Surface Seeder Machine: ਪੰਜਾਬ ਵਿੱਚ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਦੀ ਬਜਾਏ ਇਸ ਦੇ ਪ੍ਰਬੰਧਨ ਲਈ ਢੁੱਕਵੇਂ ਤਰੀਕੇ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਦਰਅਸਲ, ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਝੋਨੇ ਦੀ ਪਰਾਲੀ ਦੇ ਖੇਤਾਂ ਵਿੱਚ ਪ੍ਰਬੰਧਨ ਲਈ ਕਿਸਾਨਾਂ ਨੂੰ ਸਬਸਿਡੀ ਵਾਲੀਆਂ ਦਰਾਂ 'ਤੇ ਸਰਫੇਸ ਸੀਡਰ ਮਸ਼ੀਨਾਂ ਮੁਹੱਈਆ ਕਰਵਾ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ‘ਸਰਫੇਸ ਸੀਡਰ’ ਮਸ਼ੀਨ ਤਿਆਰ ਕੀਤੀ ਗਈ ਹੈ, ਜੋ ਕਿ ਝੋਨੇ ਦੀ ਪਰਾਲੀ ਨੂੰ ਬਿਨਾਂ ਸਾੜੇ ਅਤੇ ਬਿਨਾਂ ਹਲ ਵਾਹੇ ਖੇਤਾਂ ਵਿੱਚ ਰੱਖ ਕੇ ਘੱਟ ਖਰਚੇ ਵਿੱਚ ਕਣਕ ਦੀ ਬਿਜਾਈ ਕਰਨ ਲਈ ਵਧੀਆ ਹੈ। ਪੰਜਾਬ ਸਰਕਾਰ ਵੱਲੋਂ ਇਸ ਮਸ਼ੀਨ ਨੂੰ ਉਪਦਾਨ 'ਤੇ ਦੇਣ ਲਈ ਬਿਨ੍ਹੈ ਪੱਤਰਾਂ ਦੀ ਮੰਗ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਐਗਰੀ ਮਸ਼ੀਨਰੀ ਪੰਜਾਬ ਪੋਰਟਲ http://agrimachinerypb.com/ ਤੋਂ ਮਿਤੀ 10 ਸਤੰਬਰ ਸ਼ਾਮ 5 ਵਜੇ ਤੱਕ ਕੀਤੀ ਗਈ ਹੈ। ਆਓ ਜਾਣਦੇ ਹਾਂ ਇਸ ਮਸ਼ੀਨ ਦੀਆਂ ਵਿਸ਼ੇਸਤਾਵਾਂ ਅਤੇ ਸੁੱਚਜੀ ਵਰਤੋਂ ਲਈ ਸਾਵਧਾਨੀਆਂ:
ਵਿਸ਼ੇਸਤਾਵਾਂ:-
• ਇਸ ਮਸ਼ੀਨ ਵਿੱਚ ਕਟਰ-ਕਮ-ਸਪਰੈਡਰ (ਸੁਧਾਰਿਆ ਹੋਇਆ ਕਟਰ) ਉੱਪਰ ਆਮ ਬਿਜਾਈ ਡਰਿੱਲ ਦਾ ਉਪਰਲਾ ਹਿੱਸਾ ਪਾਈਪਾਂ ਸਮੇਤ (ਬਿਨਾਂ ਫਾਲਿਆਂ ਤੋਂ) ਲਗਾਇਆ ਗਿਆ ਹੈ।
• ਇਹ ਮਸ਼ੀਨ ਕੰਬਾਈਨ ਨਾਲ ਕੱਟੇ ਝੋਨੇ ਦੇ ਖੇਤ ਵਿੱਚ ਇੱਕੋ ਸਮੇਂ ਬੀਜ ਅਤੇ ਖਾਦ ਪਾ ਦਿੰਦੀ ਹੈ ਅਤੇ ਨਾਲੋਂ-ਨਾਲ ਝੋਨੇ ਦੇ ਖੜ੍ਹੇ ਕਰਚੇ (4 ਤੋਂ 5 ਇੰਚ ਉੱਚਾ) ਕੱਟ ਕੇ ਇਕਸਾਰ ਖਿਲਾਰ ਦਿੰਦੀ ਹੈ।
• ਕੱਟਿਆ ਹੋਇਆ ਪਰਾਲ ਬੀਜ ਨੂੰ ਢੱਕ ਲੈਂਦਾ ਹੈ ਜੋ ਕਿ ਬਾਅਦ ਵਿੱਚ ਮਲਚ ਦਾ ਕੰਮ ਕਰਦਾ ਹੈ, ਜਿਸ ਨਾਲ ਨਦੀਨ ਘੱਟ ਹੁੰਦੇ ਹਨ ਅਤੇ ਜ਼ਮੀਨ ਦਾ ਤਾਪਮਾਨ ਵੀ ਅਨੁਕੂਲ ਬਣਿਆ ਰਹਿੰਦਾ ਹੈ।
• ਤਕਰੀਬਨ ਹਫਤੇ ਬਾਅਦ ਕਣਕ ਦਾ ਜੰਮ ਪਰਾਲੀ ਵਿੱਚੋ ਬਾਹਰ ਦਿਸਣਾ ਸ਼ੁਰੂ ਹੋ ਜਾਂਦਾ ਹੈ।
• ਇਹ ਵੀ ਦੇਖਣ ਵਿੱਚ ਆਇਆ ਹੈ ਕਿ ਇਸ ਤਕਨੀਕ ਨਾਲ ਬੀਜੀ ਹੋਈ ਕਣਕ ਘੱਟ ਡਿੱਗਦੀ ਹੈ ਅਤੇ ਪਰਾਲੀ ਦਾ ਖੇਤ ਵਿੱਚ ਰਹਿਣ ਕਰਕੇ ਜ਼ਮੀਨ ਦੀ ਸਿਹਤ ਦਾ ਵੀ ਸੁਧਾਰ ਹੁੰਦਾ ਹੈ।
• ਇਹ ਮਸ਼ੀਨ 45 ਹਾਰਸ ਪਾਵਰ ਟਰੈਕਟਰ ਨਾਲ ਚਲ ਸਕਦੀ ਹੈ ਅਤੇ ਇਕ ਘੰਟੇ ਵਿੱਚ 1.5 ਏਕੜ ਕਣਕ ਦੀ ਬਿਜਾਈ ਕਰ ਸਕਦੀ ਹੈ।
• ਇਹ ਮਸ਼ੀਨ 700 ਤੋਂ 800 ਰੁਪਏ ਵਿੱਚ ਇੱਕ ਏਕੜ ਕਣਕ ਦੀ ਬਿਜਾਈ ਕਰ ਸਕਦੀ ਹੈ।
ਇਹ ਵੀ ਪੜ੍ਹੋ: ਖੇਤ ਵਾਹੁਣ ਲਈ ਸਭ ਤੋਂ ਛੋਟੀ Machine, ਜਾਣੋ ਕੀਮਤ ਅਤੇ ਖ਼ਾਸੀਅਤ
ਮਸ਼ੀਨ ਦੀ ਸਹੀ ਅਤੇ ਸੁੱਚਜੀ ਵਰਤੋਂ ਲਈ ਸਾਵਧਾਨੀਆਂ:-
• ਬਿਜਾਈ ਅਕਤੂਬਰ ਦੇ ਅਖਰੀਲੇ ਹਫਤੇ ਤੋਂ ਅੱਧ ਨਵੰਬਰ ਤੱਕ ਕਰੋ।
• ਕਲਰਾਠੀਆਂ ਅਤੇ ਪਾਣੀ ਦੇ ਘੱਟ ਨਿਕਾਸ ਵਾਲੀਆਂ ਜ਼ਮੀਨਾਂ ਵਿੱਚ ਇਸ ਤਕਨੀਕ ਨੂੰ ਨਾ ਵਰਤੋ।
• ਖੇਤ ਦੇ ਕਿਆਰਿਆਂ ਦਾ ਆਕਾਰ ਛੋਟਾ ਰੱਖੋ।
• ਝੋਨੇ ਦੇ ਖੇਤ ਨੂੰ ਅਖੀਰਲਾ ਪਾਣੀ (ਜ਼ਮੀਨ ਦੀ ਕਿਸਮ ਮੁਤਾਬਿਕ) ਇਸ ਤਰਾਂ ਲਾਓ ਤਾਂ ਕਿ ਕਟਾਈ ਸਮੇਂ ਖੇਤ ਖੁਸ਼ਕ ਹੋਵੇ ਤਾਂ ਕਿ ਕੰਬਾਈਨ ਦੇ ਟਾਇਰਾਂ ਦੀਆਂ ਪੈੜਾਂ ਨਾ ਪੈਣ।
• ਝੋਨੇ ਦੀ ਕਟਾਈ ਸੁਪਰ ਐਸ ਐਮ ਐਸ ਲੱਗੀ ਕੰਬਾਈਨ ਨਾਲ ਕਰੋ, ਜਾਂ ਫਿਰ ਕੰਬਾਈਨ ਵਿੱਚੋਂ ਨਿਕਲੇ ਪਰਾਲ ਨੂੰ ਤਰੰਗਲੀ ਜਾਂ ਕਿਸੇ ਹੋਰ ਸਾਧਨ ਨਾਲ ਪੂਰੇ ਖੇਤ ਵਿੱਚ ਇਕਸਾਰ ਖਿਲਾਰ ਦੇਵੋ।
• ਬੀਜ ਦੀ ਮਾਤਰਾ 45 ਕਿਲੋ ਅਤੇ ਡੀਏਪੀ 65 ਕਿਲੋ ਪ੍ਰਤੀ ਏਕੜ ਪਾਓ।
• ਕਣਕ ਦੇ ਬੀਜ ਨੂੰ ਸਿਫਾਰਸ਼ ਕੀਤੇ ਗਏ ਕੀਟਨਾਸ਼ਕਾਂ ਅਤੇ ਉੱਲੀਨਾਸ਼ਕਾਂ ਨਾਲ ਸੋਧਣਾ ਜ਼ਰੂਰੀ ਹੈ।
• ਕਣਕ ਦੀ ਬਿਜਾਈ ਸਮੇਂ ਸਰਫੇਸ ਸੀਡਰ ਮਸ਼ੀਨ ਨੂੰ ਜ਼ਮੀਨ ਤੋਂ 4 ਤੋਂ 5 ਇੰਚ ਉੱਚਾ ਰੱਖ ਕੇ ਸਹੀ ਰਫਤਾਰ ਤੇ ਚਲਾਇਆ ਜਾਵੇ ਤਾਂ ਜੋ ਬੀਜ ਅਤੇ ਖਾਦ ਇਕਸਾਰ ਅਤੇ ਸਹੀ ਮਾਤਰਾ ਵਿੱਚ ਪੈ ਸਕੇ।
• ਖੇਤ ਵਿੱਚ ਪਏ ਕਣਕ ਦੇ ਬੀਜ ਨੂੰ ਪਰਾਲੀ ਨਾਲ ਢੱਕਿਆ ਹੋਣਾ ਯਕੀਨੀ ਬਣਾਇਆ ਜਾਵੇ।
• ਕਣਕ ਦੀ ਬਿਜਾਈ ਤੋਂ ਬਾਅਦ ਬੀਜ ਦੇ ਜੰਮਣ ਲਈ ਖੇਤ ਨੂੰ ਹਲਕਾ ਪਾਣੀ ਲਾਇਆ ਜਾਵੇ।
ਨੋਟ: ਉਪਰ ਦਿੱਤੇ ਨੁਕਤੇ ਅਤੇ ਸਾਵਧਾਨੀਆਂ ਤੋਂ ਇਲਾਵਾਂ ਮਲਚ ਦੇ ਤੌਰ 'ਤੇ ਪਰਾਲੀ ਸਾਂਭੇ ਖੇਤ ਵਿੱਚ ਵਰਤੀਆਂ ਜਾਣ ਵਾਲੀਆਂ ਦੂਜੀਆਂ ਸਿਫਾਰਸਾਂ ਆਮ ਵਾਂਗ ਹਨ।
ਜਾਰੀ ਕਰਤਾ: ਨਿਰਦੇਸ਼ਕ ਪਸਾਰ ਸਿੱਖਿਆ (ਈ ਮੇਲ: directorext@pau.edu), ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ: ਫ਼ਸਲ ਵਿਗਿਆਨ ਵਿਭਾਗ, ਪੀ.ਏ.ਯੂ., ਲੁਧਿਆਣਾ (98728-11350, 98150-81578)
Summary in English: Features of Surface Seeder Machine