Krishi Jagran Punjabi
Menu Close Menu

ਰੋਜ਼ਾਨਾ ਜੀਵਨ ਵਿਚ ਆਂਵਲੇ ਦੇ ਫ਼ਾਇਦੇ

Tuesday, 03 March 2020 03:08 PM
Amla

ਆਂਵਲਾ (ਔਲ਼ਾ) ਵਿਟਾਮਿਨ-'ਸੀ' ਦਾ ਉੱਤਮ ਸ੍ਰੋਤ ਹੈ। ਆਂਵਲੇ ਦਾ ਸੇਵਨ ਕਿਸੇ ਵੀ ਰੂਪ ਵਿਚ ਕੀਤਾ ਜਾ ਸਕਦਾ ਹੈ ਮਸਲਨ ਮੁਰੱਬੇ, ਆਚਾਰ, ਚੂਰਨ, ਰਸ ਆਦਿ ਵਿਕਲਪਾਂ ਦੇ ਰੂਪ 'ਚ। ਕੱਚੇ ਜਾਂ ਉੱਬਲੇ ਹੋਏ ਔਲ਼ੇ ਦਾ ਵੀ ਸੇਵਨ ਕੀਤਾ ਜਾ ਸਕਦਾ ਹੈ ਕਿਉਂਕਿ ਇਹ ਹਰ ਰੂਪ ਵਿਚ ਇਕੋ ਜਿੰਨਾ ਹੀ ਗੁਣਕਾਰੀ ਮੰਨਿਆ ਜਾਂਦਾ ਹੈ। 'ਆਯੁਰਵੇਦ' ਵਿਚ ਔਲ਼ੇ ਦੇ ਬੇਅੰਤ ਫ਼ਾਇਦੇ ਗਿਣਾਏ ਗਏ ਹਨ। ਆਯੁਰਵੇਦ ਅਤੇ ਹੋਰਨਾਂ ਖੋਜਾਂ ਵਿਚ ਆਂਵਲੇ ਨੂੰ ਐਂਟੀ-ਔਕਸੀਡੈਂਟਲ ਫ਼ਲ ਮੰਨਿਆ ਗਿਆ ਹੈ। ਹੇਠਾਂ ਅਸੀਂ ਔਲ਼ੇ ਦੇ ਪ੍ਰਮੁੱਖ ਫ਼ਾਇਦਿਆਂ ਬਾਰੇ ਵਿਚਾਰ-ਚਰਚਾ ਕਰਾਂਗੇ:

(1) ਵਿਟਾਮਿਨ 'ਸੀ' ਦਾ ਭਰਪੂਰ ਖ਼ਜ਼ਾਨਾ ਹੋਣ ਕਰਕੇ ਆਂਵਲਾ ਇਨਫਕੈਸ਼ਨ ਤੋਂ ਬਚਾਉਂਦਾ ਹੈ, ਖ਼ਾਸ ਕਰਕੇ ਚਮੜੀ ਦੀ ਇਨਫਕੈਸ਼ਨ ਤੋਂ।                                                                     

(2) ਰੋਗ ਪ੍ਰਤਿਰੋਧਕ ਸਮਰੱਥਾ ਭਾਵ ਰੋਗਾਂ ਨਾਲ ਲੜਨ ਦੀ ਸਰੀਰਕ ਸਮਰੱਥਾ ਨੂੰ ਵਧਾਉਣ 'ਚ ਔਲ਼ੇ ਦਾ ਅਹਿਮ ਯੋਗਦਾਨ ਹੁੰਦਾ ਹੈ।

(3) ਚਮੜੀ ਦੇ ਰੋਗਾਂ ਲਈ ਆਂਵਲਾ ਬਹੁਤ ਲਾਭਕਾਰੀ ਹੁੰਦਾ ਹੈ ਕਿਉਂਕਿ ਇਹ ਪਿੱਤ (ਗਰਮੀ) ਨੂੰ ਸ਼ਾਂਤ ਕਰਦਾ ਹੈ।

