ਹੁਣੇ ਜਿਹੇ ਕੀਤੇ ਗਏ ਇਕ ਅਧਿਐਨ 'ਚ ਦਾਅਵਾ ਕੀਤਾ ਗਿਆ ਹੈ ਕਿ ਕਸਰਤ ਤੋਂ ਪਹਿਲਾਂ ਕੌਫੀ ਪੀਣਾ ਸਰੀਰ ਲਈ ਬੇਹੱਦ ਫਾਇਦੇਮੰਦ ਸਾਬਤ ਹੋ ਸਕਦਾ ਹੈ।
ਖੋਜਕਰਤਾਵਾਂ ਨੇ ਕਿਹਾ ਕਿ ਰੋਜ਼ਾਨਾ ਕਸਰਤ ਸ਼ੁਰੂ ਕਰਨ ਤੋਂ 30 ਮਿੰਟ ਪਹਿਲਾਂ ਕੌਫੀ ਪੀਣ ਨਾਲ ਫੈਟ ਦੀ ਖਪਤ ਕਰਨ ’ਚ ਮਦਦ ਮਿਲਦੀ ਹੈ। ਸਪੇਨ ਦੀ ਗ੍ਰੇਨੇਡਾ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਕਿਹਾ ਕਿ ਕੈਫੀਨ ਫੈਟ ਆਕਸੀਕਰਣ ਨੂੰ ਵਧਾਉਂਦੀ ਹੈ, ਜਿਸ ਨਾਲ ਤੁਹਾਨੂੰ ਫੈਟ ਦੀ ਖਪਤ ਕਰਨ 'ਚ ਮਦਦ ਮਿਲਦੀ ਹੈ।
ਜ਼ਿਕਰਯੋਗ ਹੈ ਕਿ ਕੈਫੀਨ ਦੁਨੀਆ 'ਚ ਸਭ ਤੋਂ ਵਧੇਰੇ ਖਪਤ ਕਰਨ ਵਾਲੇ ਪਦਾਰਥਾਂ 'ਚੋਂ ਇਕ ਹੈ ਪਰ ਹੁਣ ਤੱਕ ਇਸ ਦੇ ਲਾਭਕਾਰੀ ਅਸਰ ਦੇ ਬਾਰੇ 'ਚ ਬਹੁਤ ਘੱਟ ਖੋਜ ਹੋਈ ਹੈ। ਅਧਿਐਨ ਦੀ ਅਗਵਾਈ ਕਰਨ ਵਾਲੇ ਡਾ. ਫ੍ਰਾਂਸਿਸਕੋ ਜੋਸ ਅਮਾਰੋ ਗਹੇਟੇ ਨੇ ਕਿਹਾ ਕਿ ਆਮ ਤੌਰ ’ਤੇ ਫੈਟ ਦੇ ਆਕਸੀਕਰਨ ਨੂੰ ਵਧਾਉਣ ਲਈ ਸਵੇਰੇ ਖਾਲੀ ਪੇਟ ਕਸਰਤ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਹਾਲਾਂਕਿ ਇਸ ਸਿਫਾਰਿਸ਼ 'ਚ ਵਿਗਿਆਨੀ ਆਧਾਰ ਦੀ ਕਮੀ ਹੋ ਸਕਦੀ ਹੈ ਕਿਉਂਕਿ ਇਹ ਅਣਜਾਣ ਹੈ ਕਿ ਵਾਧਾ ਸਵੇਰੇ ਕਸਰਤ ਕਰਨ ਦੇ ਕਾਰਣ ਹੈ ਜਾਂ ਲੰਬੇ ਸਮੇਂ ਤੱਕ ਭੋਜਨ ਦੇ ਬਿਨਾਂ ਰਹਿਣ ਕਾਰਣ।
ਐਥਲੈਟਿਕ ਪ੍ਰਦਰਸ਼ਨ ’ਤੇ ਕੈਫੀਨ ਦੇ ਅਸਰ ਨੂੰ ਸਮਝਣ ਲਈ ਖੋਜੀਆਂ ਨੇ 15 ਵਿਅਕਤੀਆਂ ਨੂੰ 7 ਦਿਨਾਂ ਦੇ ਵਕਫੇ ’ਤੇ 4 ਵਾਰ ਇਕ ਕਸਰਤ ਪ੍ਰੀਖਣ ਪੂਰਾ ਕਰਨ ਲਈ ਕਿਹਾ। ਇਸ ਦੌਰਾਨ ਉਨ੍ਹਾਂ ਦੇ ਫੈਟ ਬਰਨ ਲੈਵਲ ਦੀ ਵੀ ਰੈਗੂਲਰ ਜਾਂਚ ਕੀਤੀ ਗਈ। ਨਤੀਜਿਆਂ ਤੋਂ ਪਤਾ ਲੱਗਾ ਹੈ ਕਿ ਕੈਫੀਨ ਦੀ ਵਰਤੋਂ ਕਰਨ ਵਾਲਿਆਂ ਨੇ ਜ਼ਿਆਦਾ ਫੈਟ ਦੀ ਖਪਤ ਕੀਤੀ। ਡਾ. ਅਮਾਰੋ ਨੇ ਕਿਹਾ ਕਿ ਅਧਿਐਨ ਦੇ ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ ਐਰੋਬਿਕ ਕਸਰਤ ਪ੍ਰੀਖਣ ਕਰਨ ਤੋਂ 30 ਮਿੰਟ ਪਹਿਲਾਂ ਕੈਫੀਨ ਫੈਟ ਆਕਸੀਕਰਨ ਨੂੰ ਵਧਾਉਣ ’ਚ ਮਦਦਗਾਰ ਹੈ।
ਰਿਪੋਰਟ 'ਚ ਦੱਸਿਆ ਗਿਆ ਹੈ ਕਿ ਬ੍ਰਿਟੇਨ 'ਚ ਲਗਭਗ 60 ਫੀਸਦੀ ਤੋਂ ਵੱਧ ਆਬਾਦੀ ਜ਼ਿਆਦਾ ਭਾਰ ਜਾਂ ਮੋਟਾਪੇ ਤੋਂ ਪੀੜਤ ਹੈ, ਜਿਸ ਦਾ ਅਰਥ ਹੈ ਕਿ ਉਨ੍ਹਾਂ ਦਾ ਬੀ. ਐੱਮ. ਆਈ.( ਬਾਡੀ ਮਾਸ ਇੰਡੈਕਸ) 25 ਤੋਂ ਉੱਪਰ ਹੈ। ਮੋਟਾਪੇ ਨੂੰ ਦੁਨੀਆ ਭਰ 'ਚ ਮੌਤ ਦੇ ਪ੍ਰਮੁੱਖ ਕਾਰਣਾਂ ਨਾਲ ਜੋੜਿਆ ਗਿਆ ਹੈ, ਜਿਸ ਵਿਚ ਸ਼ੂਗਰ, ਦਿਲ ਦੀ ਬੀਮਾਰੀ ਤੇ ਸਟ੍ਰੋਕ ਸ਼ਾਮਲ ਹਨ। ਬ੍ਰਿਟੇਨ ’ਚ ਰੋਜ਼ਾਨਾ ਲਗਭਗ 95 ਮਿਲੀਅਨ ਕੱਪ ਕੌਫੀ ਪੀਤੀ ਜਾਂਦੀ ਹੈ। ਅਧਿਐਨ ਦੇ ਨਤੀਜੇ ‘ਇੰਟਰਨੈਸ਼ਨਲ ਜਰਨਲ ਆਫ ਸਪੋਰਟਸ ਨਿਊਟ੍ਰੀਸ਼ਨ’ ਵਿਚ ਪ੍ਰਕਾਸ਼ਿਤ ਕੀਤੇ ਗਏ ਹਨ।
ਖੋਜਕਰਤਾਵਾਂ ਮੁਤਾਬਕ ਇਸ ਪ੍ਰਕਿਰਿਆ ਦਾ ਜ਼ਿਆਦਾ ਫਾਇਦਾ ਦੁਪਹਿਰ ਵੇਲੇ ਕਸਰਤ ਕਰਨ ਨਾਲ ਹੋਵੇਗਾ। ਦਰਅਸਲ, ਅਧਿਐਨ ਦੌਰਾਨ ਖੋਜਕਰਤਾਵਾਂ ਨੇ ਪਾਇਆ ਕਿ ਕਸਰਤ ਦੌਰਾਨ ਫੈਟ ਦਾ ਆਕਸੀਕਰਨ ਸਵੇਰ ਦੇ ਮੁਕਾਬਲੇ ਦੁਪਹਿਰ ਵੇਲੇ ਕਿਤੇ ਵਧੇਰੇ ਸੀ। ਨਤੀਜਿਆਂ 'ਚ ਪਤਾ ਲੱਗਾ ਕਿ ਦੁਪਹਿਰ ਵੇਲੇ ਕੈਫੀਨ ਅਤੇ ਮੱਧ ਕਸਰਤ ਦਾ ਸੁਮੇਲ ਫੈਟ ਦੀ ਖਪਤ ਕਰਨ ਦਾ ਸਭ ਤੋਂ ਚੰਗਾ ਢੰਗ ਹੈ।
ਇਹ ਵੀ ਪੜ੍ਹੋ :- ਜਾਣੋ ਕਿਥੇ ਮਿਲਦੀ ਹੈ ਮੇਵਾਤੀ ਗਾਂ, ਅਤੇ ਕਿਵੇਂ ਕਰ ਸਕਦੇ ਹੋ ਇਸਦੀ ਸਹੀ ਤਰ੍ਹਾਂ ਪਛਾਣ
Summary in English: Coffee is extremely useful for reducing obesity