Lumpy Disease: ਪਿੰਡਾਂ `ਚ ਕਿਸਾਨਾਂ ਦਾ ਖੇਤੀ ਤੋਂ ਬਾਅਦ ਸਭ ਤੋਂ ਮੁੱਖ ਆਮਦਨ ਦਾ ਸਾਧਣ ਪਸ਼ੂ ਪਾਲਣ ਹੈ। ਪਸ਼ੂ ਪਾਲਣ ਦੇ ਰਾਹੀਂ ਦੇਸ਼ ਦੇ ਕਈ ਕਿਸਾਨ ਆਪਣਾ ਗੁਜ਼ਾਰਾ ਕਰਦੇ ਹਨ। ਪਰ ਕੁਝ ਸਮੇਂ ਤੋਂ ਚਲ ਰਹੇ ਲੰਪੀ ਦੇ ਰੋਗ ਦੇ ਪ੍ਰਕੋਪ ਨਾਲ ਪਸ਼ੂ ਪਾਲਕਾਂ ਨੂੰ ਬਹੁਤ ਨੁਕਸਾਨ ਝੱਲਣਾ ਪੈ ਰਿਹਾ ਹੈ। ਉੱਤਰੀ ਭਾਰਤ ਦੇ ਕਈ ਸੂਬਿਆਂ 'ਚ ਲੰਪੀ ਵਾਇਰਸ ਨੇ ਭਾਰੀ ਤਬਾਹੀ ਮਚਾਈ ਹੋਈ ਹੈ।
ਚਮੜੀ ਗੰਢ ਰੋਗ ਜਿਸ ਨੂੰ ਲੰਪੀ ਚਮੜੀ ਰੋਗ ਵੀ ਕਿਹਾ ਜਾਂਦਾ ਹੈ, ਗਾਵਾਂ ਅਤੇ ਮੱਝਾਂ ਦਾ ਇੱਕ ਵਿਸ਼ਾਣੂ ਰੋਗ ਹੈ ਜਿਸ ਵਿੱਚ ਪਸ਼ੂ ਨੂੰ ਬੁਖਾਰ ਹੁੰਦਾ ਹੈ ਅਤੇ ਚਮੜੀ ਤੇ ਖਾਸ ਤਰਾਂ ਦੇ ਜਖਮ ਜਾਂ ਗੰਢਾਂ ਬਣ ਜਾਂਦੀਆਂ ਹਨ। ਇਹ ਬਿਮਾਰੀ ਆਮ ਤੌਰ ਤੇ ਗਰਮ ਅਤੇ ਸਿੱਲੇ ਵਾਤਾਵਰਣ ਦੀ ਬਿਮਾਰੀ ਹੈ।
ਪਿਛਲੇ ਸਾਲ ਇਸਦਾ ਪ੍ਰਕੋਪ ਪੰਜਾਬ ਵਿੱਚ ਵੀ ਦੇਖਣ ਨੂੰ ਮਿਲਿਆ। ਪਸ਼ੂ ਦੀ ਤਰਸਯੋਗ ਹਾਲਤ ਤੋਂ ਇਲਾਵਾ, ਦੁੱਧ ਦੀ ਪੈਦਾਵਾਰ ਵਿੱਚ ਕਮੀ ਕਰਕੇ ਆਰਥਿਕ ਨੁਕਸਾਨ ਵੀ ਹੁੰਦਾ ਹੈ। ਜਿਆਦਾ ਤੀਬਰ ਬਿਮਾਰੀ ਵਿੱਚ ਪਸ਼ੂ ਦੀ ਮੌਤ ਵੀ ਹੋ ਸਕਦੀ ਹੈ।
ਇਹ ਵੀ ਪੜ੍ਹੋ : ਲੰਪੀ ਰੋਗ ਦਾ ਕਹਿਰ ਜਾਰੀ, ਇਨ੍ਹਾਂ ਹੋਮਿਓਪੈਥਿਕ ਦਵਾਈਆਂ ਨਾਲ ਕਰੋ ਪਸ਼ੂਆਂ ਦੀ ਰਾਖੀ
ਇਹ ਰੋਗ ਕਿਵੇਂ ਹੁੰਦਾ ਹੈ ਅਤੇ ਕਿਸ ਤਰ੍ਹਾਂ ਫੈਲਦਾ ਹੈ?
ਲੰਪੀ ਚਮੜੀ ਰੋਗ ਲੰਪੀ ਚਮੜੀ ਵਿਸ਼ਾਣੂ ਦੁਆਰਾ ਹੁੰਦਾ ਹੈ। ਇਹ ਵਿਸ਼ਾਣੂ ਗਾਵਾਂ ਅਤੇ ਮੱਝਾਂ ਵਿੱਚ ਇੰਨਫੈਕਸ਼ਨ ਕਰਦਾ ਹੈ ਪਰ ਮਨੁੱਖਾਂ ਤੇ ਇਸਦਾ ਕੋਈ ਅਸਰ ਨਹੀਂ। ਹਾਲਾਂਕਿ, ਗਾਵਾਂ ਨਾਲੋਂ ਮੱਝਾਂ ਵਿੱਚ ਇਹ ਬਿਮਾਰੀ ਘੱਟ ਹੁੰਦੀ ਹੈ। ਇਹ ਰੋਗ ਚਿੱਚੜਾਂ, ਮੱਖੀਆਂ ਅਤੇ ਮੱਛਰਾਂ ਦੁਆਰਾ ਫੈਲਾਇਆ ਜਾਂਦਾ ਹੈ। ਇਸ ਤੋਂ ਇਲਾਵਾ ਜਦੋਂ ਬਿਮਾਰ ਪਸ਼ੂ ਨੂੰ ਇੱਕ ਫਾਰਮ ਤੋਂ ਦੂਜੇ ਫਾਰਮ ਤੇ ਭੇਜਣ ਨਾਲ ਵੀ ਇਹ ਰੋਗ ਫੈਲਦਾ ਹੈ। ਬਿਮਾਰ ਪਸ਼ੂ ਦੀ ਲਾਰ, ਅੱਖਾਂ ਦੇ ਪਾਣੀ, ਨੱਕ ਦੇ ਪਾਣੀ ਨਾਲ ਖੁਰਾਕ ਦੁਸ਼ਤ ਹੋ ਜਾਂਦੀ ਹੈ ਅਤੇ ਬਿਮਾਰੀ ਫੈਲਦੀ ਹੈ।
ਬਿਮਾਰੀ ਦੇ ਲੱਛਣ
● ਬੁਖਾਰ
● ਦੁੱਧ ਦੀ ਪੈਦਾਵਾਰ ਵਿੱਚ ਤੇਜ਼ ਗਿਰਾਵਟ
● ਅੱਖਾਂ ਅਤੇ ਨੱਕ ਵਿੱਚੋਂ ਪਾਣੀ ਵਗਣਾ
● ਚਮੜੀ ਉੱਤੇ ਖਾਸ ਤਰ੍ਹਾਂ ਦੇ ਜਖਮ ਜਾਂ ਗੰਢਾਂ ਜੋ ਕਿ ਇੱਕ ਤੋਂ ਪੰਜ ਸੈਂਟੀ ਮੀਟਰ ਤੱਕ ਹੋ ਸਕਦੇ ਹਨ
● ਇਹ ਗੰਢਾਂ ਕਈ ਮਹੀਨੇ ਤੱਕ ਵੀ ਰਹਿ ਸਕਦੀਆਂ ਹਨ
● ਜੇ ਖੁਰ ਵਿੱਚ ਜ਼ਖਮ ਹੋ ਜਾਣ ਤਾਂ ਪਸ਼ੂ ਦਾ ਲੰਗੜਾ ਕੇ ਚਲਣਾ
● ਫੇਫੜਿਆਂ ਵਿੱਚ ਇੰਨਫੈਕਸ਼ਨ ਕਰਕੇ ਨਿਮੋਨੀਆਂ ਹੋ ਜਾਣਾ
● ਇਹਨਾਂ ਖਾਸ ਤਰਾਂ ਦੇ ਜ਼ਖਮਾਂ ਜਾਂ ਗੰਢਾਂ ਕਰਕੇ ਬਿਮਾਰੀ ਅਸਾਨੀ ਨਾਲ ਪਛਾਣੀ ਜਾਂਦੀ ਹੈ
ਇਹ ਵੀ ਪੜ੍ਹੋ : ਇਨ੍ਹਾਂ ਘਰੇਲੂ ਉਪਚਾਰਾਂ ਤੇ ਦਵਾਈਆਂ ਰਾਹੀਂ ਆਪਣੇ ਪਸ਼ੂਆਂ ਨੂੰ ਲੰਪੀ ਰੋਗ ਤੋਂ ਬਚਾਓ
ਬਿਮਾਰੀ ਤੋਂ ਬਚਾਅ
● ਪਸ਼ੂ ਪਾਲਕਾਂ ਦਾ ਇਸ ਬਿਮਾਰੀ ਬਾਰੇ ਜਾਗਰੂਕ ਹੋਣਾ
● ਤੰਦਰੁਸਤ ਜਾਨਵਰਾਂ ਵਿੱਚ ਬਚਾਅ ਲਈ ਟੀਕਾਕਰਨ ਜਾਂ ਵੈਕਸੀਨੇਸ਼ਨ ਹੋਣਾ
● ਪਸ਼ੂਆਂ ਵਿੱਚ ਸੰਤੁਲਿਤ ਪਸ਼ੂ ਖੁਰਾਕ ਦਾ ਹੋਣਾ
● ਗਰਮੀ ਦੀ ਰੁੱਤ ਵਿੱਚ ਚਿੱਚੜਾਂ ਦੀ ਰੋਕਥਾਮ
● ਜੇਕਰ ਕਿਸੇ ਪਸ਼ੂ ਵਿੱਚ ਲੱਛਣ ਦਿਖਾਈ ਦੇਣ ਤਾਂ ਤੁਰੰਤ ਹੀ ਉਸਨੂੰ ਤੰਦਰੁਸਤ ਜਾਨਵਰਾਂ ਤੋਂ ਅਲੱਗ ਕਰੋ।
● ਜ਼ਖਮਾਂ ਉੱਤੇ ਪੋਵੀਡੀਨ-ਆਇਉਡੀਨ ਆਦਿ ਦਵਾਈਆਂ ਲਗਾ ਕੇ ਰੱਖੋ।
● ਡੇਅਰੀ ਫਾਰਮ ਨੂੰ ਕਿਸੇ ਵੀ ਰੋਗਾਣੂੰ ਨਾਸ਼ਕ ਘੋਲ ਜਿਵੇਂ ਕਿ ਲਾਲ ਦਵਾਈ, ਫਰਨੈਲ ਆਦਿ ਨਾਲ ਧੋਵੋ।
● ਫਾਰਮ ਦੇ ਗੇਟ ਤੇ ਕਲੀ ਪਾ ਕੇ ਰੱਖੋ ਤਾਂਕਿ ਇੰਨਫੈਕਸ਼ਨ ਬਾਹਰੋਂ ਅੰਦਰ ਨਾ ਆਵੇ।
● ਬਿਨਾਂ ਲੋੜ ਤੋਂ ਬਿਮਾਰ ਪਸ਼ੂ ਤੋਂ ਤੰਦਰੁਸਤ ਪਸ਼ੂ ਵੱਲ ਮਨੁੱਖਾਂ ਦੀ ਆਵਾਜਾਈ ਨਾ ਹੋਵੇ।
● ਪਸ਼ੂਆਂ ਦੇ ਇਲਾਜ਼ ਲਈ ਐਂਟੀਬਾਉਟਿਕਸ ਅਤੇ ਹੋਰ ਦਵਾਈਆਂ ਦੀ ਵਰਤੋਂ ਪਸ਼ੂਆਂ ਦੇ ਮਾਹਿਰ ਡਾਕਟਰ ਦੀ ਸਲਾਹ ਨਾਲ ਹੀ ਕਰੋ।
ਮੁਨੀਸ਼ ਕੁਮਾਰ ਅਤੇ ਰੋਹਿਤ ਕੁਮਾਰ, ਕ੍ਰਿਸ਼ੀ ਵਿਗਿਆਨ ਕੇਂਦਰ, ਫਿਰੋਜ਼ਪੁਰ
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)
Summary in English: Protect cows and buffaloes from lumpy skin disease