(4) ਨਿਯਮਿਤ ਰੂਪ ਵਿਚ ਔਲ਼ੇ ਨੂੰ ਆਪਣੇ ਆਹਾਰ ਵਿਚ ਸ਼ਾਮਿਲ ਕਰਨ ਨਾਲ ਵਾਲਾਂ ਦੀਆਂ ਸਮੱਸਿਆਵਾਂ ਜਿਵੇਂ ਕਿ ਵਾਲਾਂ ਦਾ ਝੜਣਾ, ਵਾਲਾਂ ਦਾ ਸਫ਼ੈਦ ਹੋਣਾ ਆਦਿ ਸਮੱਸਿਆਵਾਂ ਤੋਂ ਰਾਹਤ ਪਾਈ ਜਾ ਸਕਦੀ ਹੈ। ਆਂਵਲੇ ਦੇ ਚੂਰਨ ਦਾ ਪੇਸਟ ਬਣਾ ਕੇ ਵਾਲਾਂ 'ਤੇ ਲਗਾਉਣ ਨਾਲ ਵੀ ਵਾਲਾਂ ਦੀਆਂ ਸਮੱਸਿਆਵਾਂ ਤੋਂ ਨਿਜ਼ਾਤ ਪਾਈ ਜਾ ਸਕਦੀ ਹੈ।

(5) ਖ਼ੂਨ/ਹੀਮੋਗਲੋਬਿਨ ਦੀ ਕਮੀ ਵੀ ਆਂਵਲੇ ਦੀ ਨਿਯਮਿਤ ਵਰਤੋਂ ਨਾਲ ਠੀਕ ਕੀਤੀ ਜਾ ਸਕਦੀ ਹੈ।

(6) ਮਨੁੱਖੀ ਸਰੀਰ ਦੀ ਪਾਚਨ-ਪ੍ਰਣਾਲੀ ਨੂੰ ਠੀਕ ਰੱਖਣ ਲਈ ਅਤੇ ਆਂਤੜੀਆਂ ਵਿਚੋਂ ਫੋਕਟ ਪਦਾਰਥ ਬਾਹਰ ਕੱਢਣ ਲਈ ਔਲ਼ੇ ਦਾ ਸੇਵਨ ਬਹੁਤ ਲਾਭਕਾਰੀ ਹੈ।

(7) ਔਲ਼ੇ, ਹਰੜ, ਬਹੇੜੇ ਦਾ ਚੂਰਨ ਭਾਵ ਤ੍ਰਿਫ਼ਲਾ ਚੂਰਨ ਦੀ ਵਰਤੋਂ ਵੀ ਸਿਹਤਵਰਧਕ ਹੁੰਦੀ ਹੈ ਕਿਉਂਕਿ ਆਯੁਰਵੇਦ ਅਨੁਸਾਰ ਦਰਸਾਏ ਤਿੰਨ ਦੋਸ਼-ਵਾਤ, ਪਿੱਤ ਤੇ ਕਫ਼ ਨੂੰ ਇਹ ਤਿੰਨੇ ਫ਼ਲ ਸੰਤੁਲਿਤ ਕਰਦੇ ਹਨ। ਹਾਜ਼ਮੇ ਭਾਵ ਪਾਚਨ-ਪ੍ਰਣਾਲੀ, ਵਾਲਾਂ ਦੀਆਂ ਸਮੱਸਿਆਵਾਂ, ਅੱਖਾਂ ਸੰਬੰਧੀ ਵਿਕਾਰਾਂ, ਚਮੜੀ ਸੰਬੰਧੀ ਰੋਗਾਂ ਅਤੇ ਮੋਟਾਪੇ ਆਦਿ ਲਈ ਇਨ੍ਹਾਂ ਤਿੰਨਾਂ ਫ਼ਲਾਂ ਦਾ ਚੂਰਨ (ਤ੍ਰਿਫ਼ਲਾ) ਅਤਿ ਉਪਯੋਗੀ ਹੁੰਦਾ ਹੈ।

ਇਨ੍ਹਾਂ ਫ਼ਾਇਦਿਆਂ ਤੋਂ ਇਲਾਵਾ ਔਲੇ ਦੇ ਹੋਰ ਵੀ ਅਨੇਕਾਂ ਲਾਭ ਹਨ। ਇਸ ਲਈ ਸਾਨੂੰ ਆਂਵਲੇ ਦੀ ਵਰਤੋਂ ਰੋਜ਼ਮਰ੍ਹਾ ਦੇ ਜੀਵਨ 'ਚ ਨਿਯਮਿਤ ਰੂਪ ਵਿਚ ਕਰਨੀ ਚਾਹੀਦੀ ਹੈ। ਪੰਜਾਬੀ ਦੀ ਇਕ ਕਹਾਵਤ ਵੀ ਹੈ ਕਿ 'ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਬਾਅਦ 'ਚ ਪਤਾ ਲਗਦਾ ਹੈ।'

gooseberry Benefits Benefits of gooseberry in daily life Amla contains Vitamin C punjabi news
English Summary: Benefits of gooseberry in daily life

Share your comments

Krishi Jagran Punjabi Magazine subscription

CopyRight - 2020 Krishi Jagran Media Group. All Rights Reserved.