Onion Farming: ਅੱਜ-ਕੱਲ੍ਹ ਕਿਸਾਨਾਂ ਦਾ ਰੁਝਾਨ ਰਵਾਇਤੀ ਫ਼ਸਲਾਂ ਨਾਲੋਂ ਹੋਰ ਫ਼ਸਲਾਂ ਵੱਲ ਜ਼ਿਆਦਾ ਵੱਧ ਰਿਹਾ ਹੈ ਕਿਉਂਕਿ ਇਸ ਰਾਹੀਂ ਘੱਟ ਖ਼ਰਚੇ ਵਿੱਚ ਵੱਧ ਮੁਨਾਫ਼ਾ ਆਸਾਨੀ ਨਾਲ ਕਮਾਇਆ ਜਾ ਸਕਦਾ ਹੈ। ਪਿਆਜ਼ ਦੀ ਫ਼ਸਲ ਇਨ੍ਹਾਂ ਫ਼ਸਲਾਂ ਵਿੱਚੋਂ ਇੱਕ ਹੈ, ਜਿਸ ਦੀ ਕਾਸ਼ਤ ਕਿਸਾਨਾਂ ਲਈ ਮੁਨਾਫ਼ੇ ਦਾ ਧੰਦਾ ਸਾਬਿਤ ਹੋ ਸਕਦੀ ਹੈ। ਆਓ ਜਾਣਦੇ ਹਾਂ ਸਾਉਣੀ ਦੇ ਪਿਆਜ਼ ਲਈ ਢੁਕਵੀਂ ਕਿਸਮ ਅਤੇ ਕਾਸ਼ਤ ਦੇ ਸਹੀ ਤਰੀਕੇ...
ਪਿਆਜ਼ ਇੱਕ ਅਜਿਹੀ ਸਬਜ਼ੀ ਹੈ ਜੋ ਰਸੋਈ ਦੀ ਸ਼ਾਨ ਮੰਨੀ ਜਾਂਦੀ ਹੈ ਅਤੇ ਇਹ ਆਸਾਨੀ ਨਾਲ ਹਰ ਘਰ ਵਿੱਚ ਮਿਲ ਜਾਂਦੀ ਹੈ ਕਿਉਂਕਿ ਇਸ ਤੋਂ ਬਿਨਾਂ ਖਾਣੇ ਦਾ ਸਵਾਦ ਨਹੀਂ ਆਉਂਦਾ। ਪਿਆਜ਼ ਦੀ ਖੇਤੀ ਭਾਰਤ ਦੇ ਕਈ ਸੂਬਿਆਂ ਵਿੱਚ ਕੀਤੀ ਜਾਂਦੀ ਹੈ, ਇੰਨਾ ਹੀ ਨਹੀਂ ਭਾਰਤ ਤੋਂ ਨੇਪਾਲ, ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼ ਆਦਿ ਕਈ ਦੇਸ਼ਾਂ ਨੂੰ ਪਿਆਜ਼ ਨਿਰਯਾਤ ਵੀ ਕੀਤਾ ਜਾਂਦਾ ਹੈ। ਪਿਆਜ਼ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਸਬਸਿਡੀ ਵੀ ਦਿੱਤੀ ਜਾਂਦੀ ਹੈ। ਇਸ ਸਬਸਿਡੀ ਰਾਹੀਂ ਕਿਸਾਨਾਂ ਦੀ ਲਾਗਤ ਵੀ ਘੱਟਦੀ ਹੈ ਅਤੇ ਮੁਨਾਫ਼ਾ ਵੀ ਵੱਧ ਪ੍ਰਾਪਤ ਹੁੰਦਾ ਹੈ। ਇਸ ਕਰਕੇ ਪਿਆਜ਼ ਦੀ ਖੇਤੀ ਕਿਸਾਨਾਂ ਲਈ ਘੱਟ ਲਾਗਤ `ਚ ਵੱਧ ਮੁਨਾਫ਼ਾ ਕਮਾਉਣ ਦਾ ਇੱਕ ਵਧੀਆ ਜ਼ਰੀਆ ਹੈ।
ਪਿਆਜ਼ ਦੀ ਵਧੀਆ ਕਿਸਮ ਅਤੇ ਕਾਸ਼ਤ ਦਾ ਸਹੀ ਢੰਗ:
ਬਿਜਾਈ ਦਾ ਸਮਾਂ:
ਪਿਆਜ਼ ਦੀ ਕਾਸ਼ਤ ਲਈ ਅੱਧ-ਜੂਨ ਅਤੇ ਅੱਧ-ਮਾਰਚ ਦਾ ਮਹੀਨਾ ਢੁਕਵਾਂ ਮੰਨਿਆ ਜਾਂਦਾ ਹੈ।
ਪਨੀਰੀ ਤਿਆਰ ਕਰਨ ਦਾ ਤਰੀਕਾ:
● ਪਨੀਰੀ ਬੀਜਣ ਲਈ 125 ਕਿਲੋ ਗਲੀ-ਸੜੀ ਰੂੜੀ ਪ੍ਰਤੀ ਮਰਲੇ (25 ਵਰਗ ਮੀਟਰ) ਦੇ ਹਿਸਾਬ ਨਾਲ ਪਾ ਕੇ ਜ਼ਮੀਨ ਪੱਧਰੀ ਕਰੋ।
● ਪਨੀਰੀ ਅਤੇ ਪਿਆਜ਼ ਲਾਉਣ ਵਾਲੇ ਰਕਬੇ ਦੀ ਅਨੁਪਾਤ (1:20) ਅਨੁਸਾਰ 20 ਸੈਂਟੀਮੀਟਰ ਉੱਚੀਆਂ ਅਤੇ 1 ਤੋਂ 1.5 ਮੀਟਰ ਚੌੜੀਆਂ ਪਟਰੀਆਂ ਬਣਾਉ। ਬਿਜਾਈ ਚੰਗੀ ਵੱਤਰ ਵਿੱਚ ਕਰੋ।
● ਬੀਜ ਨੂੰ 3 ਗ੍ਰਾਮ ਥੀਰਮ ਜਾਂ ਕੈਪਟਾਨ ਪ੍ਰਤੀ ਕਿਲੋ ਦੇ ਹਿਸਾਬ ਨਾਲ ਸੋਧ ਕੇ 1 ਤੋਂ 2 ਸੈਂ.ਮੀ. ਡੂੰਘਾ 5 ਸੈਂ.ਮੀ. ਦੀ ਵਿੱਥ ਤੇ ਕਤਾਰਾਂ ਵਿੱਚ ਬੀਜੋ।
● ਬਿਜਾਈ ਤੋਂ ਬਾਅਦ ਗਲੀ-ਸੜੀ ਦੇਸੀ ਰੂੜੀ ਦੀ ਹਲਕੀ ਜਿਹੀ ਤਹਿ ਨਾਲ ਢੱਕ ਕੇ ਤੁਰੰਤ ਫੁਆਰੇ ਨਾਲ ਸਿੰਚਾਈ ਕਰੋ।
● ਪਨੀਰੀ ਦੀਆਂ ਕਿਆਰੀਆਂ ਨੂੰ ਦਿਨ ਵਿੱਚ ਸਵੇਰੇ ਅਤੇ ਸ਼ਾਮ ਦੋ ਵਾਰ ਪਾਣੀ ਦਿਉ।
● ਦੁਪਹਿਰ ਵੇਲੇ ਵਧੇਰੇ ਤਾਪਮਾਨ ਤੋਂ ਬਚਾਅ ਲਈ ਕਿਆਰੀਆਂ ਨੂੰ ਢੱਕ ਦਿਉ।
● ਡੇਢ ਮੀਟਰ ਚੌੜੀਆਂ ਕਿਆਰੀਆਂ ਨੂੰ ਢੱਕਣ ਲਈ ਘਾਹ-ਫੂਸ ਜਾਂ ਕਿਸੇ ਦੂਸਰੀ ਫ਼ਸਲ ਦੇ ਪੱਤਿਆਂ-ਤਣਿਆਂ ਆਦਿ ਤੋਂ ਪ੍ਰਾਪਤ ਕੀਤੀਆਂ ਛੱਪਰੀਆਂ 1.5 ਮੀਟਰ ਦੀ ਉੱਚਾਈ ਤੇ ਉੱਤਰ-ਦੱਖਣ ਦਿਸ਼ਾ ਵਿੱਚ ਵਰਤੋ। ਇਹ ਛੱਪਰੀਆਂ ਇੱਕ ਮਹੀਨੇ ਬਾਅਦ ਜਦੋਂ ਪੌਦੇ ਮਜ਼ਬੂਤ ਹੋ ਜਾਣ ਤਾਂ ਉਤਾਰ ਦਿਉ।
ਇਹ ਵੀ ਪੜ੍ਹੋ : Monsoon 'ਚ ਉਗਾਓ ਇਹ ਸਬਜ਼ੀਆਂ ਅਤੇ ਲਓ ਪੋਸ਼ਣ ਨਾਲ ਵਧੀਆ ਮੁਨਾਫ਼ਾ, ਜਾਣੋ ਕਿਵੇਂ?
ਗੰਢੀਆਂ ਰਾਹੀਂ ਸਾਉਣੀ ਦੇ ਪਿਆਜ਼ ਦੀ ਫ਼ਸਲ:
● 5 ਕਿਲੋ ਬੀਜ 8 ਮਰਲੇ (200 ਵਰਗ ਮੀਟਰ) ਕਿਆਰੀਆਂ ਵਿੱਚ ਮਾਰਚ ਦੇ ਅੱਧ ਵਿੱਚ ਬੀਜੋ।
● ਪਨੀਰੀ ਨੂੰ ਹਫ਼ਤੇ ਵਿੱਚ ਦੋ ਵਾਰ ਪਾਣੀ ਲਾਉ।
● ਗੰਢੀਆਂ ਨੂੰ ਜੂਨ ਦੇ ਅਖੀਰ ਵਿੱਚ ਪੁੱਟ ਕੇ ਛੇਪਰੀਆਂ ਟੋਕਰੀਆਂ ਵਿੱਚ ਆਮ ਕਮਰੇ ਦੇ ਤਾਪਮਾਨ ਤੇ ਰੱਖੋ।
● ਵਿਕਰੀਯੋਗ ਜ਼ਿਆਦਾ ਝਾੜ ਲੈਣ ਲਈ 1.5-2.5 ਸੈ.ਮੀ. ਘੇਰੇ ਵਾਲੀਆਂ ਗੰਢੀਆਂ ਢੁਕਵੀਆਂ ਹਨ।
ਫ਼ਾਸਲਾ:
● ਘੱਟ ਨਿਕਾਸ ਵਾਲੀਆਂ ਭਾਰੀਆਂ ਜ਼ਮੀਨਾਂ ਵਿਚ ਵਧੀਆ ਝਾੜ੍ਹ ਲੈਣ ਲਈ 60 ਸੈ.ਮੀ. ਚੌੜੇ ਅਤੇ 10 ਸੈ.ਮੀ. ਉੱਚੇ ਬੈੱਡ ਬਣਾਉ।
● ਇਨ੍ਹਾਂ ਉਪਰ ਗੰਢੀਆਂ ਨੂੰ ਅਗਸਤ ਦੇ ਅੱਧ ਵਿੱਚ ਲਾ ਦਿਉ।
● ਫ਼ਸਲ ਨਵੰਬਰ ਦੇ ਅਖੀਰ ਤੱਕ ਤਿਆਰ ਹੋ ਜਾਵੇਗੀ।
ਇਹ ਵੀ ਪੜ੍ਹੋ : ਕੱਦੂ ਦੀ ਅਗੇਤੀ ਕਾਸ਼ਤ ਲਈ ਪੋਲੀਥੀਨ ਲਿਫਾਫਿਆਂ ਅਤੇ ਪਲੱਗ ਟ੍ਰੇ ਤਕਨੀਕਾਂ
ਪਨੀਰੀ ਪੁੱਟ ਕੇ ਖੇਤ ਵਿੱਚ ਲਾਉਣਾ:
● ਅਗਸਤ ਦੇ ਪਹਿਲੇ ਹਫ਼ਤੇ ਵਿੱਚ 6 ਤੋਂ 8 ਹਫ਼ਤਿਆਂ ਦੀ ਪਨੀਰੀ ਪੁੱਟ ਕੇ ਖੇਤ ਵਿੱਚ ਲਾ ਦੇਣੀ ਚਾਹੀਦੀ ਹੈ।
● ਚੰਗਾ ਝਾੜ ਲੈਣ ਲਈ ਕਤਾਰਾਂ ਵਿੱਚ 15 ਸੈਂਟੀਮੀਟਰ ਅਤੇ ਪੌਦਿਆਂ ਵਿੱਚਕਾਰ 7.5 ਸੈਂਟੀਮੀਟਰ ਦਾ ਫ਼ਾਸਲਾ ਰੱਖੋ।
● ਪਨੀਰੀ ਹਮੇਸ਼ਾ ਸ਼ਾਮ ਵੇਲੇ ਖੇਤ ਵਿੱਚ ਲਾਉ ਅਤੇ ਤੁਰੰਤ ਪਿੱਛੋਂ ਪਾਣੀ ਦਿਉ।
● ਬਾਅਦ ਵਿੱਚ ਪਾਣੀ ਲੋੜ ਅਨੁਸਾਰ ਲਾਉਂਦੇ ਰਹੋ।
ਪਿਆਜ਼ ਦੀ ਵਧੀਆ ਕਿਸਮ:
ਸਾਉਣੀ ਦੇ ਪਿਆਜ਼ ਤੋਂ ਕਿਸਾਨ ਵਧੀਆ ਝਾੜ ਪ੍ਰਾਪਤ ਕਰ ਸਕਦੇ ਹਨ। ਜੇਕਰ ਪਿਆਜ਼ ਦੀ ਕਿਸਮ ਬਾਰੇ ਗੱਲ ਕਰੀਏ ਤਾਂ ਐਗਰੀਫੋਂਡ ਡਾਰਕ ਰੈੱਡ ਕਿਸਮ ਤੋਂ ਕਿਸਾਨਾਂ ਨੂੰ 120 ਕੁਇੰਟਲ ਪ੍ਰਤੀ ਏਕੜ ਝਾੜ ਆਸਾਨੀ ਨਾਲ ਮਿਲ ਜਾਂਦਾ ਹੈ।
ਵਿਸ਼ੇਸ਼ ਧਿਆਨ ਰੱਖਣ ਦੀ ਲੋੜ:
ਸਾਉਣੀ ਪਿਆਜ਼ ਦੀ ਨਰਸਰੀ ਤਿਆਰ ਕਰਦੇ ਸਮੇਂ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਇਸ ਸਮੇਂ ਦੇ ਦੌਰਾਨ ਤਾਪਮਾਨ ਦਿਨ ਵੇਲੇ ਵੱਧ ਰਹਿੰਦਾ ਹੈ ਅਤੇ ਅਚਾਨਕ ਬਾਰਸ਼ ਤੋਂ ਬਾਅਦ, ਇਹ ਗਿਰਾਵਟ ਦਰਜ ਕਰਦਾ ਹੈ। ਇਸ ਕਾਰਨ, ਨਰਸਰੀ ਨੂੰ ਨੁਕਸਾਨ ਹੋਣ ਦਾ ਡਰ ਬਣਿਆ ਰਹਿੰਦਾ ਹੈ। ਇਸ ਲਈ, ਕਿਸਾਨਾਂ ਨੂੰ ਨਰਸਰੀ ਬੀਜਣ ਤੋਂ ਪਹਿਲਾਂ ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਤਾਂ ਜੋ ਪੌਦਾ ਗਲਤ ਸਥਿਤੀਆਂ ਦਾ ਸਾਹਮਣਾ ਕਰਨ ਦੇ ਯੋਗ ਹੋ ਜਾਵੇ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Agrifond Dark Red variety of onion yields 120 quintals per acre