1. Home
  2. ਖੇਤੀ ਬਾੜੀ

ਆਲੂ ਦੇ ਬੀਜ ਉਤਪਾਦਨ ਲਈ ਅਪਣਾਓ ‘ਸੀਡ ਪਲਾਟ ਤਕਨੀਕ’

ਪੰਜਾਬ ਵਿੱਚ ਚੰਗੀ ਗੁਣਵੱਤਾ ਵਾਲਾ ਆਲੂ ਦਾ ਬੀਜ ਪੈਦਾ ਕਰਨ ਲਈ ਇੱਕ ਖਾਸ ਤਕਨੀਕ ਦੀ ਸਿਫਾਰਿਸ਼ ਕੀਤੀ ਗਈ ਹੈ ਜਿਸ ਨੂੰ ‘ਸੀਡ ਪਲਾਟ ਤਕਨੀਕ’ ਕਿਹਾ ਜਾਂਦਾ ਹੈ।

Gurpreet Kaur Virk
Gurpreet Kaur Virk
ਆਲੂ ਦੇ ਬੀਜ ਉਤਪਾਦਨ ਲਈ ਤਕਨੀਕ

ਆਲੂ ਦੇ ਬੀਜ ਉਤਪਾਦਨ ਲਈ ਤਕਨੀਕ

ਪੰਜਾਬ ਵਿੱਚ ਹਰ ਸਾਲ ਲਗਭਗ 1 ਲੱਖ ਹੈਕਟੇਅਰ ਰਕਬੇ ਵਿੱਚ ਆਲੂ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਇਸ ਰਕਬੇ ਦਾ ਲਗਭਗ 60% ਹਿੱਸਾ ਆਲੂ ਬੀਜ ਉਤਪਾਦਨ ਦੇ ਅਧੀਨ ਹੈ ਕਿਉਂਕਿ ਪੰਜਾਬ ਵਿੱਚ ਪੈਦਾ ਕੀਤੇ ਹੋਏ ਆਲੂ ਦੇ ਬੀਜ ਦੀ ਪੂਰੇ ਦੇਸ਼ ਵਿੱਚ ਹੀ ਨਹੀਂ ਸਗੋਂ ਬਾਹਰਲੇ ਮੁਲਕਾਂ ਵਿੱਚ ਵੀ ਬਹੁਤ ਮੰਗ ਹੈ। ਭਾਰਤ ਵਿੱਚ ਆਲੂ ਦੇ ਬੀਜ ਦੀ 85% ਪੂਰਤੀ ਪੰਜਾਬ ਦੁਆਰਾ ਹੀ ਕੀਤੀ ਜਾਂਦੀ ਹੈ। ਇਸ ਤਰ੍ਹਾਂ ਪੰਜਾਬ ਨੇ ਆਲੂ ਬੀਜ ਉਤਪਾਦਨ ਵਿੱਚ ਆਪਣਾ ਇੱਕ ਵੱਖਰਾ ਸਥਾਨ ਬਣਾ ਲਿਆ ਹੈ ਜਿਸ ਕਰਕੇ ਪੰਜਾਬ ਨੂੰ ਅੱਜ ਕੱਲ੍ਹ ਆਲੂਆਂ ਦੇ ਬੀਜ ਪ੍ਰਾਂਤ ਵਜੋਂ ਵੀ ਜਾਣਿਆ ਜਾਣ ਲੱਗ ਪਿਆ ਹੈ।

ਪੰਜਾਬ ਵਿੱਚ ਭੂਗੋਲਿਕ ਅਤੇ ਪੌਣਪਾਣੀ ਦੀਆਂ ਸਥਿਤੀਆਂ ਅਤੇ ਖਰਚੇ ਦਾ ਸਥਾਨਕ ਢਾਂਚਾ ਅਨੂਕੂਲ ਹੋਣ ਕਰਕੇ ਆਲੂ ਦੇ ਬੀਜ ਉਤਪਾਦਨ ਨੂੰ ਵਧਾਉਣ ਦੀਆਂ ਸੰਭਾਵਨਾਵਾਂ ਹੋਰ ਵੀ ਵੱਧ ਹਨ ਜਿਸ ਨਾਲ ਕਿਸਾਨਾਂ ਦੀ ਆਮਦਨ ਅਤੇ ਰੁਜ਼ਗਾਰ ਦੇ ਮੌਕਿਆਂ ਵਿੱਚ ਵਾਧਾ ਹੋਵੇਗਾ। ਪਰ ਇਸ ਦੇ ਲਈ ਜ਼ਰੂਰੀ ਹੈ ਕਿ ਫ਼ਸਲ ਚੰਗੀਆਂ ਖੇਤੀ ਤਕਨੀਕਾਂ ਨੂੰ ਅਪਣਾ ਕੇ ਉਗਾਈ ਜਾਵੇ ਜਿਨ੍ਹਾਂ ਨਾਲ ਘੱਟ ਤੋਂ ਘੱਟ ਖੇਤੀ ਸਰੋਤਾਂ ਦੀ ਵਰਤੋਂ ਕਰਕੇ ਪੂਰੀ ਤਰਾਂ ਤਿਆਰ ਅਤੇ ਸਿਹਤਮੰਦ ਬੀਜ ਪੈਦਾ ਕੀਤਾ ਜਾ ਸਕੇ।

ਪੰਜਾਬ ਵਿੱਚ ਪੈਦਾ ਕੀਤੇ ਆਲੂ ਦੇ ਬੀਜ ਦੀ ਮੰਗ ਵਧਣ ਦਾ ਇੱਕ ਕਾਰਨ ਇਹ ਹੈ ਕਿ ਪੰਜਾਬ ਵਿੱਚ ਚੰਗੀ ਗੁਣਵੱਤਾ ਵਾਲਾ ਆਲੂ ਦਾ ਬੀਜ ਪੈਦਾ ਕਰਨ ਲਈ ਇੱਕ ਖਾਸ ਤਕਨੀਕ ਦੀ ਸਿਫਾਰਿਸ਼ ਕੀਤੀ ਗਈ ਹੈ ਜਿਸ ਨੂੰ ‘ਸੀਡ ਪਲਾਟ ਤਕਨੀਕ’ ਕਿਹਾ ਜਾਂਦਾ ਹੈ। ਇਸ ਵਿਧੀ ਦਾ ਮਨੋਰਥ ਹੈ ਪੰਜਾਬ ਵਿੱਚ ਉਸ ਸਮੇਂ ਅਰੋਗ ਫ਼ਸਲ ਲੈਣੀ ਜਦੋਂ ਕਿ ਤੇਲਾ ਘੱਟ ਤੋਂ ਘੱਟ ਹੋਵੇ। ਇਹ ਕੀੜਾ ਆਲੂਆਂ ਵਿੱਚ ਕਈ ਵਿਸ਼ਾਣੂ ਰੋਗ ਜਿਵੇਂ ਕਿ ਪੱਤਾ ਮੁੜਨ ਦਾ ਰੋਗ, ਵਿਸ਼ਾਣੂ ‘ਐਕਸ’, ਵਿਸ਼ਾਣੂ ‘ਏ’ ਤੇ ਵਿਸ਼ਾਣੂ ‘ਵਾਈ’ ਨੂੰ ਫੈਲਾਉਣ ਲਈ ਜਿੰਮੇਵਾਰ ਹੁੰਦਾ ਹੈ।ਇਸ ਤਕਨੀਕ ਨਾਲ ਹੇਠ ਲਿਖੇ ਅਨੁਸਾਰ ਰੋਗ ਰਹਿਤ ਬੀਜ ਦਾ ਉਤਪਾਦਨ ਕੀਤਾ ਜਾ ਸਕਦਾ ਹੈ।

ਕਾਸ਼ਤ ਦੀਆਂ ਤਕਨੀਕਾਂ

ਜ਼ਮੀਨ ਦੀ ਤਿਆਰੀ: ਜ਼ਮੀਨ ਦੀ ਕਿਸਮ ਦੇ ਅਧਾਰ ‘ਤੇ, ਉਲਟਾਵੇਂ ਹਲ ਨਾਲ ਜਾਂ ਡਿਸਕ ਵਾਲੇ ਹਲ ਨਾਲ ਇੱਕ ਵਾਰੀ ਵਾਹੁਣ ਤੋਂ ਬਾਅਦ,ਤਵੀਆਂ ਜਾਂ ਸਾਧਾਰਨ ਹਲ ਨਾਲ ਜਮੀਨ ਨੂੰ ਵਾਹੁਣਾ ਚਾਹੀਦਾ ਹੈ। ਹਲਕੀਆਂ ਰੇਤਲੀਆਂ ਜ਼ਮੀਨਾਂ ਵਿੱਚ ਸਿਰਫ ਤਵੀਆਂਚਲਾ ਦੇਣੀਆਂ ਹੀ ਕਾਫ਼ੀ ਹਨ। ਜ਼ਮੀਨ ਤਿਆਰ ਹੋਣ ਤੋਂ ਬਾਅਦ ਪਰੰਤੂ ਬਿਜਾਈ ਤੋਂ ਪਹਿਲਾਂ, ਰੂੜੀ ਨੂੰ ਵਾਹੀ ਸਮੇਂ ਖੇਤ ਵਿੱਚ ਮਿਲਾਉਣ ਨਾਲੋਂ ਵਧੇਰੇ ਲਾਭਦਾਇਕ ਹੈ। ਜੇ ਨਦੀਨ ਜਾਂ ਪਿਛਲੀ ਫ਼ਸਲ ਦੇ ਮੁੱਢਾਂ ਦੀ ਕੋਈ ਖਾਸ ਸਮੱਸਿਆ ਨਾ ਹੋਵੇ ਤਾਂ ਫ਼ਸਲ ਘੱਟ ਵਹਾਈ ਨਾਲ ਵੀ ਉਗਾਈ ਜਾ ਸਕਦੀ ਹੈ।

ਬੀਜ ਆਲੂ ਦੀ ਸੋਧ ਅਤੇ ਬਿਜਾਈ ਤੋਂ ਪਹਿਲਾਂ ਦੀ ਤਿਆਰੀ: ਆਲੂਆਂ ਦੇ ਖਰੀਂਢ ਰੋਗ ਦੀ ਰੋਕਥਾਮ ਲਈ ਬੀਜ ਨੂੰ 10 ਮਿੰਟਾਂ ਲਈ ਮੋਨਸਰਨ ਦਵਾਈ ਦੇ 2.5 ਮਿ.ਲਿ. ਪ੍ਰਤੀ ਲਿਟਰ ਪਾਣੀ ਦੇ ਘੋਲ ਵਿੱਚ ਰੋਗ ਰਹਿਤ ਕਰ ਲੈਣਾ ਚਾਹੀਦਾ ਹੈ।ਬੀਜ ਨੂੰ ਕੋਲਡ ਸਟੋਰ ਵਿੱਚੋਂ ਕੱਢ ਕੇ ਸਿੱਧਾ ਹੀ ਨਹੀਂ ਬੀਜਿਆ ਜਾ ਸਕਦਾ। ਇਨ੍ਹਾਂ ਨੂੰ ਪਹਿਲਾਂ 8-10 ਦਿਨ ਲਈ ਕਿਸੇ ਠੰਢੀ ਅਤੇ ਛਾਂਦਾਰ ਥਾਂ ‘ਤੇ, ਜਿਥੇ ਸਿੱਧੀ ਰੌਸ਼ਨੀ ਨਾ ਪੈਂਦੀ ਹੋਵੇ, ਪੱਖੇ ਦੀ ਹਵਾ ਨਾਲ ਸੁਕਾਉਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਫੁਟਾਰਾ ਸ਼ੁਰੂ ਕਰਨ ਵਿੱਚ ਅਤੇ ਫੋਟ ਨੂੰ ਨਰੋਈ ਬਣਾਉਣ ਵਿੱਚ ਪੌਦੇ ਨੂੰ ਮਦਦ ਮਿਲਦੀ ਹੈ।

ਬਿਜਾਈ ਦਾ ਸਮਾਂ ਅਤੇ ਢੰਗ: ਖੇਤ ਵਿੱਚੋਂ ਵੱਧ ਤੋਂ ਵੱਧ ਬੀਜ ਅਕਾਰ ਦੇ ਆਲੂ ਪੈਦਾ ਕਰਨ ਲਈ 40-50 ਗ੍ਰਾਮ ਭਾਰ ਦੇ ਵਿਸ਼ਾਣੂ ਰੋਗਾਂ ਤੋਂ ਰਹਿਤ ਆਲੂਅਕਤੂਬਰ ਦੇ ਪਹਿਲੇ ਪੰਦਰ੍ਹਵਾੜੇ ਵਿੱਚ ਬੀਜਣੇ ਚਾਹੀਦੇ ਹਨ। ਜੇਕਰ ਬੀਜ 50×15 ਸੈਂਟੀਮੀਟਰ ਦੀ ਵਿੱਥ ਤੇ ਬੀਜਿਆ ਜਾਵੇ ਤਾਂ ਬੀਜ ਲਈ ਢੁੱਕਵੇਂ ਆਕਾਰ ਦੇ ਆਲੂ ਵਧੇਰੇ ਪ੍ਰਾਪਤ ਹੁੰਦੇ ਹਨ। ਮਸ਼ੀਨ ਨਾਲ ਬਿਜਾਈ ਲਈ, ਮਸ਼ੀਨ ਦੀ ਉਪਲੱਭਤਾ ਅਨੁਸਾਰ, ਵੱਟ ਤੋਂ ਵੱਟ ਅਤੇ ਆਲੂ ਤੋਂ ਆਲੂ ਦਾ ਫਾਸਲਾ ਕ੍ਰਮਵਾਰ 65×15 ਸੈਂਟੀਮੀਟਰ ਜਾਂ 75×15 ਸੈਂਟੀਮੀਟਰ ਰੱਖਣਾ ਚਾਹੀਦਾ ਹੈ।

ਖਾਦ ਪ੍ਰਬੰਧਨ: ਹਰੀ ਖਾਦ ਪਾਉਣ ਲਈ 20 ਕਿਲੋ ਪ੍ਰਤੀ ਏਕੜ ਸਣ ਜਾਂ ਜੰਤਰ ਦਾ ਬੀਜ ਜੂਨ ਦੇ ਆਖਰੀ ਹਫ਼ਤੇ ਤੋਂ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਬੀਜ ਕੇ ਆਲੂ ਬੀਜਣ ਤੋਂ ਪਹਿਲਾਂ 7-8 ਹਫ਼ਤਿਆਂ ਦੀ ਹਰੀ ਖਾਦ ਵਾਲੀ ਫ਼ਸਲ ਨੂੰ ਜ਼ਮੀਨ ਵਿੱਚ ਵਾਹ ਦੇਣਾ ਚਾਹੀਦਾ ਹੈ। ਇਸ ਦੇ ਵਿਕਲਪ ਦੇ ਤੌਰ ਤੇ 20 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਵੀ ਪਾਈ ਜਾ ਸਕਦੀ ਹੈ।ਦਰਮਿਆਨੀਆਂ ਜਮੀਨਾਂ ਵਿੱਚ 165 ਕਿਲੋ ਯੂਰੀਆ, 155 ਕਿਲੋ ਸੁਪਰਫ਼ਾਸਫ਼ੇਟ ਅਤੇ 40 ਕਿਲੋ ਮਿਊਰੇਟ ਆਫ਼ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ। ਬਿਜਾਈ ਦੇ ਸਮੇਂ ਸਾਰੀ ਫ਼ਾਸਫ਼ੋਰਸ ਅਤੇ ਪੋਟਾਸ਼ ਅਤੇ ਅੱਧੀ ਨਾਈਟ੍ਰੋਜਨ ਵਾਲੀ ਖਾਦ ਪਾ ਦਿਉ। ਬਾਕੀ ਦੀ ਨਾਈਟ੍ਰੋਜਨ ਵਾਲੀ ਖਾਦ ਮਿੱਟੀ ਚਾੜ੍ਹਣ ਸਮੇਂ ਪਾਉ।

ਝੋਨੇ ਦੀ ਪਰਾਲੀ 25 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਮਲਚ ਦੇ ਤੌਰ ਤੇ ਪਾਉਣ ਨਾਲ 18 ਕਿਲੋ ਨਾਈਟ੍ਰੋਜਨ ਪ੍ਰਤੀ ਏਕੜ ਬਚਾਈ ਜਾ ਸਕਦੀ ਹੈ ਅਤੇ ਇਸ ਨਾਲ ਜਮੀਨ ਵਿੱਚ ਨਮੀ ਵੀ ਬਰਕਰਾਰ ਰਹਿੰਦੀ ਹੈ।ਆਲੂਆਂ ਦੀ ਵਧੇਰੇ ਪੈਦਾਵਾਰ ਲੈਣ ਲਈ, ਪਹਿਲਾਂ ਬਿਜਾਈ ਸਮੇਂ ਅਤੇ ਫਿਰ ਮਿੱਟੀ ਚੜ੍ਹਾਉਣ ਸਮੇਂ 8 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਬਾਇਓਜ਼ਾਈਮ ਦੇ ਕਿਣਕਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ, ਆਲੂਆਂ ਦੀ ਵਧੇਰੇ ਪੈਦਾਵਾਰ ਲਈ ਬਾਇਓਜ਼ਾਈਮ ਤਰਲ ਨੂੰ 200 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰਨਾ ਲਾਹੇਵੰਦ ਹੈ।

ਮਿੱਟੀ ਚਾੜ੍ਹਣਾ: ਬਿਜਾਈ ਤੋਂ ਲਗਭਗ 25-30 ਦਿਨਾਂ ਬਾਅਦ ਵੱਟਾਂ ‘ਤੇ ਮਿੱਟੀ ਚਾੜ੍ਹ ਦੇਣੀ ਚਾਹੀਦੀ ਹੈ। ਇਸ ਦੇ ਲਈ ਦੁਵੱਲੇ ਫਾਲਿਆਂ ਵਾਲਾ ਮਿੱਟੀ ਪਲਟਾਊ ਹਲ ਜਾਂ ਵੱਟਾਂ ਬਨਾਉਣ ਵਾਲੇ ਹਲ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : Farming Tips: ਹਾੜ੍ਹੀ ਦੀ ਫ਼ਸਲ ਬੀਜਣ ਤੋਂ ਪਹਿਲਾਂ ਜਾਣੋ ਕੁਝ ਜ਼ਰੂਰੀ ਸੁਝਾਅ

ਨਦੀਨਾਂ ਦੀ ਰੋਕਥਾਮ: ਬਿਜਾਈ ਤੋਂ ਤੁਰੰਤ ਬਾਅਦ ਖੇਤ ਵਿੱਚ 25 ਕੁਇੰਟਲ ਝੋਨੇ ਦੀ ਪਰਾਲੀ ਪ੍ਰਤੀ ਏਕੜ ਦੇ ਹਿਸਾਬ ਵਿਛਾਉਣ ਨਾਲ ਨਦੀਨਾਂ ਦੀ ਚੰਗੀ ਰੋਕਥਾਮ ਕੀਤੀ ਜਾ ਸਕਦੀ ਹੈ। ਇਸ ਦੇ ਵਿਕਲਪ ਵਜੋਂਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਸਟੌਂਪ 30 ਤਾਕਤ (ਪੈਂਡੀਮੇਥਾਲਿਨ) 1 ਲਿਟਰ ਜਾਂ ਐਰੀਲੋਨ 70 ਤਾਕਤ (ਆਈਸੋਪ੍ਰੋਟਯੂਰਾਨ) 500 ਗ੍ਰਾਮ ਜਾਂ ਐਟਰਾਟਾਫ਼ 50 ਤਾਕਤ (ਐਟਰਾਜ਼ੀਨ) 200 ਗ੍ਰਾਮ ਜਾਂ ਸੈਨਕੋਰ 70 ਤਾਕਤ (ਮੈਟਰੀਬਿਊਜ਼ਿਨ) 200 ਗ੍ਰਾਮ ਪ੍ਰਤੀ ਏਕੜ ਦੀ ਪਹਿਲੇ ਪਾਣੀ ਤੋਂ ਬਾਅਦ ਪਰ ਨਦੀਨਾਂ ਦੇ ਉੱਗਣ ਤੋਂ ਪਹਿਲਾਂ ਵਰਤੋਂ ਕੀਤੀ ਜਾ ਸਕਦੀ ਹੈ।

ਐਟਰਾਟਾਫ਼ ਦੀ ਵਰਤੋਂ ਸੰਬੰਧੀ ਇਸ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਇਸ ਦੀ ਵਰਤੋਂ ਉਹਨਾਂ ਖੇਤਾਂ ਵਿੱਚ ਨਾ ਕੀਤੀ ਜਾਵੇ ਜਿਥੇ ਆਲੂਆਂ ਤੋਂ ਪਿੱਛੋਂ ਕੱਦੂ ਜਾਤੀ ਦੀਆਂ ਸਬਜ਼ੀਆਂ ਦੀ ਬਿਜਾਈ ਕਰਨੀ ਹੈ। ਇਨ੍ਹਾਂ ਨਦੀਨਨਾਸ਼ਕਾਂ ਦੇ ਵਿਕਲਪ ਵਜੋਂ ਗਰੈਮਾਕਸੋਨ 24 ਤਾਕਤ (ਪੈਰਾਕੂਆਟ) ਨੂੰ 500 ਤੋਂ 700 ਮਿ.ਲਿ. ਪ੍ਰਤੀ ਏਕੜ ਦੇ ਹਿਸਾਬ ਨਾਲ ਆਲੂਆਂ ਦੇ 5-10 ਪ੍ਰਤੀਸ਼ਤ ਉੱਗ ਜਾਣ ਤੇ ਛਿੜਕਿਆ ਜਾ ਸਕਦਾ ਹੈ।

ਸਿੰਚਾਈ: ਫ਼ਸਲ ਦੀ ਸਹੀ ਉਗਰਾਈ ਯਕੀਨੀ ਬਣਾਉਣ ਲਈ ਪਹਿਲਾ ਪਾਣੀ ਬਿਜਾਈ ਤੋਂ ਤੁਰੰਤ ਮਗਰੋਂ ਲਾੳਣਾ ਚਾਹੀਦਾ ਹੈ। ਸਿੰਚਾਈ ਸਮੇਂ ਪਾਣੀ ਨੂੰ ਵੱਟਾਂ ਦੇ ਉੱਪਰ ਦੀ ਨਾ ਵਗਣ ਦਿਓ ਕਿਉਂਕਿ ਇਸ ਨਾਲ ਵੱਟਾਂ ਦੀ ਮਿੱਟੀ ਸਖ਼ਤ ਹੋ ਜਾਂਦੀ ਹੈ ਅਤੇ ਆਲੂਆਂ ਦੇ ਉੱਗਣ, ਵਾਧੇ ਅਤੇ ਵਿਕਾਸ ਤੇ ਮਾੜਾ ਅਸਰ ਪਾਉਂਦੀ ਹੈ। ਇਸ ਲਈ ਹਲਕੀ ਅਤੇ ਵਾਰ-ਵਾਰ ਸਿੰਚਾਈ ਕਰਨੀ ਚਾਹੀਦੀ ਹੈ।

ਰੇਤਲੀਆਂ ਹਲਕੀਆਂ ਜ਼ਮੀਨਾਂ ਵਿੱਚ ਟਿਊਬਵੈਲ ਦੇ ਲੂਣੇ-ਖਾਰੇ ਪਾਣੀ ਨੂੰ ਚੰਗੇ ਨਹਿਰੀ ਪਾਣੀ ਨਾਲ ਅਦਲ-ਬਦਲ ਕੇ ਸਿੰਚਾਈ ਅਤੇ 25 ਕੁਇੰਟਲ ਪ੍ਰਤੀ ਏਕੜ ਝੋਨੇ ਦੀ ਪਰਾਲੀ ਵਿਛਾਉਣ ਤੇ ਪਾਣੀ ਦੀ ਕਾਫ਼ੀ ਬੱਚਤ ਕੀਤੀ ਜਾ ਸਕਦੀ ਹੈ। ਇਸ ਨਾਲ ਵਧੇਰੇ ਝਾੜ ਵੀ ਮਿਲਦਾ ਹੈ ਤੇ ਜ਼ਮੀਨ ਦੀ ਸਿਹਤ ਵੀ ਬਰਕਰਾਰ ਰਹਿੰਦੀ ਹੈ।

ਅੱਧ ਦਸੰਬਰ ਤੋਂ ਪਾਣੀ ਘਟਾ ਦੇਣਾ ਚਾਹੀਦਾ ਹੈ ਅਤੇ ਬਾਅਦ ਵਿੱਚ ਬਿਲਕੁਲ ਹੀ ਬੰਦ ਕਰ ਦੇਣਾ ਚਾਹੀਦਾ ਹੈ ਤਾਂ ਜੋ ਪਤਰਾਲ, ਤੇਲੇ ਦੀ ਕਾਫ਼ੀ ਗਿਣਤੀ ਹੋਣ ਤੋਂ ਪਹਿਲਾਂ ਹੀ ਮੁਰਝਾਅ ਕੇ ਹੇਠਾਂ ਨੂੰ ਮੁੜ ਜਾਵੇ।ਰਵਾਇਤੀ ਢੰਗ ਦੀ ਸਿੰਚਾਈ ਦੇ ਮੁਕਾਬਲੇ ਤੁਪਕਾ ਸਿੰਚਾਈਢੰਗ ਨਾਲ ਆਲੂਆਂ ਦਾ ਝਾੜ ਵੀ ਵੱਧਦਾ ਹੈ ਅਤੇ 38 ਪ੍ਰਤੀਸ਼ਤ ਪਾਣੀ ਦੀ ਬੱਚਤ ਵੀ ਹੁੰਦੀ ਹੈ।

ਅਣਚਾਹੇ ਪੌਦਿਆਂ ਨੂੰ ਪੁੱਟਣਾ: ਚੰਗੀ ਗੁਣਵੱਤਾ ਵਾਲੇ ਬੀਜ ਦੀ ਪੈਦਾਵਾਰ ਨੂੰ ਯਕੀਨੀ ਬਣਾਉਣ ਵਾਸਤੇ ਰੋਗੀ ਅਤੇ ਓਪਰੇ ਪੌਦਿਆਂ ਨੂੰ ਖੇਤ ਵਿੱਚੋਂ ਪੁੱਟ ਦੇਣਾ ਚਾਹੀਦਾ ਹੈ।ਤੇਲੇ ਤੇ ਦੂਸਰੇ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਸਿਫ਼ਾਰਸ਼ ਕੀਤੀਆਂ ਹਦਾਇਤਾਂ ਤੇ ਅਮਲ ਕਰਨਾ ਚਾਹੀਦਾ ਹੈ।

ਤਣਿਆਂ ਦੀ ਕਟਾਈ: ਜਦੋਂ ਚੇਪੇ ਦੀ ਗਿਣਤੀ 20 ਚੇਪੇ ਪ੍ਰਤੀ 100 ਪੱਤੇ ਹੋ ਜਾਵੇ ਤਾਂ ਤਣਿਆਂ ਨੂੰ ਕੱਟ ਦੇਣਾ ਚਾਹੀਦਾ ਹੈ। ਇਸ ਤੋਂ ਬਾਅਦ ਆਲੂਆਂ ਨੂੰ ਪੂਰੀ ਤਰ੍ਹਾਂ ਤਿਆਰ ਹੋ ਜਾਣ ਲਈ ਲਗਭਗ 15 ਦਿਨਾਂ ਲਈ ਜ਼ਮੀਨ ਵਿੱਚ ਪਏ ਰਹਿਣ ਦੇਣਾ ਚਾਹੀਦਾ ਹੈ।

ਪੁਟਾਈ: ਅੱਜ ਕੱਲ੍ਹਟਰੈਕਟਰ ਨਾਲ ਚੱਲਣ ਵਾਲੀ ਪੁਟਾਈ ਵਾਲੀ ਮਸ਼ੀਨ ਮਾਰਕਿਟ ਵਿੱਚ ਉਪਲੱਬਧ ਹੈ।ਆਲੂਆਂ ਦੀ ਪੁਟਾਈ ਸਮੇਂ ਜ਼ਮੀਨ ਵਿਚ ਸਹੀ ਵੱਤਰ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਢੀਮਾਂ ਮਸ਼ੀਨ ਚੱਲਣ ਵਿੱਚ ਬਹੁਤ ਵਿਘਨ ਪਾਉਂਦੀਆਂ ਹਨ। ਆਲੂਆਂ ਨੂੰ ਪੁੱਟਣ ਤੋਂ ਬਾਅਦ 10-15 ਦਿਨਾਂ ਲਈ ਖੇਤ ਵਿੱਚ ਪਏ ਰਹਿਣ ਦੇਣਾ ਚਾਹੀਦਾ ਹੈ ਅਤੇ ਇਸ ਤੋਂ ਬਾਅਦ ਦਰਜ਼ਾਬੰਦੀ ਕਰਕੇ ਕੋਲਡ ਸਟੋਰ ਵਿੱਚ ਰੱਖ ਦੇਣਾ ਚਾਹੀਦਾ ਹੈ।

Summary in English: Adopt 'seed plot technique' for potato seed production

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters