Plant Trees: ਰੁੱਖ ਲਾਉਣ ਨਾਲ ਵਾਤਾਵਰਨ 'ਤੇ ਕੀ ਪ੍ਰਭਾਵ ਪੈ ਸਕਦਾ ਹੈ ਇਸਦੀ ਮਿਸਾਲ ਦੇਖਣੀ ਹੋਵੇ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਲੁਧਿਆਣਾ ਸਥਿਤ ਕੈਂਪਸ ਨੂੰ ਦੇਖਿਆ ਜਾ ਸਕਦਾ ਹੈ। ਉਦਯੋਗਿਕ ਤੌਰ ਤੇ ਪ੍ਰਦੂਸ਼ਣ ਦੇ ਸ਼ਿਕਾਰ ਸ਼ਹਿਰ ਵਿਚ ਇਹ ਯੂਨੀਵਰਸਿਟੀ ਆਪਣੇ ਭਿੰਨ ਭਿੰਨ ਤਰ੍ਹਾਂ ਦੇ ਰੁੱਖਾਂ ਕਾਰਨ ਹੀ ਸਾਫ ਆਬੋ ਹਵਾ ਦਾ ਇਕ ਟਾਪੂ ਬਣੀ ਹੋਈ ਹੈ। ਇਸ ਲਈ ਇਸ ਸੰਸਥਾ ਨੂੰ ਲੁਧਿਆਣੇ ਦੇ ਫੇਫੜੇ ਕਿਹਾ ਜਾਂਦਾ ਹੈ।
ਕੁਦਰਤ ਦੀ ਸੁੰਦਰ ਸਿਰਜਣਾ ਵਿਚ ਮਨੁੱਖ ਦੇ ਨਾਲ-ਨਾਲ ਰੁੱਖਾਂ, ਬੂਟਿਆਂ ਅਤੇ ਬਨਸਪਤੀ ਨੂੰ ਵੀ ਸ਼ਾਮਿਲ ਕੀਤਾ ਜਾਂਦਾ ਹੈ। ਕੁਦਰਤ ਨਾਲ ਸੰਘਰਸ਼ ਕਰਕੇ ਮਨੁੱਖ ਨੇ ਸੱਭਿਆਚਾਰ ਨੂੰ ਸਿਰਜਿਆ ਅਤੇ ਇਸ ਸਿਲਸਿਲੇ ਵਿਚ ਸਭ ਤੋਂ ਵੱਧ ਨੁਕਸਾਨ ਰੁੱਖਾਂ ਦਾ ਹੀ ਹੋਇਆ। ਬੀਤੇ ਸਮਿਆਂ ਵਿਚ ਵਿਕਾਸ ਦੀ ਤੇਜ਼ ਧਾਰਾ ਨੇ ਬਹੁਤ ਸਾਰੇ ਰੁੱਖਾਂ ਦੀ ਬਲੀ ਲਈ। ਮਨੁੱਖ ਦਾ ਕੁਦਰਤ ਨਾਲ ਸੰਬੰਧ ਪਹਿਲਾਂ ਵਾਂਗ ਨਾ ਰਹਿਣ ਕਰਕੇ ਨਵੇਂ ਰੁੱਖ ਲਾਉਣ ਦੀ ਗਤੀ ਵੀ ਧੀਮੀ ਹੋਈ ਹੈ।
ਰੁੱਖਾਂ ਹੇਠ ਰਕਬਾ ਘਟਣ ਦੇ ਬਹੁਤ ਸਾਰੇ ਵਾਤਾਵਰਣੀ ਨੁਕਸਾਨ ਵੀ ਦੇਖਣ ਵਿਚ ਆਏ ਹਨ। ਮਾਹਿਰ ਹਵਾ ਦੀ ਸ਼ੁੱਧਤਾ ਦੀ ਦਰ ਘਟਣ ਦੀ ਗੱਲ ਕਰਦੇ ਹਨ। ਜ਼ਮੀਨ ਹੇਠਲੇ ਪਾਣੀ ਦੇ ਹੋਰ ਨੀਵੇਂ ਹੋਣ ਦਾ ਇਕ ਕਾਰਨ ਰੁੱਖਾਂ ਦਾ ਘਟਣਾ ਹੈ। ਭੋਇੰ ਖੋਰ ਤੇ ਮਿੱਟੀ ਦੇ ਕਟਾਅ ਦੇ ਨਾਲ ਨਾਲ ਆਏ ਸਾਲ ਬਰਸਾਤਾਂ ਨੂੰ ਆਉਣ ਵਾਲੇ ਹੜ੍ਹ ਦਾ ਇਕ ਕਾਰਨ ਰੁੱਖਾਂ ਦੀ ਤਾਦਾਦ ਵਿਚ ਆਈ ਕਮੀ ਵੀ ਹੈ। ਪਿਛਲੇ ਸਮੇਂ ਤੋਂ ਪੰਜਾਬ ਵਿਚ ਸੜਕਾਂ ਦਾ ਜਾਲ ਵਿਛਣ ਕਾਰਨ ਵੱਢੇ ਗਏ ਰੁੱਖਾਂ ਜਾਂ ਫਸਲੀ ਰਹਿੰਦ-ਖੂੰਹਦ ਸਾੜਨ ਨਾਲ ਸੜ ਗਏ ਬੂਟਿਆਂ ਅਤੇ ਦਰੱਖਤਾਂ ਬਾਰੇ ਜਾਗਰੂਕਤਾ ਦੇਖਣ ਨੂੰ ਮਿਲੀ। ਵਿਸ਼ੇਸ਼ ਤੌਰ ਤੇ ਸ਼ੋਸ਼ਲ ਮੀਡੀਆ ਉੱਪਰ ਇਹ ਸੰਵੇਦਨਾ ਕੁਝ ਜ਼ਿਆਦਾ ਹੀ ਉਭਰਵੇਂ ਰੂਪ ਵਿਚ ਦਿਖਾਈ ਦਿੱਤੀ। ਸਾਲ ਦਾ ਮੌਜੂਦਾ ਸਮਾਂ ਸਾਡੇ ਰੁੱਖ ਲਾਉਣ ਦੇ ਸੁਪਨਿਆਂ ਨੂੰ ਹਕੀਕਤ ਦਾ ਰੂਪ ਦੇਣ ਵਾਲਾ ਹੈ ਇਸਲਈ ਬਰਸਾਤ ਦੇ ਮੌਸਮ ਵਿਚ ਰੁੱਖਾਂ ਪ੍ਰਤੀ ਜਾਗਰੂਕ ਲੋਕਾਂ ਨੂੰ ਉੱਦਮ ਕਰਨ ਦੀ ਲੋੜ ਹੈ।
ਮਨੁੱਖ ਕਿਸੇ ਵੀ ਵਰਤਾਰੇ ਦਾ ਹਿੱਸਾ ਬਣਨ ਤੋਂ ਪਹਿਲਾਂ ਉਸਦੇ ਲਾਭ ਤੇ ਹਾਨੀਆਂ ਬਾਰੇ ਬਹੁਤ ਸੋਚਦਾ ਹੈ। ਰੁੱਖਾਂ ਨੂੰ ਸਾੜਨ ਪਿੱਛੇ ਇਕ ਵੱਡਾ ਕਾਰਨ ਸੜਕਾਂ ਕਿਨਾਰੇ ਲੱਗੇ ਰੁੱਖਾਂ ਦਾ ਛੌਰਾ ਖੇਤਾਂ ਦੀਆਂ ਫ਼ਸਲਾਂ ਤਕ ਜਾਣਾ ਵੀ ਹੈ। ਇਸ ਲਈ ਨਵੇਂ ਰੁੱਖਾਂ ਨੂੰ ਲਾਉਣ ਤੋਂ ਪਹਿਲਾਂ ਉਨ੍ਹਾਂ ਦੇ ਕਾਰਜਾਂ ਬਾਰੇ ਜਾਣ ਕੇ ਹੀ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਿਆ ਜਾ ਸਕੇਗਾ।
ਰੁੱਖਾਂ ਦੇ ਬਹੁਤ ਸਾਰੇ ਦਿਸਦੇ ਅਣਦਿਸਦੇ ਕਾਰਜ ਹਨ। ਦਿਸਦੇ ਕਾਰਜਾਂ ਵਿਚ ਉਹ ਮਨੁੱਖ ਲਈ ਛਾਂ ਦਾ ਸਬਬ ਬਣਦੇ ਹਨ, ਫਲ ਦਿੰਦੇ ਹਨ ਤੇ ਆਲੇ ਦੁਆਲੇ ਨੂੰ ਸੁਹੱਪਣ ਨਾਲ ਭਰਪੂਰ ਕਰਦੇ ਹਨ। ਇਸ ਲਈ ਇਨ੍ਹਾਂ ਦਿਨਾਂ ਵਿਚ ਸਦਾਬਹਾਰ ਫਲਦਾਰ ਬੂਟੇ, ਛਾਂਦਾਰ ਬੂਟੇ ਤੇ ਸਜਾਵਟੀ ਬੂਟੇ ਲਾਉਣੇ ਚਾਹੀਦੇ ਹਨ। ਇਨ੍ਹਾਂ ਰੁੱਖਾਂ ਤੇ ਬੂਟਿਆਂ ਨੂੰ ਲਾਉਣ ਦਾ ਸਮਾਂ ਸਾਲ ਵਿਚ ਦੋ ਵਾਰ ਆਉਂਦਾ ਹੈ। ਫੱਗਣ ਦੀ ਰੁੱਤ ਵਿੱਚ ਜਦੋਂ ਸਰਦੀਆਂ ਤੋਂ ਬਾਅਦ ਬਦਲਦੀ ਰੁੱਤ ਵਿੱਚ ਟਾਹਣੀਆਂ ਪੁੰਗਾਰੇ ਪੈਂਦੀਆਂ ਹਨ ਤੇ ਬਰਸਾਤ ਵਿਚ ਜਦੋਂ ਧਰਤੀ ਵਿਚ ਵਾਧੂ ਨਮੀ ਬੂਟਿਆਂ ਦੀਆਂ ਜੜ੍ਹਾਂ ਨੂੰ ਚੱਲਣ ਵਿਚ ਸਹਾਈ ਹੁੰਦੀ ਹੈ।
ਅੱਜਕਲ੍ਹ ਪੱਛਮੀ ਤਰਜ਼ ਦੇ ਰੁੱਖ ਲਾਉਣ ਦਾ ਰੁਝਾਨ ਵੀ ਵਧਿਆ ਹੈ। ਰੁੱਖ ਲਾਉਣ ਸਮੇਂ ਇਹ ਗੱਲ ਧਿਆਨ ਵਿੱਚ ਰੱਖੀ ਜਾਵੇ ਕਿ ਇਸ ਧਰਤੀ ਦੇ ਦੇਸੀ ਰੁੱਖ ਹੀ ਲਏ ਜਾਣ। ਇਹ ਰੁੱਖ ਸਦੀਆਂ ਤੋਂ ਇਸ ਥਾਂ ਦੇ ਮਨੁੱਖਾਂ ਤੇ ਮਿੱਟੀ ਨੂੰ ਜਾਣਦੇ ਹਨ ਤੇ ਮਨੁੱਖੀ ਸਿਹਤ ਉੱਪਰ ਵੀ ਇਨ੍ਹਾਂ ਦਾ ਅਸਰ ਹਾਂਵਾਚੀ ਹੁੰਦਾ ਹੈ।
ਇਹ ਵੀ ਪੜ੍ਹੋ : ਰੁੱਖਾਂ ਤੋਂ ਬਗੈਰ ਮਨੁੱਖ ਦਾ ਭਵਿੱਖ ਅਸੰਭਵ: Vice Chancellor Dr. Satbir Singh Gosal
ਫਲਦਾਰ ਰੁੱਖ ਲਾਉਣ ਸਮੇਂ ਨਿੰਬੂ ਜਾਤੀ ਦੇ ਫ਼ਲ ਸੰਗਤਰਾ: ਕਿੰਨੂ, ਮਾਲਟਾ,ਗਰੇਪਫ਼ਰੂਟ,ਨਿੰਬੂ,ਅਮਰੂਦ, ਅੰਬ,ਲੀਚੀ,ਚੀਕੂ, ਬੇਰ ,ਆਂਵਲਾ, ਲੁਕਾਠ, ਕੇਲਾ,ਪਪੀਤਾ ਆਦਿ ਨੂੰ ਤਰਜੀਹ ਦਿਓ। ਕੋਵਿਡ ਤੋਂ ਬਾਅਦ ਪੋਸ਼ਕ ਤੱਤਾਂ ਦੀ ਲੋੜ ਬਾਰੇ ਮਾਹਿਰਾਂ ਨੇ ਵੀ ਮਨੁੱਖੀ ਆਬਾਦੀ ਨੂੰ ਸੁਚੇਤ ਕੀਤਾ ਹੈ। ਸਾਨੂੰ ਆਮ ਤੌਰ ਤੇ ਬਾਜ਼ਾਰ ਵਿਚ ਵਿਕਣ ਵਾਲੇ ਫਲਾਂ ਵਿਚ ਮਿਲਾਵਟ ਤੇ ਰਸਾਇਣਾਂ ਦੀ ਵਰਤੋਂ ਦੀ ਸ਼ਿਕਾਇਤ ਵੀ ਰਹਿੰਦੀ ਹੈ। ਇਸ ਲਈ ਜ਼ਮੀਨਾਂ ਵਾਲੇ ਲੋਕਾਂ ਨੂੰ ਤਾਂ ਘੱਟੋ ਘੱਟ ਘਰ ਦੀ ਵਰਤੋਂ ਜੋਗੇ ਫਲਾਂ ਨੂੰ ਲਾਉਣਾ ਹੀ ਚਾਹੀਦਾ ਹੈ। ਸਿਆਣੇ ਕਿਸਾਨ ਤਾਂ ਪੂਰੇ ਸਾਲ ਜੋਗੇ ਫਲਾਂ ਦੀ ਆਮਦ ਦੀ ਵਿਉਂਤਬੰਦੀ ਵੀ ਕਰਨ ਲੱਗੇ ਹਨ। ਛਾਂਦਾਰ ਰੁੱਖਾਂ ਵਿਚ ਸਕੂਲਾਂ, ਕਾਲਜਾਂ ਤੇ ਹੋਰ ਥਾਵਾਂ ਤੇ ਬੋਤਲ ਬੁਰਸ਼, ਬੜਾ ਚੰਪਾ, ਅਮਲਤਾਸ, ਨੀਲੀ ਮੌਹਰ, ਮੌੋਲਸਰੀ, ਗੁਲਾਚੀਨ ਆਦਿ।
ਸਾਂਝੀਆਂ ਥਾਵਾਂ ਤੇ ਨਿੰਮ , ਸੁਖਚੈਨ, ਮੋਲਸਰੀ, ਪਿਲਕਣ, ਕੁਸਮ ਆਦਿ ਲਾਏ ਜਾ ਸਕਦੇ ਹਨ।ਸੜਕਾਂ ਦੇ ਕੰਢਿਆਂ ਤੇ ਸਿਲਵਰ ਓਕ, ਨਿਲੀ ਮੋਹਰ, ਮਲੀਟੀਆ, ਕਣਕ ਚੰਪਾ ਆਦਿ ਲਾਉਣ ਨੂੰ ਤਰਜੀਹ ਦੇਣੀ ਚਾਹੀਦੀ ਹੈ। ਵਾੜ ਬਣਾਉਣ ਲਈ ਸੰਘਣੀਆਂ ਟਹਿਣੀਆਂ ਵਾਲੇ ਰੁੱਖਾਂ ਜਿਵੇਂ ਓਕ, ਜੋੜ-ਤੋੜ, ਸਫ਼ੈਦਾ, ਅਸ਼ੋਕਾ ਆਦਿ ਨੂੰ ਇਸਤੇਮਾਲ ਕਰੋ ਅਤੇ ਜ਼ਿਆਦਾ ਪ੍ਰਦੂਸ਼ਿਤ ਥਾਵਾਂ ਤੇ ਮਿੱਟੀ ਘੱਟੇ ਵਾਲੀਆਂ ਥਾਵਾਂ ਤੇ ਫ਼ੈਕਟਰੀਆਂ ਦੁਆਲੇ ਨਿੰਮ, ਸੱਤ ਪੱਤੀਆ, ਕਾਈਜੀਲੀਆ, ਅਸ਼ੋਕਾ, ਗੁਲਾਚੀਨ ਆਦਿ ਰੁੱਖ ਲਾਓ।
ਇਸ ਤੋਂ ਇਲਾਵਾ ਸਜਾਵਟੀ ਰੁੱਖ ਮਾਨਸਿਕਤਾ ਨੂੰ ਸ਼ਾਂਤ ਅਤੇ ਆਲੇ ਦੁਆਲੇ ਨੂੰ ਸੁਹਜ ਨਾਲ ਭਰਪੂਰ ਰੱਖਦੇ ਹਨ। ਇਨ੍ਹਾਂ ਨੂੰ ਆਪਣੇ ਘਰਾਂ ਦੇ ਆਲੇ ਦੁਆਲੇ ਤੇ ਸਾਂਝੀਆਂ ਥਾਵਾਂ ਤੇ ਲਾ ਕੇ ਅਸੀਂ ਕੁਦਰਤ ਦੇ ਨੇੜੇ ਹੋਣ ਦਾ ਸੁਪਨਾ ਸਾਕਾਰ ਕਰ ਸਕਦੇ ਹਾਂ। ਇਹ ਸਾਰੇ ਰੁੱਖਾਂ ਦੇ ਬੂਟੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚੋਂ ਅਸਾਨੀ ਨਾਲ ਤੇ ਨਿਗੂਣੀ ਜਿਹੀ ਕੀਮਤ ਤੇ ਪ੍ਰਾਪਤ ਹੋ ਸਕਦੇ ਹਨ। ਇਸਦੇ ਨਾਲ ਹੀ ਪੰਜਾਬ ਬਾਗਬਾਨੀ ਵਿਭਾਗ ਦੀਆਂ ਅਨੇਕ ਥਾਵਾਂ ਤੇ ਨਰਸਰੀਆਂ ਵੀ ਬੂਟੇ ਦੇਣ ਦੇ ਕਾਰਜ ਨਾਲ ਜੁੜੀਆਂ ਹੋਈਆਂ ਹਨ। ਬੂਟੇ ਪ੍ਰਾਪਤ ਕਰਨਾ ਔਖਾ ਨਹੀਂ, ਇਨ੍ਹਾਂ ਨੂੰ ਲਾ ਕੇ ਇਨ੍ਹਾਂ ਦੀ ਦੇਖਰੇਖ ਕਰਨਾ ਜ਼ਿੰਮੇਵਾਰੀ ਵਾਲਾ ਕਾਰਜ ਹੈ। ਰੁੱਖਾਂ ਬਿਨਾਂ ਨਾ ਇਹ ਧਰਤੀ ਬਚੀ ਰਹੇਗੀ ਨਾ ਹੀ ਇਸ ਧਰਤੀ ਦੀ ਵਸੋਂ। ਸਾਨੂੰ ਯਾਦ ਰੱਖਣਾ ਪਵੇਗਾ ਕਿ ਇਹ ਧਰਤੀ ਤੇ ਕੁਦਰਤ ਸਾਨੂੰ ਵਿਰਾਸਤ ਵਜੋਂ ਨਹੀਂ ਮਿਲੀ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਸੁੰਦਰ ਬਣਾਉਣ ਦੇ ਫ਼ਰਜ਼ ਵਜੋਂ ਅਸੀਂ ਇਸ ਧਰਤੀ ਦੇ ਵਸਨੀਕ ਹਾਂ।
ਸਰੋਤ: ਜਗਵਿੰਦਰ ਸਿੰਘ ਅਤੇ ਤੇਜਿੰਦਰ ਸਿੰਘ ਰਿਆੜ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ
Summary in English: Rainy season is the right time to plant trees