ਡੇਅਰੀ ਫਾਰਮਿੰਗ ਨੂੰ ਬਣਾਓ ਲਾਹੇਵੰਦ ਕਿੱਤਾ
Dairy Farming Business: ਅੱਜਕੱਲ ਦੇ ਦੌਰ ਵਿਚ ਖੇਤੀ ਲਈ ਵਾਹੀਯੋਗ ਜਮੀਨਾਂ ਘੱਟ ਰਹੀਆਂ ਹਨ ਅਤੇ ਖੇਤੀ ਖਰਚੇ ਅਸਮਾਨ ਨੂੰ ਛੂ ਰਹੇ ਹਨ। ਇਨ੍ਹਾਂ ਕਾਰਨਾਂ ਕਰਕੇ ਕਿਸਾਨਾਂ ਦਾ ਮੁਨਾਫਾ ਖੇਤੀ ਵਿਚੋਂ ਦਿਨ-ਬ-ਦਿਨ ਘੱਟਦਾ ਜਾ ਰਿਹਾ ਹੈ। ਸੋ ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਮਾਹਿਰ, ਹਮੇਸ਼ਾ ਕਿਸਾਨਾਂ ਨੂੰ ਸਹਾਇਕ ਧੰਦੇ ਅਪਨਾਉਣ ਦੀ ਵਕਾਲਤ ਕਰਦੇ ਹਨ।
ਸਹਾਇਕ ਧੰਦਿਆਂ ਵਿਚੋਂ ਡੇਅਰੀ ਫਾਰਮਿੰਗ ਹੀ ਇਕ ਅਜਿਹਾ ਧੰਦਾ ਹੈ, ਜੇਕਰ ਇਸ ਨੂੰ ਆਧੁਨਿਕ ਲੀਹਾਂ ਉੱਤੇ ਚੱਲ ਕੇ ਕੀਤਾ ਜਾਵੇ ਤਾਂ ਕਿਸਾਨ ਵੀਰ ਆਪਣੀ ਆਰਥਿਕਤਾ ਨੂੰ ਕਾਫੀ ਮਜਬੂਤ ਕਰ ਸਕਦੇ ਹਨ। ਡੇਅਰੀ ਧੰਦੇ ਦੀ ਕਾਮਯਾਬੀ ਲਈ ਅਤੀ ਜ਼ਰੂਰੀ ਹੈ ਕਿ ਅਸੀਂ ਆਪਣੇ ਦੁਧਾਰੂ ਪਸ਼ੂਆਂ ਤੋਂ ਸਸਤਾ ਅਤੇ ਵੱਧ ਤੋਂ ਵੱਧ ਦੁੱਧ ਪ੍ਰਾਪਤ ਕਰੀਏ ਸੋ ਇਸ ਮੰਤਵ ਦੀ ਪੂਰਤੀ ਲਈ ਜ਼ਰੂਰੀ ਹੈ ਕਿ ਕਿਸਾਨ ਵੀਰ ਡੇਅਰੀ ਦਾ ਧੰਦਾ ਕਰਦੇ ਸਮੇਂ ਹੇਠ ਲਿਖੇ ਨੁਕਤਿਆਂ ਨੂੰ ਅਪਨਾਉਣ:-
1. ਡੇਅਰੀ ਧੰਦੇ ਲਈ ਦੁਧਾਰੂ ਪਸ਼ੂਆਂ ਦੀ ਚੋਣ ਸਭ ਤੋਂ ਅਹਿਮ ਹੁੰਦੀ ਹੈ। ਦੁਧਾਰੂ ਪਸ਼ੂ ਹਮੇਸ਼ਾ ਚੰਗੀ ਨਸਲ ਦੇ ਹੋਣੇ ਚਾਹੀਦੇ ਹਨ। ਡੇਅਰੀ ਫਾਰਮ ਸ਼ੁਰੂ ਕਰਨ ਸਮੇਂ ਘੱਟ ਤੋਂ ਘੱਟ 10 ਪਸ਼ੂ ਜਿਸ ਵਿਚ 6 ਮੁਰਹਾ ਨਸਲ ਦੀਆਂ ਮੱਝਾਂ ਅਤੇ 4 ਦੋਗਲੀਆਂ ਗਾਵਾਂ ਹੋਣ ਤਾਂ ਕਿ ਡੇਅਰੀ ਫਾਰਮ ਲਈ ਰੱਖੇ ਹੋਏ ਮਜਦੂਰਾਂ ਦਾ ਸਹੀ ਇਸਤੇਮਾਲ ਹੋ ਸਕੇ।
2. ਦੁਧਾਰੂ ਪਸ਼ੂਆਂ ਲਈ ਹਰੇ ਚਾਰੇ ਦੀ ਲੋੜ ਸਭ ਤੋਂ ਅਹਿਮ ਹੈ। ਸੋ 10 ਪਸ਼ੂਆਂ ਲਈ ਘੱਟੋ ਘੱਟ 3 ਏਕੜ ਰਕਬੇ ਵਿਚ ਹਰੇ ਚਾਰੇ ਦੀ ਬਿਜਾਈ ਕਰੋ। ਪੰਜਾਬ ਵਿਚ ਇਸ ਵੇਲੇ ਚਾਰੇ ਦੀਆਂ ਫਸਲਾਂ ਹੇਠਾਂ ਲਗਭਗ 8.61 ਲੱਖ ਹੈਕਟੇਅਰ ਰਕਬਾ ਹੈ (ਹਾੜੀ ਵਿਚ 3.45 ਲੱਖ ਹੈਕਟੇਅਰ) ਅਤੇ ਇਸ ਵਿਚੋਂ 673 ਲੱਖ ਟਨ ਹਰਾ ਚਾਰਾ ਪੈਦਾ ਹੁੰਦਾ ਹੈ। ਇਕ ਪਸ਼ੂ ਨੂੰ ਪ੍ਰਤੀ ਦਿਨ ਕੇਵਲ 30.5 ਕਿਲੋ ਚਾਰਾ (ਔਸਤਨ) ਹੀ ਮਿਲਦਾ ਹੈ ਜੋ ਕਿ ਬਹੁਤ ਘੱਟ ਹੈ।ਹਰੇ ਚਾਰੇ ਦੇ ਉਤਪਾਦਨ ਅਤੇ ਮੰਗ ਨੂੰ ਪੂਰਾ ਕਰਨ ਲਈ ਚਾਰਿਆਂ ਹੇਠ ਰਕਬਾ ਅਤੇ ਪ੍ਰਤੀ ਇਕਾਈ ਸਮੇਂ ਅਤੇ ਥਾਂ ਵਿਚ ਚਾਰੇ ਦੀ ਉਪਜ ਵਿਚ ਵਾਧਾ ਕਰਨਾ ਪਵੇਗਾ।ਇਹ ਵਾਧਾ ਕੇਵਲ ਬਹੁ ਫਸਲੀ ਪ੍ਰਣਾਲੀ ਅਪਨਾਅ ਕੇ ਅਤੇ ਚੰਗੇ ਬੀਜਾਂ, ਖਾਦਾਂ ਅਤੇ ਪਾਣੀਆਂ ਦੀ ਪੂਰੀ ਵਰਤੋਂ ਕਰਕੇ ਹੀ ਹੋ ਸਕੇਗਾ।
3. ਪਸ਼ੂਆਂ ਨੂੰ ਹਰ ਰੋਜ਼ 40-50 ਕਿਲੋ ਕੂਲਾ ਜਲਦੀ ਹਜਮ ਹੋਣ ਵਾਲਾ ਸੰਤੁਲਿਤ ੳਤੇ ਪੌਸ਼ਟਿਕ ਹਰਾ ਚਾਰਾ ਦੇਣਾ ਚਾਹੀਦਾ ਹੈ। ਦੁੱਧ ਦੇਣ ਵਾਲੇ ਪਸ਼ੂਆਂ ਦੀ ਖੁਰਾਕ ਦੇ ਖਰਚ ਵਿਚ ਭਾਰੀ ਕਮੀ ਕੀਤੀ ਜਾ ਸਕਦੀ ਹੈ ਜੇਕਰ ਵੰਡ ਦੀ ਥਾਂ ਚੰਗੀ ਕਿਸਮ ਦਾ ਚਾਰਾ ਸ਼ਾਮਿਲ ਕੀਤਾ ਜਾਵੇ। ਕੇਵਲ 5-7 ਕਿਲੋ ਰੋਜਾਨਾ ਦੁੱਧ ਦੇਣ ਵਾਲੇ ਪਸ਼ੂਆਂ ਨੂੰ ਵੰਡ ਦੀ ਲੋੜ ਨਹੀਂ, ਸਗੋਂ ਨਿਰਾ ਬਰਸੀਮ ਜਾਂ ਲੂਸਣ ਚਾਰਾ ਹੀ ਕਾਫੀ ਹੈ।
4. ਹਰੇ ਚਾਰੇ ਬੀਜਣ ਸਮੇਂ ਹਮੇਸ਼ਾ ਯਾਦ ਰੱਖੋ ਕਿ ਚਾਰੇ ਦੀਆਂ ਫਲੀਦਾਰ ਅਤੇ ਗੈਰ ਫਲੀਦਾਰ ਫਸਲਾਂ ਨੂੰ ਰਲਾਕੇ ਪਸ਼ੂਆਂ ਦੀ ਲੋੜ ਮੁਤਾਬਿਕ ਸਮੇਂ ਸਿਰ ਬੀਜਣਾ ਚਾਹੀਦਾ ਹੈ ਤਾਂ ਕਿ ਪਸ਼ੂਆਂ ਨੂੰ ਸਾਰਾ ਸਾਲ ਪੌਸ਼ਟਿਕ ਚਾਰਾ ਦਿੱਤਾ ਜਾ ਸਕੇ। ਬਰਸੀਮ ਜਾਂ ਲੂਸਣ ਨੂੰ ਜਵੀ ਜਾਂ ਮੱਕੀ ਤੇ ਚਰੀ ਦੇ ਆਚਾਰ ਨਾਲ ਰਲਾ ਕੇ ਪਾਇਆ ਜਾ ਸਕਦਾ ਹੈ।
5. ਚਾਰੇ ਦੀਆਂ ਫਸਲਾਂ ਵਿਚ ਬਹੁ ਕਟਾਈ ਵਾਲੀਆਂ ਫਸਲਾਂ (ਨੇਪੀਅਰ ਬਾਜਰਾ, ਗਿੰਨੀ ਘਾਹ, ਰਾਈ ਘਾਹ, ਬਰਸੀਮ, ਲੂਸਰਣ) ਦੀ ਬਿਜਾਈ ਕਰੋ ਤਾਂ ਜੋ ਸਪਲਾਈ ਯਕੀਨੀ ਹੋ ਸਕੇ।
6. ਇਸ ਗੱਲ ਵੱਲ ਕਿਸਾਨ ਵੀਰਾਂ ਨੂੰ ਖਾਸ ਧਿਆਨ ਦੀ ਲੋੜ ਹੈ ਕਿ ਜਿਸ ਸਮੇਂ ਵਿਚ ਹਰੇ ਚਾਰੇ ਦੀ ਬਹੁਤਾਤ ਹੁੰਦੀ ਹੈ ਹਰੇ ਚਾਰੇ ਤੋਂ ਹੇਅ/ਸਾਈਲੇਜ ਤਿਆਰ ਕਰੋ ਅਤੇ ਘਾਟ ਵਾਲੇ ਸਮੇਂ ਵਿਚ ਵਰਤੋਂ ਕਰੋ।1500 ਗ੍ਰਾਮ ਬਰਸੀਮ/ਲੋਬੀਏ ਦੀ ਹੇਅ ਇਕ ਕਿਲੋ ਦਾਣੇ ਦੀ ਥਾਂ ਵਰਤੀ ਜਾ ਸਕਦੀ ਹੈ।
ਇਹ ਵੀ ਪੜੋ: Milk Fever in Dairy Animals: ਦੁੱਧਾਰੂ ਪਸ਼ੂਆਂ ਵਿੱਚ ਸੂਤਕੀ ਬੁਖਾਰ – ਕਾਰਣ ਅਤੇ ਰੋਕਥਾਮ
7. ਕਣਕ ਦੀ ਕਟਾਈ ਅਤੇ ਝੋਨੇ ਦੀ ਲਵਾਈ ਦੌਰਾਨ ਬਚਦੇ ਸਮੇਂ ਵਿਚ ਹੇਅ ਲਈ ਲੋਬੀਏ ਦੀ ਕਾਸ਼ਤ ਜਾਂ ਅਚਾਰ ਲਈ ਮੱਕੀ ਜਵਾਰ ਬੀਜੋ।
8. ਚਾਰਿਆਂ ਦੀਆਂ ਫਸਲਾਂ ਬੀਜਣ ਸਮੇਂ ਜਮੀਨ ਦੀ ਤਿਆਰੀ ਅਹਿਮ ਹੈ।ਧਿਆਨ ਵਿਚ ਰਹੇ ਕਿ ਚਾਰੇ ਦੀ ਫਸਲ ਵਿਚ ਨਦੀਨ (ਬਰੂ) ਨਹੀਂ ਹੋਣਾ ਚਾਹੀਦਾ ਹੈ।
9. ਚਾਰੇ ਦੀ ਫਸਲ ਵਿਚ ਕੀਟ ਨਾਸ਼ਕਾਂ ਦੀ ਘੱਟ ਤੋਂ ਘੱਟ ਅਤੇ ਲੋੜ ਮੁਤਾਬਿਕ ਸਪਰੇ ਕਰੋ।
10. ਚਾਰੇ ਦੀ ਫਸਲਾਂ ਵਿਚ ਖਾਦਾਂ ਦੀ ਵਰਤੋਂ ਲੋੜ ਅਨੁਸਾਰ ਹੀ ਕਰੋ ਕਿਉਂਕਿ ਕਿਆਦਾ ਖਾਦਾਂ।
11. ਤੂੜੀ/ਪਰਾਲੀ ਅਤੇ ਕੜਬ ਨੂੰ ਬਾਇਉ ਕੈਮੀਕਲ (ਅਮੋਨੀਆਂ ਟਰੀਟਮੈਂਟ) ਤਰੀਕਿਆਂ ਨਾਲ ਸੋਧ ਕੇ ਵਰਤੋਂ।
12. ਸਸਤਾ ਅਤੇ ਵਧੇਰੇ ਦੁੱਧ ਪ੍ਰਾਪਤ ਕਰਨ ਲਈ ਇਹ ਜ਼ਰੂਰੀ ਹੈ ਕਿ ਪਸ਼ੂਆਂ ਲਈ ਖੁਰਾਕ ਹਮੇਸ਼ਾ ਘਰ ਦੀ ਤਿਆਰ ਕਰੋ।ਖੁਰਾਕ ਵਿਚ ਖਣਿਜ, ਨਮਕ ਅਤੇ ਹੋਰ ਬਨਾਵਟੀ ਖੁਰਾਕੀ (ਯੂਰੋਮੋਲ ਬਰੈਨ ਮਿਕਸਚਰ) ਤੱਤਾਂ ਦੀ ਵਰਤੋਂ ਕਰੋ ਤਾਂ ਜੋ ਖੁਰਾਕ ਸਸਤੀ ਤਿਆਰ ਹੋ ਸਕੇ।
13. ਜਿਵੇਂ ਕਿ ਆਪਾਂ ਜਾਣਦੇ ਹਾਂ “ਬਚਪਨ ਚੰਗੇਰਾ ਅਤੇ ਵਧੀਆ ਲਵੇਰਾ” ਇਸ ਕਰਕੇ ਛੋਟੇ ਵੱਛੜੇ ਅਤੇ ਕਟੜੂਆਂ ਦੀ ਸਭਾਲ ਵਿਚ ਸੰਤੁਲਿਤ ਖੁਰਾਕ ਦਾ ਹੋਣਾ ਬਹੁਤ ਜ਼ਰੂਰੀ ਹੈ। ਕੱਟੜੂ ਵੱਛੜੂ ਲਈ ਖੁਰਾਕ ਵਿਚ ਪ੍ਰੋਟੀਨ ਦੀ ਮਾਤਰਾ ਜਿਆਦਾ (18-20 ਪ੍ਰਤੀਸ਼ਤ ਪਚਣਯੋਗ ਪ੍ਰੋਟੀਨ) ਹੋਣੀ ਚਾਹੀਦੀ ਹੈ। ਪਹਿਲੇ ਮਹੀਨੇ ਖੁਰਾਕ ਵਿਚ ਐਂਟੀਬਾਉਟਿਕ ਵੀ ਜਰੂਰੀ ਹਨ। ਜੇ ਖੁਰਾਕ ਵਿਚ ਹਰਾ ਚਾਰਾ ਘੱਟ ਹੋਵੇ ਤਾਂ ਵਿਟਾਮਿਨ ਵੀ ਦੇਣੇ ਜ਼ਰੂਰੀ ਹੁੰਦੇ ਹਨ।
ਇਹ ਵੀ ਪੜੋ: Animal Care Tips: ਬਰਸਾਤਾਂ ਦੇ ਮੌਸਮ ਦੌਰਾਨ ਪਸ਼ੂਆਂ ਦਾ ਰੱਖੋ ਖਾਸ ਧਿਆਨ, ਨੁਕਸਾਨ ਤੋਂ ਬਚਾਅ ਲਈ ਕਰੋ ਇਹ ਕੰਮ
14. ਪਸ਼ੂਆਂ ਦੇ ਢਾਰੇ ਘੱਟ ਖਰਚੇ ਵਾਲੇ ਹਵਾਦਾਰ ਅਤੇ ਗਰਮੀਆਂ ਵਿਚ ਠੰਡੇ ਰਹਿਣ ਵਾਲੇ ਹੋਣ ਇਸ ਲਈ ਛਾਂਦਾਰ ਦਰੱਖਤਾਂ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ। ਪਸ਼ੂ ਛੈਡ ਦੀ ਲੰਬਾਈ ਦਾ ਰੁੱਖ ਪੂਰਬ-ਪੱਛਮ ਵਿਚ ਹੋਣਾ ਚਾਹੀਦਾ ਹੈ। ਪਸ਼ੂਆਂ ਲਈ 24 X 25 ਫੁੱਟ ਦਾ ਖੁੱਲਾ ਵਿਹੜਾ ਵੀ ਜ਼ਰੂਰੀ ਹੈ ਤਾਂ ਕਿ ਪਸ਼ੂ ਮਰਜੀ ਨਾਲ ਧੁੱਪ ਛਾਂ ਦਾ ਆਨੰਦ ਮਾਨ ਸਕਣ।
