Nutrient Deficiency in Wheat Crop: ਵਿਗਿਆਨਕ ਖੋਜ ਮੁਤਾਬਕ ਹਰ ਬੂਟੇ ਨੂੰ ਆਪਣਾ ਜੀਵਨ ਕਾਲ (ਬੀਜ ਪੁੰਗਰਨ ਤੋਂ ਲੈ ਕੇ ਮੁੜ ਬੀਜ ਬਣਨ ਤੱਕ) ਪੂਰਾ ਕਰਨ ਲਈ ਵੱਖ-ਵੱਖ ਖੁਰਾਕੀ ਤੱਤਾਂ ਦੀ ਜ਼ਰੂਰਤ ਹੁੰਦੀ ਹੈ। ਇਹਨਾਂ ਤੱਤਾਂ ਨੂੰ ਵੱਡੇ ਅਤੇ ਸੂਖ਼ਮ ਤੱਤਾਂ ਵਿੱਚ ਵੰਡਿਆ ਗਿਆ ਹੈ। ਨਾਈਟ੍ਰੋਜਨ, ਫ਼ਾਸਫ਼ੋਰਸ ਅਤੇ ਪੋਟਾਸ਼ੀਅਮ ਬੂਟਿਆਂ ਨੂੰ ਵੱਧ ਮਾਤਰਾ ਵਿੱਚ ਲੋੜੀਂਦੇ ਹਨ, ਇਸ ਲਈ ਇਹਨਾਂ ਨੂੰ ਵੱਡੇ ਖ਼ੁਰਾਕੀ ਤੱਤ ਕਿਹਾ ਜਾਂਦਾ ਹੈ। ਇਹਨਾਂ ਦੀ ਤੁਲਨਾ ਵਿੱਚ ਸੂਖਮ ਤੱਤ ਬੂਟਿਆਂ ਨੂੰ ਬਹੁਤ ਘੱਟ ਮਾਤਰਾ ਵਿੱਚ ਲੋੜੀਂਦੇ ਹਨ।
ਬੂਟਿਆਂ ਦੇ ਜੀਵਨ ਵਿੱਚ ਇਹਨਾਂ ਸਾਰੇ ਹੀ ਤੱਤਾਂ ਦਾ ਅਹਿਮ ਯੋਗਦਾਨ ਹੈ। ਕਿਸੇ ਇੱਕ ਤੱਤ ਦੀ ਜ਼ਮੀਨ ਵਿੱਚ ਵੱਧ ਮਾਤਰਾ, ਕਿਸੇ ਦੂਜੇ ਤੱਤ ਦੀ ਘਾਟ ਨੂੰ ਪੂਰਾ ਨਹੀਂ ਕਰ ਸਕਦੀ। ਇਸ ਲਈ ਹਰ ਤੱਤ ਦੇ ਸਹੀ ਮਾਤਰਾ ਵਿੱਚ ਜ਼ਮੀਨ ਵਿੱਚ ਹੋਣ ਨਾਲ ਹੀ ਫ਼ਸਲਾਂ ਤੋਂ ਪੂਰਾ ਝਾੜ ਲਿਆ ਜਾ ਸਕਦਾ ਹੈ। ਪਰ ਕਿਸਾਨ ਵੀਰ ਫ਼ਸਲਾਂ ਵਿੱਚ ਰਸਾਇਣਕ ਖਾਦਾਂ ਦੀ ਵਰਤੋਂ ਬਿਨ੍ਹਾਂ ਮਿੱਟੀ ਪਰਖ਼ ਕਰਵਾਏ ਹੀ ਕਰ ਰਹੇ ਹਨ। ਜਿਸ ਕਾਰਨ ਫ਼ਸਲਾਂ ਤੋਂ ਪੂਰਾ ਝਾੜ ਨਹੀਂ ਮਿਲਦਾ। ਬਿਨ੍ਹਾਂ ਮਿੱਟੀ ਪਰਖ਼ ਕਰਵਾਇਆਂ ਜ਼ਮੀਨ ਵਿੱਚ ਕਈ ਤੱਤਾਂ ਦੀ ਮਾਤਰਾ ਲੋੜ ਤੋਂ ਵੱਧ ਅਤੇ ਕਈਆਂ ਦੀ ਲੋੜ ਤੋਂ ਘੱਟ ਹੋ ਜਾਂਦੀ ਹੈ। ਪਰ ਕਈ ਵਾਰ ਕਣਕ ਦੀ ਖੜ੍ਹੀ ਫਸਲ ਵਿੱਚ ਖੁਰਾਕੀ ਤੱਤਾਂ ਦੀ ਘਾਟ ਆ ਜਾਂਦੀ ਹੈ। ਇਸ ਖੁਰਾਕੀ ਤੱਤਾਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ:
ਮੈਂਗਨੀਜ਼ ਦੀ ਘਾਟ
ਇਸ ਤੱਤ ਦੀ ਘਾਟ ਜ਼ਿਆਦਾਤਰ ਰੇਤਲੀ ਜ਼ਮੀਨਾਂ ਵਿੱਚ ਆਉਂਦੀ ਹੈ। ਇਸ ਤੱਤ ਦੀ ਘਾਟ ਨਾਲ ਕਣਕ ਦੇ ਬੂਟੇ ਦੇ ਵਿਚਕਾਰਲੇ ਪੱਤਿਆਂ ਦੀਆਂ ਨਾੜੀਆਂ ਦੇ ਦਰਮਿਆਨ ਵਾਲੀ ਥਾਂ 'ਤੇ ਹਲਕੇ ਪੀਲੇ ਸਲੇਟੀ ਰੰਗ ਤੋਂ ਗੁਲਾਬੀ ਭੂਰੇ ਰੰਗ ਵਿੱਚ ਦਿਖਾਈ ਦਿੰਦੀਆਂ ਹਨ।ਪੱਤਿਆਂ ਦੇ ਹੇਠਲੇ 2/3 ਹਿੱਸੇ ਤੇ ਭਿੰਨ-ਭਿੰਨ ਆਕਾਰ ਦੇ ਧੱਬੇ ਨਜ਼ਰ ਆਉਂਦੇ ਹਨ ।ਬਾਅਦ ਵਿੱਚ ਇਹ ਧੱਬੇ ਨਾੜੀਆਂ ਵਿਚਕਾਰ, ਜਿਹੜੀਆਂ ਕਿ ਹਰੀਆਂ ਰਹਿੰਦੀਆਂ ਹਨ, ਇਕੱਠੇ ਹੋ ਕੇ ਇੱਕ ਲੰਮੀ ਧਾਰੀ ਜਾਂ ਗੋਲ ਆਕਾਰ ਧਾਰਨ ਕਰ ਲੈਂਦੇ ਹਨ।ਮੈਂਗਨੀਜ਼ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ 0.5% ਮੈਗਨੀਜ਼ ਸਲਫ਼ੇਟ (ਇੱਕ ਕਿਲੋ ਮੈਂਗਨੀਜ਼ ਸਲਫ਼ੇਟ 200 ਲਿਟਰ ਪਾਣੀ ਵਿੱਚ) ਦਾ ਇੱਕ ਛਿੜਕਾਅ ਪਹਿਲੇ ਪਾਣੀ ਤੋਂ 2-4 ਦਿਨ ਪਹਿਲਾਂ ਅਤੇ 3 ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਨਾਲ ਬਾਅਦ ਵਿੱਚ ਧੁੱਪ ਵਾਲੇ ਦਿਨਾਂ ਵਿੱਚ ਕਰੋ।
ਇਹ ਵੀ ਪੜ੍ਹੋ: EXPERT ADVICE: ਘੱਟ ਤਾਪਮਾਨ ਅਤੇ ਵਧੇਰੇ ਨਮੀਂ ਆਲੂਆਂ ਅਤੇ ਟਮਾਟਰਾਂ ਦੀ ਫਸਲ 'ਤੇ ਪਿਛੇਤੇ ਝੁਲਸ ਰੋਗ ਦਾ ਕਾਰਨ, ਬਚਾਅ ਲਈ ਦਿੱਤੇ ਸੁਝਾਅ
ਜ਼ਿੰਕ ਦੀ ਘਾਟ
ਸਾਉਣੀ ਦੀ ਫਸਲ ਵਿੱਚ ਜੇਕਰ ਜ਼ਿੰਕ ਸਲਫੇਟ ਦੀ ਸਿਫਾਰਿਸ਼ ਮਾਤਰ ਪਾਈ ਹੋਵੇ ਤਾਂ ਕਣਕ ਦੀ ਬੀਜੀ ਫਸਲ ਵਿੱਚ ਜ਼ਿੰਕ ਦੀ ਕੋਈ ਲੋੜ ਨਹੀਂ ਹੈ। ਇਸ ਤੱਤ ਦੀ ਘਾਟ ਨਾਲ ਕਣਕ ਦੇ ਬੂਟਿਆਂ ਦਾ ਵਾਧਾ ਰੁਕ ਜਾਂਦਾ ਹੈ ਅਤੇ ਬੂਟੇ ਝਾੜੀ ਵਰਗੇ ਬਣ ਜਾਂਦੇ ਹਨ। ਪੱਤੇ ਲੱਕ ਵਿਚਕਾਰੋਂ ਪੀਲੇ ਪੈ ਜਾਦੇ ਹਨ ਅਤੇ ਬਾਅਦ ਵਿੱਚ ਉਥੋਂ ਟੁੱਟ ਕੇ ਲਮਕ ਜਾਂਦੇ ਹਨ। ਇਸ ਤੱਤ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ ਬਿਜਾਈ ਸਮੇਂ 25 ਕਿਲੋ ਜ਼ਿੰਕ ਸਲਫੇਟ (21% ਜ਼ਿੰਕ) ਪ੍ਰਤੀ ਏਕੜ ਜ਼ਮੀਨ ਵਿੱਚ ਛੱਟੇ ਨਾਲ ਪਾਓ। ਜ਼ਿੰਕ ਦੀ ਘਾਟ ਫ਼ਸਲ ਉਤੇ ਜ਼ਿੰਕ ਸਲਫ਼ੇਟ (0.5%) ਦੀ ਸਪਰੇਅ ਕਰਨ ਨਾਲ ਵੀ ਪੂਰੀ ਕੀਤੀ ਜਾ ਸਕਦੀ ਹੈ। ਇੱਕ ਏਕੜ ਲਈ ਇੱਕ ਕਿਲੋ ਜ਼ਿੰਕ ਸਲਫ਼ੇਟ ਤੇ ਅੱਧਾ ਕਿਲੋ ਅਣਬੁਝਿਆ ਚੂਨਾ 200 ਲਿਟਰ ਪਾਣੀ ਵਿੱਚ ਘੋਲ ਕੇ 15 ਦਿਨਾਂ ਦੀ ਵਿੱਥ ਤੇ 2-3 ਵਾਰ ਛਿੜਕਾਅ ਕਰੋ।
ਇਹ ਵੀ ਪੜ੍ਹੋ: Tomato Crop: ਟਮਾਟਰ ਦੀ ਫ਼ਸਲ ਵਿੱਚ ਕੀੜਿਆਂ ਦੀ ਸਰਵਪੱਖੀ ਰੋਕਥਾਮ ਅਤੇ ਸਾਵਧਾਨੀਆਂ ਬਾਰੇ ਜਾਣੋ
ਗੰਧਕ ਦੀ ਘਾਟ
ਇਸ ਤੱਤ ਦੀ ਘਾਟ ਰੇਤਲੀਆਂ ਜ਼ਮੀਨਾਂ ਵਿੱਚ ਆਉਂਦੀ ਹੈ। ਇਸ ਤੱਤ ਦੀ ਘਾਟ ਦੀਆਂ ਨਿਸ਼ਾਨੀਆਂ ਸਭ ਤੋਂ ਪਹਿਲਾਂ ਨਵੇਂ ਪੱਤਿਆਂ 'ਤੇ ਦਿਖਾਈ ਦਿੰਦੀਆਂ ਹਨ। ਪੱਤਿਆਂ ਦਾ ਹਰਾ ਰੰਗ ਖਰਾਬ ਹੋ ਜਾਂਦਾ ਹੈ। ਨਾਈਟਰੋਜਨ ਦੀ ਘਾਟ ਨਾਲੋਂ ਇਸ ਘਾਟ ਦਾ ਇਹ ਫ਼ਰਕ ਹੈ ਕਿ ਨਾਈਟਰੋਜਨ ਦੀ ਘਾਟ ਹੇਠਲੇ ਪੱਤਿਆਂ ਦੇ ਪੀਲੇ ਹੋਣ ਨਾਲ ਸ਼ੁਰੂ ਹੁੰਦੀ ਹੈ। ਗੰਧਕ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ ਜਿੱਥੇ ਫ਼ਾਸਫ਼ੋਰਸ ਤੱਤ ਸਿੰਗਲ ਸੁਪਰਫਾਸਫੇਟ ਦੀ ਬਜਾਏ ਡੀ.ਏ.ਪੀ ਰਾਹੀਂ ਪਾਇਆ ਹੋਵੇ ਉਥੇ 100 ਕਿਲੋ ਜਿਪਸਮ ਜਾਂ 18 ਕਿੱਲੋ ਬੈਂਟੋਨਾਈਟ-ਸਲਫ਼ਰ (90%) ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਪਹਿਲਾਂ ਪਾ ਦਿਓ ਤਾਂ ਜੌ ਕਣਕ ਵਿੱਚ ਗੰਧਕ ਦੀ ਲੋੜ ਪੂਰੀ ਹੋ ਜਾਵੇ।
ਸੁਨੀਤਾ ਰਾਣੀ
ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ
Summary in English: Complete the deficiency of Manganese, Zinc, Sulfur in Wheat Crop in this way, you will get the full yield of the crop.