Krishi Jagran Punjabi
Menu Close Menu

ਬਾਗ਼ਾਂ ਵਿੱਚੋ ਵਧੇਰੇ ਮੁਨਾਫਾ ਲੈਣ ਲਈ ਅੰਤਰ-ਫ਼ਸਲਾਂ ਦੀ ਕਾਸ਼ਤ

Wednesday, 07 April 2021 04:05 PM

ਫ਼ਲਦਾਰ ਬੂਟਿਆਂ ਦੀ ਕਾਸ਼ਤ ਵਿੱਚ ਇਹ ਦੇਖਿਆ ਗਿਆ ਹੈ ਕਿ ਨਵੇਂ ਬਾਗ਼ ਲਾਉਂਣ ਤੋਂ ਬਾਅਦ ਬੂਟੇ ਕੁਝ ਸਾਲ ਫ਼ਲ ਦੇਣਾ ਸ਼ੁਰੂ ਨਹੀ ਕਰਦੇ। ਅਜੋਕੇ ਸਮੇਂ ਦੀ ਲੋੜ ਅਨੁਸਾਰ, ਬਾਗਾਂ ਤੋਂ ਵੱਧ ਮੁਨਾਫ਼ਾ ਲੈਣ ਲਈ ਖਾਲੀ ਸਮਾਂ ਅਤੇ ਬੂਟਿਆਂ ਵਿਚਲੀ ਖਾਲੀ ਜਗਾ ਢੁਕਵੀਂ ਅੰਤਰ-ਫ਼ਸਲ ਦੀ ਕਾਸ਼ਤ ਲਈ ਵਰਤੀ ਜਾ ਸਕਦੀ ਹੈ।

ਇਹ ਅੰਤਰ ਫ਼ਸਲਾਂ ਕਈ ਤਰਾਂ ਦੀਆਂ ਹੋ ਸਕਦੀਆਂ ਹਨ, ਜਿਵੇਂ ਕਿ ਸਬਜ਼ੀਆਂ, ਦਾਲਾਂ ਅਤੇ ਤੇਲਬੀਜ ਫ਼ਸਲਾਂ। ਕੁਝ ਫ਼ਲਦਾਰ ਬੂਟੇ ਜਿਹੜੇ ਜਲਦੀ ਫ਼ਲ ਦੇਣ ਲੱਗ ਪੈਂਦੇ ਹਨ, ਉਹਨਾਂ ਨੂੰ ਪੂਰਕ ਬੂਟਿਆਂ ਦੇ ਤੌਰ ਤੇ ਨਵੇਂ ਬਾਗਾਂ ਵਿੱਚ ਲਗਾਇਆ ਜਾ ਸਕਦਾ ਹੈ। ਜਦੋਂ ਮੁੱਢਲੇ ਬੂਟੇ ਵਪਾਰਕ ਪੱਧਰ ਤੇ ਫ਼ਲ ਦੇਣ ਲੱਗ ਪੈਣ ਤਾਂ ਇਹਨਾਂ ਪੂਰਕ ਬੂਟਿਆਂ ਨੂੰ ਉਚਿਤ ਸਮੇਂ ਤੇ ਪੁੱਟ ਦੇਣਾ ਚਾਹੀਦਾ ਹੈ। ਬਾਗ਼ਬਾਨਾਂ ਨੂੰ ਅੰਤਰ ਫ਼ਸਲ ਦੀ ਸਹੀ ਚੋਣ ਤੇ ਕਾਸ਼ਤ ਦੇ ਢੰਗ ਬਾਰੇ ਪੂਰੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਫ਼ਲਦਾਰ ਬੂਟਿਆਂ ਦੇ ਝਾੜ ਅਤੇ ਸਿਹਤ ਉੱਪਰ ਕੋਈ ਮਾੜਾ ਅਸਰ ਨਾ ਹੋਵੇ। 

ਅੰਤਰ ਫ਼ਸਲਾਂ ਦੀ ਕਾਸ਼ਤ ਦੇ ਫ਼ਾਇਦੇ

ਫ਼ਲਦਾਰ ਬੂਟਿਆਂ ਵਿਚਾਲੇ ਖਾਲੀ ਜਗਾ ਤੇ ਅੰਤਰ ਫ਼ਸਲਾਂ ਦੀ ਕਾਸ਼ਤ ਕਰਕੇ ਬਾਗ਼ਬਾਨ ਜਲਦੀ ਅਤੇ ਵਾਧੂ ਮੁਨਾਫ਼ਾ ਕਮਾ ਸਕਦੇ ਹਨ।ਬਾਗ ਵਿੱਚ ਫਲੀਦਾਰ ਫਸਲਾਂ ਦੀ ਕਾਸ਼ਤ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕੀਤਾ ਜਾ ਸਕਦਾ ਹੈ।ਇਸ ਨਾਲ ਮਿੱਟੀ ੱਿਵੱਚ ਜੈਵਿਕ ਮਾਦੇ ਦੀ ਮਾਤਰਾ ਵਧਦੀ ਹੈ ਅਤੇ ਅਜਾਂਈ ਜਾ ਰਹੇ ਭੂਮੀ ਵਿਚਲੇ ਖੁਰਾਕੀ ਤੱਤਾਂ ਨੂੰ ਸਹੀ ਤਰੀਕੇ ਨਾਲ ਵਰਤਿਆ ਜਾ ਸਕਦਾ ਹੈ। ਬਾਗ ਵਿੱਚ ਖਾਲੀ ਜਗਾ ਵਰਤੋਂ ਵਿੱਚ ਆਉਣ ਕਾਰਨ, ਨਦੀਨਾਂ ਦੀ ਸਮੱਸਿਆ ਤੇ ਕਾਫ਼ੀ ਹੱਦ ਤੱਕ ਕਾਬੂ ਪਾਇਆ ਜਾ ਸਕਦਾ ਹੈ।ਅੰਤਰ-ਫ਼ਸਲਾਂ ਉਗਾਉਂਣ ਨਾਲ ਬਰਸਾਤ ਰੁੱਤ ਵਿੱਚ ਭੌਂ ਖੋਰ ਨਹੀਂ ਹੁੰਦਾ ਅਤੇ ਮਿੱਟੀ ਦੀ ਚੰਗੀ ਸਿਹਤ ਬਰਕਰਾਰ ਰਹਿੰਦੀ ਹੈ। ਨਵੇਂ ਲਾਏ ਬਾਗ਼ਾਂ ਵਿੱਚ ਫ਼ਲਦਾਰ ਰੁੱਖਾਂ ਨੂੰ ਤੇਜ਼ ਹਵਾਵਾਂ ਅਤੇ ਕੋਰੇ ਦੀ ਮਾਰ ਤੋਂ ਵੀ ਕਾਫੀ ਹੱਦ ਤੱਕ ਬਚਾਇਆ ਜਾ ਸਕਦਾ ਹੈ।

ਬਾਗ਼ਾਂ ਲਈ ਸਿਫ਼ਾਰਸ਼ ਕੀਤੀਆਂ ਗਈਆਂ ਕੁਝ ਅੰਤਰ-ਫ਼ਸਲਾਂ

ਕੁਝ ਬੂਟੇ ਜਿਵੇਂ ਕਿ ਅੰਬ, ਨਾਖ, ਲੀਚੀ ਆਦਿ ਪੰਜ ਤੋਂ ਛੇ ਸਾਲ ਮਗਰੋਂ ਫਲ ਦੇਣ ਲਗਦੇ ਹਨ। ਇਸ ਲਈ ਇਹਨਾਂ ਬਾਗ਼ਾਂ ਦੇ ਮੁੱਢਲੇ ਸਾਲਾਂ ਵਿਚ ਆਮਦਨ ਦੇ ਸਰੋਤ ਵਜੋਂ ਹੇਠ ਲਿਖੀਆਂ ਅੰਤਰ-ਫ਼ਸਲਾਂ ਦੀ ਸਿਫਾਰਸ਼ ਕੀਤੀ ਗਈ ਹੈ:

ਪੂਰਕ (ਫਿੱਲਰ ਬੂਟੇ): ਜਲਦੀ ਫਲ ਦੇਣ ਵਾਲੇ ਬੂਟੇ ਜਿਵੇਂ ਕਿ ਆੜੂ, ਅਲੂਚਾ, ਅਮਰੂਦ, ਪਪੀਤਾ ਆਦਿ ਨੂੰ ਪੂਰਕ ਫਲਾਂ ਦੇ ਰੂਪ ਵਿਚ ਲਾਇਆ ਜਾ ਸਕਦਾ ਹੈ। ਇਹ ਬੂਟੇ ਬਹੁਤ ਛੇਤੀ ਫਲ ਦੇਣਾ ਸ਼ੁਰੁ ਕਰ ਦਿੰਦੇ ਹਨ। ਜਦੋਂ ਮੁੱਖ ਬਾਗ ਵਪਾਰਕ ਪੱਧਰ ਤੇ ਫਲ ਦੇਣ ਲੱਗ ਪਵੇ ਤਾਂ ਫਿੱਲਰ ਬੂਟੇ ਪੁੱਟ ਦੇਣੇ ਚਾਹੀਦੇ ਹਨ।

ਸਾਉਣੀ ਦੀਆਂ ਅੰਤਰ- ਫ਼ਸਲਾਂ: ਪੂਰਕ ਫਲਾਂ ਤੋਂ ਇਲਾਵਾ ਸਾਉਣੀ ਦੀਆਂ ਫਲੀਦਾਰ ਫਸਲਾਂ ਜਿਵੇਂ ਕਿ ਮੂੰਗੀ, ਮਾਂਹ, ਰਵਾਂਹ, ਤੋਰੀਆ ਅਤੇ ਗੁਆਰਾ ਆਦਿ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਬੇਰ ਦੇ ਬਾਗਾਂ ਵਿਚ ਕਟਾਈ ਤੋਂ ਬਾਅਦ ਮੂੰਗਫਲੀ ਦੀਆਂ ਜਲਦੀ ਪੱਕਣ ਵਾਲੀਆਂ ਕਿਸਮਾਂ ਜਿਵੇਂਕਿ ਕਿ ਟੀ.ਜੀ. 37 ਏ ਦੀ ਸਿਫਾਰਸ਼ ਵੀ ਕੀਤੀ ਗਈ ਹੈ।

ਹਾੜੀ ਦੀਆਂ ਅੰਤਰ- ਫ਼ਸਲਾਂ: ਹਾੜੀ ਰੁੱਤੇ ਬਾਗਾਂ ਵਿਚ ਮਟਰ, ਛੋਲੇ, ਮਸਰ, ਸੇਂਜੀ ਅਤੇ ਪੱਤੇਦਾਰ ਸਬਜ਼ੀਆਂ ਆਦਿ ਅੰਤਰ ਫਸਲ ਵਜੋਂ ਲਾਏ ਜਾ ਸਕਦੇ ਹਨ। ਮਾਲਟੇ ਦੇ ਬਾਗਾਂ ਵਿਚ ਮੁਢਲੇ 5-6 ਸਾਲਾਂ ਲਈ ਕਣਕ-ਗੁਆਰਾ ਫਸਲੀ ਚੱਕਰ ਨੂੰ ਅਪਣਾਇਆ ਜਾ ਸਕਦਾ ਹੈ।

ਅੰਤਰ-ਫ਼ਸਲ ਦੀ ਚੋਣ ਸਮੇਂ ਧਿਆਨ ਰੱਖਣ ਯੋਗ ਗੱਲਾਂ

 • ਬਾਗ਼ਾਂ ਵਿੱਚ ਅੰਤਰ-ਫ਼ਸਲ ਦੀ ਕਾਸ਼ਤ ਕਰਕੇ ਆਰਥਿਕ ਪੱਖੋਂ ਲਾਭ ਲੈਣਾ ਤਾਂ ਹੀ ਸੰਭਵ ਹੈ ਜੇ ਸਹੀ ਅੰਤਰ-ਫ਼ਸਲ ਦੀ ਚੋਣ ਅਤੇ ਉਸਦੇ ਬਾਗ਼ ਤੇ ਹੋਣ ਵਾਲੇ ਪ੍ਰਭਾਵ ਬਾਰੇ ਪੂਰੀ ਜਾਣਕਾਰੀ ਹੋਵੇ। ਅੰਤਰ ਫ਼ਸਲਾਂ ਦੀ ਚੋਣ ਸਮੇਂ ਹੇਠਾਂ ਦਿੱਤੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ:
 • ਜ਼ਿਆਦਾ ਖੁਰਾਕੀ ਤੱਤਾਂ ਦੀ ਲੋੜ ਵਾਲੀਆਂ ਫਸਲਾਂ, ਜਿਵੇਂ ਕਿ ਗੰਨਾ, ਮੱਕੀ, ਅਰਹਰ, ਆਲੂ, ਮਿਰਚਾਂ ਆਦਿ ਨੂੰ ਅੰਤਰ-ਫ਼ਸਲਾਂ ਵਜੋਂ ਨਹੀਂ ਵਰਤਣਾ ਚਾਹੀਦਾ।
 • ਛੋਟੇ ਕੱਦ ਅਤੇ ਘੱਟ ਪਾਣੀ ਦੀ ਲੋੜ ਅਤੇ ਜਲਦੀ ਪੱਕਣ ਵਾਲੀਆਂ ਫਸਲਾਂ, ਜਿਵੇਂ ਕਿ ਮੂੰਗੀ, ਮਾਂਹ, ਮਸਰ ਆਦਿ ਸਭ ਤੋਂ ਉਪਯੁਕਤ ਹੁੰਦੀਆਂ ਹਨ।ਉੱਚੇ ਕੱਦ ਵਾਲੀਆਂ ਫ਼ਸਲਾਂ ਜਿਵੇਂ ਕਿ ਮੱਕੀ, ਬਾਜਰਾ, ਗੰਨਾ, ਕਪਾਹ ਆਦਿ ਨਾ ਚੁਣੋਂ।
 • ਜੇ ਹਰ ਸਾਲ ਸੰਭਵ ਨਾ ਹੋਵੇ ਤਾਂ ਹਰ ਦੂਜੇ ਤੀਜੇ ਸਾਲ ਇੱਕ ਅੰਤਰ-ਫ਼ਸਲ ਹਰੀ ਖਾਦ ਵਜੋਂ ਵਰਤਣੀ ਚਾਹੀਦੀ ਹੈ, ਜਿਵੇਂ ਕਿ ਗੁਆਰਾ।ਇਸ ਤੋਂ ਇਲਾਵਾ ਮੂੰਗੀ, ਮਸਰ, ਮਾਂਹ, ਰਵਾਂਹ ਆਦਿ ਵਰਗੀਆਂ ਫ਼ਸਲਾਂ ਜੜਾਂ ਰਾਹੀਂ ਜ਼ਮੀਨ ਵਿੱਚ ਨਾਈਟਰੋਜਨ ਦੀ ਪੂਰਤੀ ਕਰਕੇ ਉਪਜਾਊ ਸ਼ਕਤੀ ਵਧਾਉਂਦੀਆਂ ਹਨ।
 • ਵੇਲਾਂ ਵਾਲੀਆਂ ਸਬਜ਼ੀਆਂ ਫ਼ਲਦਾਰ ਬੂਟਿਆਂ ਤੇ ਲਿਪਟ ਜਾਂਦੀਆਂ ਹਨ ਤੇ ਕੀੜੇ ਮਕੌੜੇ ਅਤੇ ਬਿਮਾਰੀਆਂ ਦਾ ਕਾਰਣ ਬਣਦੀਆਂ ਹਨ ਅਤੇ ਬੂਟਿਆਂ ਨੂੰ ਹਵਾ ਅਤੇ ਰੌਸ਼ਨੀ ਮਿਲਣ ਵਿੱਚ ਵੀ ਰੁਕਾਵਟ ਆਉਂਦੀ ਹੈ, ਇਸ ਲਈ ਇਹਨਾਂ ਨੂੰ ਬਾਗ਼ ਵਿੱਚ ਲਾਉਂਣ ਤੋਂ ਗ਼ੁਰੇਜ਼ ਕਰਨਾ ਚਾਹੀਦਾ ਹੈ।
 • ਕਈ ਛੋਟੇ ਅਕਾਰ ਦੇ ਘੱਟ ਫੈਲਣ ਵਾਲੇ ਫ਼ਲਦਾਰ ਬੂਟੇ ਜਿਵੇਂ ਕਿ ਪਪੀਤਾ, ਆੜੂ, ਅਲੂਚਾ ਆਦਿ ਪੂਰਕ ਬੂਟਿਆਂ ਦੇ ਤੌਰ ਤੇ ਵੱਡੇ ਫ਼ਲਦਾਰ ਰੁੱਖਾਂ ਵਿਚਾਲੇ ਓਦੋਂ ਤੱਕ ਲਗਾਏ ਜਾ ਸਕਦੇ ਹਨ ਜਦੋਂ ਤੱਕ ਵੱਡੇ ਰੁੱਖ ਫ਼ਲ ਨਹੀਂ ਦੇਣ ਲੱਗ ਪੈਂਦੇ।

ਅੰਤਰ-ਫ਼ਸਲ ਦੀ ਬਿਜਾਈ ਤੇ ਦੇਖ-ਰੇਖ ਸਮੇਂ ਧਿਆਨ ਰੱਖਣ ਯੋਗ ਗੱਲਾਂ

 • ਜਿਹੜੇ ਬਾਗ਼ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੇ ਫ਼ਾਸਲੇ ਤੇ ਲਾਏ ਗਏ ਹੋਣ, ਉਹਨਾਂ ਵਿੱਚ ਹੀ ਅੰਤਰ-ਫ਼ਸਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ।
 • ਅੰਤਰ-ਫ਼ਸਲ ਦੀ ਬਿਜਾਈ ਤੋਂ ਪਹਿਲਾਂ ਫ਼ਲਦਾਰ ਬੂਟਿਆਂ ਦੀ ਸਿੰਚਾਈ ਲਈ 1-1 ਮੀਟਰ ਚੌੜੇ ਖਾਲ ਬਣਾ ਲੈਣੇ ਚਾਹੀਦੇ ਹਨ।
 • ਅੰਤਰ-ਫ਼ਸਲ ਫ਼ਲਦਾਰ ਬੂਟਿਆਂ ਦੇ ਬਹੁਤ ਲਾਗੇ ਨਹੀਂ ਬੀਜਣੀ ਚਾਹੀਦੀ।ਜਿਵੇਂ-ਜਿਵੇਂ ਫ਼ਲਦਾਰ ਬੂਟੇ ਵੱਡੇ ਹੁੰਦੇ ਜਾਂਦੇ ਹਨ, ਅੰਤਰ-ਫ਼ਸਲ ਬੀਜਣ ਲਈ ਰਕਬਾ ਘਟਾਉਂਦੇ ਜਾਣਾ ਚਾਹੀਦਾ ਹੈ।
 • ਫ਼ਲਦਾਰ ਬੂਟਿਆਂ ਅਤੇ ਅੰਤਰ-ਫ਼ਸਲ ਦੇ ਖੁਰਾਕੀ ਤੱਤਾਂ ਅਤੇ ਪਾਣੀ ਦੀ ਪੂਰਤੀ ਆਪਣੇ-ਆਪਣੇ ਸਮੇਂ ਅਤੇ ਮਾਤਰਾ ਅਨੁਸਾਰ ਅਲੱਗ-ਅਲੱਗ ਹੀ ਕਰੋ।
 • ਫ਼ਲਦਾਰ ਬੂਟਿਆਂ ਦਾ ਨਿਯਮਿਤ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਅੰਤਰ-ਫ਼ਸਲ ਤੋਂ ਹੋਣ ਵਾਲੇ ਕਿਸੇ ਵੀ ਬੁਰੇ ਪ੍ਰਭਾਵ ਤੋਂ ਬਚਿਆ ਜਾ ਸਕੇ ਅਤੇ ਭਵਿੱਖ ਵਿੱਚ ਚੰਗੀ ਗੁਣਵੱਤਾ ਵਾਲੇ ਫ਼ਲ ਲੈਣਾ ਯਕੀਨੀ ਬਣਾਇਆ ਜਾ ਸਕੇ।
 • ਅੰਤਰ ਫ਼ਸਲਾਂ ਤੇ ਨਦੀਨ ਨਾਸ਼ਕਾਂ ਦੇ ਛਿੜਕਾਅ ਜ਼ਮੀਨ ਦੀ ਸਤਹਿ ਦੇ ਨੇੜੇ ਰੱਖ ਕੇ ਰੁਕੀ ਹਵਾ ਵਿੱਚ ਕਰਨੇ ਚਾਹੀਦੇ ਹਨ ਤਾਂ ਜੋ ਫ਼ਲਦਾਰ ਬੂਟਿਆਂ ਨੂੰ ਦਵਾਈ ਪੈਣ ਤੋਂ ਬਚਾਇਆ ਜਾ ਸਕੇ।
 • ਲਗਾਤਾਰ ਸਾਲ ਦਰ ਸਾਲ ਅੰਤਰ-ਫ਼ਸਲਾਂ ਦੀ ਕਾਸ਼ਤ ਕਾਰਨ ਬਾਗ਼ ਵਿੱਚ ਕਈ ਤਰਾਂ ਦੀਆਂ ਬਿਮਾਰੀਆਂ ਅਤੇ ਕੀੜੇ ਪੈਦਾ ਹੋ ਸਕਦੇ ਹਨ ਜੋ ਫ਼ਲਦਾਰ ਬੂਟਿਆਂ ਤੇ ਮਾੜਾ ਪ੍ਰਭਾਵ ਪਾ ਸਕਦੇ ਹਨ। ਇਸ ਤੋਂ ਬਚਣ ਲਈ ਹਰ ਸਾਲ ਕੁਝ ਮਹੀਨੇ ਲਈ ਜ਼ਮੀਨ ਨੂੰ ਖ਼ਾਲੀ ਰੱਖਣਾ ਫਾਇਦੇਮੰਦ ਰਹਿੰਦਾ ਹੈ।

 ਕਰਨਬੀਰ ਸਿੰਘ ਗਿੱਲ ਅਤੇ ਰਚਨਾ ਅਰੋੜਾ

ਫ਼ਲ ਵਿਗਿਆਨ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ

Intercropping to maximize profits from orchards Agricultural news punjab
English Summary: Intercropping to maximize profits from orchards

ਖੇਤੀ ਪੱਤਰਕਾਰੀ ਲਈ ਆਪਣਾ ਸਮਰਥਨ ਦਿਖਾਓ .. !!

ਪਿਆਰੇ ਪਾਠਕ, ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ | ਖੇਤੀਬਾੜੀ ਪੱਤਰਕਾਰੀ ਨੂੰ ਅੱਗੇ ਵਧਾਉਣ ਲਈ ਤੁਹਾਡੇ ਵਰਗੇ ਪਾਠਕ ਸਾਡੇ ਲਈ ਇਕ ਪ੍ਰੇਰਣਾ ਹਨ | ਸਾਨੂੰ ਖੇਤੀ ਪੱਤਰਕਾਰੀ ਨੂੰ ਹੋਰ ਮਜਬੂਤ ਬਣਾਉਣ ਅਤੇ ਪੇਂਡੂ ਭਾਰਤ ਦੇ ਹਰ ਕੋਨੇ ਵਿੱਚ ਕਿਸਾਨਾਂ ਅਤੇ ਲੋਕਾਂ ਤੱਕ ਪਹੁੰਚਣ ਲਈ ਤੁਹਾਡੇ ਸਹਾਇਤਾ ਜਾਂ ਸਹਿਯੋਗ ਦੀ ਲੋੜ ਹੈ | ਸਾਡੇ ਭਵਿੱਖ ਲਈ ਤੁਹਾਡਾ ਹਰ ਸਹਿਯੋਗ ਮਹੱਤਵਪੂਰਣ ਹੈ |

ਤੁਸੀ ਸਾਨੂ ਸਹਿਯੋਗ ਜਰੂਰ ਕਰੋ ( Contribute Now )

Share your comments

Krishi Jagran Punjabi Magazine subscription

CopyRight - 2021 Krishi Jagran Media Group. All Rights Reserved.