15. ਪਸ਼ੂਆਂ ਦੀ ਸਮੇਂ ਸਿਰ ਵੈਕਸੀਨੇਸ਼ਨ ਕਰੋ ਤਾਂ ਜੋ ਛੂਤ ਦੀ ਬਿਮਾਰੀ ਤੋਂ ਬਚਾਅ ਹੋ ਸਕੇ।
16. ਨਵੇਂ ਜਨਮੇਂ ਕਟੜੂਆਂ/ਵਛੜੂਆਂ ਨੂੰ ਬਾਉਲੀ ਜ਼ਰੂਰ ਪਿਲਾਉ ਇਹ ਕੁਦਰਤੀ ਤੌਰ ਤੇ ਬੀਮਾਰੀਆਂ ਨੂੰ ਰੋਕਣ ਦੇ ਲਈ ਹੁੰਦੇ ਹਨ।
17. ਸਾਰੇ ਜਾਨਵਰਾਂ ਨੂੰ ਮਲੱਪ ਰਹਿਤ ਕਰਨ ਲਈ ਮੱਲਪਾਂ ਦੀ ਦਵਾਈ ਨਾਲ ਹੀ ਜੂੰਆਂ ਅਤੇ ਪਿਸੂ ਮਾਰਨ ਦਾ ਇਲਾਜ ਵੀ ਸਮੇਂ ਸਿਰ ਕਰੋ।
18. ਜੇਕਰ ਕੋਈ ਵੀ ਪਸ਼ੂ ਬਿਮਾਰ ਹੋ ਜਾਵੇ ਤਾਂ ਉਸਨੂੰ ਤੰਦਰੁਸਤ ਪਸ਼ੂਆਂ ਤੋਂ ਅਲੱਗ ਕਰ ਦਿਉ ਅਤੇ ਡਾਕਟਰੀ ਇਲਾਜ ਕਰਵਾਉ।
19. ਵਧੇਰੇ ਦੁੱਧ ਉਤਪਾਦਨ ਲਈ ਇਹ ਬਹੁਤ ਜ਼ਰੂਰੀ ਹੈ ਕਿ ਪਸ਼ੂਆਂ ਲਈ ਸਾਫ ਸੁਥਰੇ ਪੀਣ ਅਤੇ ਨਹਾਉਣ ਵਾਲੇ ਪਾਣੀ ਦਾ ਇੰਤਜਾਮ ਕਰੋ।
20. ਕਿਸੇ ਵੀ ਧੰਦੇ ਨੂੰ ਕਰਨ ਸਮੇਂ ਅਤੀ ਜ਼ਰੂਰੀ ਹੈ ਕਿ ਉਸ ਦਾ ਹਿਸਾਬ ਕਿਤਾਬ ਰੱਖਿਆ ਜਾਵੇ ਸੋ ਡੇਅਰੀ ਧੰਦੇ ਵਿਚ ਖਰਚੇ ਅਤੇ ਆਮਦਨ ਦਾ ਹਮੇਸ਼ਾ ਧਿਆਨ ਰੱਖੋ।
ਉਮੀਦ ਹੈ ਕਿ ਸਾਡੇ ਪਸ਼ੂ ਪਾਲਕ ਵੀਰ ਇਨ੍ਹਾਂ ਗੱਲਾਂ ਨੂੰ ਅਪਨਾ ਕੇ ਸਸਤਾ ਅਤੇ ਵਧੇਰੇ ਦੁੱਧ ਪ੍ਰਾਪਤ ਕਰਨ ਵਿਚ ਸਫਲ ਹੋਣਗੇ ਅਤੇ ਡੇਅਰੀ ਧੰਦੇ ਤੋਂ ਵੱਧ ਤੋਂ ਵੱਧ ਮੁਨਾਫਾ ਕਮਾਉਣਗੇ।
ਸਰੋਤ: ਡਾ. ਕਰਨ ਬਾਂਸਲ
Summary in English: To get more milk production from animals, adopt these tips from Dr. Karan Bansal and make Dairy Farming a profitable business