Drip Irrigation System: ਫਸਲ ਦੀ ਉਤਪਾਦਕਤਾ ਵਧਾਉਣ ਵਿੱਚ ਤੁਪਕਾ ਸਿੰਚਾਈ ਦਾ ਅਹਿਮ ਰੋਲ ਹੈ। ਤੁਪਕਾ ਸਿੰਚਾਈ ਪ੍ਰਣਾਲੀ ਤੋਂ ਸਹੀ ਕੰਮ ਲੈਣ ਲਈ ਇਹ ਜ਼ਰੂਰੀ ਹੈ ਕਿ ਇਸ ਦਾ ਰੱਖ ਰਖਾਓ ਚੰਗੇ ਤਰੀਕੇ ਨਾਲ ਕੀਤਾ ਜਾਵੇ। ਕਿਸੇ ਵੀ ਜਗ੍ਹਾ ਉੱਪਰ ਤੁਪਕਾ ਸਿੰਚਾਈ ਪ੍ਰਣਾਲੀ ਲਗਾਉਣ ਤੋਂ ਪਹਿਲਾਂ ਕੁਝ ਬੁਨਿਆਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ।
ਇਸ ਜਾਣਕਾਰੀ ਵਿੱਚ ਮਿੱਟੀ ਦੀ ਕਿਸਮ, ਪਾਣੀ ਦੀ ਗੁਣਵੱਤਾ (ਪੀ ਐੱਚ ਅਤੇ ਈ ਸੀ), ਫਸਲ ਦੀ ਕਿਸਮ, ਫਸਲ ਦੀਆਂ ਕਤਾਰਾਂ ਵਿੱਚ ਵਿੱਥ, ਖੇਤ ਦਾ ਆਕਾਰ ਅਤੇ ਖੇਤਰਫਲ ਅਤੇ ਖੇਤ ਵਿੱਚ ਉਚਾਣ ਅਤੇ ਨਿਵਾਨ ਸ਼ਾਮਿਲ ਹੈ।
ਸਿੰਚਾਈ ਪ੍ਰਣਾਲੀ ਵਿਚਲੇ ਪੰਪ ਦੀ ਚੋਣ ਕਿੰਨਾ ਹੈੱਡ ਰੱਖਿਆ ਜਾਣਾ ਹੈ, ਡਿਸਚਾਰਜ ਕਿੰਨਾ ਹੈ ਅਤੇ ਪੰਪ ਦੀ ਹਾਰਸ ਪਾਵਰ ਕਿੰਨੀ ਚਾਹੀਦੀ ਹੈ ਉਪਰ ਨਿਰਭਰ ਕਰਦਾ ਹੈ ਅਤੇ ਇਸ ਤੋਂ ਬਾਅਦ ਮੇਨ ਲਾਈਨ, ਸਬ ਮੇਨ ਲਾਈਨ, ਅਤੇ ਲੇਟਰਲ ਪਾਈਪਾਂ ਦੀ ਚੋਣ ਪਾਣੀ ਦੇ ਵਹਾਅ ਦਰ ਨੂੰ ਵੇਖਕੇ ਕੀਤੀ ਜਾਂਦੀ ਹੈ। ਬਾਗਬਾਨੀ ਫਸਲਾਂ ਵਿੱਚ ਜੇਕਰ ਬੂਟੇ ਤੋਂ ਬੂਟੇ ਦੀ ਦੂਰੀ ਜ਼ਿਆਦਾ ਹੋਣ ਕਰਕੇ ਆਨਲਾਈਨ ਲੇਟਲਰਲ ਪਾਈਪਾਂ ਤੇ ਡਰਿਪਰ ਦੀ ਵਰਤੋਂ ਕੀਤੀ ਜਾਂਦੀ ਹੈ। ਜੇਕਰ ਖੇਤਰ ਅਵਾਰਾ ਪਸ਼ੂਆਂ ਤੋਂ ਸੁਰੱਖਿਅਤ ਹੈ ਅਤੇ ਫਸਲ ਵਿੱਚ ਬੂਟੇ ਤੋਂ ਬੂਟੇ ਦੀ ਦੂਰੀ ਨਿਸ਼ਚਿਤ ਹੈ ਤਾਂ ਇਨ ਲਾਈਨ ਲੇਟਰਲ ਦੀ ਵਰਤੋਂ ਕੀਤੀ ਜਾਂਦੀ ਹੈ। ਜੇਕਰ ਖੇਤਰ ਦੀ ਭੂਗੌਲਿਕ ਸਥਿਤੀ ਉੱਚੀ ਨੀਵੀ ਹੈ ਤਾਂ ਆਨਲਾਈਨ ਜਾਂ ਇਨਲਾਈਨ ਲੇਟਰਲ ਵਿੱਚ ਪ੍ਰੈਸ਼ਰ ਕੰਪਨਸੈਟਿੰਗ ਡਰਿਪਰ ਦੀ ਵਰਤੋਂ ਕੀਤੀ ਜਾਂਦੀ ਹੈ।
ਡਰਿਪ ਲਗਾਉਣ ਉਪਰੰਤ ਡਰਿਪ ਸੈੱਟ ਦੀ ਸਾਂਭ ਸੰਭਾਲ ਅਤੇ ਰੱਖ ਰਖਾਓ:
ਡਰਿਪ ਲਗਾਉਣ ਉਪਰੰਤ ਲੇਟਰਲ ਦੇ ਅਖੀਰ ਵਿਚਲੇ ਐਂਡ ਕੈਪ ਨੂੰ ਖੋਲ੍ਹ ਕੇ ਪਾਣੀ 5 ਤੋਂ 10 ਮਿੰਟ ਲਈ ਖੁੱਲ੍ਹਾ ਚਲਾ ਕੇ ਦੇਖਣਾ ਚਾਹੀਦਾ ਹੈ ਤਾਂ ਜੋ ਲੇਟਰਲ ਵਿੱਚ ਮੌਜੂਦ ਕੋਈ ਗੰਦਗੀ ਖੁੱਲ੍ਹੇ ਪਾਣੀ ਨਾਲ ਬਾਹਰ ਨਿਕਲ ਜਾਵੇ। ਜੇਕਰ ਚਲਾਉਣ ਸਮੇਂ ਡਰਿਪਰ ਜਾ ਕਿਸੇ ਜੋੜ ਤੋਂ ਪਾਣੀ ਦੀ ਲੀਕੇਜ ਮਹਿਸੂਸ ਹੋਵੇ ਤਾਂ ਉਸ ਹਿੱਸੇ ਦੀ ਤੁਰੰਤ ਬਦਲੀ ਕਰ ਦਿੱਤੀ ਜਾਣੀ ਚਾਹੀਦੀ ਹੈ। ਹਰ ਡਰਿਪਰ ਜਾਂ ਇਮੀਟਰ ਤੋਂ ਇਹ ਨੋਟ ਕਰੋ ਕਿ ਪਾਣੀ ਬਾਕੀ ਡਰਿਪਰ ਜਾਂ ਇਮੀਟਰ ਦੇ ਬਰਾਬਰ ਨਿਕਲੇ। ਇਸ ਲਈ ਅਲੱਗ-ਅਲੱਗ ਡਰਿਪਰ ਥੱਲੇ ਖੁੱਲ੍ਹੇ ਭਾਂਡੇ ਰੱਖ ਕੇ ਪ੍ਰਣਾਲੀ ਨੂੰ 5 ਮਿੰਟ ਚਲਾ ਕੇ ਇਨ੍ਹਾਂ ਭਾਂਡਿਆਂ ਵਿੱਚ ਇਕੱਠੇ ਹੋਏ ਪਾਣੀ ਨੂੰ ਵੇਖਕੇ ਅੰਦਾਜ਼ਾ ਲਗਾਓ ਕਿ ਹਰ ਭਾਂਡੇ ਵਿੱਚ ਪਾਣੀ ਇੱਕੋ ਜਿਨ੍ਹਾਂ ਹੀ ਹੋਵੇ। ਜੇਕਰ ਫਰਕ ਦਿਸੇ ਤਾਂ ਸੰਬਧਿਤ ਡਰਿਪਰ ਨੂੰ ਬਦਲ ਦਿਉ। ਇਸ ਤਰ੍ਹਾਂ ਕਰਨ ਨਾਲ ਸਾਰੇ ਖੇਤ ਵਿੱਚ ਇਕਸਾਰ ਪਾਣੀ ਲਗੇਗਾ।
ਡਰਿਪ ਸਿਸਟਮ ਵਿੱਚ ਫਿਲਟਰਾਂ ਦਾ ਰੱਖ ਰਖਾਓ:
ਫਿਲਟਰ ਤੁਪਕਾ ਸਿੰਚਾਈ ਪ੍ਰਣਾਲੀ ਦਾ ਇੱਕ ਅਹਿਮ ਅੰਗ ਹੈ। ਫਿਲਟਰ ਦੀ ਚੋਣ ਪਾਣੀ ਦੇ ਸੋਮੇ ਅਤੇ ਉਸ ਦੀ ਗੁਣਵੱਤਾ ਉੱਪਰ ਨਿਰਭਰ ਕਰਦੀ ਹੈ। ਸਿੰਚਾਈ ਵਿੱਚ ਨਹਿਰੀ, ਦਰਿਆ, ਖੂਹ ਅਤੇ ਟਿਊਬਵੈੱਲ ਦੇ ਪਾਣੀ ਦੀ ਵਰਤੋਂ ਹੁੰਦੀ ਹੈ। ਰੇਤਾ ਵਾਲੇ ਸਕਰੀਨ ਫਿਲਟਰ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਪਾਣੀ ਦਾ ਸੋਮਾ ਟੋਬਾ/ਡਿਗੀ ਹੋਵੇ।ਰੇਤਾ ਵਾਲੇ ਅਤੇ ਸਕਰੀਨ ਫਿਲਟਰ ਜੈਵਿਕ ਸਮੱਗਰੀ ਜਿਵੇਂ ਕਿ ਕਾਈ ਜਾਂ ਫਸਲੀ ਰਹਿੰਦ-ਖੂਹਿੰਦ ਨੂੰ ਫਿਲਟਰ ਕਰਨ ਲਈ ਵਰਤੇ ਜਾਂਦੇ ਹਨ। ਹਾਈਡ੍ਰੋਸਾਈਕਲੋਨ ਅਤੇ ਡਿਸਕ ਫਿਲਟਰ ਦੀ ਵਰਤੋਂ ਟਿਊਬਵੈੱਲ ਦੇ ਪਾਣੀ ਵਿਚਲੀ ਘੁਲੀ ਹੋਈ ਰੇਤਾ ਨੂੰ ਸਾਫ ਕਰਨ ਲਈ ਸੈਕੰਡਰੀ ਫਿਲਟਰ ਦੇ ਤੌਰ ਉੱਪਰ ਵਰਤੇ ਜਾਂਦੇ ਹਨ। ਪਾਣੀ ਵਿਚਲੀ ਗੰਦਗੀ ਨੂੰ ਸਾਫ ਕਰਨ ਲਈ ਬੈਕਵਾਸ਼ਿੰਗ ਦੀ ਵਿਵਸਥਾ ਵੀ ਪ੍ਰਣਾਲੀ ਵਿੱਚ ਕੀਤੀ ਜਾਂਦੀ ਹੈ। ਫਿਲਟਰਾਂ ਦੇ ਪ੍ਰਵੇਸ਼ ਅਤੇ ਨਿਕਾਸੀ ਦੁਆਰਉੱਪਰ ਦਬਾਅ ਰੋਜ਼ਾਨਾ ਚੈੱਕ ਕਰਦੇ ਰਹੋ। ਰੇਤੇ ਵਾਲੇ ਫਿਲਟਰ ਦੀ ਬੈਕ ਵਾਸ਼ਿੰਗ ਰੋਜ਼ਾਨਾ ਕਰੋ। ਸੈਂਡ ਫਿਲਟਰ ਦੇ ਪ੍ਰਵੇਸ਼ ਅਤੇ ਨਿਕਾਸੀ ਦੁਆਰਾ ਉੱਪਰ ਦਬਾਅ ਦਾ ਫਰਕ 0.3 ਕਿਲੋਗ੍ਰਾਮ ਪ੍ਰਤੀ ਵਰਗ ਸੈਂਟੀਮੀਟਰ ਅਤੇ ਸਕਰੀਨ ਫਿਲਟਰ ਉੱਪਰ ਫਰਕ 0.2 ਕਿਲੋਗ੍ਰਾਮ ਪ੍ਰਤੀ ਵਰਗ ਸੈਂਟੀਮੀਟਰ ਤੋਂ ਵੱਧ ਨਾ ਹੋਵੇ।
ਡਰਿਪਰ ਜਾਂ ਇਮੀਟਰ ਦਾ ਬੰਦ ਹੋਣਾ:
ਡਰਿਪਰ ਜਾਂ ਇਮੀਟਰ ਦਾ ਬੰਦ ਜਾਂ ਚੋਕ ਹੋਣਾ ਆਮ ਸਮੱਸਿਆ ਹੈ। ਡਰਿਪਰ ਚੋਕ ਹੋਣ ਨਾਲ ਪਾਣੀ ਇਕਸਾਰ ਨਹੀਂ ਲੱਗੇਗਾ ਅਤੇ ਉਤਪਾਦਨ ਪ੍ਰਭਾਵਿਤ ਹੋਵੇਗਾ। ਇਹ ਵੇਖਿਆ ਗਿਆ ਹੈ ਕਿ ਡਰਿਪਰ ਆਮ ਤੌਰ ਤੇ ਬਾਰਿਸ਼ ਜਾਂ ਮੀਂਹ ਦੇ ਸਮੇਂ ਦੌਰਾਨ ਬੰਦ ਜਾ ਚੋਕ ਹੋ ਜਾਂਦੇ ਹਨ ਜਦੋਂ ਖੇਤਾਂ ਵਿੱਚ ਮੀਂਹ ਪੈਣ ਸਮੇਂ ਪਾਣੀ ਖੜ੍ਹ ਜਾਂਦਾ ਹੈ। ਮੈਲਾ ਪਾਣੀ ਡਰਿਪਰ ਦੇ ਵਿੱਚ ਵੜ੍ਹ ਜਾਂਦਾ ਹੈ ਅਤੇ ਡਰਿਪਰ ਚੋਕ ਹੋ ਜਾਂਦੇ ਹਨ। ਕਈ ਵੇਰ੍ਹਾਂ ਫਿਲਟਰ ਸਿਸਟਮ ਵਿੱਚ ਨੁਕਸ ਪੈਣ ਨਾਲ ਵੀ ਇਮੀਟਰ ਚੋਕ ਹੋ ਜਾਂਦੇ ਹਨ। ਪਰ ਚੋਕਿੰਗ ਤੋਂ ਨਿਜ਼ਾਤ ਪਾਉਣ ਲਈ ਤੇਜ਼ਾਬ ਅਤੇ ਕੋਲਰੀਨ ਦੀ ਵਰਤੋਂ ਕੀਤੀ ਜਾਂਦੀ ਹੈ। ਸਮੇਂ-ਸਮੇਂ ਉੱਪਰ ਪ੍ਰਣਾਲੀ ਦੀ ਫਲਸ਼ਿੰਗ ਕਰਦੇ ਰਹਿਣ ਨਾਲ ਵੀ ਚੋਕਿੰਗ ਤੋਂ ਰਾਹਤ ਮਿਲਦੀ ਹੈ। ਡਰਿਪ ਪ੍ਰਣਾਲੀ ਦੇ ਸਹੀ ਚੱਲਣ ਲਈ ਸਮੇਂ-ਸਮੇਂ ਉੱਤੇ ਚੋਕਿੰਗ ਦਾ ਨਿਰੀਖਣ ਕਰਦੇ ਰਹੋ।
ਕਾਈ ਦੀ ਸਮੱਸਿਆ:
ਕਾਈ ਦੀ ਸਮੱਸਿਆ ਆਮ ਤੌਰ ਉੱਤੇ ਟੈਂਕ ਵਿੱਚ ਸਥਿਰ ਪਾਣੀ ਵਿੱਚ ਆ ਜਾਂਦੀ ਹੈ। ਡਰਿਪ ਸਿਸਟਮ ਵਿੱਚ ਕਾਈ ਦੀ ਸਮੱਸਿਆ ਉਦੋਂ ਆਉਂਦੀ ਹੈ। ਜਦੋਂ ਅਸੀਂ ਪਾਣੀ ਨੂੰ ਟੋਬਿਆਂ ਜਾਂ ਸਟੋਰੇਜ ਟੈਂਕ ਵਿੱਚੋਂ ਚੁੱਕ ਕੇ ਵਰਤਦੇ ਹਾਂ ਅਤੇ ਪਾਰਦਰਸ਼ੀ ਪਾਈਪਾਂ ਦੀ ਵਰਤੋਂ ਕਰਦੇ ਹਾਂ। ਇਸ ਲਈ ਤੁਪਕਾ ਸਿੰਚਾਈ ਪ੍ਰਣਾਲੀ ਵਿੱਚ ਪਾਈਪਾਂ ਨੂੰ ਮਿੱਟੀ ਦੇ ਹੇਠਾਂ ਦਬਾ ਕੇ ਰੱਖਿਆ ਜਾਂਦਾ ਹੈ ਅਤੇ ਕਾਲੇ ਰੰਗ ਦੀਆਂ ਲੇਟਰਲ ਪਾਈਪਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਦੀ ਵਰਤੋਂ ਕਰਨ ਨਾਲ ਸੂਰਜੀ ਰੋਸ਼ਨੀ ਪਾਈਪਾਂ ਵਿੱਚ ਦੀ ਨਹੀਂ ਲੰਘਦੀ ਜਿਸ ਕਰਕੇ ਇਨ੍ਹਾਂ ਵਿੱਚ ਕਾਈ ਨਹੀਂ ਜੰਮਦੀ। ਜੇਕਰ ਫਿਰ ਵੀ ਕਾਈ ਪਾਈਪਾਂ ਵਿੱਚ ਜੰਮ ਜਾਵੇ ਤਾਂ ਕਲੋਰੀਨੇਸ਼ਨ ਵਿਧੀ ਨਾਲ ਇਸ ਨੂੰ ਹਟਾਇਆ ਜਾ ਸਕਦਾ ਹੈ।
ਕਈ ਵਾਰ ਘੁਲਣਸ਼ੀਲ ਖਾਦਾਂ ਦੀ ਵਰਤੋਂ ਨਾਲ ਵੀ ਡਰਿਪਰ ਕਲੋਗਿੰਗ ਦੀ ਸਮੱਸਿਆ ਆ ਜਾਂਦੀ ਹੈ। ਫਾਸਫੋਰਸ ਤੱਤ ਵਾਲੀ ਖਾਦ ਖਾਸ ਕਰਕੇ ਪਾਣੀ ਵਿਚਲੇ ਮਾਦੇ ਨਾਲ ਪ੍ਰਤੀਕਰਮ ਕਰਕੇ ਡਰਿਪਰ ਕਲੋਗ ਕਰ ਸਕਦੀ ਹੈ। ਕਲੋਰੀਨੇਸ਼ਨ ਨਾਲ ਇਸ ਸਮੱਸਿਆ ਦਾ ਹੱਲ ਹੋ ਸਕਦਾ ਹੈ। ਇਥੇ ਇਹ ਗੱਲ ਯਾਦ ਰੱਖੋ ਕਿ ਕਲੋਰੀਨੇਸ਼ਨ ਅਤੇ ਫਰਟੀਗੇਸ਼ਨ (ਘੁਲਣਸ਼ੀਲ ਖਾਦਾਂ ਪਾਣੀ ਵਿੱਚ ਪਾਉਣ ਸਮੇਂ) ਇੱਕੋ ਸਮੇਂ ਨਹੀਂ ਕਰਨੀਆਂ ਚਾਹੀਦੀਆਂ।
ਰਸਾਇਣਕ ਸੋਧ ਦਾ ਢੰਗ਼
ਡਰਿਪਰ ਦੇ ਬੰਦ ਹੋਣ ਦਾ ਕਾਰਨ, ਕੁਝ ਘੁਲਣਸ਼ੀਲ ਨਮਕੀਨ ਪਦਾਰਥਾਂ ਜਿਵੇਂ ਕਾਰਬੋਨੇਟ, ਲੋਹਾ, ਕੈਲਸ਼ੀਅਮ ਅਤੇ ਮੈਗਨੀਂਜ ਆਦਿ ਦਾ ਟੈਂਕ ਵਿੱਚ ਜੰਮਣਾ ਹੋ ਸਕਦਾ ਹੈ। ਡਰਿਪਰ ਬੰਦ ਹੋਣ ਦਾ ਕਾਰਨ ਕੁਝ ਸੂਖਮਜੀਵ ਵੀ ਹੋ ਸਕਦੇ ਹਨ, ਜਿਵੇਂ ਕਿ ਬੈਕਟੀਰੀਆ ਅਤੇ ਕਾਈ ਦੇ ਨਾਲ ਲੋਹੇ ਅਤੇ ਸਲਫਰ ਤੱਤਾਂ ਕਰਕੇ ਬਰੀਕਮਿੱਟੀ ਦੇ ਕਿਣਕੇ ਆਦਿ ਡਰਿਪਰ ਬੰਦ ਕਰਦੇ ਹਨ। ਇਸ ਤਰੀਕੇ ਨਾਲ ਬੰਦ ਹੋਏ ਡਰਿਪਰ ਰਸਾਇਣਕ ਸੋਧ ਰਾਹੀਂ ਸਾਫ ਕੀਤੇ ਜਾ ਸਕਦੇ ਹਨ।
ਇਹ ਵੀ ਪੜ੍ਹੋ: October Month ਵਿੱਚ ਗਾਜਰ ਅਤੇ ਟਮਾਟਰ ਦੇ ਨਾਲ ਇਨ੍ਹਾਂ ਸਬਜ਼ੀਆਂ ਨੂੰ ਉਗਾਓ, ਮਿਲੇਗਾ ਬੰਪਰ ਉਤਪਾਦਨ
ਤੁਪਕਾ ਸਿੰਚਾਈ ਪ੍ਰਣਾਲੀ ਵਿੱਚ ਡਰਿਪਰ ਸਾਫ਼ ਕਰਨ ਲਈ ਪਾਣੀ ਨਾਲ ਕਲੋਰਾਈਡ ਦਾ ਘੋਲ ਜਾਂ ਤੇਜ਼ਾਬ ਦੀ ਵਰਤੋਂ ਕੀਤੀ ਜਾਂਦੀ ਹੈ। ਵਪਾਰਕ ਸ਼੍ਰੇਣੀ ਦੇ ਤੇਜ਼ਾਬ ਦੀ ਵਰਤੋਂ ਸੋਧ ਕਰਨ ਲਈ ਕੀਤੀ ਜਾ ਸਕਦੀ ਹੈ।
(1) ਹਾਈਡ੍ਰੋਕਲੋਰਿਕ ਐਸਿਡ (HCL)-35%
(2) ਨਾਈਟ੍ਰਿਕ ਐਸਿਡ (HNO3)-33%
(3) ਗੰਧਕ ਦਾ ਤੇਜ਼ਾਬ (H2SO4)-65%
(4) ਅੋਰਥੋਫਾਸਫੋਰਿਕ ਦਾ (H3PO4)-85%
ਜ਼ਿਆਦਾਤਰ ਹਾਲਤਾਂ ਵਿੱਚ ਹਾਈਡ੍ਰੋਕਲੋਰਿਕ ਐਸਿਡ ਦੀ ਵਰਤੋਂ ਕਾਰਗਰ ਸਾਬਿਤ ਹੁੰਦੀ ਹੈ ਅਤੇ ਇਹ ਬਾਕੀ ਦੇ ਤੇਜਾਬਾਂ ਤੋਂ ਸਸਤਾ ਹੈ। ਪਰੰਤੂ ਇਸ ਦੀ ਵਰਤੋਂ ਅਜਿਹੀਆਂ ਫਸਲਾਂ ਵਿੱਚ ਨਹੀਂ ਕੀਤੀ ਜਾ ਸਕਦੀ ਜੋ ਕਲੋਰਾਈਡ ਤੱਤ ਲਈ ਸਹਿਣਸ਼ੀਲ ਨਹੀਂ ਹਨ। ਅਜਿਹੀ ਸਥਿਤੀ ਵਿੱਚ ਨਾਈਟ੍ਰਿਕ ਐਸਿਡ ਜਾਂ ਗੰਧਕ ਦੇ ਤੇਜ਼ਾਬ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜਿਨ੍ਹਾਂ ਹਾਲਤਾਂ ਵਿੱਚ ਪਾਣੀ ਵਿੱਚ ਘੁਲਿਆ ਕੈਲਸ਼ੀਅਮ ਜਾਂ ਮੈਗਨੀਸ਼ੀਅਮ ਦੀ ਸੰਘਣਤਾ 500ਪੀ.ਪੀ.ਐੱਮ ਤੋਂ ਜ਼ਿਆਦਾ ਹੋਵੇ ਉੱਥੇ ਗੰਧਕ ਦਾ ਤੇਜ਼ਾਬ ਨਾ ਵਰਤੋ।
ਤੁਪਕਾ ਸਿੰਚਾਈ ਪ੍ਰਣਾਲੀ ਦੀ ਤੇਜ਼ਾਬ ਰਾਹੀਂ ਸੋਧ ਕਲੋਰੀਨੇਸ਼ਨ ਕਰਨ ਤੋਂ ਪਹਿਲਾਂ ਕਰਨੀ ਚਾਹੀਦੀ ਹੈ, ਕਿਉਂਕਿ ਕਲੋਰੀਨੇਸ਼ਨ ਦੇ ਚੰਗੇ ਪ੍ਰਭਾਵ ਲਈ 6.5 ਤੋਂ 8.5 ਤੱਕ ਦਾ ਖਾਰੀ ਅੰਗ ਲੋੜੀਂਦਾ ਹੈ। ਜੇਕਰ ਪਾਣੀ ਵਿੱਚ ਲੋਹੇ ਦੀ ਮਾਤਰਾ ਜ਼ਿਆਦਾ ਹੋਵੇ ਤਾਂ ਅਜਿਹੀ ਹਾਲਤ ਵਿੱਚ ਆਰਥੋਫਾਸਫੋਰਿਕ ਐਸਿਡ ਦੀ ਵਰਤੋਂ ਨਾ ਕਰੋ, ਕਿਉਂਕਿ ਇਸ ਨਾਲ ਲੋਹਾ ਫਾਸਫੋਰਿਕ ਐਸਿਡ ਨਾਲਕਿਰਿਆ ਕਰਕੇ ਪ੍ਰੈਸੀਪੀਟੇਟ ਬਣਾ ਦਿੰਦਾ ਹੈ। ਤੇਜਾਬ ਰਾਹੀਂ ਸੋਧ ਕਰਨ ਤੋਂ ਪਹਿਲਾਂ ਅੱਖਾਂ ਤੇ ਐਨਕਾਂ ਅਤੇ ਹੱਥਾਂ ਤੇ ਰਬੜ ਦੇ ਦਸਤਾਨੇ ਪਹਿਨ ਲਵੋ। ਕਦੇ ਵੀ ਪਾਣੀ ਨੂੰ ਤੇਜਾਬ ਵਿੱਚ ਨਾ ਪਾਓ, ਸਗੋਂ ਤੇਜ਼ਾਬ ਨੂੰ ਪਾਣੀ ਵਿੱਚ ਪਾਓ। ਤੇਜਾਬ ਦੇ ਘੋਲ ਬਨਾਉਣ ਲਈ ਪਲਾਸਟਿਕ ਦੇ ਭਾਂਡੇ ਦੀ ਵਰਤੋਂ ਕਰੋ। ਸਥਿਤੀ ਮੁਤਾਬਿਕ ਸਭ ਤੋਂ ਉਪਯੋਗੀ ਤੇਜ਼ਾਬ ਲੱਭ ਕੇ, ਹੇਠਾਂ ਦਿੱਤੇ ਅਨੁਸਾਰ ਵਰਤੋ।
ਤੇਜ਼ਾਬ ਦੀ ਪਾਣੀ ਵਿੱਚ ਜਾਣ ਵਾਲੀ ਮਾਤਰਾ ਨਿਰਧਾਰਤ ਕਰਨਾ
ਇੱਕ ਪਲਾਸਟਿਕ ਦੀ ਬਾਲਟੀ ਵਿੱਚ 10 ਲਿਟਰ ਪਾਣੀ ਲਓ ਅਤੇ ਹੌਲੀ-ਹੌਲੀ ਥੋੜੀ ਮਾਤਰਾ ਵਿੱਚ ਤੇਜਾਬ ਪਾਉਂਦੇ ਜਾਓ, ਨਾਲ ਹੀ ਖਾਰੀ ਅੰਗ (ਪੀ.ਐਚ) ਦੀ ਗਿਣਤੀ ਕਰੋ। ਜਦੋਂ ਪਾਣੀ ਦਾ ਲੋਂੜੀਂਦਾ ਖਾਰੀ ਅੰਗ (ਪੀ.ਐਚ) 2.0 ਤੇ ਪਹੁੰਚ ਜਾਵੇ ਤਾਂ ਪਾਈ ਗਈ ਤੇਜ਼ਾਬ ਦੀ ਮਾਤਰਾ ਨੋਟ ਕਰੋ। ਹੁਣ ਤੁਪਕਾ ਸਿੰਚਾਈ ਸਿਸਟਮ ਵਿੱਚ ਇਹ ਖਾਰੀ ਅੰਗ ਪ੍ਰਾਪਤ ਕਰਨ ਲਈ ਪਹਿਲਾਂ ਵਰਤੀ ਗਈ ਤੇਜ਼ਾਬ ਦੀ ਮਾਤਰਾ ਨੂੰ 100 ਨਾਲ ਗੁਣਾ ਕਰੋ ਅਤੇ ਇਸ ਨੂੰ ਤੁਪਕਾ ਸਿੰਚਾਈ ਰਾਹੀਂ ਪ੍ਰਵਾਹਿਤ ਹੋਣ ਵਾਲੇ 1 ਮੀਟਰ3 (1000 ਲਿਟਰ) ਪਾਣੀ ਵਿੱਚ ਪਾਓ।
ਉਦਾਹਰਣ:-
• 10 ਲਿਟਰ ਪਾਣੀ ਦੀ ਬਾਲਟੀ ਵਿੱਚ ਖਾਰੀ ਅੰਗ (2.0) ਕਰਨ ਲਈ ਲੋੜੀਂਦੀ ਤੇਜਾਬ ਦੀ ਮਾਤਰਾ= 12ਸੀ.ਸੀ.
• 12 ਸੀ.ਸੀ× 100 =1200ਕਿਉਬਿਕ ਸੈਂਟੀਮੀਟਰ =1.2 ਲਿਟਰ
• ਤੁਪਕਾ ਸਿੰਚਾਈ ਪ੍ਰਣਾਲੀ ਰਾਹੀਂ ਪ੍ਰਵਾਹਿਤ ਹੋਣ ਵਾਲੇ ਇਕ ਘਣਮੀਟਰ (1 ਮੀਟਰ3) ਪਾਣੀ ਲਈ 1.2 ਲਿਟਰ ਤੇਜਾਬ ਪਾਓ।
• ਤੁਪਕਾ ਸਿੰਚਾਈ ਸਿਸਟਮ ‘ਚੋਂ ਪਾਣੀ ਦਾ ਵਹਾਅ (ਸੋਧਿਤ ਹਿੱਸੇ) = 10 ਘਣਮੀਟਰ/ਪ੍ਰਤੀ ਘੰਟਾ ਜਾਂ 10 ਮੀਟਰ3/ਪ੍ਰਤੀ ਘੰਟਾ
• ਤੁਪਕਾ ਸਿੰਚਾਈ ਰਾਹੀਂ 15 ਮਿੰਟ ਸੋਧ ਸਮੇਂ ਵਗਣ ਵਾਲੇ ਪਾਣੀ ਦੀ ਮਾਤਰਾ = 2.5 ਮੀਟਰ3
• ਲੋੜੀਂਦੀ ਤੇਜ਼ਾਬ ਦੀ ਮਾਤਰਾ=1.2 ਲਿਟਰ × 2.5 = 3.0 ਲਿਟਰ
• ਇੰਜੈਕਟਰ ਦਾ ਵੱਧ ਤੋਂ ਵੱਧ ਡਿਸਚਾਰਜ= 80 ਲਿਟਰਪ੍ਰਤੀ ਘੰਟਾ
• ਤੇਜ਼ਾਬੀ ਘੋਲ ਦੀ ਲੋੜੀਂਦੀ ਕੁੱਲ ਮਾਤਰਾ = (1/4ਯ80 ਲਿਟਰ) = 20 ਲਿਟਰ
• 20 ਲਿਟਰ ਤੇਜ਼ਾਬੀ ਘੋਲ ਲਈ 3 ਲਿਟਰ ਤੇਜਾਬ+ 17 ਲਿਟਰ ਪਾਣੀ
• ਤੇਜਾਬੀ ਘੋਲ ਨੂੰ ਪਾਉਣ ਦਾ ਸਮਾਂ=15 ਮਿੰਟ (20 ਲਿਟਰ ਘੋਲ, 80 ਲਿਟਰ ਪ੍ਰਤੀ ਘੰਟੇ ਦੇ ਇੰਜੈਕਟਰ ਰਾਹੀਂ ਪਾਉਣਾ ਹੈ।
(1) ਤੇਜਾਬ ਪਾਉਣ ਉਪਰੰਤ, ਤੇਜਾਬੀ ਘੋਲ ਵਾਲੇ ਪਾਣੀ ਨੂੰ ਪਾਈਪ ਵਿੱਚ ਜੰਮੇ ਹੋਏ ਲੂਣਾਂ ਨਾਲ ਘੱਟੋ-ਘੱਟ 4 ਤੋਂ 6 ਘੰਟੇ ਲਈ ਕਿਰਿਆ ਕਰਨ ਦਿਓ। ਚੰਗੇ ਨਤੀਜੇ ਲੈਣ ਲਈ ਇਸ ਘੋਲ ਨੂੰ 24 ਘੰਟੇ ਤੱਕ ਪਾਈਪਾਂ ਵਿੱਚ ਰੱਖਣ ਨੂੰ ਤਰਜੀਹ ਦਿਓ। ਇਸ ਤੋਂ ਉਪਰੰਤ ਲੇਟਰਲ ਦੇ ਸਿਰੇ ਖੋਲ ਦਿਓ ਅਤੇ ਸਬਮੇਨ ਵਾਲਵ ਵੀ ਫ਼ਲੱਸ਼ ਕਰੋ। ਹੁਣ ਤੁਪਕਾ ਸਿੰਚਾਈ ਵਾਲੇ ਪੰਪ ਨੂੰ ਚਲਾ ਕੇ ਪਾਣੀ ਨੂੰ ਵਗਣ ਦਿਓ। ਹੁਣ ਨਿਰਧਾਰਿਤ ਕੀਤੇ ਜਾਂ ਨਿਸ਼ਾਨਦੇਹੀ ਵਾਲੇ ਡਰਿਪਰ ਵਿੱਚੋਂ ਰਿਸਣ ਵਾਲੇ ਪਾਣੀ ਦੀ ਮਿਣਤੀ ਕਰੋ। ਮੇਨ, ਸਬਮੇਨ ਅਤੇ ਲੇਟਰਲ ਪਾਈਪਾਂ ਨੂੰ ਸਾਫ਼ ਪਾਣੀ ਨਾਲ ਫਲੱਸ਼/ਸਾਫ਼ ਕਰੋ। ਜੇਕਰ ਅਜਿਹਾ ਕਰਨ ਨਾਲ ਡਰਿਪਰ ਚੋਂ ਹੋਣ ਵਾਲੇ ਪਾਣੀ ਦੇ ਰਿਸਾਅ ਵਿੱਚ ਫਰਕ ਨਹੀਂ ਆ ਰਿਹਾ ਤਾਂ ਫਿਰ ਤੋਂ ਦੁਹਰਾਓ।
(2) ਤੇਜਾਬ ਰਾਹੀਂ ਸੋਧ ਕਰਨ ਦਾ ਕੰਮ ਖਤਮ ਹੋਣ ਤੇ ਸਾਰੇ ਸੰਦ ਅਤੇ ਬਰਤਨਾਂ ਨੂੰ ਸਾਫ਼ ਪਾਣੀ ਨਾਲ ਧੋ ਲਵੋ, ਇਸ ਤੋਂ ਉਪਰੰਤ ਸਾਫ਼ ਕਪੜੇ ਨਾਲ ਤੇਜਾਬ ਦੇ ਬਚੇ ਖੁਚੇ ਹਿੱਸੇ ਨੂੰ ਉਤਾਰ ਦਿਓ। ਜੇਕਰ ਵੇਖਣ ਵਿੱਚ ਇਹ ਆਉਂਦਾ ਹੈ ਕਿ ਡਰਿਪਰ ਦੇ ਬੰਦ ਹੋਣ ਦਾ ਕਾਰਨ ਕਾਈ ਜਾਂ ਕੋਈ ਹੋਰ ਕਾਰਨਹੋਵੇ ਤਾਂ ਕਲੋਰੀਨੇਸ਼ਨ ਵਿਧੀ ਰਾਹੀਂ ਪਾਣੀ ਦੀ ਸੋਧ ਕਰੋ।
(3) ਸੋਧ ਕਰਨ ਤੋਂ ਬਾਅਦ ਪਹਿਲਾ ਪਾਣੀ ਦਿੰਦੇ ਸਮੇਂ, ਤੁਪਕਾ ਸਿੰਚਾਈ ਪ੍ਰਣਾਲੀ ਨੂੰ ਆਮ ਪਾਣੀ ਦੇਣ ਦੇ ਸਮੇਂ ਤੋਂ ਅੱਧਾ ਘੰਟਾ ਵੱਧ ਸਮੇਂ ਤੱਕ ਚਲਾਓ ਤਾਂ ਜੋ ਫਾਲਤੂ ਤੇਜ਼ਾਬ ਦੀ ਮਾਤਰਾ ਫ਼ਸਲ ਦੀਆਂ ਜੜ੍ਹਾਂ ਦੇ ਘੇਰੇ ਤੋਂ ਦੂਰ ਹੋ ਜਾਵੇ।
ਇਹ ਵੀ ਪੜ੍ਹੋ: Paddy Straw: ਝੋਨੇ ਦੀ ਪਰਾਲੀ ਦੀ ਸੰਭਾਲ ਕਿਉਂ ਜ਼ਰੂਰੀ ਅਤੇ ਇਸ ਵਿੱਚ ਕਣਕ ਦੀ ਸੁਚੱਜੀ ਬਿਜਾਈ ਨਾਲ ਕਿਸਾਨਾਂ ਨੂੰ ਕਿਵੇਂ ਤੇ ਕਿੰਨਾ ਫਾਇਦਾ?
ਜੇਕਰ ਪਾਣੀ ਵਿੱਚ ਲੋਹਾ ਜਾਂ ਮੈਂਗਨੀਜ਼ ਜ਼ਿਆਦਾ ਮਾਤਰਾ ਵਿੱਚ ਹੋਣ ਤਾਂ, ਪਾਣੀ ਦੇ ਹਵਾ ਦੇ ਸੰਪਰਕ ਵਿੱਚ ਆਉਣ ਨਾਲ ਔਕਸੀਡੇਸ਼ਨ ਤੇਜ਼ ਹੋਣ ਕਾਰਨਪ੍ਰਸਪੀਟੈਂਟ ਜਲਦੀ ਬਣਦੇ ਹਨ। ਅਜਿਹੀ ਸਥਿਤੀ ਵਿੱਚ ਸੈਟਲਮੈਂਟ ਟੈਂਕ ਦੀ ਵਰਤੋਂ ਕਰੋ ਤਾਂ ਜੋ ਪਾਣੀ ਸੈਟਲਮੈਂਟ ਟੈਂਕ ਵਿੱਚ ਭਰਨ ਸਮੇਂ ਹਵਾ ਦੇ ਸੰਪਰਕ ਵਿੱਚ ਆਵੇ। ਹੁਣ ਪੰਪ ਲਈ ਲੋੜੀਂਦਾ ਪਾਣੀ ਸੈਟਲਮੈਂਟ ਟੈਂਕ ਤੋਂ ਲਓ। ਕਲੋਰੀਨੇਸ਼ਨ ਵਿਧੀ ਹਵਾ ਦੇ ਨਾਲ ਕਰਨ ਨਾਲ ਅੋਕਸੀਡੇਸ਼ਨ ਕਿਰਿਆ ਦੀ ਗਤੀ ਵੱਧ ਹੁੰਦੀ ਹੈ। ਇੱਥੇ ਇਹ ਗੱਲ ਨੋਟ ਕਰਨ ਯੋਗ ਹੈ ਕਿ ਮੈਗਨੀਜ ਦੀਆਂ ਅਸ਼ੁੱਧੀਆਂ ਕਲੋਰੀਨ ਨਾਲ ਹੋਲੀ ਕਿਰਿਆ ਕਰਦੀਆਂ ਹਨ ਅਤੇ ਅਜਿਹਾ ਹੋਣ ਨਾਲ ਮੇਨ ਫਿਲਟਰ ਦੇ ਬੰਦ ਹੋਣ ਦਾ ਖਦਸ਼ਾ ਰਹਿੰਦਾ ਹੈ।
ਅਜਿਹੇ ਹਾਲਤਾਂ ਵਿੱਚ ਕਿਰਿਆ ਪੂਰੀ ਕਰਨ ਲਈ ਕੁਝ ਵੱਧ ਸਮਾਂ ਦਿੱਤਾ ਜਾ ਸਕਦਾ ਹੈ ਤਾਂ ਜੋ ਪ੍ਰੋਸੀਪੀਟੇਸ਼ਨ ਪੂਰੀ ਹੋ ਸਕੇ ਜਾਂ ਹਰੇਕ ਪਲਾਟ ਤੇ ਸੈਕੰਡਰੀ ਫਿਲਟਰ ਲਾਇਆ ਜਾ ਸਕਦਾ ਹੈ ਤਾਂ ਜੋ ਡਰਿਪਰ ਬੰਦ ਨਾ ਹੋ ਸਕੇ। ਇਸ ਤਰ੍ਹਾਂ ਬੰਦ ਹੋਏ ਡਰਿਪਰ ਨੂੰ ਕਿਸੇ ਰਸਾਇਣਕ ਵਿਧੀ ਦੀ ਵਰਤੋਂ ਰਾਹੀਂ ਨਹੀਂ ਖੋਲਿਆ ਜਾ ਸਕਦਾ।
ਕਲੋਰੀਨੇਸ਼ਨ ਸੋਧ ਦੀ ਵਿਧੀ
ਕਲੋਰੀਨ ਦੀ ਵਰਤੋਂ ਨਾਲ ਬੈਕਟੀਰੀਆ ਅਤੇ ਕਾਈ ਜਿਹੇ ਛੋਟੇ ਜੀਵਾਂ ਨੂੰ ਮਾਰਿਆ ਜਾਂਦਾ ਹੈ। ਕਲੋਰੀਨ ਪਾਉਣ ਨਾਲ ਲਾਈਨਾਂ ਦਾ ਬੰਦ ਹੋਣਾ ਘੱਟ ਹੋਵੇਗਾ ਅਤੇ ਲੇਟਰਲ ਪਾਈਪਾਂ ਵਿੱਚ ਸਾਫ਼ ਪਾਣੀ ਦਾ ਵਹਾਅ ਹੋਵੇਗਾ। ਇਸ ਸੋਧ ਵਿਧੀ ਦੀ ਵਰਤੋਂ ਵਿੱਚੋਂ -ਵਿੱਚੋਂ ਕਰਦੇ ਰਹਿਣਾ ਚਾਹੀਦਾ ਹੈ ਜਾਂ ਅਜਿਹੇ ਪਾਣੀ ਜਿੰਨਾਂ ਵਿੱਚ ਜੇਵਿਕ ਮਾਦੇ ਦੀ ਬਹੁਤਾਤ ਹੁੰਦੀ ਹੈ, ਉੱਥੇ ਇਸ ਦੀ ਵਰਤੋਂ ਪ੍ਰਹੇਜ ਦੇ ਤੌਰ ਤੇ ਕੀਤੀ ਜਾ ਸਕਦੀ ਹੈ।ਕੋਲਰੀਨੇਸ਼ਨ ਇੰਜੈਕਸ਼ਨ ਕਲੋਗਿੰਗ ਨੂੰ ਘਟਾਉਂਦਾ ਹੈ ਅਤੇ ਪਾਣੀ ਵਾਲੀਆਂ ਨਾਲੀਆਂ ਸਾਫ਼ ਰੱਖਣ ਵਿੱਚ ਸਹਾਇਤਾ ਕਰਦਾ ਹੈ। ਕਲੋਰੀਨੇਸ਼ਨ ਲਈ ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਪਦਾਰਥ ਸੋਡੀਅਮ ਹਾਈਪੋਕਲੋਰਾਈਟ ਹੈ ਜਿਸ ਵਿੱਚ 10 ਤੋਂ 12 ਪ੍ਰਤੀਸ਼ਤ ਕਲੋਰੀਨ ਹੁੰਦੀ ਹੈ।
ਇਹ ਵੀ ਪੜ੍ਹੋ: Expert Advice: ਸਮਝੋ ਸਰ੍ਹੋਂ ਦੀ ਸਫਲ ਕਾਸ਼ਤ ਦਾ ਪੂਰਾ ਗਣਿਤ, ਵਧੇਰੇ ਝਾੜ ਲਈ ਅਜ਼ਮਾਓ ਇਹ ਫਾਰਮੂਲਾ, ਮਿਲਣਗੇ ਸ਼ਾਨਦਾਰ ਕਵਾਲਿਟੀ ਦੇ ਵਜ਼ਨਦਾਰ ਦਾਣੇ: Rajvir Thind
ਉਦਾਹਰਣ:-
• ਤੁਪਕਾ ਸਿੰਚਾਈ ਸਿਸਟਮ ਤੋਂ ਹੋਣ ਵਾਲੇ ਪਾਣੀ ਦਾ ਰਿਸਾਅ (ਸੋਧਿਤ ਹਿੱਸਾ) = 10 ਘਣ ਮੀਟਰ/ਪ੍ਰਤੀ ਘੰਟਾ (10 ਮੀਟਰ3 ਘੰਟਾ)
• ਇੰਜੈਕਸ਼ਨ ਵਾਲੀ ਥਾਂ ਤੇ ਕਲੋਰੀਨ ਦੀ ਸੰਘਣਤਾ= 10ਪੀ.ਪੀ.ਐੱਮ
• ਲੋੜੀਂਦੀ ਕਲੋਰੀਨ ਦੀ ਮਾਤਰਾ = 10 ਪੀ.ਪੀ.ਐੱਮ. 10 ਮੀਟਰ3/ ਘੰਟਾ 10%/10= 1.0 ਲੀਟਰ
• ਇੰਜੈਕਟਰ ਦਾ ਵੱਧ ਤੋਂ ਵੱਧ ਡਿਸਚਾਰਜ = 80ਲਿਟਰ ਘੰਟਾ
• ਘੋਲ ਤਿਆਰ ਕਰਨ ਲਈ1 ਲਿਟਰ ਸੋਡੀਅਮ ਹਾਈਪ੍ਰੋਕਲੋਰਾਈਟ ਨੂੰ79 ਲਿਟਰ ਪਾਣੀ ਵਿੱਚ ਘੋਲ ਕੇ ਘੋਲ ਤਿਆਰ ਕਰੋ।
• 10ਪੀ.ਪੀ.ਐਮ ਕਲੋਰੀਨ ਵਾਲਾ ਇਹ ਘੋਲ ਹੁਣ ਇੱਕ ਘੰਟੇ ਵਿੱਚ ਤੁਪਕਾ ਸਿੰਚਾਈ ਸਿਸਟਮ ‘ਚ ਪ੍ਰਵਾਹਿਤ ਕੀਤਾ ਜਾ ਸਕਦਾ ਹੈ।
ਕਲੋਰੀਨੇਸ਼ਨ ਸਮੇਂ ਸਾਵਧਾਨੀਆਂ
(1) ਕਲੋਰੀਨ ਦਾ ਘੋਲ ਮਨੁੱਖ ਅਤੇ ਪਸ਼ੂਆ ਲਈ ਜ਼ਹਿਰੀਲਾ ਹੈ।
(2) ਕਲੋਰੀਨ ਦੇ ਕਿਸੇ ਵੀ ਪਦਾਰਥ ਜਾਂ ਕਲੋਰੀਨ ਗੈਸ ਦੇ ਸਿੱਧੇ ਸੰਪਰਕ ਵਿੱਚ ਸਰੀਰ ਦੇ ਕਿਸੇ ਵੀ ਅੰਗ ਚਮੜੀ, ਅੱਖਾਂ, ਨੱਕ ਅਤੇ ਮੂੰਹ ਆਦਿ ਨੂੰ ਨਾ ਆਉਣ ਦਿਓ, ਕਿਉਂਕਿ ਇਹ ਜਹਿਰੀਲੀ ਹੁੰਦੀ ਹੈ।
(3) ਕਲੋਰੀਨੇਸ਼ਨ ਵਿਧੀ ਰਾਹੀਂ ਸੋਧ ਕਰਦੇ ਸਮੇਂ ਐਨਕਾਂ, ਹੱਥਾਂ ਦੇ ਦਸਤਾਨੇ ਅਤੇ ਪੂਰੀ ਤਰ੍ਹਾਂ ਬੰਦ ਜੁੱਤੀ ਪਹਿਨੋ।
ਸਰੋਤ: ਡਾ. ਜੁਗਰਾਜ ਸਿੰਘ, ਡਾ. ਦੇਂਨੇਸਵਰ ਮਦਨੇ, ਡਾ. ਰਾਕੇਸ਼ ਸ਼ਾਰਦਾ
Summary in English: Basic knowledge of Drip Irrigation System is mandatory, Learn how to repair and maintain it