ਪੰਜਾਬ ਵਿੱਚ ਕਣਕ ਅਨਾਜ ਦੀ ਮੁੱਖ ਫ਼ਸਲ ਹੈ। ਇਸ ਦੀ ਕਾਸ਼ਤ ਸਾਲ 2021-22 ਦੌਰਾਨ 35.26 ਲੱਖ ਹੈਕਟੇਅਰ ਰਕਬੇ ਵਿੱਚ ਕੀਤੀ ਗਈ, ਜਿਸ ਤੋਂ ਕੁੱਲ ਪੈਦਾਵਾਰ 148.65 ਲੱਖ ਟਨ ਹੋਈ ਅਤੇ ਇਸ ਦਾ ਔਸਤ ਝਾੜ 42.16 ਕੁਇੰਟਲ ਪ੍ਰਤੀ ਹੈਕਟੇਅਰ (17.1 ਕੁਇੰਟਲ ਪ੍ਰਤੀ ਏਕੜ) ਰਿਹਾ।
ਹਰ ਕੋਈ ਜਾਣਦਾ ਹੈ ਕਿ ਕਣਕ ਸਰਦੀਆਂ ਦੀ ਫ਼ਸਲ ਹੈ। ਪੰਜਾਬ ਵਿੱਚ ਕਣਕ ਦਾ ਵਧੇਰੇ ਝਾੜ ਤਾਂ ਹੀ ਸੰਭਵ ਹੈ ਜੇਕਰ ਫ਼ਸਲ ਦੇ ਵਾਧੇ ਅਤੇ ਦਾਣੇ ਭਰਨ ਦੌਰਾਨ ਕ੍ਰਮਵਾਰ ਵੱਧ ਤੋ ਵੱਧ ਤਾਪਮਾਨ 15-22 ਅਤੇ 21-28 ਡਿਗਰੀ ਸੈਂਟੀਗਰੇਡ ਅਤੇ ਘੱਟ ਤੋਂ ਘੱਟ ਤਾਪਮਾਨ 4-11 ਅਤੇ 7-13 ਡਿਗਰੀ ਸੈਂਟੀਗਰੇਡ ਰਹੇ। ਬੂਝਾ ਮਾਰਨ ਤੋਂ ਲੈ ਕੇ ਫ਼ਸਲ ਦੇ ਨਿਸਾਰੇ ਸਮੇਂ ਤੱਕ ਵਧੇਰੇ ਤਾਪਮਾਨ ਫ਼ਸਲ ਦੇ ਬੂਝਾ ਮਾਰਨ ਦੀ ਸਮਰੱਥਾ ਨੂੰ ਘਟਾ ਦਿੰਦਾ ਹੈ ਅਤੇ ਫ਼ਸਲ ਜਲਦੀ ਨਿਸਰ ਜਾਂਦੀ ਹੈ। ਜੇਕਰ ਦਾਣੇ ਭਰਨ ਸਮੇਂ ਤਾਪਮਾਨ ਵੱਧ ਰਹਿੰਦਾ ਹੈ ਤਾਂ ਫ਼ਸਲ ਸਮੇਂ ਤੋਂ ਪਹਿਲਾਂ ਪੱਕ ਜਾਂਦੀ ਹੈ ਅਤੇ ਦਾਣਿਆਂ ਦਾ ਭਾਰ ਘੱਟ ਜਾਂਦਾ ਹੈ। ਕੱਲਰ ਅਤੇ ਸੇਮ ਵਾਲੀਆਂ ਜ਼ਮੀਨਾਂ ਤੋਂ ਬਿਨਾਂ ਕਣਕ ਹਰ ਕਿਸਮ ਦੀ ਜ਼ਮੀਨ ਵਿੱਚ ਪੈਦਾ ਕੀਤੀ ਜਾ ਸਕਦੀ ਹੈ।
ਸੇਂਜੂ ਹਾਲਤਾਂ ਵਿੱਚ ਸਹੀ ਸਮੇਂ 'ਤੇ ਬਿਜਾਈ ਲਈ ਉੱਨਤ ਕਿਸਮਾਂ:
1. ਪੀ ਬੀ ਡਬਲਯੂ 826 (2022)*:
ਇਸ ਕਿਸਮ ਦੀ ਸਿਫ਼ਾਰਸ਼ ਸੇਂਜੂ ਹਾਲਤਾਂ ਵਿੱਚ ਸਹੀ ਸਮੇਂ ਸਿਰ ਬਿਜਾਈ ਲਈ ਕੀਤੀ ਜਾਂਦੀ ਹੈ। ਇਸ ਦਾ ਔਸਤ ਕੱਦ 100 ਸੈਂਟੀਮੀਟਰ ਹੈ। ਇਹ ਕਿਸਮ ਤਕਰੀਬਨ 148 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਪੀਲ਼ੀ ਅਤੇ ਭੂਰੀ ਕੁੰਗੀ ਦਾ ਕਾਫ਼ੀ ਹੱਦ ਤੱਕ ਟਾਕਰਾ ਕਰ ਸਕਦੀ ਹੈ। ਇਸ ਦੇ ਦਾਣੇ ਚਮਕੀਲੇ ਅਤੇ ਮੋਟੇ ਹਨ। ਇਸ ਦਾ ਔਸਤ ਝਾੜ 24.0 ਕੁਇੰਟਲ ਪ੍ਰਤੀ ਏਕੜ ਹੈ।
2. ਪੀ ਬੀ ਡਬਲਯੂ 869 (2021):
ਇਹ ਕਿਸਮ ਨੂੰ ਝੋਨੇ ਦੇ ਵੱਢ ਵਿੱਚ ਹੈਪੀ ਸੀਡਰ/ਸੁਪਰ ਸੀਡਰ ਨਾਲ ਬਿਜਾਈ ਕਰਨ ਲਈ ਸਿਫ਼ਾਰਸ਼ ਕੀਤਾ ਗਿਆ ਹੈ। ਇਸਦਾ ਔਸਤ ਕੱਦ 101 ਸੈਂਟੀਮੀਟਰ ਹੈ ਅਤੇ ਇਹ ਕਿਸਮ ਪੱਕਣ ਲਈ ਤਕਰੀਬਨ 158 ਦਿਨ ਲੈਂਦੀ ਹੈ। ਇਹ ਭੂਰੀ ਕੂੰਗੀ ਤੋਂ ਰਹਿਤ ਹੈ ਅਤੇ ਪੀਲੀ ਕੁੰਗੀ ਦਾ ਟਾਕਰਾ ਕਰਨ ਦੀ ਦਰਮਿਆਨੀ ਸਮਰੱਥਾ ਰੱਖਦੀ ਹੈ। ਇਸ ਦਾ ਔਸਤ ਝਾੜ 23.2 ਕੁਇੰਟਲ ਪ੍ਰਤੀ ਏਕੜ ਹੈ। ਇਸਦੇ ਦਾਣੇ ਬਾਕੀ ਸਾਰੀਆਂ ਕਿਸਮਾਂ ਨਾਲੋਂ ਮੋਟੇ ਹਨ ਅਤੇ ਇਸ ਦੀ ਬਿਜਾਈ ਲਈ 45 ਕਿਲੋ ਬੀਜ ਪ੍ਰਤੀ ਏਕੜ ਵਰਤੋ।
ਇਹ ਵੀ ਪੜ੍ਹੋ: ਪੰਜਾਬ ਦੇ ਕਣਕ ਕਿਸਾਨਾਂ ਲਈ ਖੁਸ਼ਖਬਰੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਣਕ ਦੀਆਂ ਨਵੀਆਂ ਕਿਸਮਾਂ ਜਾਰੀ
3. ਪੀ ਬੀ ਡਬਲਯੂ 824 (2021):
ਇਸ ਕਿਸਮ ਦਾ ਔਸਤ ਕੱਦ 104 ਸੈਂਟੀਮੀਟਰ ਹੈ। ਇਹ ਕਿਸਮ ਪੱਕਣ ਲਈ ਤਕਰੀਬਨ 156 ਦਿਨ ਲੈਂਦੀ ਹੈ। ਇਹ ਭੂਰੀ ਕੂੰਗੀ ਤੋਂ ਰਹਿਤ ਹੈ ਅਤੇ ਪੀਲੀ ਕੁੰਗੀ ਦਾ ਟਾਕਰਾ ਕਰਨ ਦੀ ਦਰਮਿਆਨੀ ਸਮਰੱਥਾ ਰੱਖਦੀ ਹੈ। ਇਸ ਦਾ ਔਸਤ ਝਾੜ 23.3 ਕੁਇੰਟਲ ਪ੍ਰਤੀ ਏਕੜ ਹੈ।
4. ਪੀ ਬੀ ਡਬਲਯੂ 803 (2021):
ਇਹ ਕਿਸਮ ਪੰਜਾਬ ਦੇ ਦੱਖਣ-ਪੱਛਮੀ ਇਲਾਕਿਆਂ (ਬਠਿੰਡਾ, ਫ਼ਰੀਦਕੋਟ, ਫ਼ਾਜ਼ਿਲਕਾ, ਫ਼ਿਰੋਜ਼ਪੁਰ, ਮਾਨਸਾ ਅਤੇ ਸ਼੍ਰੀ ਮੁਕਤਸਰ ਸਾਹਿਬ) ਲਈ ਸਿਫ਼ਾਰਸ਼ ਕੀਤੀ ਗਈ ਹੈ। ਇਸਦਾ ਔਸਤ ਕੱਦ 100 ਸੈਂਟੀਮੀਟਰ ਹੈ ਅਤੇ ਇਹ ਕਿਸਮ ਪੱਕਣ ਲਈ ਤਕਰੀਬਨ 151 ਦਿਨ ਲੈਂਦੀ ਹੈ। ਇਹ ਭੂਰੀ ਕੂੰਗੀ ਤੋਂ ਰਹਿਤ ਹੈ ਅਤੇ ਪੀਲੀ ਕੁੰਗੀ ਦਾ ਟਾਕਰਾ ਕਰਨ ਦੀ ਦਰਮਿਆਨੀ ਸਮਰੱਥਾ ਰੱਖਦੀ ਹੈ। ਇਸ ਦਾ ਔਸਤ ਝਾੜ 22.7 ਕੁਇੰਟਲ ਪ੍ਰਤੀ ਏਕੜ ਹੈ।
5. ਸੁਨਹਿਰੀ (ਪੀ ਬੀ ਡਬਲਯੂ 766) (2020):
ਇਸ ਦਾ ਔਸਤ ਕੱਦ 106 ਸੈਂਟੀਮੀਟਰ ਹੈ। ਇਹ ਕਿਸਮ ਤਕਰੀਬਨ 155 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਪੀਲੀ ਕੁੰਗੀ ਦਾ ਕਾਫ਼ੀ ਹੱਦ ਤੱਕ ਅਤੇ ਭੂਰੀ ਕੁੰਗੀ ਦਾ ਪੂਰੀ ਤਰ੍ਹਾਂ ਟਾਕਰਾ ਕਰਦੀ ਹੈ। ਇਸ ਦਾ ਔਸਤ ਝਾੜ 23.1 ਕੁਇੰਟਲ ਪ੍ਰਤੀ ਏਕੜ ਹੈ।
6. ਡੀ ਬੀ ਡਬਲਯੂ 222 (2020):
ਕਣਕ ਦੀ ਇਸ ਨਵੀਂ ਕਿਸਮ ਦੀ ਸਿਫ਼ਾਰਸ਼ ਨੀਮ ਪਹਾੜੀ ਇਲਾਕਿਆਂ ਨੂੰ ਛੱਡ ਕੇ ਬਾਕੀ ਸਾਰੇ ਪੰਜਾਬ ਲਈ ਕੀਤੀ ਜਾਂਦੀ ਹੈ। ਇਸ ਦਾ ਔਸਤ ਕੱਦ 103 ਸੈਂਟੀਮੀਟਰ ਹੈ। ਇਹ ਤਕਰੀਬਨ 152 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਪੀਲੀ ਕੁੰਗੀ ਦਾ ਟਾਕਰਾ ਕਰਨ ਦੀ ਦਰਮਿਆਨੀ ਸਮਰੱਥਾ ਰੱਖਦੀ ਹੈ ਅਤੇ ਭੂਰੀ ਕੁੰਗੀ ਦਾ ਟਾਕਰਾ ਕਰ ਸਕਦੀ ਹੈ। ਇਸ ਦਾ ਔਸਤ ਝਾੜ 22.3 ਕੁਇੰਟਲ ਪ੍ਰਤੀ ਏਕੜ ਹੈ।
ਇਹ ਵੀ ਪੜ੍ਹੋ: Wheat Crop ਦੇ ਪੀਲੇ ਪੈਣ ਦੇ ਮੁੱਖ ਕਾਰਨ ਅਤੇ ਇਲਾਜ
7. ਡੀ ਬੀ ਡਬਲਯੂ 187 (2020):
ਇਸ ਦਾ ਔਸਤ ਕੱਦ 104 ਸੈਂਟੀਮੀਟਰ ਹੈ ਅਤੇ ਤਕਰੀਬਨ 153 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਪੀਲੀ ਕੁੰਗੀ ਦਾ ਕਾਫ਼ੀ ਹੱਦ ਤੱਕ ਅਤੇ ਭੂਰੀ ਕੁੰਗੀ ਦਾ ਪੂਰੀ ਤਰ੍ਹਾਂ ਟਾਕਰਾ ਕਰਦੀ ਹੈ। ਇਸ ਦਾ ਔਸਤ ਝਾੜ 22.6 ਕੁਇੰਟਲ ਪ੍ਰਤੀ ਏਕੜ ਹੈ।
8. ਐਚ ਡੀ 3226 (2020):
ਇਸ ਦਾ ਔਸਤ ਕੱਦ 106 ਸੈਂਟੀਮੀਟਰ ਹੈ ਅਤੇ ਤਕਰੀਬਨ 155 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਪੀਲੀ ਕੁੰਗੀ ਅਤੇ ਭੂਰੀ ਕੁੰਗੀ ਦਾ ਪੂਰੀ ਤਰ੍ਹਾਂ ਟਾਕਰਾ ਕਰਦੀ ਹੈ। ਇਸ ਦਾ ਔਸਤ ਝਾੜ 21.9 ਕੁਇੰਟਲ ਪ੍ਰਤੀ ਏਕੜ ਹੈ।
9. ਉੱਨਤ ਪੀ ਬੀ ਡਬਲਯੂ 343 (2017):
ਇਹ ਕਿਸਮ ਪੀ ਬੀ ਡਬਲਯੂ 343 ਦਾ ਸੋਧਿਆ ਹੋਇਆ ਰੂਪ ਹੈ। ਇਸ ਦਾ ਔਸਤ ਕੱਦ 100 ਸੈਂਟੀਮੀਟਰ ਹੈ। ਇਹ ਕਿਸਮ ਭੂਰੀ ਕੁੰਗੀ ਦਾ ਪੂਰੀ ਤਰ੍ਹਾਂ ਅਤੇ ਪੀਲੀ ਕੁੰਗੀ ਦਾ ਕਾਫ਼ੀ ਹੱਦ ਤੱਕ ਟਾਕਰਾ ਕਰਦੀ ਹੈ। ਇਹ ਕਿਸਮ ਤਕਰੀਬਨ 155 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦਾ ਔਸਤ ਝਾੜ 23.2 ਕੁਇੰਟਲ ਪ੍ਰਤੀ ਏਕੜ ਹੈ।
10. ਉੱਨਤ ਪੀ ਬੀ ਡਬਲਯੂ 550 (2017):
ਇਹ ਕਿਸਮ ਪੀ ਬੀ ਡਬਲਯੂ 550 ਦਾ ਸੋਧਿਆ ਹੋਇਆ ਰੂਪ ਹੈ। ਇਸ ਦਾ ਔਸਤ ਕੱਦ 86 ਸੈਂਟੀਮੀਟਰ ਹੈ। ਇਹ ਕਿਸਮ ਪੀਲੀ ਅਤੇ ਭੂਰੀ ਕੁੰਗੀ ਰਹਿਤ ਹੈ। ਇਹ ਤਕਰੀਬਨ 145 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਮੋਟੇ ਅਤੇ ਔਸਤ ਝਾੜ 23.0 ਕੁਇੰਟਲ ਪ੍ਰਤੀ ਏਕੜ ਹੈ। ਇਸ ਦੀ ਬਿਜਾਈ ਨਵੰਬਰ ਦੇ ਦੂਜੇ ਹਫ਼ਤੇ ਤੋਂ ਲੈ ਕੇ ਚੌਥੇ ਹਫ਼ਤੇ ਤੱਕ ਕਰੋ ਅਤੇ 45 ਕਿਲੋ ਬੀਜ ਪ੍ਰਤੀ ਏਕੜ ਵਰਤੋ।
ਇਹ ਵੀ ਪੜ੍ਹੋ: PAU ਵੱਲੋਂ ਕਣਕ ਦੀ ਬਿਜਾਈ ਇਸ ਮਿਤੀ ਤੱਕ ਕਰਨ ਦਾ ਸੁਝਾਅ
11. ਪੀ ਬੀ ਡਬਲਯੂ 725 (2015):
ਇਸ ਕਿਸਮ ਦਾ ਔਸਤ ਕੱਦ 105 ਸੈਂਟੀਮੀਟਰ ਹੈ ਅਤੇ ਤਕਰੀਬਨ 154 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਪੀਲੀ ਅਤੇ ਭੂਰੀ ਕੁੰਗੀ ਦਾ ਟਾਕਰਾ ਕਰ ਸਕਦੀ ਹੈ। ਇਸ ਦਾ ਔਸਤ ਝਾੜ 22.9 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਪਾਪਲਰ ਹੇਠ ਬੀਜਣ ਲਈ ਵੀ ਢੁੱਕਵੀਂ ਹੈ।
12. ਪੀ ਬੀ ਡਬਲਯੂ 677 (2015):
ਇਸ ਦਾ ਔਸਤ ਕੱਦ 107 ਸੈਂਟੀਮੀਟਰ ਹੈ ਅਤੇ ਤਕਰੀਬਨ 157 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਪੀਲੀ ਅਤੇ ਭੂਰੀ ਕੁੰਗੀ ਦਾ ਟਾਕਰਾ ਕਰਨ ਦੀ ਦਰਮਿਆਨੀ ਸਮਰੱਥਾ ਰੱਖਦੀ ਹੈ। ਇਸ ਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਪਾਪਲਰ ਹੇਠ ਬੀਜਣ ਲਈ ਵੀ ਢੁੱਕਵੀਂ ਹੈ।
13. ਐਚ ਡੀ 3086 (2015):
ਇਸ ਕਿਸਮ ਦਾ ਔਸਤ ਕੱਦ 96 ਸੈਂਟੀਮੀਟਰ ਹੈ ਅਤੇ ਇਹ ਤਕਰੀਬਨ 148 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਪੀਲੀ ਕੁੰਗੀ ਦੇ ਜੀਵਾਣੂੰਆਂ ਦੀਆਂ ਨਵੀਆਂ ਕਿਸਮਾਂ ਦਾ ਟਾਕਰਾ ਨਹੀਂ ਕਰਦੀ ਅਤੇ ਭੂਰੀ ਕੁੰਗੀ ਦਾ ਟਾਕਰਾ ਕਰਨ ਦੀ ਦਰਮਿਆਨੀ ਸਮਰੱਥਾ ਰੱਖਦੀ ਹੈ। ਇਸ ਦਾ ਔਸਤ ਝਾੜ 23.0 ਕੁਇੰਟਲ ਪ੍ਰਤੀ ਏਕੜ ਹੈ।
14. ਡਬਲਯੂ ਐਚ 1105 (2014):
ਇਸ ਦਾ ਔਸਤ ਕੱਦ 97 ਸੈਂਟੀਮੀਟਰ ਹੈ ਅਤੇ ਇਹ ਤਕਰੀਬਨ 157 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਭੂਰੀ ਅਤੇ ਪੀਲੀ ਕੁੰਗੀ ਦਾ ਟਾਕਰਾ ਕਰਨ ਦੀ ਦਰਮਿਆਨੀ ਸਮਰੱਥਾ ਰੱਖਦੀ ਹੈ। ਇਸ ਦਾ ਔਸਤ ਝਾੜ 23.1 ਕੁਇੰਟਲ ਪ੍ਰਤੀ ਏਕੜ ਹੈ।
15. ਐਚ ਡੀ 2967 (2011):
ਇਸ ਕਿਸਮ ਦਾ ਔਸਤ ਕੱਦ 101 ਸੈਂਟੀਮੀਟਰ ਹੈ ਅਤੇ ਇਹ 157 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਭੂਰੀ ਕੁੰਗੀ ਤੋਂ ਰਹਿਤ ਹੈ ਪਰ ਪੀਲੀ ਕੁੰਗੀ ਦੇ ਜੀਵਾਣੂੰਆਂ ਦੀਆਂ ਨਵੀਆਂ ਕਿਸਮਾਂ ਦਾ ਟਾਕਰਾ ਨਹੀਂ ਕਰਦੀ। ਇਸ ਦਾ ਔਸਤ ਝਾੜ 21.4 ਕੁਇੰਟਲ ਪ੍ਰਤੀ ਏਕੜ ਹੈ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: 15 improved varieties of wheat under timely sowing irrigation conditions