Successful Cultivation of Loquat: ਭਾਰਤ ਵਿੱਚ ਲੁਕਾਠ ਨੂੰ ਮੁੱਖ ਤੌਰ ਤੇ ਲੁਕਾਟ ਜਾਂ ਲੁਗਾਠ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਇੱਕ ਸਦਾਬਹਾਰ ਊਸ਼ਣਕਟਬੰਦੀ ਫਲ ਦਾ ਰੁੱਖ ਹੈ। ਹਾਲਾਂਕਿ, ਇਸ ਫਲ ਦਾ ਮੂ਼ਲ ਸਥਾਨ ਕੇਂਦਰੀ ਪੂਰਬੀ ਚੀਨ ਹੈ ਅਤੇ ਇਹ ਮੁੱਖ ਤੌਰ ‘ਤੇ ਤਾਈਵਾਨ, ਕੋਰੀਆ, ਚੀਨ, ਜਪਾਨ ਦੇਸ਼ਾਂ ਵਿੱਚ ਉਗਾਇਆ ਜਾਂਦਾ ਹੈ। ਪਰ ਭਾਰਤ ਵਿੱਚ ਲੁਕਾਠ ਦੀ ਖੇਤੀ ਦਿੱਲੀ, ਪੰਜਾਬ, ਹਿਮਾਚਲ ਪ੍ਰਦੇਸ਼, ਮਹਾਂਰਾਸ਼ਟਰ, ਅਸਾਮ ਅਤੇ ਉੱਤਰ ਪ੍ਰਦੇਸ਼ ਸੂਬਿਆਂ ਵਿੱਚ ਕੀਤੀ ਜਾਂਦੀ ਹੈ।
ਅਜਿਹਾ ਮੰਨਿਆ ਜਾਂਦਾ ਹੈ ਕਿ ਲੁਕਾਠ ਖਾਣ ਨਾਲ ਕਈ ਸਰੀਰਿਕ ਲਾਭ ਵੀ ਪ੍ਰਾਪਤ ਹੁੰਦੇ ਹਨ। ਇਸ ਦੇ ਸੇਵਨ ਨਾਲ ਚਮੜੀ ਸਿਹਤਮੰਦ, ਨਜ਼ਰ ਵਿੱਚ ਸੁਧਾਰ, ਭਾਰ ਘੱਟ ਕਰਨ ਵਿੱਚ ਮਦਦ, ਬਲੱਡ ਪ੍ਰੈਸ਼ਰ ਕੰਟਰੋਲ ਅਤੇ ਹੱਡੀਆਂ ਦੀ ਸ਼ਕਤੀ ਨੂੰ ਮਜ਼ਬੂਤ ਕਰਨ ਵਿੱਚ ਮੱਦਦ ਕਰਦਾ ਹੈ।
ਲੁਕਾਠ ਪੰਜਾਬ ਦੇ ਨੀਮ ਪਹਾੜੀ ਇਲਾਕਿਆਂ ਵਿੱਚ ਸਫਲਤਾਪੂਰਵਕ ਲਗਾਇਆ ਜਾ ਸਕਦਾ ਹੈ। ਪੰਜਾਬ ਵਿੱਚ ਇਸ ਨੂੰ ਮੁੱਖ ਤੌਰ ਤੇ ਰੂਪਨਗਰ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਪਟਿਆਲਾ ਜ਼ਿਲ੍ਹੇ ਵਿੱਚ ਉਗਾਇਆ ਜਾਂਦਾ ਹੈ। ਇਹ ਫ਼ਲ ਮਾਰਚ ਦੇ ਅੰਤ ਤੋਂ ਅਪ੍ਰੈਲ ਤੱਕ ਪੱਕਦਾ ਹੈ ਜਦੋਂਕਿ ਹੋਰ ਕੋਈ ਵੀ ਫ਼ਲ ਮੰਡੀ ਵਿੱਚ ਬਹੁਤ ਮੁਸ਼ਕਿਲ ਨਾਲ ਮਿਲਦਾ ਹੈ। ਇਸ ਲਈ ਇਸ ਦੀ ਚੰਗੀ ਕੀਮਤ ਮਿਲ ਜਾਂਦੀ ਹੈ।
ਪੌਣ-ਪਾਣੀ ਅਤੇ ਜ਼ਮੀਨ
ਇਸ ਦੇ ਦਰਖਤ ਸੋਕਾ ਅਤੇ ਗਰਮੀ ਸਹਿ ਲੈਂਦੇ ਹਨ। ਇਸ ਦੇ ਮੋਟੇ ਅਤੇ ਚਮੜੇ ਵਰਗੇ ਪੱਤੇ ਅਣਗੌਲੇ ਸਮੇਂ ਨੂੰ ਸਹਿ ਜਾਂਦੇ ਹਨ ਅਤੇ ਇਨ੍ਹਾਂ ਤੇ ਕੋਈ ਜ਼ਖ਼ਮ ਵਗੈਰਾ ਨਹੀਂ ਹੁੰਦੇ। ਇਸ ਦੇ ਫ਼ਲਾਂ ਨੂੰ ਪੱਕਣ ਵੇਲੇ ਗਰਮ ਅਤੇ ਖੁਸ਼ਕ ਜਲਵਾਯੂ ਦੀ ਲੋੜ ਹੁੰਦੀ ਹੈ। ਇਸ ਦੇ ਬੂਟੇ ਉਪਜਾਊ ਅਤੇ ਹਲਕੀ ਜ਼ਮੀਨ ਵਿੱਚ ਬੜੀ ਚੰਗੀ ਤਰ੍ਹਾਂ ਉੱਗਦੇ ਹਨ। ਜੇਕਰ ਜ਼ਮੀਨ ਵਿੱਚੋਂ ਪਾਣੀ ਦੇ ਨਿਕਾਸ ਦਾ ਪ੍ਰਬੰਧ ਹੋਵੇ ਤਾਂ ਇਸਦੇ ਬੂਟੇ ਹੋਰ ਵੀ ਜ਼ਿਆਦਾ ਫੈਲਦੇ ਹਨ।
ਉੱਨਤ ਕਿਸਮਾਂ
ਕੈਲੇਫੋਰਨੀਆਂ ਐਡਵਾਂਸ (1970): ਫ਼ਲ ਦਰਮਿਆਨੇ ਆਕਾਰ ਦਾ ਗੋਲ ਜਾਂ ਤਿਕੋਨਾ ਹੁੰਦਾ ਹੈ। ਇਸ ਦਾ ਬਾਹਰੀ ਰੰਗ ਪੀਲਾ ਅਤੇ ਗੁੱਦੇ ਦਾ ਰੰਗ ਮੱਖਣ ਵਰਗਾ ਸਫੈਦ ਹੁੰਦਾ ਹੈ। ਇਹ ਸਵਾਦ ਵਿੱਚ ਖੱਟਾ-ਮਿੱਠਾ ਹੁੰਦਾ ਹੈ। ਇਸ ਦੇ ਫ਼ਲ ਵਿੱਚ 2-3 ਬੀਜ ਹੁੰਦੇ ਹਨ। ਇਹ ਅਪ੍ਰੈਲ ਦੇ ਅਖੀਰ ਵਿੱਚ ਪੱਕ ਜਾਂਦਾ ਹੈ।
ਗੋਲਡਨ ਯੈਲੋ (1967): ਇਸ ਦਾ ਫ਼ਲ ਦਰਮਿਆਨੇ ਆਕਾਰ ਦਾ, ਅੰਡੇ ਦੀ ਸ਼ਕਲ ਵਰਗਾ, ਦਿਲ ਖਿੱਚਵਾਂ ਸੁਨਹਿਰੀ ਪੀਲੇ ਰੰਗ ਦਾ ਹੁੰਦਾ ਹੈ। ਇਸ ਦਾ ਗੁੱਦਾ ਪੀਲੇ ਰੰਗ ਦਾ ਅਤੇ ਸਵਾਦ ਖੱਟਾ-ਮਿੱਠਾ ਹੁੰਦਾ ਹੈ। ਇਸ ਦੇ ਹਰ ਫ਼ਲ ਵਿੱਚ 4-5 ਦਰਮਿਆਨੇ ਬੀਜ ਹੁੰਦੇ ਹਨ। ਇਹ ਮਾਰਚ ਦੇ ਤੀਸਰੇ ਹਫ਼ਤੇ ਪੱਕ ਜਾਂਦਾ ਹੈ।
ਪੇਲ ਯੈਲੋ (1967): ਇਸ ਦੇ ਫ਼ਲ ਦਰਮਿਆਨੇ ਤੋਂ ਵੱਡੇ ਆਕਾਰ ਦੇ, ਹੇਠਾਂ ਤੋਂ ਥੋੜ੍ਹੇ ਜਿਹੇ ਗੋਲ ਜਾਂ ਤਿਕੋਨੇ ਹੁੰਦੇ ਹਨ। ਇਸਦਾ ਗੁੱਦਾ ਚਿੱਟਾ ਅਤੇ ਸਵਾਦ ਖੱਟਾ-ਮਿੱਠਾ ਹੁੰਦਾ ਹੈ। ਇਸ ਵਿੱਚ 2-3 ਦਰਮਿਆਨੇ ਆਕਾਰ ਦੇ ਬੀਜ ਹੁੰਦੇ ਹਨ ਅਤੇ ਇਹ ਅਪ੍ਰੈਲ ਦੇ ਦੂਸਰੇ ਹਫ਼ਤੇ ਪੱਕ ਜਾਂਦੀ ਹੈ।
ਲੁਕਾਠ ਦੀਆਂ ਸਿਫਾਰਿਸ਼ ਕੀਤੀਆਂ ਕਿਸਮਾ ਸਵੈ-ਪ੍ਰਾਗਣ ਜਾਂ ਥੋੜ੍ਹੀਆਂ ਪਰਪ੍ਰਾਗਣ ਹੁੰਦੀਆਂ ਹਨ। ਇਸ ਲਈ ਇਨ੍ਹਾਂ ਨੂੰ ਲਗਾਉਣ ਵੇਲੇ ਇੱਕੋ ਹੀ ਕਿਸਮ ਦੇ ਬੂਟਿਆਂ ਦਾ ਬਲਾਕ ਨਹੀਂ ਲਗਾਉਣਾ ਚਾਹੀਦਾ। ਕੈਲੇਫੋਰਨੀਆਂ ਐਡਵਾਂਸ ਕਿਸਮ, ਜੋ ਕਿ ਗੋਲਡਨ ਯੈਲੋ ਅਤੇ ਪੇਲ ਯੈਲੋ ਕਿਸਮ ਦੇ ਬੂਟਿਆਂ ਲਈ ਪ੍ਰਾਗਣ ਦਾ ਬਹੁਤ ਵਧੀਆ ਸ੍ਰੋਤ ਹੈ। ਇਸ ਨੂੰ ਇਨ੍ਹਾਂ ਬੂਟਿਆਂ ਦੇ ਨਾਲ-ਨਾਲ ਲਗਾਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ : Melon Farming: ਖਰਬੂਜੇ ਦੀ ਖੇਤੀ ਤੋਂ ਕਮਾਓ ਲੱਖਾਂ ਦਾ ਮੁਨਾਫਾ, ਜਾਣੋ ਚੰਗਾ ਝਾੜ ਲੈਣ ਲਈ ਇਹ Scientific Method
ਬੂਟੇ ਤਿਆਰ ਕਰਨਾ
ਵਪਾਰਿਕ ਪੱਧਰ ਤੇ ਬਾਗ ਲਗਾਉਣ ਲਈ, ਬਿਲਕੁਲ ਸਹੀ ਕਿਸਮ ਦੇ ਬੂਟੇ ਚਾਹੀਦੇ ਹਨ ਜਿਸ ਲਈ ਬਨਸਪਤੀ ਢੰਗ ਨਾਲ ਬੂਟੇ ਤਿਆਰ ਕਰਨਾ ਜ਼ਰੂਰੀ ਹੈ। ਆਮ ਤੌਰ ਤੇ ਲੁਕਾਠ ਦੀਆਂ ਵਪਾਰਿਕ ਕਿਸਮਾਂ ਤੇ ਉੱਨਤ ਕਿਸਮਾਂ ਦੀ ਪਿਉਂਦ ਚੜ੍ਹਾ ਕੇ ਬੂਟੇ ਤਿਆਰ ਕੀਤੇ ਜਾਂਦੇ ਹਨ।
ਜੜ-ਮੁੱਢ ਦੀ ਤਿਆਰੀ
ਲੁਕਾਠ ਦੇ ਬੀਜਾਂ ਨੂੰ ਜੇਕਰ ਫ਼ਲਾਂ ਵਿੱਚੋਂ ਕੱਢ ਕੇ ਤੁਰੰਤ ਲਗਾਇਆ ਜਾਵੇ ਤਾਂ ਉਹ ਬੜੀ ਤੇਜ਼ੀ ਨਾਲ ਉਗਦੇ ਹਨ। ਜੇਕਰ ਇਹ ਬੀਜ ਕੁਝ ਦੇਰ ਲਈ ਹਵਾ, ਰੌਸ਼ਨੀ, ਧੁੱਪ ਵਿੱਚ ਪਏ ਰਹਿਣ ਤਾਂ ਇਨ੍ਹਾਂ ਦੀ ਉਗਣਸ਼ਕਤੀ ਘਟ ਜਾਂਦੀ ਹੈ। ਤਾਜ਼ੇ ਬੀਜਾਂ ਨੂੰ ਅਪ੍ਰੈਲ-ਮਈ ਦੇ ਮਹੀਨੇ ਗਿੱਲੀ ਰੇਤ ਵਿੱਚ ਬੀਜ ਦਿੱਤਾ ਜਾਂਦਾ ਹੈ। ਜਦੋਂ ਇਨ੍ਹਾਂ ਦੀ ਪਨੀਰੀ 4-5 ਸੈਂਟੀਮੀਟਰ ਉੱਚੀ ਹੋ ਜਾਂਦੀ ਹੈ ਤਾਂ ਇਨ੍ਹਾਂ ਨੂੰ ਨਰਸਰੀ ਵਿੱਚ ਲਗਾ ਦਿੱਤਾ ਜਾਂਦਾ ਹੈ।
ਇਨਾਰਚਿੰਗ
ਆਮ ਤੌਰ ਤੇ ਲੁਕਾਠ ਦੇ ਪੌਦੇ ਤਿਆਰ ਕਰਨ ਲਈ ਇਨਾਰਚਿੰਗ ਪਿਉਂਦ ਕੀਤੀ ਜਾਂਦੀ ਹੈ। ਇਨਾਰਚਿੰਗ ਕਰਨ ਲਈ ਸਭ ਤੋਂ ਵਧੀਆ ਸਮਾਂ ਜੁਲਾਈ-ਅਗਸਤ ਹੁੰਦਾ ਹੈ। ਹਵਾਈ-ਗੁੱਟੀ ਵੀ ਇੱਕ ਹੋਰ ਵਧੀਆ ਢੰਗ ਹੈ ਪ੍ਰੰਤੂ ਇਨਾਰਚਿੰਗ ਦੇ ਮੁਕਾਬਲੇ ਇਸ ਵਿੱਚ ਘੱਟ ਸਫ਼ਲਤਾ ਹੈ।
ਬੂਟੇ ਲਗਾਉਣਾ
ਲੁਕਾਠ ਦੇ ਬੂਟੇ ਲਗਾਉਣ ਲਈ ਦੋ ਮੌਸਮ ਹਨ, ਫ਼ਰਵਰੀ-ਮਾਰਚ ਅਤੇ ਅਗਸਤ-ਸਤੰਬਰ। ਪ੍ਰੰਤੂ ਫਿਰ ਵੀ ਇਸ ਦੇ ਬੂਟੇ ਅਗਸਤ-ਸਤੰਬਰ ਵਿੱਚ ਹੀ ਲਗਾਉਣੇ ਚਾਹੀਦੇ ਹਨ, ਜਦੋਂਕਿ ਮੌਸਮ ਕਾਫ਼ੀ ਹੱਦ ਤੱਕ ਠੰਢਾ ਹੋ ਜਾਂਦਾ ਹੈ। ਇਸ ਦੇ ਬੂਟੇ ਵਰਗਾਕਾਰ ਢੰਗ ਨਾਲ 6.5X6.5 ਮੀਟਰ ਦੇ ਫ਼ਾਸਲੇ ਤੇ ਲਗਾਉਣੇ ਚਾਹੀਦੇ ਹਨ।
ਇਹ ਵੀ ਪੜ੍ਹੋ : Mosambi Farming: ਵਧੀਆ INCOME ਲਈ ਗਰਮੀਆਂ ਵਿੱਚ ਕਰੋ ਮੌਸੰਬੀ ਦੀ ਖੇਤੀ, ਜਾਣੋ ਤਰੀਕਾ ਅਤੇ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ
ਸਿੰਚਾਈ
ਇਹ ਫ਼ਲ ਸੋਕਾ ਸਹਿ ਲੈਂਦਾ ਹੈ। ਫਿਰ ਵੀ ਜੇਕਰ ਬਾਗ ਦੀ ਸਮੇਂ ਸਿਰ ਸਿੰਚਾਈ ਹੁੰਦੀ ਰਹੇ ਤਾਂ ਬਹੁਤ ਵਧੀਆ ਨਤੀਜੇ ਨਿੱਕਲਦੇ ਹਨ। ਫ਼ਲ ਲੱਗਣ ਤੋਂ ਪੱਕਣ ਤੱਕ ਤਿੰਨ ਤੋਂ ਚਾਰ ਸਿੰਚਾਈਆਂ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
ਫ਼ਲਾਂ ਦੀ ਤੁੜਾਈ
ਲੁਕਾਠ ਦੇ ਦਰੱਖਤਾਂ ਨੂੰ ਤੀਸਰੇ ਸਾਲ ਫ਼ਲ ਲੱਗਣਾ ਸ਼ੁਰੂ ਹੋ ਜਾਂਦਾ ਹੈ। ਹਰੇ ਅਤੇ ਕੱਚੇ ਫ਼ਲਾਂ ਨੂੰ ਨਹੀਂ ਤੋੜਨਾ ਚਾਹੀਦਾ। ਆਮ ਤੌਰ ਤੇ ਗੁੱਛਿਆਂ ਵਿੱਚ ਲੱਗੇ ਫ਼ਲ ਇੱਕਸਾਰ ਪੱਕਦੇ ਹਨ। ਇਸ ਲਈ ਸਾਰਾ ਗੁੱਛਾ ਇਕੱਠਾ ਹੀ ਤੋੜੋ। ਪੌਦੇ ਨਾਲੋਂ ਹੱਥ ਨਾਲ ਇਕੱਲਾ-ਇਕੱਲਾ ਫ਼ਲ ਕਦੇ ਨਾ ਤੋੜੋ। ਹਮੇਸ਼ਾ ਕਲਿੱਪਰ ਦੀ ਵਰਤੋਂ ਕਰੋ। ਇੱਕ ਲੁਕਾਠ ਦੇ ਦਰੱਖਤ ਦਾ ਔਸਤ ਝਾੜ 16 ਕਿਲੋ ਹੁੰਦਾ ਹੈ ਜਦਕਿ ਚੰਗੀ ਤਰ੍ਹਾਂ ਸੰਭਾਲ ਕੀਤੇ ਦਰੱਖਤਾਂ ਤੋਂ 40 ਕਿੱਲੋ ਤੱਕ ਫ਼ਲ ਦੀ ਪ੍ਰਾਪਤੀ ਹੋ ਜਾਂਦੀ ਹੈ।
ਫ਼ਲਾਂ ਦੀ ਸੰਭਾਲ
ਦਰਜਾ-ਬੰਦੀ: ਪੈਕਿੰਗ ਕਰਨ ਤੋਂ ਪਹਿਲਾਂ ਫ਼ਲਾਂ ਦੀ ਦੋ ਸ਼੍ਰੇਣੀਆਂ ਵਿੱਚ ਦਰਜਾ-ਬੰਦੀ ਕਰਨੀ ਚਾਹੀਦੀ ਹੇ। ਲੰਬੇ ਆਕਾਰ ਦੇ ਤਾਜ਼ੇ ਫ਼ਲ ਇੱਕ ਡੱਬੇ ਵਿੱਚ ਅਤੇ ਬਾਕੀ ਦੇ ਮੰਡੀ ਯੋਗ ਫ਼ਲਾਂ ਨੂੰ ਦੂਸਰੇ ਡੱਬਿਆਂ ਵਿੱਚ ਭਰਨਾ ਚਾਹੀਦਾ ਹੈ। ਫ਼ਲਾਂ ਨਾਲ ਲੱਗੀਆਂ ਵਾਧੂ ਡੰਡੀਆਂ ਕੱਟ ਦੇਣੀਆਂ ਚਾਹੀਦੀਆਂ ਹਨ। ਰਗੜੇ ਹੋਏ, ਫਿੱਸੇ ਅਤੇ ਸੁੰਗੜੇ ਹੋਏ, ਇਕੱਲੇ-ਇਕੱਲੇ ਫ਼ਲਾਂ ਨੂੰ ਕੱਢ ਦੇਣਾ ਚਾਹੀਦਾ ਹੈ।
ਪੈਕਿੰਗ
ਹਰ ਇੱਕ ਡੱਬੇ ਥੱਲੇ ਕਾਗਜ਼ ਰੱਖ ਕੇ ਅਤੇ ਕਾਗਜ਼ ਦੀਆਂ ਕਾਤਰਾਂ ਦਾ ਗੱਦਾ ਬਣਾ ਕੇ ਫ਼ਲਾਂ ਨੂੰ ਡੱਬਿਆਂ ਵਿੱਚ ਭਰਨਾ ਚਾਹੀਦਾ ਹੈ। ਜੇਕਰ ਫ਼ਲ ਨਜ਼ਦੀਕ ਦੀ ਮੰਡੀ ਵਿੱਚ ਹੀ ਭੇਜਣੇ ਹੋਣ ਤਾਂ 14 ਕਿਲੋ ਦੇ ਲੱਕੜ ਦੇ ਡੱਬਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।
Summary in English: Loquat Fruit: Farmers can earn lakhs of rupees by successful cultivation of loquat, know complete information from advanced varieties to packaging