Potato Farming: ਆਲੂ ਦੁਨੀਆ ਦੀ ਸਭ ਤੋਂ ਮਹੱਤਵਪੂਰਨ ਭੋਜਨ ਫਸਲ ਹੈ। ਆਲੂ ਇੱਕ ਅਜਿਹੀ ਫਸਲ ਹੈ ਜੋ ਹਮੇਸ਼ਾ 'ਗਰੀਬ ਆਦਮੀ ਦੀ ਦੋਸਤ' ਰਹੀ ਹੈ। ਭਾਰਤ ਵਿੱਚ ਆਲੂ ਦੀ ਖੇਤੀ 300 ਸਾਲਾਂ ਤੋਂ ਵੱਧ ਸਮੇਂ ਤੋਂ ਹੋ ਰਹੀ ਹੈ। ਇਹ ਸਬਜ਼ੀਆਂ ਦੇ ਉਦੇਸ਼ਾਂ ਲਈ ਦੇਸ਼ ਵਿੱਚ ਸਭ ਤੋਂ ਪ੍ਰਸਿੱਧ ਫਸਲਾਂ ਵਿੱਚੋਂ ਇੱਕ ਬਣ ਗਈ ਹੈ।
ਆਲੂ ਇੱਕ ਆਰਥਿਕ ਭੋਜਨ ਹੈ, ਜੋ ਮਨੁੱਖੀ ਖੁਰਾਕ ਲਈ ਘੱਟ ਕੀਮਤ ਵਾਲੀ ਊਰਜਾ ਦਾ ਸਰੋਤ ਪ੍ਰਦਾਨ ਕਰਦਾ ਹੈ। ਆਲੂ ਨੂੰ ਸਟਾਰਚ, ਵਿਟਾਮਿਨ ਸੀ, ਬੀ1 ਅਤੇ ਖਣਿਜਾਂ ਦਾ ਭਰਪੂਰ ਸਰੋਤ ਮੰਨਿਆ ਜਾਂਦਾ ਹੈ। ਇਸ ਵਿੱਚ 20.6 ਫੀਸਦੀ ਕਾਰਬੋਹਾਈਡਰੇਟ, 2.1 ਫੀਸਦੀ ਪ੍ਰੋਟੀਨ, 0.3 ਫੀਸਦੀ ਫੈਟ, 1.1 ਫੀਸਦੀ ਕੱਚਾ ਫਾਈਬਰ ਅਤੇ 0.9 ਫੀਸਦੀ ਐਸ਼ ਹੁੰਦੀ ਹੈ।
ਆਲੂ ਦੀ ਖੇਤੀ ਭਾਰਤ ਦੇ ਲਗਭਗ ਸਾਰੇ ਸੂਬਿਆਂ ਵਿੱਚ ਕੀਤੀ ਜਾਂਦੀ ਹੈ। ਇਹ ਫਸਲ ਸਬਜੀ ਲਈ ਅਤੇ ਚਿਪਸ ਬਣਾੳਣ ਲਈ ਵਰਤੀ ਜਾਂਦੀ ਹੈ। ਇਹ ਫਸਲ ਸਟਾਰਚ ਅਤੇ ਸ਼ਰਾਬ ਬਣਾੳਣ ਦੇ ਕੰਮ ਵੀ ਆਉਂਦੀ ਹੈ। ਭਾਰਤ ਵਿੱਚ ਜ਼ਿਆਦਾਤਰ ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਪੰਜਾਬ, ਕਰਨਾਟਕਾ, ਆਸਾਮ ਅਤੇ ਮੱਧ ਪ੍ਰਦੇਸ਼ ਵਿੱਚ ਆਲੂ ਉਗਾਏ ਜਾਂਦੇ ਹਨ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਆਲੂ ਦੀ ਸਭ ਤੋਂ ਵੱਧ ਕਾਸ਼ਤ ਜਲੰਧਰ, ਹੁਸ਼ਿਆਰਪੁਰ, ਲੁਧਿਆਣਾ ਅਤੇ ਪਟਿਆਲਾ ਵਿੱਚ ਕੀਤੀ ਜਾਂਦੀ ਹੈ।
ਆਲੂਆਂ ਦੇ ਝਾੜ ਵਿੱਚ ਵਾਧੇ ਲਈ ਕੰਨਸੌਰਸ਼ੀਅਮ ਜੀਵਾਣੂੰ ਟੀਕਾ
ਆਲੂ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੰਸੌਰਸ਼ੀਅਮ ਜੀਵਾਣੂੰ ਖਾਦ ਜਾਂ ਟੀਕੇ ਦੀ ਸਿਫਾਰਿਸ਼ ਕੀਤੀ ਗਈ ਹੈ ਜੋ ਕਿ ਤਿੰਨ ਵੱਖ-ਵੱਖ ਜੀਵਾਣੂੰਆਂ ਦਾ ਮਿਸ਼ਰਣ ਹੈ। ਕੰਸੌਰਸ਼ੀਅਮ ਜੀਵਾਣੂੰ ਖਾਦ ਵਿੱਚ ਮੌਜੂਦ ਅਜ਼ੋਟੋਬੈਕਟਰ ਕਰੂਓਕੁਮ ਜੀਵਾਣੂੰ, ਹਵਾ ਵਿਚਲੀ ਨਾਈਟ੍ਰੋਜਨ ਨੂੰ ਜਮ੍ਹਾਂ ਕਰਨ ਲਈ, ਬੇਸਿਲਸ ਸਬਟਿਲਸ ਅਣਘੁਲੀ ਫਾਸਫੋਰਸ ਨੂੰ ਘੁਲਣਸ਼ੀਲ ਰੂਪ ਵਿਚ ਤਬਦੀਲ ਕਰਨ ਲਈ ਅਤੇ ਸੂਡੋਮੋਨਾ ਜੀਵਾਣੂੰ ਪੌਦੇ ਦੇ ਵਿਕਾਸ ਲਈ ਫਾਈਟੋਹਾਰਮੋਨ ਬਣਾਉਣ ਵਿਚ ਸਮਰੱਥ ਹੈ। ਆਲੂ ਦੀ ਬਿਜਾਈ ਸਮੇਂ ਕੰਸੌਰਸ਼ੀਅਮ ਜੀਵਾਣੂੰ ਖਾਦ ਨੂੰ ਮਿੱਟੀ ਵਿੱਚ ਮਿਲਾ ਕੇ ਵਰਤਣ ਨਾਲ 4-5% ਝਾੜ ਵਿਚ ਵਾਧਾ ਹੁੰਦਾ ਹੈ ਅਤੇ ਮਿੱਟੀ ਦੀ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ।
ਆਲੂ ਲਈ ਕੰਸੌਰਸ਼ੀਅਮ ਜੀਵਾਣੂੰ ਖਾਦ ਵਰਤਣ ਦਾ ਢੰਗ
ਕੰਸੌਰਸ਼ੀਅਮ ਜੀਵਾਣੂੰ ਖਾਦ ਦੇ 4 ਕਿੱਲੋ ਦੇ ਪੈਕੇਟ ਨੂੰ 10 ਕਿੱਲੋ ਮਿੱਟੀ ਜਾਂ ਰੂੜ੍ਹੀ ਖਾਦ ਵਿੱਚ ਮਿਲਾ ਕੇ ਇੱਕ ਏਕੜ ਖੇਤ ਵਿੱਚ ਇੱਕਸਾਰ ਛਿੱਟਾ ਦੇਣ ਦੀ ਸਿਫਾਰਿਸ਼ ਕੀਤੀ ਗਈ ਹੈ।
ਇਹ ਵੀ ਪੜ੍ਹੋ: Wheat Variety: ਕਣਕ ਦੀ HD 3385 ਕਿਸਮ ਮੌਸਮੀ ਬਦਲਾਅ ਦੇ ਅਨੁਕੂਲ, ਝਾੜ 7 ਟਨ ਪ੍ਰਤੀ ਹੈਕਟੇਅਰ
ਜੀਵਾਣੂੰ ਖਾਦ ਵਰਤਣ ਵੇਲੇ ਹਿਦਾਇਤਾਂ
• ਜੀਵਾਣੂੰ ਖਾਦ ਦੇ ਪੈਕੇਟ ਨੂੰ ਠੰਡੀ ਛਾਂ ਵਾਲੀ ਥਾਂ ਰੱਖਣਾ ਚਾਹੀਦਾ ਹੈ।
• ਜੀਵਾਣੂੰ ਖਾਦ ਨੂੰ ਪੈਕੇਟ ਤੇ ਦਰਸਾਏ ਮਿਆਦ ਤੋਂ ਪਹਿਲਾਂ ਹੀ ਵਰਤਣਾ ਚਾਹੀਦਾ ਹੈ।
• ਜੀਵਾਣੂੰ ਖਾਦਾਂ ਨੂੰ ਰਸਾਇਣਿਕ ਖਾਦਾਂ ਨਾਲ ਰਲਾ ਕੇ ਨਹੀਂ ਵਰਤਣਾ ਚਾਹੀਦਾ।
ਜੀਵਾਣੂੰ ਖਾਦਾਂ ਬਾਰੇ ਵਧੇਰੇ ਜਾਣਕਾਰੀ ਅਤੇ ਉਪਲੱਬਧਤਾ
ਇਹ ਜੀਵਾਣੂੰ ਖਾਦਾਂ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਮਾਈਕਰੋਬਾਇਓਲੌਜੀ ਵਿਭਾਗ, 1 ਨੰ. ਗੇਟ ਅਤੇ ਬੀਜਾਂ ਦੀ ਦੁਕਾਨ ਅਤੇ ਵੱਖੋ-ਵੱਖਰੇ ਜ਼ਿਲ੍ਹਿਆਂ ਵਿੱਚ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰ / ਫਾਰਮ ਸਲਾਹਕਾਰ ਕੇਂਦਰਾਂ ਅਤੇ ਖੇਤਰੀ ਖੋਜ ਕੇਂਦਰਾਂ ਵੱਲੋਂ ਵਾਜਬ ਕੀਮਤ ਤੇ ਮਿਲਦੀਆਂ ਹਨ। ਜੀਵਾਣੂੰ ਖਾਦਾਂ ਦੇ ਲਾਭ ਅਤੇ ਵਰਤਣ ਸੰਬੰਧੀ ਵਧੇਰੇ ਜਾਣਕਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਮਾਈਕਰੋਬਾਇਓਲੌਜੀ ਵਿਭਾਗ ਤੋਂ ਪ੍ਰਾਪਤ ਕੀਤੀ ਜਾ
ਸਕਦੀ ਹੈ।
ਸਰੋਤ: ਸੁਮਨ ਕੁਮਾਰੀ, ਸੀਮਾ ਗਰਚਾ ਅਤੇ ਜੁਪਿੰਦਰ ਕੌਰ ਮਾਈਕਰੋਬਾਇਓਲੌਜੀ ਵਿਭਾਗ
Summary in English: Consortium Organism Inoculation Recommendation for Potato Crop, It will increase yield by 4-5% and improve soil health