ਪੇਂਡੂ ਖੇਤਰਾਂ ਵਿੱਚ ਗਰੀਬ ਅਤੇ ਲੋੜਵੰਦ ਛੋਟੇ ਕਿਸਾਨਾਂ ਨੂੰ ਪਸ਼ੂਆਂ ਦੀ ਸੰਭਾਲ ਲਈ ਵਧੀਆ ਸਹੂਲਤਾਂ ਪ੍ਰਦਾਨ ਕਰਨ ਲਈ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਜ਼ਿਲ੍ਹੇ ਦੀਆਂ 838 ਗ੍ਰਾਮ ਪੰਚਾਇਤਾਂ ਵਿਚ 4351 ਨਵੇਂ ਪਸ਼ੂ ਸ਼ੈੱਡ ਤਿਆਰ ਕਰਨ ਦਾ ਪ੍ਰਰਾਜੈਕਟ ਸ਼ੁਰੂ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਲਾਈ ਗਈ ਇਸ ਮੁਹਿੰਮ ਤਹਿਤ ਪੰਜਾਬ ਸਰਕਾਰ ਨੇ 4351 ਨਵੇਂ ਪਸ਼ੂ ਸ਼ੈੱਡ ਬਣਾਉਣ ਦਾ ਪ੍ਰਰਾਜੈਕਟ ਤਿਆਰ ਕੀਤਾ ਹੈ, ਜਿਸ ਤਹਿਤ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਪਸ਼ੂਆਂ ਦੀ ਦੇਖਭਾਲ ਲਈ ਕੈਟਲ ਸ਼ੈਡ ਬਣਾਉਣ ਲਈ ਸਰਕਾਰ ਦੁਆਰਾ ਸਹਾਇਤਾ ਕੀਤੀ ਜਾਏਗੀ।
ਉਨ੍ਹਾਂ ਨੇ ਕਿਹਾ ਕਿ ਇਸ ਸਕੀਮ ਤਹਿਤ ਮਿਲਣ ਵਾਲੇ ਲਾਭ ਨੂੰ ਤਿੰਨ ਸ਼੍ਰੇਣੀਆਂ ਵਿਚ ਵੰਡਿਆ ਗਿਆ ਹੈ। ਜਿਨ੍ਹਾਂ ਕੋਲ 2 ਪਸ਼ੂ ਹਨ, ਉਨ੍ਹਾਂ ਨੂੰ 35 ਹਜ਼ਾਰ ਰੁਪਏ, 4 ਪਸ਼ੂਆਂ ਵਾਲੇ ਲਾਭਪਾਤਰੀਆਂ ਨੂੰ 60 ਹਜ਼ਾਰ ਅਤੇ 6 ਪਸ਼ੂਆਂ ਵਾਲੇ ਲਾਭਪਾਤਰੀ ਨੂੰ ਸ਼ੈੱਡ ਲਈ 97 ਹਜ਼ਾਰ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੈਟਲ ਸ਼ੇਡਜ਼ ਦੀ ਉਸਾਰੀ 599 ਥਾਵਾਂ 'ਤੇ ਸ਼ੁਰੂ ਹੋ ਚੁੱਕੀ ਹੈ ਅਤੇ ਜਲਦੀ ਹੀ ਹੋਰ ਥਾਵਾਂ 'ਤੇ ਉਸਾਰੀ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ। ਇਸ ਯੋਜਨਾ ਤਹਿਤ ਹਰੇਕ ਪਿੰਡ ਵਿਚ 5 ਪਸ਼ੂ ਸ਼ੈੱਡ ਬਣਾਉਣ ਦਾ ਟੀਚਾ ਮਿੱਥਿਆ ਗਿਆ ਹੈ।
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਹ ਯੋਜਨਾ ਪਿੰਡਾਂ ਵਿਚ ਪਸ਼ੂਆਂ ਦੀ ਬਿਹਤਰ ਸੰਭਾਲ ਅਤੇ ਲਾਵਾਰਿਸ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਕਾਰਗਰ ਸਿੱਧ ਹੋਵੇਗੀ ਅਤੇ ਨਾਲ ਹੀ ਉਸਾਰੀ ਕਾਰਜਾਂ ਸਦਕਾ ਪਿੰਡਾਂ ਵਿਚ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ, ਕਿਉਂਕਿ ਮਗਨਰੇਗਾ ਦੇ ਅਧੀਨ, ਲੇਬਰ ਅਤੇ ਮਿਸਤਰੀ ਨੂੰ ਪਿੰਡ ਤੋਂ ਹੀ ਕੰਮ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਲਾਭਪਾਤਰੀਆਂ ਕੋਲ ਆਪਣੇ ਪਸ਼ੂ ਪਾਲਣ ਦਾ ਪ੍ਰਬੰਧਨ, ਉਨ੍ਹਾਂ ਨੂੰ ਚਾਰਾ ਖੁਆਉਣ, ਉਨ੍ਹਾਂ ਨੂੰ ਦੁੱਧ ਚੋਣ, ਦੁੱਧ ਵੇਚਣ ਵਿਚ ਆਸਾਨੀ ਹੋਵੇਗੀ।
Summary in English: Punjab govt. Big annoucement will built 4351 animal shed