1. Home
  2. ਖੇਤੀ ਬਾੜੀ

Wheat Crop 'ਤੇ ਵੱਧਦੇ ਤਾਪਮਾਨ ਅਤੇ ਮੀਂਹ ਦਾ ਮਾੜਾ ਅਸਰ, ਬਚਾਅ ਲਈ ਅਪਣਾਓ ਇਹ ਤਰੀਕੇ

ਵਧਦੇ ਤਾਪਮਾਨ ਦਾ ਸਭ ਤੋਂ ਵੱਧ ਅਸਰ ਹਾੜੀ ਦੀਆਂ ਫਸਲਾਂ ਉੱਪਰ ਪੈਂਦਾ ਹੈ। ਕਣਕ Punjab ਦੀ ਮੁੱਖ ਫ਼ਸਲ ਹੈ, ਅਜਿਹੀ ਸਥਿਤੀ ਵਿੱਚ, PAU ਨੇ ਇਨ੍ਹਾਂ ਸਥਿਤੀਆਂ ਦੇ ਪ੍ਰਭਾਵ ਤੋਂ ਬਚਣ ਲਈ ਕੁਝ ਤਰੀਕੇ ਸਾਂਝੇ ਕੀਤੇ ਹਨ।

Gurpreet Kaur Virk
Gurpreet Kaur Virk
ਕਣਕ ਦੀ ਫ਼ਸਲ ਨੂੰ ਵੱਧਦੇ ਤਾਪਮਾਨ ਅਤੇ ਮੀਂਹ ਦੇ ਅਸਰ ਤੋਂ ਬਚਾਓ

ਕਣਕ ਦੀ ਫ਼ਸਲ ਨੂੰ ਵੱਧਦੇ ਤਾਪਮਾਨ ਅਤੇ ਮੀਂਹ ਦੇ ਅਸਰ ਤੋਂ ਬਚਾਓ

Protect Wheat Crop: ਇੰਟਰ ਗਵਰਨੈਂਟਲ ਜਲਵਾਯੂ ਤਬਦੀਲ਼ੀ ਪੈਨਲ (IPCC) ਦੀ ਇੱਕ ਰਿਪੋਰਟ ਮੁਤਾਬਿਕ ਜਲਵਾਯੂ ਤਬਦੀਲ਼ੀ ਇਸ ਸਦੀ ਦੀ ਖੇਤੀ ਸਥਿਰਤਾ ਲਈ ਸੱਭ ਤੋਂ ਵੱਡੀ ਸਮੱਸਿਆ ਹੈ। ਇੱਕ ਅੰਦਾਜੇ ਅਨੁਸਾਰ ਤਾਪਮਾਨ ਵਿੱਚ ਇੱਕ ਦਰਜੇ ਦਾ ਵਾਧਾ ਕਣਕ, ਸਰ੍ਹੋਂ, ਆਲੂ, ਸੋਇਆਬੀਨ ਅਤੇ ਮੂੰਗਫਲੀ ਦਾ ਝਾੜ 3-7 ਪ੍ਰਤੀਸ਼ਤ ਤੱਕ ਘਟਾ ਸਕਦਾ ਹੈ। ਤਾਪਮਾਨ ਵਧਣ ਕਰਕੇ ਜ਼ਮੀਨ ਵਿਚਲਾ ਜੈਵਿਕ ਮਾਦਾ ਜਲਦੀ ਅਪਘਟਿਤ ਹੋਵੇਗਾ, ਜ਼ਮੀਨ ਵਿੱਚੋਂ ਨਾਈਟ੍ਰੋਜਨ ਤੱਤ ਦਾ ਗੈਸਾਂ ਦੇ ਰੂਪ ਵਿੱਚ ਨਿਕਾਸ ਵਧੇਗਾ ਜਿਸਦੇ ਨਤੀਜੇ ਵਜੋਂ ਉਪਜਾਊ ਸ਼ਕਤੀ ਘਟੇਗੀ। ਤਾਪਮਾਨ ਵਿੱਚ ਵਾਧੇ ਕਾਰਨ ਕੀੜੇ-ਮਕੌੜੇ ਅਤੇ ਬਿਮਾਰੀਆਂ ਦੇ ਵਧੇਰੇ ਹਮਲੇ ਦੀ ਸੰਭਾਵਨਾ ਦੇ ਨਾਲ ਨਾਲ ਫਸਲਾਂ ਲਈ ਪਾਣੀ ਦੀ ਖਪਤ ਵੀ ਵਧੇਗੀ।

ਇਹ ਦੇਖਿਆ ਗਿਆ ਹੈ ਕਿ ਜਲਵਾਯੂ ਤਬਦੀਲ਼ੀ ਕਾਰਨ ਗਰਮੀ ਰੁੱਤ ਦਾ ਪਸਾਰ ਹੋ ਰਿਹਾ ਹੈ। ਅਕਤੂਬਰ-ਨਵੰਬਰ ਦੌਰਾਨ ਵਧੇਰੇ ਔਸਤ ਤਾਪਮਾਨ ਹਾੜੀ ਦੀਆਂ ਫਸਲਾਂ ਦੀ ਬਿਜਾਈ ਉਪਰੰਤ ਬੀਜ਼ ਦੀ ਜੰਮਣ ਸ਼ਕਤੀ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਫਰਵਰੀ-ਮਾਰਚ ਮਹੀਨੇ ਤਾਪਮਾਨ ਵਿੱਚ ਅਗੇਤਾ ਵਾਧਾ ਫਸਲਾਂ ਦੀ ਪਰਾਗਣ ਕਿਰਿਆ ਨੂੰ ਪ੍ਰਭਾਵਿਤ ਕਰਕੇ ਝਾੜ ਵਿੱਚ ਕਮੀ ਦਾ ਕਾਰਨ ਬਣਦਾ ਹੈ।

ਬੇਸ਼ੱਕ ਜਲਵਾਯੂ ਤਬਦੀਲ਼ੀਆਂ ਸਬਜੀਆਂ, ਫਲਾਂ ਅਤੇ ਅਨਾਜ ਵਾਲੀਆਂ ਫਸਲਾਂ ਦੇ ਉਤਪਾਦਨ ਅਤੇ ਮਿਆਰ ਉੱਪਰ ਪ੍ਰਤੀਕੂਲ ਪ੍ਰਭਾਵ ਪਾਉਣਗੀਆਂ ਪ੍ਰੰਤੂ ਬਾਵਜੂਦ ਇਸਦੇ ਖੇਤੀ ਉਤਪਾਦਨ ਅਤੇ ਆਮਦਨ ਨੂੰ ਸਥਿਰ ਰੱਖਣ ਲਈ ਫਸਲ ਪ੍ਰਬੰਧ ਵਿੱਚ ਕੁੱਝ ਤਬਦੀਲ਼ੀਆਂ ਜਿਵੇਂ ਕਿ ਗਰਮੀ ਰੋਧਕ ਜਾਂ ਸਹਿਨਸ਼ੀਲ ਕਿਸਮਾਂ ਦੀ ਚੋਣ, ਬਿਜਾਈ ਦਾ ਸਹੀ ਸਮਾਂ, ਬੀਜ ਦੀ ਸਹੀ ਮਾਤਰਾ,ਬਿਜਾਈ ਦਾ ਸਹੀ ਤਰੀਕਾ,ਸਿੰਚਾਈ ਪ੍ਰਬੰਧ,ਸੰਯੁਕਤ ਖਾਦ ਪ੍ਰਬੰਧ, ਸੰਯੁਕਤ ਕੀਟ ਤੇ ਬਿਮਾਰੀਆਂ ਦੀ ਰੋਕਥਾਮ ਦੇ ਨਾਲ-ਨਾਲ ਕਟਾਈ ਉਪਰੰਤ ਉਤਪਾਦ ਦੀ ਸਹੀ ਸੰਭਾਲ ਅਤੇ ਮੰਡੀਕਰਨ ਲਈ ਉਚੇਚਾ ਪ੍ਰਬੰਧ ਕਰਨਾ ਅਣਸਰਦੀ ਲੋੜ ਹੈ।

ਵੱਧਦੇ ਤਾਪਮਾਨ ਦਾ ਸੱਭ ਤੋਂ ਜਿਆਦਾ ਅਸਰ ਹਾੜੀ ਦੀਆਂ ਫਸਲਾਂ ਉੱਪਰ ਪੈਂਦਾ ਹੈ। ਕਣਕ ਪੰਜਾਬ ਦੀ ਹਾੜੀ ਦੀ ਮੁੱਖ ਫਸਲ ਹੈ। ਚੰਗੇ ਝਾੜ ਲਈ ਬਿਜਾਈ ਸਮੇਂ ਸਿਰ ਕਰਨੀ ਬਹੁਤ ਜ਼ਰੂਰੀ ਹੈ। ਨਵੰਬਰ ਦਾ ਪਹਿਲਾ ਪੰਦਰ੍ਹਵਾੜਾ ਬਿਜਾਈ ਲਈ ਬਹੁਤ ਢੁਕਵਾਂ ਹੈ। ਪਰ ਕਣਕ ਦੀਆਂ ਲੰਮੇ ਸਮੇਂ ਦੀਆਂ ਕਿਸਮਾਂ (ਪੀ ਬੀ ਡਬਲਯੂ 824, ਪੀ ਬੀ ਡਬਲਯੂ 766, ਡੀ ਬੀ ਡਬਲਯੂ 187, ਐੱਚ ਡੀ 3226, ਉੱਨਤ ਪੀ ਬੀ ਡਬਲਯੂ 343, ਪੀ ਬੀ ਡਬਲਯੂ 725, ਪੀ ਬੀ ਡਬਲਯੂ 677, ਐੱਚ ਡੀ 3086 ਅਤੇ ਡਬਲਯੂ ਐੱਚ 1105) ਦੀ ਬਿਜਾਈ ਅਕਤੂਬਰ ਦੇ ਚੌਥੇ ਹਫ਼ਤੇ ਤੋਂ ਸ਼ੁਰੂ ਕਰ ਸਕਦੇ ਹਾਂ।

ਇਸ ਤਰ੍ਹਾਂ ਕਰਨ ਨਾਲ ਇਹ ਕਿਸਮਾਂ ਪੱਕਣ ਦੇ ਨੇੜੇ ਉੱਚੇ ਤਾਪਮਾਨ ਤੋਂ ਬਚੀਆਂ ਰਹਿੰਦੀਆਂ ਹਨ। ਢੁੱਕਵੇਂ ਸਮੇਂ ਤੋਂ ਬਿਜਾਈ ਵਿੱਚ ਇੱਕ ਹਫ਼ਤੇ ਦੀ ਪਿਛੇਤ, ਝਾੜ ਨੂੰ ਤਕਰੀਬਨ 150 ਕਿਲੋ ਪ੍ਰਤੀ ਏਕੜ, ਪ੍ਰਤੀ ਹਫ਼ਤਾ ਘਟਾ ਦਿੰਦੀ ਹੈ।

ਇਹ ਵੀ ਪੜ੍ਹੋ : Crop Advice to Farmers: PAU ਮਾਹਿਰਾਂ ਵੱਲੋਂ ਕਿਸਾਨਾਂ ਨੂੰ ਕਣਕ-ਸਰ੍ਹੋਂ-ਮੂੰਗੀ ਲਈ ਮੌਸਮ ਸੰਬੰਧੀ ਸਲਾਹ

ਬੀਜ ਨੂੰ ਜੀਵਾਣੂੰ ਟੀਕਾ ਲਾ ਕੇ ਬੀਜਣ ਨਾਲ ਝਾੜ ਵੱਧਦਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ। ਖੁਰਾਕੀ ਤੱਤਾਂ ਦੀ ਪੂਰਤੀ ਲਈ ਜੈਵਿਕ, ਜੀਵਾਣੂੰ ਅਤੇ ਰਸਾਇਣਕ ਖਾਦਾਂ ਦੇ ਸੁਮੇਲ ਦੀ ਵਰਤੋਂ ਕਰਨੀ ਲਾਹੇਵੰਦ ਹੁੰਦੀ ਹੈ। ਲੋੜ ਮੁਤਾਬਿਕ 90 ਕਿਲੋ ਯੂਰੀਆ ਅਤੇ 55 ਕਿਲੋ ਡੀਏਪੀ ਤੋਂ ਬਿਨਾਂ ਪੋਟਾਸ਼ ਖਾਦ ਦੀ ਵਰਤੋਂ ਸਿਰਫ਼ ਇਸ ਤੱਤ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ ਹੀ ਲਾਹੇਵੰਦ ਹੈ। ਫਸਲ ਨੂੰ ਮੈਂਗਨੀਜ਼, ਜ਼ਿੰਕ ਅਤੇ ਗੰਧਕ ਦੀ ਘਾਟ ਨਾ ਆਉਣ ਦਿਉ ਤਾ ਕਿ ਫਸਲ ਤਾਪਮਾਨ ਵਿੱਚ ਵਾਧੇ ਨੂੰ ਸਹਾਰ ਕੇ ਵਿਕਾਸ ਕਰ ਸਕੇ।

ਕਣਕ ਨੂੰ ਦਾਣੇ ਭਰਨ ਸਮੇਂ ਵੱਧ ਤਾਪਮਾਨ ਤੋਂ ਬਚਾਉਣ ਲਈ 2% ਪੋਟਾਸ਼ੀਅਮ ਨਾਈਟ੍ਰੇਟ (13:0:45) (4 ਕਿਲੋਗਰਾਮ ਪੋਟਾਸ਼ੀਅਮ ਨਾਈਟ੍ਰੇਟ ਨੂੰ 200 ਲਿਟਰ ਪਾਣੀ ਵਿੱਚ) ਪਹਿਲਾਂ ਸਪਰੇਅ ਗੋਭ ਵਾਲਾ ਪੱਤਾ ਨਿਕਲਣ ਅਤੇ ਦੂਜਾ ਬੂਰ ਪੈਣ ਸਮੇਂ ਕਰੋ ਜਾਂ 15 ਗਰਾਮ ਸੈਲੀਸਿਲਕ ਏਸਿਡ ਨੂੰ 450 ਮਿਲੀਲਿਟਰ ਈਥਾਈਲ ਅਲਕੋਹਲ ਵਿੱਚ ਘੋਲਣ ਉਪਰੰਤ 200 ਲਿਟਰ ਪਾਣੀ ਵਿੱਚ ਘੋਲ ਕੇ ਪਹਿਲਾ ਛਿੜਕਾਅ ਗੋਭ ਵਾਲਾ ਪੱਤਾ ਨਿਕਲਣ ਸਮੇਂ ਅਤੇ ਦੂਸਰਾ ਸਿੱਟੇ ਵਿੱਚ ਦੁੱਧ ਪੈਣ ਸਮੇਂ ਕਰੋ।ਇਸ ਨਾਲ ਝਾੜ ਵੀ ਵਧੇਗਾ।

ਸਮੇਂ ਸਿਰ ਬੀਜੀ ਕਣਕ ਨੂੰ ਦਾਣੇ ਪੈਣ ਵੇਲੇ ਤਾਪਮਾਨ ਦੇ ਲੋੜ ਤੋਂ ਜ਼ਿਆਦਾ ਵਾਧੇ ਤੋਂ ਬਚਾਉਣ ਲਈ ਮੀਂਹ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਰਚ ਦੇ ਅਖੀਰ ਤੱਕ ਪਾਣੀ ਲਾਇਆ ਜਾ ਸਕਦਾ ਹੈ। ਇਹ ਖ਼ਿਆਲ ਹੋਵੇ ਕਿ ਪਾਣੀ ਲਾੳਣ ਸਮੇਂ ਹਵਾ ਨਾ ਚੱਲਦੀ ਹੋਵੇ, ਤਾਂ ਕਿ ਫ਼ਸਲ ਡਿੱਗ ਨਾ ਪਵੇ।

ਸੁਖਵਿੰਦਰ ਸਿੰਘ ਅਤੇ ਜਗਦੀਸ਼ ਗਰੋਵਰ

Summary in English: Adverse effect of rising temperature and rain on Wheat Crop, adopt these methods to protect

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters