Treasure of Taste: ਮੋਟੇ ਅਨਾਜ ਆਪਣੀ ਪੌਸ਼ਟਿਕ ਗੁਣਵੱਤਾ, ਭਰਪੂਰ ਰੇਸ਼ੇ ਅਤੇ ਗਲੂਟਨ ਰਹਿਤ ਹੋਣ ਕਾਰਨ ਜਾਣੇ ਜਾਂਦੇ ਹਨ। ਇਹਨਾਂ ਦੀ ਚੰਗੀ ਸਿਹਤ ਨੂੰ ਕਾਇਮ ਰੱਖਣ ਦੀ ਮਹੱਤਤਾ ਨੂੰ ਦੇਖਦੇ ਹੋਏ ਸੰਯੁਕਤ ਰਾਜ ਦੁਆਰਾ ਵਰ੍ਹੇ 2023 ਨੂੰ ‘ਮੋਟੇ ਅਨਾਜਾਂ ਦਾ ਅੰਤਰ-ਰਾਸ਼ਟਰੀ ਵਰ੍ਹਾ’ ਵਜੋਂ ਘੋਸ਼ਿਤ ਕੀਤਾ ਗਿਆ ਹੈ।
ਰਾਗੀ ਇੱਕ ਇਹੋ ਜਿਹਾ ਮੋਟਾ ਅਨਾਜ ਹੈ, ਜੋ ਕਿ ਦੱਖਣ ਭਾਰਤ ਅਤੇ ਅਫ਼ਰੀਕਾ ਵਰਗੇ ਦੇਸ਼ਾਂ ਵਿੱਚ ਬਹੁਤ ਵਰਤਿਆ ਜਾਂਦਾ ਹੈ। ਇਹ ਪ੍ਰੋਟੀਨ, ਕੈਲਸ਼ੀਅਮ, ਕੰਪਲੈਕਸ ਕਾਰਬੋਜ਼ ਅਤੇ ਖੁਰਾਕੀ ਰੇਸ਼ੇ ਦਾ ਮਹੱਤਵਪੂਰਨ ਸੋਮਾ ਹੈ। ਇਹ ਸਾਰੇ ਖੁਰਾਕੀ ਤੱਤ ਸਾਡੀ ਭੁੱਖ ਨੂੰ ਕਾਬੂ ਕਰਨ, ਭਾਰ ਨੂੰ ਘਟਾਉਣ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦੇ ਹਨ।
ਰਾਗੀ ਚੋਕਲੇਟ ਬਾਲਜ਼ ਬਣਾਉਣ ਦਾ ਤਰੀਕਾ:
ਸਮਾਨ ਅਤੇ ਮਾਤਰਾ:
1. 80 ਗ੍ਰਾਮ ਰਾਗੀ ਦਾ ਆਟਾ
2. 180 ਗ੍ਰਾਮ ਨਾਰੀਅਲ ਦਾ ਬੂਰਾਦਾ
3. 10 ਗ੍ਰਾਮ ਕੋਕੋ ਪਾਊਡਰ
4. 150 ਗ੍ਰਾਮ ਕੰਡੈਸਡ ਦੁੱਧ
5. 250 ਗ੍ਰਾਮ ਚੋਕਲੇਟ
ਤਰੀਕਾ:
1. ਰਾਗੀ ਦੇ ਆਟੇ ਨੂੰ ਘੱਟ ਸੇਕ ਤੇ ਭੁੰਨ ਲਉ ਅਤੇ ਠੰਡਾ ਹੋਣ ਲਈ ਰੱਖ ਦਿਉ।
2. ਇੱਕ ਹੋਰ ਬਰਤਨ ਵਿੱਚ ਕੋਕੋ ਪਾਊਡਰ, ਕੰਡੈਸਡ ਦੁੱਧ ਅਤੇ ਨਾਰੀਅਲ ਦਾ ਬੂਰਾਦਾ ਪਾ ਕੇ ਚੰਗੀ ਤਰ੍ਹਾਂ ਰਲਾ ਲਉ।
3. ਇਸ ਮਿਸ਼ਰਣ ਨੂੰ ਰਾਗੀ ਦੇ ਆਟੇ ਵਿੱਚ ਚੰਗੀ ਤਰ੍ਹਾਂ ਰਲਾ ਲਉ।
4. ਨਰਮ ਆਟੇ ਵਰਗਾ ਬਣਾ ਕੇ ਉਸ ਵਿੱਚੌ ਛੋਟੇ-ਛੋਟੇ ਗੋਲੇ ਬਣਾ ਲਉ ਅਤੇ ਫਰਿੱਜ ਵਿੱਚ 15-20 ਮਿੰਟ ਲਈ ਰੱਖ ਦਿਉ।
5. ਇੱਕ ਪਾਸੇ ਚੋਕਲੇਟ ਨੂੰ ਗਰਮ ਪਾਣੀ ਦੇ ਉੱਪਰ ਇੱਕ ਬਰਤਨ ਰੱਖ ਕੇ ਉਸ ਵਿੱਚ ਪਿਘਲਾ ਲਉ। ਰਾਗੀ ਦੇ ਗੋਲਿਆਂ ਨੂੰ ਪਿਘਲੀ ਹੋਈ ਚੋਕਲੇਟ ਵਿੱਚ ਲਪੇਟ ਲਉ ਅਤੇ ਫਿਰ 10-15 ਮਿੰਟ ਵਿੱਚ ਠੰਡਾ ਹੋਣ ਲਈ ਰੱਖ ਦਿਉ।
ਇਹ ਵੀ ਪੜ੍ਹੋ: Bajra Litti Recipe: ਘਰ 'ਚ ਬਣਾਓ ਬਾਜਰੇ ਦੀ ਲਿੱਟੀ, ਇਹ ਕਮਾਲ ਦੀ ਰੈਸਿਪੀ ਆਵੇਗੀ ਕੰਮ
ਰਾਗੀ ਟਿੱਕੀ ਬਣਾਉਣ ਦਾ ਤਰੀਕਾ:
ਸਮਾਨ ਅਤੇ ਮਾਤਰਾ:
1. 100 ਗ੍ਰਾਮ ਰਾਗੀ ਦਾ ਆਟਾ
2. 250 ਗ੍ਰਾਮ ਆਲੂ
3. 50 ਗ੍ਰਾਮ ਪਿਆਜ
4. 10 ਗ੍ਰਾਮ ਅਦਰਕ
5. 1-2 ਹਰੀ ਮਿਰਚ
6. 50 ਗ੍ਰਾਮ ਸ਼ਿਮਲਾ ਮਿਰਚ
7. 25 ਗ੍ਰਾਮ ਮੱਕੀ ਦੇ ਦਾਣੇ (ਉਬਲੇ ਹੋਏ)
8. 50 ਗ੍ਰਾਮ ਗਾਜਰ
9. 25 ਗ੍ਰਾਮ ਫ਼ਲੀਆਂ
10. ਧਨੀਆ (ਹਰਾ) ਥੋੜਾ ਜਿਹਾ
11. 10 ਗ੍ਰਾਮ ਚਾਟ ਮਸਾਲਾ
12. 5-10 ਗ੍ਰਾਮ ਗਰਮ ਮਸਾਲਾ
13. 50 ਗ੍ਰਾਮ ਸੁੱਕੀ ਬਰੈੱਡ ਦਾ ਚੂਰਾ
ਇਹ ਵੀ ਪੜ੍ਹੋ : ਮਡੁਆ ਦੀ ਰੋਟੀ ਸਿਹਤ ਲਈ ਬਹੁਤ ਫਾਇਦੇਮੰਦ, ਇਨ੍ਹਾਂ ਬੀਮਾਰੀਆਂ ਨਾਲ ਲੜਨ ਦੀ ਮਿਲਦੀ ਹੈ ਤਾਕਤ
ਤਰੀਕਾ:
1. ਆਲੂਆਂ ਨੂੰ ਉਬਾਲ ਕੇ ਠੰਡਾ ਕਰ ਲਉ ਅਤੇ ਛਿੱਲਣ ਤੋਂ ਬਾਅਦ ਚੰਗੀ ਤਰ੍ਹਾਂ ਫੇਹ ਲਉ।
2. ਉੱਪਰ ਦੱਸੀਆਂ ਸਾਰੀਆਂ ਸਬਜ਼ੀਆਂ, ਪਿਆਜ, ਅਦਰਕ ਅਤੇ ਹਰੀ ਮਿਰਚ ਨੂੰ ਬਰੀਕ-ਬਰੀਕ ਕੱਟ ਲਉ।
3. ਸਾਰੀਆਂ ਸਬਜ਼ੀਆਂ ਅਤੇ ਪਿਆਜ਼ ਆਦਿ ਨੂੰ ਫੇਹੇ ਹੋਏ ਆਲੂਆਂ ਵਿੱਚ ਰਲਾ ਲਉ।
4. ਮਿਸ਼ਰਣ ਵਿੱਚ ਅੱਧਾ ਰਾਗੀ ਦਾ ਆਟਾ (50 ਗ੍ਰਾਮ) ਚੰਗੀ ਤਰ੍ਹਾਂ ਰਲਾ ਲਉ।
5. ਫਿਰ ਨਮਕ ਅਤੇ ਬਾਕੀ ਸਾਰੇ ਮਸਾਲੇ ਚੰਗੀ ਤਰ੍ਹਾਂ ਰਲਾ ਲਉ।
6. ਹੁਣ ਇਸ ਮਿਸ਼ਰਣ ਦੀਆਂ ਟਿੱਕੀਆਂ ਤਿਆਰ ਕਰ ਲਉ।
7. ਇੱਕ ਬਰਤਨ ਵਿੱਚ ਬਾਕੀ ਬਚੇ ਰਾਗੀ ਦੇ ਆਟੇ (ਤਕਰੀਬਨ 50 ਗ੍ਰਾ) ਨੂੰ ਪਾਣੀ ਵਿੱਚ ਰਲਾ ਕੇ ਪਤਲਾ ਜਿਹਾ ਘੋਲ ਬਣਾ ਲਉ।
8. ਟਿੱਕੀ ਨੂੰ ਰਾਗੀ ਦੇ ਘੋਲ ਵਿੱਚ ਡੁਬਾਉਣ ਤੋਂ ਬਾਅਦ ਸੁੱਕੀ ਬਰੈੱਡ ਦੇ ਚੂਰੇ ਵਿੱਚ ਚੰਗੀ ਤਰ੍ਹਾਂ ਲਪੇਟ ਲਉ।
9. ਗਰਮ ਤੇਲ ਵਿੱਚ ਤਲ ਲਉ ਅਤੇ ਹਰੀ ਚਟਨੀ/ਟਮਾਟਰਾਂ ਦੀ ਚਟਨੀ/ਇਮਲੀ ਦੀ ਚਟਨੀ ਨਾਲ ਗਰਮ-ਗਰਮ ਪਰੋਸੋ।
Summary in English: Try Delicious and Tempting Ragi Tikki and Chocolate Balls