵਾਵਾਂ ਦਾ ਪਸ਼ੂਆਂ ਦੇ ਸਿਹਤ ਪ੍ਰਬੰਧ

ਪਸ਼ੂਆਂ ਦੀ ਸਿਹਤ ਪੌਸ਼ਟਿਕ ਖੁਰਾਕ, ਵਧੀਆ ਨਸਲ, ਚੰਗੇ ਸ਼ੈੱਡ ਤੇ ਯੋਗ ਪ੍ਰਬੰਧਨ ਦੇ ਨਾਲ-ਨਾਲ ਜਲਵਾਯੂ `ਤੇ ਵੀ ਨਿਰਭਰ ਹੁੰਦੀ ਹੈ। ਪਿਛਲੇ ਕੁੱਝ ਦਹਾਕਿਆਂ ਤੋਂ ਮੌਸਮ `ਚ ਲਗਾਤਾਰ ਤਬਦੀਲੀਆਂ ਦੇਖੀਆਂ ਜਾ ਰਹੀਆਂ ਹਨ, ਜਿਵੇਂ ਕਿ ਔਸਤਨ ਤਾਪਮਾਨ ਦਾ ਵੱਧਣਾ ਜਾਂ ਘੱਟਣਾ, ਬੇਮੌਸਮੀ ਹਨੇਰੀ ਝੱਖੜ, ਬੇਮੌਸਮੀ ਗੜ੍ਹੇਮਾਰੀ, ਹੜ੍ਹ ਤੇ ਸੋਕੇ `ਚ ਵਾਧਾ ਤੇ ਮਾਨਸੂਨ ਦੌਰਾਨ ਮੀਂਹ `ਚ ਤਬਦੀਲੀ। ਇਸ ਤਰ੍ਹਾਂ ਮੌਸਮ ਦੀ ਅਚਾਨਕ ਤਬਦੀਲੀ ਨਾਲ ਪਸ਼ੂਆਂ ਨੂੰ ਬਿਮਾਰੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। 

ਪਸ਼ੂਆਂ ਨੂੰ ਆਰਾਮਦਾਇਕ ਵਾਤਾਵਰਣ ਨਾ ਮਿਲਣ ਕਾਰਨ ਦੁੱਧ, ਮੀਟ ਤੇ ਆਂਡਿਆ ਦਾ ਉਤਪਾਦਨ ਘੱਟ ਸਕਦਾ ਹੈ। ਇਨ੍ਹਾਂ ਮੌਸਮੀ ਘਟਨਾਵਾਂ ਤੋਂ ਬਚਾਅ ਕਰਨ ਲਈ ਮੌਸਮ ਦੇ ਪਸ਼ੂ ਪਾਲਣ ਉਤਪਾਦਨ 'ਤੇ ਪੈ ਰਹੇ ਪ੍ਰਭਾਵਾਂ ਤੇ ਇਨ੍ਹਾਂ ਤੋਂ ਬਚਣ ਲਈ ਜ਼ਰੂਰੀ ਪ੍ਰਬੰਧਾਂ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ।

ਗਰਮੀ ਦਾ ਗਾਂਵਾਂ ਤੇ ਮੱਝਾਂ ਦੀ ਸਿਹਤ `ਤੇ ਪ੍ਰਭਾਵ: 

ਵੱਧ ਰਹੀ ਗਰਮੀ ਦੇ ਕਾਰਨ ਪਸ਼ੂਆਂ ਦੀ ਸਿਹਤ `ਤੇ ਕਈ ਤਰ੍ਹਾਂ ਦੇ ਸਿੱਧੇ ਪ੍ਰਭਾਵ ਪੈਂਦੇ ਹਨ, ਜਿਵੇਂ ਕਿ ਸਰੀਰਕ ਤਾਪਮਾਨ, ਸਾਹ ਪ੍ਰਣਾਲੀ ਦੀ ਦਰ ਤੇ ਸਰੀਰ ਦੀ ਊਰਜਾ ਦੀ ਲੋੜ `ਚ ਵਾਧਾ। ਮਈ-ਜੂਨ ਦੇ ਮਹੀਨੇ ਤਪਸ਼ ਕਾਫ਼ੀ ਵੱਧ ਜਾਂਦੀ ਹੈ, ਕਈ ਵਾਰ ਤਾਪਮਾਨ 45-47 ਡਿਗਰੀ ਸੈਂਟੀਗਰੇਡ ਵੀ ਹੋ ਜਾਂਦਾ ਹੈ ਜਿਸ ਕਰਕੇ ਪਸ਼ੂ ਬੇਆਰਾਮੇ ਹੋ ਜਾਂਦੇ ਹਨ। ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਇਨ੍ਹਾਂ ਮਹੀਨਿਆਂ `ਚ ਪਸ਼ੂਆਂ ਲਈ ਪੱਠੇ ਘੱਟ ਜਾਂਦੇ ਹਨ, ਪਸ਼ੂਆਂ `ਚ ਚੁਸਤੀ ਤੇ ਫੁਰਤੀ ਤੇ ਨਾਲ ਹੀ ਦੁੱਧ ਵੀ ਘੱਟ ਜਾਂਦਾ ਹੈ। ਇਸ ਤਰ੍ਹਾਂ ਲਗਾਤਾਰ ਗਰਮੀ ਦੇ ਪ੍ਰਭਾਵ ਅਧੀਨ ਬਿਮਾਰੀਆਂ ਦਾ ਟਾਕਰਾ ਕਰਨ ਲਈ ਪਸ਼ੂ ਦੀ ਸਰੀਰਕ ਸ਼ਕਤੀ ਵੀ ਘੱਟ ਜਾਂਦੀ ਹੈ। 

ਗਰਮੀ `ਚ ਕਰਨ ਵਾਲੇ ਜ਼ਰੂਰੀ ਪ੍ਰਬੰਧ: 

• ਸ਼ੈੱਡ ਦੀ ਬਣਤਰ ਇਸ ਢੰਗ ਨਾਲ ਕੀਤੀ ਜਾਵੇ ਕਿ ਸੂਰਜ ਦੀਆਂ ਕਿਰਨਾਂ ਅੰਦਰ ਦਾਖਲ ਨਾ ਹੋ ਸਕਣ। 

• ਜੇਕਰ ਸ਼ੈੱਡ ਦੀ ਦਿਸ਼ਾ ਉਪਰੋਕਤ ਅਨੁਸਾਰ ਨਹੀਂ ਹੈ ਤਾਂ ਪਰਦਿਆਂ ਜਾਂ ਪੱਲੀਆਂ ਆਦਿ ਦਾ ਇੰਤਜ਼ਾਮ ਕਰਕੇ ਧੁੱਪ ਤੇ ਲੂ ਨੂੰ ਰੋਕਿਆ ਜਾਣਾ ਚਾਹੀਦਾ ਹੈ।

• ਲੂ ਤੋਂ ਬਚਣ ਲਈ ਕੂਲਰਾਂ, ਪੱਖਿਆਂ ਤੇ ਫੁਹਾਰਿਆਂ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ।

• ਪਸ਼ੂਆਂ ਦੇ ਸ਼ੈੱਡਾਂ ਦੇ ਆਲੇਦੁਆਲੇ ਗੂੜ੍ਹੀ ਛਾਂ ਵਾਲੇ ਦਰੱਖਤਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ। 

• ਗਰਮੀਆਂ ਦੌਰਾਨ ਸਾਫ਼ ਸੁਥਰਾ ਤੇ ਤਾਜ਼ਾ ਪੀਣ ਵਾਲਾ ਪਾਣੀ ਉਪਲੱਬਧ ਹੋਣਾ ਚਾਹੀਦਾ ਹੈ। 

• ਗਰਮੀਆਂ `ਚ ਖਾਸ ਕਰਕੇ ਕੱਚੀ ਜਗ੍ਹਾ `ਤੇ ਨਹਿਰੀ / ਦਰਿਆਈ ਰੇਤੇ ਦੀ ਦੋ ਤੋਂ ਢਾਈ ਇੰਚ ਦੀ ਤਹਿ ਵਿਛਾਓ ਤੇ ਇਸ `ਤੇ ਪਾਣੀ ਛਿੜਕ ਦਿਓ। ਇਸ ਨਾਲ ਪਸ਼ੂਆਂ ਨੂੰ ਠੰਡਕ ਪਹੁੰਚਦੀ ਹੈ ਤੇ ਆਰਾਮ ਮਿਲਦਾ ਹੈ।

• ਮੌਸਮ ਗਰਮ ਹੋਣਾ ਸ਼ੁਰੂ ਹੋਣ `ਤੇ ਦੁਧਾਰੂ ਪਸ਼ੂਆਂ ਨੂੰ ਚਿੱਚੜ ਲੱਗਣ ਦੀ ਸਮੱਸਿਆ ਆਉਂਦੀ ਹੈ ਜਿਸਦਾ ਨਾਸ਼ ਕਰਨ ਲਈ ਮੈਲਾਥਿਓਨ (Malathion) ਜਾਂ ਕਰਬਾਰਿਲ (Carbaryl) 0.5-1.0 ਪ੍ਰਤੀਸ਼ਤ ਜਾਂ ਆਸਨਟੋਲ (Asantol) 0.10 ਪ੍ਰਤੀਸ਼ਤ (1 ਗਰਾਮ / 1 ਲਿਟਰ ਪਾਣੀ) ਦਾ ਘੋਲ ਕਾਫ਼ੀ ਲਾਹੇਵੰਦ ਹੁੰਦਾ ਹੈ। 

• ਹਰ ਸਾਲ ਫਰਵਰੀ-ਮਾਰਚ ‘ਚ ਮੂੰਹਖੁਰ ਦੀ ਬਿਮਾਰੀ ਤੋਂ ਬਚਾਓ ਕਰਨ ਲਈ ਟੀਕਾਕਰਨ ਜ਼ਰੂਰ ਕਰਵਾਓ ਤੇ ਮਈ-ਜੂਨ ਦੇ ਮਹੀਨੇ `ਚ ਗਲ ਘੋਟੂ ਬਿਮਾਰੀ ਤੋਂ ਬਚਣ ਲਈ ਟੀਕਾ ਕਰਨ ਕਰਵਾਓ ਤਾਂ ਜੋ ਬਰਸਾਤ ਦੇ ਮੌਸਮ `ਚ ਪਸ਼ੂ ਬਿਮਾਰੀ ਤੋਂ ਬਚੇ ਰਹਿਣ।

ਇਹ ਵੀ ਪੜ੍ਹੋ : Organic fodder: ਅਜੋਲਾ ਦੇ ਕੁਝ ਅਨਮੋਲ ਫਾਇਦੇ

ਬਰਸਾਤੀ ਮੌਸਮ ਦਾ ਪਸ਼ੂਆਂ ਤੇ ਪ੍ਰਭਾਵ: 

ਖੁਸ਼ਕ ਗਰਮੀ ਨਾਲੋਂ ਹੁਮਸ ਵਾਲੀ ਗਰਮੀ ਪਸ਼ੂ ਲਈ ਵਧੇਰੇ ਤਨਾਅਦਾਇਕ ਹੁੰਦੀ ਹੈ। ਹੁਮਸ ਵਾਲੇ ਮੌਸਮ ਨਾਲ ਪਸ਼ੂਆਂ ਦੀ ਭੁੱਖ ਘੱਟ ਜਾਂਦੀ ਤੇ ਪਸ਼ੂ ਪਾਣੀ ਵੀ ਵੱਧ ਪੀਂਦੇ ਹਨ। ਜਿਸ ਕਰਕੇ ਪਸ਼ੂ ਆਰਾਮਦਾਇਕ ਮਹਿਸੂਸ ਨਹੀਂ ਕਰਦੇ ਤੇ ਸਿੱਟੇ ਵਜੋਂ ਦੁੱਧ ਉਤਪਾਦਨ ਘੱਟ ਜਾਂਦਾ ਹੈ। ਇਸ ਤੋਂ ਇਲਾਵਾ ਬਰਸਾਤੀ ਦਿਨ੍ਹਾਂ ਦੌਰਾਨ ਹਵਾ `ਚ ਵਧੇਰੇ ਨਮੀ ਹੋਣ ਨਾਲ ਮੱਛਰ, ਮੱਖੀ ਤੇ ਬਿਮਾਰੀ ਫੈਲਾਉਣ ਵਾਲੇ ਕੀਟਾਣੂ ਦੀ ਗਿਣਤੀ `ਚ ਵੀ ਵਾਧਾ ਹੋ ਜਾਂਦਾ ਹੈ। 

ਬਰਸਾਤੀ ਮੌਸਮ `ਚ ਕਰਨ ਵਾਲੇ ਜ਼ਰੂਰੀ ਪ੍ਰਬੰਧ: 

• ਚਿੱਚੜਾਂ ਦੇ ਕੰਟਰੋਲ ਦਾ ਜ਼ਰੂਰੀ ਪ੍ਰਬੰਧ ਕਰੋ।

• ਬਰਸਾਤੀ ਦਿਨਾਂ ਦੌਰਾਨ ਫੁਹਾਰਿਆਂ ਦੀ ਵਰਤੋਂ ਕਰਨੀ ਬੰਦ ਕਰਕੇ ਇੱਕਲੇ ਪੱਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਸ ਨਾਲ ਸ਼ੈਡ ਅੰਦਰ ਨਮੀ ਕੰਟਰੋਲ ਰਹਿੰਦੀ ਹੈ। 

• ਖੁਰਲੀਆਂ ‘ਚੋਂ ਪੱਠੇ ਬਾਹਰ ਕੱਢ ਕੇ ਸਾਫ਼-ਸੁਥਰੇ ਪਾਣੀ ਨਾਲ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ।

• ਬਰਸਾਤ ਰੁੱਤ ਦੇ ਮਹੀਨੇ `ਚ ਸ਼ੈੱਡ ਨੂੰ ਦੋ ਵਾਰੀ 5 ਪ੍ਰਤੀਸ਼ਤ ਫੀਨੋਲ (phenol) ਦੇ ਘੋਲ ਨਾਲ ਕਿਰਮ ਰਹਿਤ ਕਰਨਾ ਚਾਹੀਦਾ ਹੈ।

Summary in English: Livestock health also depends on climate change, learn how!

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters