1. Home
  2. ਖੇਤੀ ਬਾੜੀ

Agriculture Expert ਰਾਜਵੀਰ ਥਿੰਦ ਨੇ ਘੱਟ ਖਰਚ ਅਤੇ ਘੱਟ ਜ਼ਹਿਰਾਂ ਦੀ ਵਰਤੋਂ ਕਰਕੇ ਚੰਗੀ ਗੁਣਵੱਤਾ ਵਾਲੀ ਮਟਰਾਂ ਦੀ ਫ਼ਸਲ ਪੈਦਾ ਕਰਨ ਲਈ ਦਿੱਤੇ ਸੁਝਾਅ

ਅੱਜ ਗੱਲ ਕਰਾਂਗੇ ਸਰਦੀਆਂ ਦੀ ਮਨਪਸੰਦ ਸਬਜ਼ੀ ਮਟਰਾਂ ਬਾਰੇ। ਇਹ ਲੇਖ ਪੰਜਾਬ 'ਚ ਸਭ ਤੋਂ ਵੱਧ ਰਕਬਾ, ਸਭ ਤੋਂ ਅਗੇਤਾ ਮਟਰ ਬੀਜਣ ਵਾਲੇ ਅੰਮ੍ਰਿਤਸਰ ਸਾਹਿਬ ਦੇ ਕਿਸਾਨਾਂ ਦੇ ਤਜਰਬਿਆਂ 'ਤੇ ਅਧਾਰਿਤ ਹੈ। ਘੱਟ ਖਰਚ, ਘੱਟ ਜ਼ਹਿਰਾਂ ਵਰਤ ਕੇ ਕਿਵੇਂ ਚੰਗੀ ਕਵਾਲਿਟੀ ਦੀ ਫ਼ਸਲ ਪੈਦਾ ਕੀਤੀ ਜਾਵੇ, ਜਿਸ ਨਾਲ ਮੁਨਾਫ਼ਾ ਵੀ ਵਧੇ ਤੇ ਮਿੱਟੀ, ਹਵਾ, ਪਾਣੀ ਦਾ ਨੁਕਸਾਨ ਵੀ ਘੱਟ ਤੋਂ ਘੱਟ ਹੋਵੇ, ਇਸ ਬਾਰੇ ਖੇਤੀਬਾੜੀ ਅਤੇ ਮੌਸਮ ਮਾਹਿਰ ਰਾਜਵੀਰ ਥਿੰਦ ਨੇ ਵਧੀਆ ਜਾਣਕਾਰੀ ਸਾਂਝੀ ਕੀਤੀ ਹੈ।

Gurpreet Kaur Virk
Gurpreet Kaur Virk
ਮਟਰਾਂ ਦੀ ਫਸਲ ਬਾਰੇ ਕਿਸਾਨਾਂ ਨੂੰ ਸੁਝਾਅ

ਮਟਰਾਂ ਦੀ ਫਸਲ ਬਾਰੇ ਕਿਸਾਨਾਂ ਨੂੰ ਸੁਝਾਅ

Peas Cultivation: ਮਟਰ ਸਰਦ ਰੁੱਤ ਦੀ ਮਹੱਤਵਪੂਰਨ ਫ਼ਸਲ ਹੈ। ਇਹ ਫ਼ਸਲ ਕੋਰ੍ਹਾ ਨਹੀਂ ਸਹਿ ਸਕਦੀ। ਜੇਕਰ ਕੋਰ੍ਹਾ ਲਗਾਤਾਰ ਤੇ ਜ਼ਿਆਦਾ ਪਵੇ ਤਾਂ ਫੁੱਲ ਅਤੇ ਨਵੀਆਂ ਫਲੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਫ਼ਸਲ ਦੇ ਸਹੀ ਵਾਧੇ ਲਈ 20-25 ਡਿਗਰੀ ਸੈਂਟੀਗ੍ਰੇਡ ਤਾਪਮਾਨ ਢੁੱਕਵਾਂ ਹੈ।

ਜੇਕਰ ਬਿਜਾਈ ਵੇਲੇ ਤਾਪਮਾਨ ਜ਼ਿਆਦਾ ਹੋਵੇ ਤਾਂ ਬੂਟੇ ਉੱਗਣ ਸਮੇਂ ਹੀ ਮਰ ਜਾਂਦੇ ਹਨ। ਫ਼ਸਲ ਵੱਧਣ ਸਮੇਂ ਤਾਪਮਾਨ ਜ਼ਿਆਦਾ ਹੋਵੇ ਤਾਂ ਉਖੇੜਾ ਰੋਗ ਤੇ ਤਣੇ ਦੀ ਮੱਖੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾ ਸਕਦੇ ਹਨ।

ਕਿਸਾਨ ਵੀਰੋਂ, ਮਟਰ ਪ੍ਰੋਟੀਨ ਦਾ ਮੁੱਖ ਸਰੋਤ ਹੈ। ਤਕਰੀਬਨ 48 ਸਬਜੀਆਂ 'ਚ ਇਸਦੀ ਵਰਤੋਂ ਕੀਤੀ ਜਾਂਦੀ ਹੈ, ਪੰਜਾਬ 'ਚ ਇਸਦੀ ਖੇਤੀ ਅੰਮ੍ਰਿਤਸਰ, ਤਰਨਤਾਰਨ, ਹੁਸਿਆਰਪੁਰ, ਮਲੇਰਕੋਟਲਾ 'ਚ ਜਿਆਦਾ ਕੀਤੀ ਜਾਂਦੀ ਹੈ, ਪਰ ਕੁਦਰਤੀ ਤੌਰ ਜ਼ਮੀਨ ਤੇ ਪੌਣ ਪਾਣੀ ਦੀ ਮਿਹਰ ਸਦਕਾ ਸਭ ਤੋਂ ਅਗੇਤਾ ਤੇ ਕਵਾਲਿਟੀ ਵਾਲਾ ਮਟਰ ਅੰਮ੍ਰਿਤਸਰ, ਹੁਸ਼ਿਆਰਪੁਰ ਤੇ ਕੁਝ ਹਿਸਾ ਤਰਨਤਾਰਨ ਦੇ ਇਲਾਕੇ 'ਚ ਪੈਦਾ ਹੁੰਦਾ ਹੈ। ਇਥੋਂ ਤਕਰੀਬਨ ਅੱਧੇ ਭਾਰਤ 'ਚ ਇਸਦੀ ਸਪਲਾਈ ਹੁੰਦੀ ਹੈ, ਅੱਜ ਆਪਾਂ ਇਸ ਦੀ ਖੇਤੀ ਦੇ ਨੁਕਤਿਆਂ ਬਾਰੇ ਗੱਲ ਕਰਾਂਗੇ।

ਕਿਸਮਾਂ

ਮਟਰਾਂ ਦੀਆਂ ਪੰਜਾਬ ਵਿਚ 3 ਮੁੱਖ ਕਿਸਮਾਂ P3, AP10, MS10 ਹਨ, ਜੋ ਵੱਖ-ਵੱਖ ਇਲਾਕੇ ਦੇ ਹਿਸਾਬ ਨਾਲ ਬੀਜੀਆਂ ਜਾਂਦੀਆਂ ਹਨ। ਪਰ P3 ਅਗੇਤੀ ਬੀਜੀ ਜਾਣ ਵਾਲੀ ਕਿਸਮ ਹੈ ਇਸਦਾ ਬੀਜ ਬਹੁਤ ਸਾਲਾਂ ਤੋਂ ਯੂਪੀ ਦੇ ਬੀਜ ਫਾਰਮ ਸਪਲਾਈ ਕਰ ਰਹੇ ਹਨ ਜਿੰਨਾਂ ਵਿਚੋਂ ਗੰਗਾ ਇੰਪਰੂਵਡ, ਮਾਸਟਰ ਪਟੇਲ ਗੋਲਡ, ਨੈਨਸੀ, ਵੈਲਕਮ, ਮਲੂਕ ਸਿੰਘ, ਸਮਰਿੱਧੀ,ਪਟੇਲ, ਸੁਸਾਂਕ, ਹਰੀਚੰਦ, ਰਾਮਬੂਲ, ਵੈਲਕਮ ਆਦਿ ਮੁੱਖ ਫਾਰਮ ਹਨ, ਇਸ ਤੋਂ ਇਲਾਵਾ ਤੁਸੀਂ ਆਪਣੇ ਇਲਾਕੇ 'ਚ ਉਪਲਬਧ ਚੰਗੇ ਰਿਕਾਰਡ ਦਾ ਬੀਜ ਆਪਣੇ ਹਿਸਾਬ ਨਾਲ ਵਰਤ ਸਕਦੇ ਹੋ।

ਬੀਜ਼ ਦੀ ਮਾਤਰਾ

ਮਟਰ ਦੇ ਬੀਜ ਦੀ ਮਾਤਰਾ ਸਮੇਂ ਤੇ ਕਿਸਮ ਤੇ ਨਿਰਭਰ ਕਰਦੀ ਹੈ। P3 ਦਾ ਬੀਜ਼ ਅਗੇਤੀ ਫਸਲ ਲਈ 65/75 ਕਿਲੋ, ਠੰਡੇ ਮੌਸਮ ਚ 50/60 ਕਿਲੋ ਕਾਫੀ ਹੈ। Ganga 10 ਤੇ ਲੰਬੀ ਫਲੀ ਵਾਲੇ ਮਟਰ 20/30 ਕਿਲੋ ਬੀਜ ਪ੍ਰਤੀ ਏਕੜ ਬੀਜਾਈ ਲਈ ਕਾਫੀ ਹੈ।

ਜਮੀਨ

ਮਟਰ ਲਗਭਗ ਹਰੇਕ ਉਸ ਜਮੀਨ 'ਚ ਹੋ ਸਕਦਾ ਹੈ, ਜਿਥੇ ਸੇਮ ਜਾਂ ਕੱਲਰ ਜਿਆਦਾ ਨਾਂ ਹੋਵੇ ਤੇ ਮਿੱਟੀ ਦਾ PH ਠੀਕ ਹੋਵੇ। ਪਰ ਇਸ ਦੀ ਵਧੀਆ ਫਸਲ ਲਈ ਭਾਰੀ ਤੇ ਪਾਣੀ ਦੇ ਨਿਕਾਸ ਵਾਲੀ ਜਮੀਨ ਜਿਆਦਾ ਚੰਗੀ ਹੁੰਦੀ ਹੈ।

ਇਹ ਵੀ ਪੜ੍ਹੋ: Wheat Variety: ਕਣਕ ਦੀ HD 3385 ਕਿਸਮ ਮੌਸਮੀ ਬਦਲਾਅ ਦੇ ਅਨੁਕੂਲ, ਝਾੜ 7 ਟਨ ਪ੍ਰਤੀ ਹੈਕਟੇਅਰ

ਨਦੀਨ ਕੰਟਰੋਲ

ਮਟਰਾਂ 'ਚ ਨਦੀਨ ਕੰਟਰੋਲ ਕਰਨ ਲਈ 1 ਲੀਟਰ ਸਟੋਂਪ ਦਵਾਈ ਸ਼ਾਮ ਵੇਲੇ 150 ਲੀਟਰ ਪਾਣੀ 'ਚ ਘੋਲ ਕੇ ਸਪਰੇਅ ਕਰੋ। ਜਿੰਨ੍ਹਾਂ ਖੇਤਾਂ 'ਚ ਦੋਧਕ, ਤਿਖਾ ਪੱਤਾ ਵੱਧ ਉਗਦਾ ਉਹਨਾਂ ਖੇਤਾਂ 'ਚ ਸਿਨਕੋਰ ਦਵਾਈ 40/70 ਗ੍ਰਾਮ ਦੀ ਮਾਤਰਾ 'ਚ ਖੇਤ ਦੀ ਤਾਸੀਰ ਮੁਤਾਬਿਕ ਨਾਲ ਹੀ ਮਿਲਾ ਕੇ ਪਾਇਉ। ਜੇਕਰ ਨਦੀਨ ਉੱਗ ਪਵੇ ਤਾਂ ਉਸ ਦੀਆਂ ਦਵਾਈਆਂ ਵੱਖਰੀਆਂ ਆਉਂਦੀਆਂ ਹਨ ਉਸ ਤੇ ਵੱਖਰੀ ਚਰਚਾ ਕਰਾਂਗਾ।

ਨੋਟ ਕਰੋ: ਸਿਨਕੋਰ ਦੀ ਸਿਫਾਰਸ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਨਹੀਂ ਕੀਤੀ ਜਾਂਦੀ। ਇਹ ਕਿਸਾਨਾਂ ਦੇ 10 ਸਾਲਾਂ ਦੇ ਤਜਰਬਿਆਂ 'ਤੇ ਅਧਾਰਿਤ ਹੈ, ਇਸ ਲਈ ਇਸਦੀ ਵਰਤੋਂ ਆਪਣੇ ਖੇਤ ਅਤੇ ਮਰਜ਼ੀ ਅਨੁਸਾਰ ਕਰਿਉ।

ਖਾਦਾਂ

ਕਿਸਾਨ ਵੀਰਾਂ ਦੀ ਆਪਣੀ ਪਰੈਕਟਿਸ ਮੁਤਾਬਿਕ 2/3 ਬੋਰੀਆਂ DAP, 1/2 ਬੋਰੀਆਂ ਯੂਰੀਆ, 1 ਬੋਰੀ ਪੋਟਾਸ ਵਰਤੀ ਜਾਂਦੀ ਹੈ। ਪਰ ਸਹੀ ਤੱਤਾਂ ਦਾ ਤਾਲਮੇਲ ਤੇ ਵਾਧੂ ਖਰਚ ਤੋਂ ਬਚਣ ਲਈ ਇੱਕ ਬੈਲੈਂਸ ਫਾਰਮੂਲਾ ਨੋਟ ਕਰਿਉ 2 ਬੋਰੀਆਂ DAP ਜਾਂ TAP 0-46-0 ਜਾਂ 12-32-16 ਅਤੇ 6-8 ਕਿਲੋ ਫੋਸਟਰ PSB ਅਤੇ 5 ਕਿਲੋ ਪੋਟਾਸ਼ ਐਕਟਿਵਾ ਬੀਜਾਈ ਸਮੇਂ ਵਰਤੋਂ, ਫੋਸਟਰ ਵਰਤੋਂ ਕਰਨ ਨਾਲ ਖੇਤ 'ਚ ਪਹਿਲਾਂ ਤੋਂ ਬੇਕਾਰ ਪਈ ਫਾਸਫੋਰਸ ਜੋ ਪਾਣੀ ਨਾਲ ਨਹੀਂ ਘੁਲਦੀ ਉਹ ਵੀ ਘੁਲ ਕੇ ਮਟਰ ਨੂੰ ਮਿਲੇਗੀ, ਜਮੀਨ ਪੋਲੀ ਰਹੇਗੀ, pH ਸਹੀ ਰਹੇਗਾ,ਇਸ ਸਮੇਂ ਜਦ ਡਾਈ ਖਾਦ ਦੀ ਕਮੀ ਆ ਰਹੀ ਹੈ, ਤਾਂ ਸੁਪਰ ਫਾਸਫੇਟ 4 ਬੋਰੀਆਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।

ਉਗਣ ਤੋਂ ਬਾਅਦ ਦੂਸਰੇ ਪਾਣੀ ਨਾਲ ਗਰਿਫਨ 4kg ਜਾਂ VAM HD 100gm ਪਹਿਲੀ ਯੂਰੀਆ ਨਾਲ ਮਿਲਾ ਕੇ ਛੱਟਾ ਦਿਉ।

ਮਟਰ ਜਮੀਨ ਤੋਂ ਆਉਣ ਵਾਲੀਆਂ ਬੀਮਾਰੀਆਂ ਬਹੁਤ ਨੁਕਸਾਨ ਕਰਦੀਆਂ ਹਨ ਜਿਵੇਂ ਉਖੇੜਾ ਰੋਗ, ਬੀਜ ਦਾ ਗਾਲਾ, ਬੂਟੇ ਸੁੱਕਣੇ ਇਹ ਸਾਰੀਆਂ ਬੀਮਾਰੀਆਂ ਰੋਕਣ ਲਈ ਆਖਰੀ ਵਾਰ ਵਹਾਈ ਕਰਨ ਵੇਲੇ 2 ਕਿਲੋ ਸੰਜੀਵਨੀ (ਟਰਾਈਕੋਡਰਮਾ ਵਿਰਡੀ) ਜਾਂ 2 ਕਿਲੋ ਐਗਨੌਰ ਜਾਂ 1 ਲੀਟਰ ਬਾਇਉਹਰਜ ਟਰਾਈਕੋਡਰਮਾ ਹਰਜੇਨੀਅਮ ਨੂੰ 2 ਕਿਲੋ ਫਸਲ ਰਕਸ਼ਕ ਸੂਡੋਮੋਨਾਸ ਨਾਲ ਮਿਲਾ ਕੇ ਛੱਟਾ ਦਿਉ। ਕੋਸਿਸ਼ ਕਰੋ ਮਿੱਟੀ 'ਚ ਚੰਗੀ ਤਰ੍ਹਾਂ ਮਿਲਾ ਦਿਤਾ ਜਾਵੇ, ਇਸ ਨਾਲ ਜਮੀਨ ਤੋਂ ਆਉਣ ਵਾਲੀਆਂ ਸਾਰੀਆਂ ਬੀਮਾਰੀਆਂ ਤਾਂ ਖਤਮ ਹੋਣਗੀਆਂ ਨਾਲ ਦੀ ਨਾਲ ਫਸਲ ਪੂਰੀ ਤੇ ਇਕਸਾਰ ਉਗੇਗੀ।

ਜਿਹੜੇ ਇਲਾਕਿਆਂ 'ਚ ਨੀਮਾਟੋਡ ਮਟਰ ਦਾ ਬਹੁਤ ਨੁਕਸਾਨ ਕਰਦਾ ਹੈ ਇਸ ਤੋਂ ਬਚਾਅ ਲਈ ਨਮੈਟੋਫਰੀ 2 ਕਿਲੋ ਬੀਜਾਈ ਸਮੇਂ ਛੱਟਾ ਦਿਉ ਤੇ 2 ਕਿਲੋ ਦੂਸਰਾ ਪਾਣੀ ਘਲਾਉਣ ਸਮੇਂ ਜੜ੍ਹਾਂ ਚ ਸਪਰੇ ਕਰੋ ਖਾਸ ਕਰਕੇ ਨਹਿਰ, ਸੂਏ, ਰੋਹੀਆਂ ਦੇ 500 ਮੀਟਰ ਤੋਂ 1 ਕਿਲੋਮੀਟਰ ਘੇਰੇ ਦੇ ਇਲਾਕੇ 'ਚ ਨੀਮਾਟੋਡ ਦਾ ਅਟੈਕ ਵਧ ਆਉਂਦਾ ਹੈ।

ਇਹ ਵੀ ਪੜ੍ਹੋ: Potato Crop: ਇਸ ਤਰ੍ਹਾਂ ਹੋਵੇਗਾ ਆਲੂਆਂ ਦੇ ਝਾੜ ਵਿੱਚ 4-5% ਦਾ ਵਾਧਾ ਅਤੇ ਮਿੱਟੀ ਦੀ ਸਿਹਤ ਵਿੱਚ ਸੁਧਾਰ

ਮਟਰਾਂ ਦੀ ਫਸਲ ਬਾਰੇ ਕਿਸਾਨਾਂ ਨੂੰ ਸੁਝਾਅ

ਮਟਰਾਂ ਦੀ ਫਸਲ ਬਾਰੇ ਕਿਸਾਨਾਂ ਨੂੰ ਸੁਝਾਅ

ਬੀਜ਼ ਸੋਧ

ਮਟਰ ਦੀ ਬੀਜ ਸੋਧ ਲਈ ਫਸਲ ਰਕਸ਼ਕ 10 ਗ੍ਰਾਮ ਪ੍ਰਤੀ ਕਿਲੋ ਬੀਜ ਜਾਂ ਬੈਕਟਵਾਈਪ 5-7ml ਜਾਂ ਸਪਰਿੰਟ 2 ਗ੍ਰਾਮ ਪ੍ਰਤੀ ਕਿਲੋ ਬੀਜ, ਅਤੇ ਰਾਈਜੋ ਦਾ ਟੀਕਾ 100ml ਬੀਜਾਈ ਤੋਂ 1 ਘੰਟਾ ਪਹਿਲਾਂ ਲਗਾਉ। ਰਾਈਜੋਬੀਅਮ ਟੀਕਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਈਕਰੋਬਾਇਉਲਾਜੀ ਵਿਭਾਗ 'ਚ ਉਪਲਬਧ ਹੈ। ਨੇੜੇ ਵਾਲੇ ਉਥੋਂ ਲੈ ਲਿਉ ਅਤੇ ਦੂਰ ਵਾਲੇ ਕਿਸਾਨ ਲੋਕਲ ਦੁਕਾਨ ਤੋਂ ਚੰਗੀ ਕੰਪਨੀ ਦਾ ਲੈ ਸਕਦੇ ਹੋ। ਟੀਕਾ ਲਾ ਕੇ ਬੀਜ ਨੂੰ ਛਾਂਵੇਂ ਸੁਕਾਉ, ਚੰਗੇ ਨਤੀਜੇ ਲੈਣ ਲਈ ਉਪਰ ਲਿਖੀਆਂ ਗੱਲਾਂ ਦਾ ਅਮਲ ਕਰੋ। ਕੁਝ ਹੋਰ ਜਰੂਰੀ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੈ ਜੋ ਹੇਠ ਲਿਖੀਆਂ ਹਨ:

● ਭਿੰਡੀ ਕੱਦੂ ਕਰੇਲੇ, ਬੈਂਗਣ ਆਦਿ ਗਰਮੀਆਂ ਦੀਆਂ ਸਬਜ਼ੀਆਂ ਵਾਲੇ ਖੇਤ ਵਿੱਚ ਮਟਰ ਦੀ ਅਗੇਤੀ ਬਿਜਾਈ ਕਰਨ ਤੋਂ ਤੌਬਾ ਕਰੋ ਬੀਜ ਨਹੀਂ ਉੱਗੇਗਾ।

● ਮਟਰ ਦੀ ਬੀਜਾਈ ਹਲਕੀ ਨਮੀਂ ਵਾਲੇ ਖੇਤ 'ਚ ਸਵੇਰੇ ਜਾਂ ਸ਼ਾਮ ਵੇਲੇ ਕਰੋ।

● 32 ਡਿਗਰੀ ਤੋਂ ਜਿਆਦਾ ਤਾਪਮਾਨ ਤੇ ਬੀਜਾਈ ਤੋਂ ਬਚੋ, ਕਿਉਂਕਿ ਬਹੁਤ ਘੱਟ ਇਲਾਕਿਆਂ ਵਿਚ ਹੀ ਠੰਡੀ ਜ਼ਮੀਨ ਤੇ ਰਾਤ ਦਾ ਮੌਸਮ ਠੰਡਾ ਹੈ ਜੋਂ 35 ਡਿਗਰੀ 'ਤੇ ਵੀ ਫ਼ਸਲ ਠੀਕ ਰਹਿੰਦੀ ਹੈ ਜਿਵੇਂ ਕੱਥੂਨੰਗਲ, ਮਜੀਠਾ, ਹੁਸ਼ਿਆਰਪੁਰ ਦੇ ਆਸਪਾਸ ਦਾ ਇਲਾਕਾ।

● ਜੇਕਰ ਖੇਤ ਜ਼ਿਆਦਾ ਸੁੱਕ ਜਾਵੇ ਤਾਂ ਬੀਜਾਈ ਤੋਂ ਬਾਅਦ ਖੇਤ ਨੂੰ ਪਾਣੀ ਜਲਦੀ ਜਰੂਰ ਲਵਾਉ।

● ਬੀਜ਼ ਨੂੰ ਜਿਆਦਾ ਡੂੰਘਾ ਨਹੀਂ ਕੇਰਨਾ, 1 ਇੰਚ ਤੋਂ 1.5 ਇੰਚ ਬਹੁਤ ਹੈ।

● ਖੇਤ ਨੂੰ ਪਾਣੀ ਲਾਉਣ ਸਮੇਂ ਧਿਆਨ ਦੇਣਾ ਕਿ ਪਾਣੀ ਦੀ ਰੇਜ ਸਹੀ ਆਵੇ।

● ਮਟਰਾਂ ਨੂੰ ਹਮੇਸ਼ਾ ਹਲਕੀਆਂ ਢੀਮਾਂ ਵਾਲੀ ਪੈਲੀ 'ਚ ਬੀਜੋ, ਜ਼ਿਆਦਾ ਰੋਟਾਵੇਟਰ ਲਗਾਉਣ ਨਾਲ ਮਿੱਟੀ ਜਿਆਦਾ ਬਰੀਕ ਹੋ ਗਈ, ਪਾਣੀ ਲਾਉਣ ਤੋਂ ਬਾਅਦ ਜਮੀਨ ਸਖਤ ਹੋ ਕੇ ਮਟਰ ਦੀ ਫਸਲ ਦੀ ਉਗਣ ਸਕਤੀ ਬਹੁਤ ਘੱਟ ਜਾਂਦੀ ਹੈ।

● ਮਟਰਾਂ ਨੂੰ ਸਟੋਂਪ ਦੀ ਸਪਰੇਅ ਸਿਰਫ ਸਾ਼ਮ ਵੇਲੇ ਕਰਨੀ, ਪਾਣੀ 150 ਲੀਟਰ।

● ਮਟਰਾਂ ਦੀ ਫਸਲ ਅੱਗ ਪਾਣੀ ਦੀ ਖੇਡ ਹੈ, ਜ਼ਿਆਦਾ ਗਰਮੀ ਤੇ ਜਿਆਦਾ ਪਾਣੀ ਲਾਉਣ ਨਾਲ ਇਹ ਫਸਲ ਦਾ ਬਹੁਤ ਨੁਕਸਾਨ ਹੁੰਦਾ ਹੈ।

ਪਾਣੀ ਹਮੇਸ਼ਾ ਹਲਕਾ ਤੇ ਲੋੜ ਅਨੁਸਾਰ ਹੀ ਦਿਉ। ਜ਼ਿਆਦਾ ਪਾਣੀ ਨਾਲ ਮਟਰ ਦੀ ਫਸਲ ਸਹੀ ਨਹੀਂ ਚਲਦੀ ਮਿੱਟੀ ਸਖ਼ਤ ਹੋ ਜਾਣ ਤੇ ਮਟਰ ਸਹੀ ਗਰੋਥ ਨਹੀਂ ਕਰਦਾ। ਉਗਣ ਤੋਂ ਬਾਅਦ ਆਉਣ ਵਾਲੀਆਂ ਬੀਮਾਰੀਆਂ ਤੇ ਦੁਬਾਰਾ ਲੇਖ ਸਾਂਝਾ ਕਰਾਂਗੇ।

ਸਾਵਧਾਨ ਜਿਹੜੇ ਖੇਤਾਂ 'ਚ ਝੋਨੇ ਤੋਂ ਬਾਅਦ ਮਟਰ ਜਾਂ ਆਲੂ ਬੀਜ ਰਹੇ ਹੋ, ਉਥੇ ਉਖੇੜਾ ਰੋਗ ਬਹੁਤ ਆਏਗਾ, ਇਸ ਤੋਂ ਬਚਾਅ ਲਈ ਸੰਜੀਵਨੀ ਜਾਂ ਐਗਨੌਰ 2 ਕਿਲੋ ਜਾਂ ਬਾਇਉਹਰਜ 1 ਲੀਟਰ ਦਾ ਮਿੱਟੀ, ਰੇਤ ਜਾਂ ਰੂੜੀ 'ਚ ਮਿਲਾ ਕੇ ਰੋਟਾਵੇਟਰ ਜਾਂ ਮਸ਼ੀਨ ਅੱਗੇ ਕਿਰਾਈ ਵੇਲੇ ਛੱਟਾ ਦਿਉ। ਨਾਲ ਹੀ ਬੈਕਟਵਾਈਪ 5-7ml ਜਾਂ ਫਸਲ ਰਕਸ਼ਕ 10gm ਤੇ 2 ml ਰਾਈਜੋ ਦਾ ਟੀਕਾ ਪ੍ਰਤੀ ਕਿਲੋ ਬੀਜ ਦਾ ਜਰੂਰ ਲਾਉ।

ਉਗਾਈ ਸਬੰਧੀ ਸ਼ਿਕਾਇਤਾਂ ਤੇ ਕਾਰਨਾਂ ਤੋਂ ਬਚਣ ਲਈ ਜੋ ਬੀਜ ਤੁਸੀਂ ਬੀਜ ਰਹੇ ਹੋ ਉਸ ਵਿੱਚੋਂ ਅੱਧਾ ਕਿਲੋ ਬੀਜ ਨੂੰ ਸਾਂਭ ਕੇ ਰੱਖ ਲਓ ਤਾਂ ਕਿ ਉਗਾਈ ਅਤੇ ਰਲੇ ਸਬੰਧੀ ਸਮੱਸਿਆ ਆਉਣ ਤੇ ਬਾਅਦ ਵਿੱਚ ਤੁਹਾਡੇ ਕੋਲ ਸਬੂਤ ਰਹੇ।

Summary in English: Agriculture Expert Rajvir Thind gave suggestions for producing good quality peas crop with low cost and use of less pesticides.

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters