1. Home
  2. ਬਾਗਵਾਨੀ

ਕਿਸਾਨ ਵੀਰੋਂ July Month ਵਿੱਚ ਇਸ ਤਰ੍ਹਾਂ ਕਰੋ ਬਾਗਬਾਨੀ ਫਸਲਾਂ ਦੀ ਦੇਖਭਾਲ, ਜਾਣੋ Fruits, Flowers, Vegetables, Ornamental Plants, Mushroom Cultivation, Beekeeping ਸਮੇਤ ਪੂਰੀ ਜਾਣਕਾਰੀ

ਜੂਨ ਮਹੀਨਾ ਨਵੇਂ ਫਲਦਾਰ ਬੂਟੇ ਲਾਉਣ ਲਈ ਬਹੁਤ ਹੀ ਢੁਕਵਾਂ ਸਮਾਂ ਹੈ। ਇਸ ਮਹੀਨੇ ਸਦਾਬਹਾਰ ਫਲਦਾਰ ਬੂਟੇ ਜਿਵੇਂ ਕਿੰਨੂ, ਮਾਲਟਾ, ਸੰਤਰਾ, ਨਿੰਬੂ, ਮਿੱਠਾ, ਅੰਬ, ਅਮਰੂਦ, ਲੁਕਾਠ, ਬੇਰ ਅਤੇ ਪਪੀਤਾ ਆਦਿ ਲਗਾਏ ਜਾ ਸਕਦੇ ਹਨ। ਬਰਸਾਤ ਨੂੰ ਵੇਖਦੇ ਹੋਏ ਬਾਗਬਾਨੀ ਫਸਲਾਂ ਵਿੱਚ ਵਾਧੂ ਖੜੇ ਪਾਣੀ ਦੀ ਨਿਕਾਸੀ ਦਾ ਉਚਿਤ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਇੰਨ੍ਹਾਂ ਦਾ ਨੁਕਸਾਨ ਨਾ ਹੋਵੇ।

Gurpreet Kaur Virk
Gurpreet Kaur Virk
ਜੁਲਾਈ ਮਹੀਨੇ ਵਿੱਚ ਇਸ ਤਰ੍ਹਾਂ ਕਰੋ ਬਾਗਬਾਨੀ ਫਸਲਾਂ ਦੀ ਦੇਖਭਾਲ

ਜੁਲਾਈ ਮਹੀਨੇ ਵਿੱਚ ਇਸ ਤਰ੍ਹਾਂ ਕਰੋ ਬਾਗਬਾਨੀ ਫਸਲਾਂ ਦੀ ਦੇਖਭਾਲ

Horticultural Activities for the Month of July: ਭਾਰਤ ਦੁਨੀਆ ਦੇ ਉਨ੍ਹਾਂ ਕੁਝ ਵਿਲੱਖਣ ਦੇਸ਼ਾਂ ਵਿੱਚੋਂ ਇੱਕ ਹੈ, ਜਿੱਥੇ ਇੱਕ ਸਾਲ ਵਿੱਚ 6 ਰੁੱਤਾਂ ਹੁੰਦੀਆਂ ਹਨ ਅਤੇ ਜੋ ਇੱਕ ਦੂਜੇ ਤੋਂ ਪੂਰੀ ਤਰ੍ਹਾਂ ਅਸਮਾਨ ਹੁੰਦੀਆਂ ਹਨ। ਗੱਲ ਕਰੀਏ ਜੂਨ ਮਹੀਨੇ ਦੀ ਤਾਂ ਇਹ ਮਹੀਨਾ ਬਾਗਬਾਨੀ ਫਸਲਾਂ ਲਈ ਰਾਹਤ ਭਰਿਆ ਹੁੰਦਾ ਹੈ ਕਿੳਂਕਿ ਭਾਰੀ ਗਰਮੀ ਤੋਂ ਬਾਅਦ ਬਰਸਾਤਾਂ ਆਉਣ ਨਾਲ ਬੂਟਿਆਂ ਵਿੱਚ ਨਵੀ ਜਾਨ ਪੈ ਜਾਂਦੀ ਹੈ।

ਇਹ ਮਹੀਨਾ ਨਵੇਂ ਫਲਦਾਰ ਬੂਟੇ ਲਾਉਣ ਲਈ ਬਹੁਤ ਹੀ ਢੁਕਵਾਂ ਸਮਾਂ ਹੈ। ਇਸ ਮਹੀਨੇ ਸਦਾਬਹਾਰ ਫਲਦਾਰ ਬੂਟੇ ਜਿਵੇਂ ਕਿੰਨੂ, ਮਾਲਟਾ, ਸੰਤਰਾ, ਨਿੰਬੂ, ਮਿੱਠਾ, ਅੰਬ, ਅਮਰੂਦ, ਲੁਕਾਠ, ਬੇਰ ਅਤੇ ਪਪੀਤਾ ਆਦਿ ਲਗਾਏ ਜਾ ਸਕਦੇ ਹਨ। ਬਰਸਾਤ ਨੂੰ ਵੇਖਦੇ ਹੋਏ ਬਾਗਬਾਨੀ ਫਸਲਾਂ ਵਿੱਚ ਵਾਧੂ ਖੜੇ ਪਾਣੀ ਦੀ ਨਿਕਾਸੀ ਦਾ ਉਚਿਤ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਇੰਨ੍ਹਾਂ ਦਾ ਨੁਕਸਾਨ ਨਾ ਹੋਵੇ।

ਫਲਦਾਰ ਬੂਟੇ

ਇਸ ਮਹੀਨੇ ਨਵੇਂ ਫਲਦਾਰ ਬੂਟੇ ਲਗਾਉਣ ਲਈ ਵਿਉਤਬੰਦੀ ਕਰ ਲੈਣੀ ਚਾਹੀਦੀ ਹੈ ਅਤੇ ਫਲਦਾਰ ਬੂਟੇ ਭਰੋਸੇਯੋਗ ਸੂਤਰਾਂ ਤੋਂ ਹੀ ਲੈਣੇ ਚਾਹੀਦੇ ਹਨ। ਫਲਦਾਰ ਬੂਟੇ ਲਗਾਉਣ ਸਮੇਂ ਅੰਬ ਲਈ ਫਾਸਲਾ 30 ਫੁੱਟ, ਪਪੀਤੇ ਲਈ 5 ਫੁੱਟ ਅਤੇ ਬਾਕੀ ਬੂਟਿਆਂ ਲਈ 20-22 ਫੁੱਟ ਰੱਖੋ। ਇਸ ਲਈ 2-3 ਫੁੱਟ ਵਿਆਸ ਦੇ ਡੂੰਘੇ ਟੋਏ ਪੁੱੱਟ ਕੇ ਅੱਧੀ ਉੱਪਰਲੀ ਉਪਜਾਉ ਮਿੱਟੀ ਅਤੇ ਅੱਧੀ ਦੇਸੀ ਰੁੜੀ ਪਾ ਕੇ ਟੋਏ ਨੂੰ ਭਰ ਦਿਉ ਅਤੇ ਇੱਕ-ਦੋ ਬਰਸਾਤਾਂ ਪੈਣ ਤੋਂ ਬਾਅਦ ਹੋਰ ਮਿੱਟੀ ਪਾ ਕੇ ਸਿਉਂਕ ਤੋਂ ਬਚਾਅ ਲਈ ਪ੍ਰਤੀ ਟੋਆ 15 ਮਿ.ਲਿ. ਕਲੋਰੋਪਾਈਰੀਫਾਸ ਦਵਾਈ ਪਾ ਕੇ ਬੂਟੇ ਲਗਾ ਦਿਉ। ਨਵੇਂ ਬੂਟਿਆਂ ਨੂੰ ਸਿੱਧੇ ਰੱਕਣ ਲਈ ਸੋਟੀ ਦਾ ਸਹਾਰਾ ਦਿਉ।

ਨਾਸ਼ਪਾਤੀ ਦੇ ਪੱਕੇ ਫਲਾਂ ਨੂੰ ਤੋੜ ਲਉ। ਬੇਰ ਦੇ ਤਿਆਰ ਬੂਟਿਆਂ ਨੂੰ 500 ਗ੍ਰਾਮ ਯੂਰੀਆ ਪ੍ਰਤੀ ਬੂਟਾ ਪਾ ਦਿਉ। ਬਰਸਾਤ ਤੋਂ ਪਹਿਲਾਂ ਬੂਟਿਆਂ 'ਤੇ ਚੂਨੇ ਦੀ ਕਲੀ ਕਰ ਦਿਉ। ਬਾਰਸ਼ਾਂ ਕਾਰਨ ਵਾਧੂ ਖੜੇ ਪਾਣੀ ਨੂੰ ਬਾਹਰ ਕੱਢ ਦਿਉ। ਅਮਰੂਦ ਦੇ  ਬੂਟਿਆਂ ਨੂੰ ਫਲ ਦੀ ਮੱਖੀ ਤੋਂ ਬਚਾਅ ਲਈ ਪ੍ਰਤੀ ਏਕੜ 16 ਪੀ.ਏ.ਯੂ. ਫਰੂਟ ਫਲਾਈ ਟਰੈਪ ਇਸ ਮਹੀਨੇਂ ਦੇ ਪਹਿਲੇ ਹਫਤੇ ਲਗਾ ਦਿਉ। ਨਿੰਬੂ ਜਾਤੀ ਫਲਾਂ ਦਾ ਕੇਰਾ ਜੋ ਕਿ ਸੁੱਕੀਆਂ ਅਤੇ ਰੋਗੀ ਟਾਹਣੀਆਂ ਤੋਂ ਸ਼ੁਰੂ ਹੁੰਦਾ ਹੈ ਦੀ ਰੋਕਥਾਮ ਲਈ ਲਈ 3 ਗ੍ਰਾਮ ਕਾਪਰ ਆਕਸੀ ਕਲੋਰਾਈਡ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਸਪਰੇ ਕਰੋ ਅਤੇ ਕੀੜਿਆਂ ਦੀ ਰੋਕਥਾਮ ਲਈ 2.5 ਮਿ.ਲਿ. ਰੋਗਰ 30 ਤਾਕਤ ਜਾਂ 0.4 ਮਿ.ਲਿ. ਕਰੋਕੋਡਾਈਲ/ ਕੰਨਫੀਡੋਰ 17.8 ਐਸ ਐਲ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਸਪਰੇ ਕਰੋ। ਕਿੰਨੂ ਵਿੱਚ ਝਾੜ ਅਤੇ ਫਲਾਂ ਦੀ ਗੁਣਵੱਤਾ ਸੁਧਾਰਨ ਲਈ 1 ਗ੍ਰਾਮ ਪੋਟਾਸ਼ੀਅਮ ਨਾਈਟਰੇਟ ਦਾ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਸਪਰੇ ਕਰੋ। ਅੰਗੂਰ ਦੇ ਬੂਟਿਆਂ ਨੂੰ ਕੋਹੜ ਤੋਂ ਬਚਾਉਣ ਲਈ 1 ਮਿ.ਲਿ. ਸਕੋਰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਸਪਰੇ ਕਰੋ।

ਸਬਜ਼ੀਆਂ

ਕੱਦੁ ਜਾਤੀ ਦੀਆਂ ਸਬਜ਼ੀਆਂ ਵਿੱਚ ਘੀਆ ਕੱਦੂ, ਘੀਆ ਤੋਰੀ, ਕਰੇਲਾ, ਟੀਂਡੇ ਦਾ 12 ਗ੍ਰਾਮ ਅਤੇ ਵੰਗੇ ਦਾ 6 ਗ੍ਰਾਮ ਬੀਜ, ਮੂਲੀ ਦੀ ਪੂਸਾ ਚੇਤਕੀ ਕਿਸਮ ਦਾ 25-30 ਗ੍ਰਾਮ ਬੀਜ, ਭਿੰਡੀ ਦਾ 25-35 ਗ੍ਰਾਮ ਬੀਜ, ਰਵਾਂਹ ਦਾ 50-60 ਗ੍ਰਾਮ ਬੀਜ  ਪ੍ਰਤੀ ਮਰਲਾ ਪਾ ਕੇ ਬਿਜਾਈ ਕਰ ਦਿਉ। ਫੁੱਲ ਗੋਭੀ ਦੀਆਂ ਅਗੇਤੀਆਂ ਕਿਸਮਾਂ ਦੀ ਪਨੀਰੀ 45X30 ਸੈ.ਮੀ. ਦੇ ਫਾਸਲੇ ਤੇ ਲਗਾਉ ਅਤੇ 250 ਕਿੱਲੋ ਦੇਸੀ ਰੂੜੀ, 350 ਗ੍ਰਾਮ ਯੂਰੀਆ, 625 ਗ੍ਰਾਮ ਸਿੰਗਲ ਸੁਪਰਫਾਸਫੇਟ ਅਤੇ 100 ਗ੍ਰਾਮ ਮਿਉਰੇਟ ਆਫ ਪੋਟਾਸ਼ ਖਾਦ ਪ੍ਰਤੀ ਮਰਲਾ ਪਾ ਦਿਉ।

ਸ਼ਕਰਕੰਦੀ ਦੀ ਪੀ ਐੱਸ ਪੀ ਕਿਸਮ ਦੀਆਂ ਵੇਲਾਂ ਤੋਂ ਬਣਾਈਆਂ 150-190 ਕਟਿੰਗ ਵੱਟਾਂ ਤੇ 60X30 ਸੈ.ਮੀ.ਦੇ ਫਾਸਲੇ ਤੇ ਲਾਉ ਅਤੇ ਲਾਉਦੇ ਸਮੇਂ 60 ਕਿਲੋ 250 ਦੇਸੀ ਰੂੜੀ, 780 ਗ੍ਰਾਮ ਕਿਸਾਨ ਖਾਦ, 950 ਗ੍ਰਾਮ ਸਿੰਗਲ ਸੁਪਰਫਾਸਫੇਟ ਅਤੇ 220 ਗ੍ਰਾਮ ਮਿਉਰੇਟ ਆਫ ਪੋਟਾਸ਼ ਖਾਦ ਪ੍ਰਤੀ ਮਰਲਾ ਪਾ ਦਿਉ। ਬੈਂਗਣਾਂ ਵਿੱਚ ਫਲ ਅਤੇ ਸ਼ਾਖਾਂ ਦੇ ਗੜੂੰਏ ਦੀ ਰੋਕਥਾਮ ਲਈ 1 ਮਿ.ਲਿ. ਸੁਮੀਸੀਡੀਨ 20 ਈ ਸੀ ਜਾਂ 2 ਮਿ.ਲਿ. ਰਿਪਕਾਰਡ 10 ਈ ਸੀ ਜਾਂ 1.6 ਮਿ.ਲਿ. ਡੈਸਿਸ 2.8 ਈ ਸੀ ਜਾਂ 8 ਮਿ.ਲਿ. ਏਕਾਲਕਸ 25 ਈ ਸੀ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਸਪਰੇ ਕਰੋ।

ਫੁੱਲਦਾਰ ਅਤੇ ਸਜਾਵਟੀ ਬੂਟੇ

ਬਰਸਾਤਾਂ ਸ਼ੁਰੂ ਹੋਣ ਦੇ ਨਾਲ ਹੀ ਦਰੱਖਤ, ਝਾੜੀਆਂ ਅਤੇ ਵੇਲਾਂ ਨੂੰ ਪਹਿਲਾਂ ਤੋਂ ਤਿਆਰ ਕੀਤੇ ਟੋਇਆਂ ਵਿੱਚ ਲਾ ਦਿਉ।ਗਮਲਿਆਂ ਵਿੱਚ ਪਹਿਲਾਂ ਤੋਂ ਲੱਗੇ ਬੂਟਿਆਂ ਨੂੰ ਕੱਢ ਕੇ ਨਵੇਂ ਸਿਰਿਓ ਮਿੱਟੀ ਅਤੇ ਖਾਦ ਦਾ ਮਿਸ਼ਰਣ ਪਾ ਦਿਉ। ਘਾਹ ਲਾਉਣ ਲਈ ਤਿਆਰ ਕੀਤੇ ਥਾਂ ਤੇ ਘਾਹ ਦੀਆਂ ਜੜ੍ਹਾਂ ਦੇ ਛੋਟੇ ਗੁੱੱਛੇ 10-15 ਸੈਂ. ਮੀ. ਦੀ ਦੂਰੀ ਤੇ ਲਗਾ ਦਿਉ। ਇਸ ਮੌਸਮ ਵਿੱਚ ਬਹੁਤ ਸਾਰੇ ਦਰਖਤ, ਝਾੜੀਆਂ ਅਤੇ ਵੇਲਾਂ ਦਾ ਪੌਦ ਵਾਧਾ ਇੰਨ੍ਹਾਂ ਦੇ ਟੂਸਿਆਂ ਦੀਆਂ ਕਲਮਾਂ ਨੂੰ ਲੈ ਕੇ ਕੀਤਾ ਜਾਵੇ। ਗੁਲਦਾਉਦੀ ਦੀਆਂ ਪਿਛਲੇ ਮਹੀਨੇ ਤਿਆਰ ਕੀਤੀਆਂ ਕਲਮਾਂ ਗਮਲਿਆਂ ਵਿੱਚ ਲਾ ਦਿਉ।

ਖੁੰਬਾਂ ਦੀ ਕਾਸ਼ਤ

ਗਰਮ ਰੁੱਤ ਦੀਆਂ ਮਿਲਕੀ ਖੁੰਬਾਂ ਦੀ ਕਾਸ਼ਤ ਜਾਰੀ ਰੱਖੋ ਅਤੇ ਪਰਾਲੀ ਵਾਲੀ ਖੁੰਬ ਦੇ ਪੁਰਾਣੇ ਬੈੱਡ ਕੱਢ ਕੇ ਨਵੀਂ ਬਿਜਾਈ ਕਰ ਦਿਉ। ਪੁਰਾਣੀ ਗਲੀ ਸੜੀ ਰੂੜੀ ਦੀ ਸੰਭਾਲ ਸਰਦ ਰੁੱਤ ਦੀਆਂ ਖੁੰਬਾਂ ਦੀ ਕੇਸਿੰਗ ਲਈ ਹੁਣ ਤੋਂ ਹੀ ਕਰ ਲਵੋ।

ਇਹ ਵੀ ਪੜ੍ਹੋ: Rainy Season: ਬਰਸਾਤੀ ਮੌਸਮ ਵਿੱਚ ਕਰੋ ਟਮਾਟਰਾਂ ਦੀ ਸਫਲ ਕਾਸ਼ਤ, ਇਸ ਤਰ੍ਹਾਂ ਕਰੋ ਕੀੜੇ ਅਤੇ ਬਿਮਾਰੀਆਂ ਦੀ ਰੋਕਥਾਮ

ਸ਼ਹਿਦ ਮੱਖੀ ਪਾਲਣ

ਸ਼ਹਿਦ ਮੱਖੀਆਂ ਦੇ ਬਕਸਿਆਂ ਦਾ ਨਰੀਖਣ ਕਰਦੇ ਰਹੋ ਅਤੇ ਬਾਹਰ ਫੁੱਲ ਫਲਾਕੇ ਦੀ ਘਾਟ ਨੂੰ ਵੇਖਦੇ ਹੋਏ ਇੱਕ ਹਿੱਸਾ ਖੰਡ ਅਤੇ ਇੱਕ ਹਿੱਸਾ ਪਾਣੀ ਦੇ ਘੋਲ ਦੀ ਖੁਰਾਕ ਸ਼ਾਮ ਵੇਲੇ ਸਾਰੇ ਬਕਸਿਆਂ ਨੂੰ ਦਿਉ। ਬਰਸਾਤ ਦੇ ਮੌਸਮ ਨੂੰ ਵੇਖਦੇ ਹੋਏ ਬਕਸਿਆਂ ਦੇ ਸਟੈਂਡਾਂ ਨੂੰ ਥੋੜਾ ਟੇਡਾ ਕਰ ਦਿਉ ਅਤੇ ਇੰਨ੍ਹਾਂ ਨੂੰ ਉੱਚੀ ਜਗ੍ਹਾ ਤੇ ਰੱਖੋ ਅਤੇ ਆਲੇ ਦੁਆਲੇ ਵਧਦੇ ਹੋਏ ਨਦੀਨਾਂ ਅਤੇ ਵਾਧੁ ਬੂਟਿਆਂ ਨੂੰ ਸਾਫ ਕਰਦੇ ਰਹੋ।

ਸਿਖਲਾਈ ਕੋਰਸ

ਬਾਗਬਾਨੀ ਫਸਲਾਂ ਅਤੇ ਕਿੱਤੇ ਨਾਲ ਸਬੰਧਤ ਸਿਖਲਾਈ ਕੋਰਸਾਂ ਲਈ ਸਕਿੱਲ ਡਿਵੈਲਪਮੈਂਟ ਸੈਂਟਰ (ਫੋਨ ਨੰ:0161-240196-261) ਪੀ.ਏ.ਯੂ. ਲੁਧਿਆਣਾ ਤੋਂ ਅਤੇ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰਕੇ ਕੇ ਭਾਗ ਲੈ ਸਕਦੇ ਹੋ।

ਸਰੋਤ: ਡਾ. ਸੁਖਦੀਪ ਸਿੰਘ ਹੁੰਦਲ, ਸਾਬਕਾ ਡਿਪਟੀ ਡਾਇਰੈਕਟਰ ਬਾਗਬਾਨੀ-ਕਮ- ਸਟੇਟ ਨੋਡਲ ਅਫਸਰ, ਘਰੇਲੂ ਬਗੀਚੀ, ਪੰਜਾਬ।

Summary in English: How to take care of horticultural crops in the month of July, Know complete information including Fruits, Flowers, Vegetables, Ornamental Plants, Mushroom Cultivation, Beekeeping

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters