1. Home
  2. ਖੇਤੀ ਬਾੜੀ

ਮੂੰਗੀ ਅਤੇ ਮਾਂਹ ਦੇ ਕੀੜੇ-ਮਕੌੜਿਆਂ ਦੀ Integrated Pest Management ਰਾਹੀਂ ਰੋਕਥਾਮ

ਕੀੜੇ ਮਕੌੜਿਆਂ ਦਾ ਸੰਯੁਕਤ ਤਰੀਕਿਆਂ ਨਾਲ ਪ੍ਰਬੰਧਨ ਫ਼ਸਲ ਦੇ ਉਤਪਾਦਨ ਨੂੰ ਵਧਾਉਣ ਦੇ ਨਾਲ ਨਾਲ ਉਸ ਦੀ ਗੁਣਵੱਤਾ ਵਿੱਚ ਸੁਧਾਰ ਕਰ ਸਕਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਇਨ੍ਹਾਂ ਦੇ ਪ੍ਰਬੰਧਨ ਦਾ ਵੇਰਵਾ ਸਾਂਝਾ ਕਰ ਰਹੇ ਹਾਂ।

Gurpreet Kaur Virk
Gurpreet Kaur Virk
ਮੂੰਗੀ ਅਤੇ ਮਾਂਹ ਦੇ ਕੀੜੇ-ਮਕੌੜਿਆਂ ਦਾ ਸੰਯੁਕਤ ਕੀਟ ਪ੍ਰਬੰਧਨ

ਮੂੰਗੀ ਅਤੇ ਮਾਂਹ ਦੇ ਕੀੜੇ-ਮਕੌੜਿਆਂ ਦਾ ਸੰਯੁਕਤ ਕੀਟ ਪ੍ਰਬੰਧਨ

Pest Management: ਮੂੰਗੀ ਅਤੇ ਮਾਂਹ, ਛੋਲਿਆਂ ਅਤੇ ਅਰਹਰ ਦੀ ਫ਼ਸਲ ਤੋਂ ਬਾਅਦ ਸਾਡੇ ਦੇਸ਼ ਦੀਆਂ ਪ੍ਰਮੁੱਖ ਦਾਲਾਂ ਵਾਲੀਆਂ ਫ਼ਸਲਾਂ ਹਨ। ਘੱਟ ਸਮਾਂ ਲੈਣ ਕਰਕੇ ਅਤੇ ਘੱਟ ਲਾਗਤ ਕਾਰਨ ਇਨ੍ਹਾਂ ਦੋਨਾਂ ਫ਼ਸਲਾਂ ਦੀ ਸਫਲ ਕਾਸ਼ਤ ਹਾੜ੍ਹੀ, ਸਾਉਣੀ ਅਤੇ ਗਰਮੀ ਦੀ ਰੁੱਤ ਦੌਰਾਨ ਕੀਤੀ ਜਾ ਸਕਦੀ ਹੈ। ਪੰਜਾਬ ਵਿੱਚ ਸਾਉਣੀ 2021-22 ਦੇ ਸਾਲ ਦੇ ਦੌਰਾਨ 2.1 ਹਜ਼ਾਰ ਹੈਕਟੇਅਰ ਰਕਬੇ ਤੇ ਮੂੰਗੀ ਦੀ ਅਤੇ 1.6 ਹਜ਼ਾਰ ਹੈਕਟੇਅਰ ਰਕਬੇ ਤੇ ਮਾਂਹ ਦੀ ਕਾਸ਼ਤ ਕੀਤੀ ਗਈ ਜਿਹਨਾਂ ਦਾ ਝਾੜ ਕ੍ਰਮਵਾਰ, 9.38 ਕੁਇੰਟਲ ਅਤੇ 4.41 ਕੁਇੰਟਲ ਪ੍ਰਤੀ ਹੈਕਟੇਅਰ ਰਿਹਾ।

ਦਾਲਾਂ ਦੀਆਂ ਫ਼ਸਲਾਂ ਦੀ ਘੱਟ ਪੈਦਾਵਾਰ ਦਾ ਮੁੱਖ ਕਾਰਨ ਇਨ੍ਹਾਂ 'ਤੇ ਕੀੜੇ-ਮਕੌੜਿਆਂ ਦਾ ਹਮਲਾ ਹੈ। ਵੱਖ-ਵੱਖ ਤਰ੍ਹਾਂ ਦੇ ਕੀੜੇ-ਮਕੌੜੇ ਜਿਵੇਂ ਕਿ ਪੱਤਿਆਂ ਦਾ ਰਸ ਚੂਸਣ ਵਾਲੇ ਕੀੜੇ, ਪੱਤਿਆਂ ਨੂੰ ਖਾਣ ਵਾਲੀਆਂ ਸੁੰਡੀਆਂ, ਪੱਤਿਆਂ, ਫੁੱਲਾਂ ਅਤੇ ਫਲੀਆਂ ਨੂੰ ਖਾਣ ਵਾਲੀਆਂ ਸੁੰਡੀਆਂ ਆਦਿ ਫ਼ਸਲਾਂ ਦਾ ਪੱਤਿਆਂ ਤੋਂ ਲੈ ਕੇ ਫਲੀਆਂ ਦੀ ਸਟੇਜ ਤੇ ਹਮਲਾ ਕਰਦੀਆਂ ਹਨ। ਇਸ ਤੋਂ ਇਲਾਵਾ ਕੁਝ ਬਹੁਭੱਖਸ਼ੀ ਸੁੰਡੀਆਂ ਵੀ ਦਾਲਾਂ ਵਾਲੀਆਂ ਫ਼ਸਲਾਂ ਦਾ ਨੁਕਸਾਨ ਕਰਦੀਆਂ ਹਨ। ਇਨ੍ਹਾਂ ਕੀੜੇ ਮਕੌੜਿਆਂ ਦਾ ਸੰਯੁਕਤ ਤਰੀਕਿਆਂ ਨਾਲ ਪ੍ਰਬੰਧਨ ਫ਼ਸਲ ਦੇ ਉਤਪਾਦਨ ਨੂੰ ਵਧਾਉਣ ਦੇ ਨਾਲ ਨਾਲ ਉਸ ਦੀ ਗੁਣਵੱਤਾ ਵਿੱਚ ਸੁਧਾਰ ਕਰ ਸਕਦਾ ਹੈ। ਇਸ ਲਈ ਇਸ ਲੇਖ ਰਾਹੀਂ ਵੱਖ-ਵੱਖ ਕਿਸਮ ਦੇ ਕੀੜੇ-ਮਕੌੜਿਆਂ ਦੇ ਹਮਲੇ ਦੀਆਂ ਨਿਸ਼ਾਨੀਆਂ ਅਤੇ ਇਹਨਾਂ ਦੇ ਪ੍ਰਬੰਧਨ ਦਾ ਵੇਰਵਾ ਸਾਂਝਾ ਕੀਤਾ ਗਿਆ ਹੈ:

1. ਰਸ ਚੂਸਣ ਵਾਲੇ ਕੀੜੇ:

ਚਿੱਟੀ ਮੱਖੀ, ਹਰਾ ਤੇਲਾ ਅਤੇ ਚੇਪਾ: ਚਿੱਟੀ ਮੱਖੀ, ਚੇਪੇ ਅਤੇ ਤੇਲੇ ਦੀਆਂ ਦੋਨੋਂ ਅਵਸਥਾਵਾਂ, ਬੱਚੇ ਅਤੇ ਬਾਲਗ ਪੱਤਿਆਂ ਦਾ ਰਸ ਚੂਸਦੇ ਹਨ ਅਤੇ ਬੂਟਿਆਂ ਨੂੰ ਕਮਜੋਰ ਕਰ ਦਿੰਦੇ ਹਨ।ਇਹਨਾਂ ਰਸ ਚੂਸਣ ਵਾਲੇ ਕੀੜਿਆਂ ਦੇ ਹਮਲੇ ਦੀਆਂ ਨਿਸ਼ਾਨੀਆਂ ਇਸ ਤਰ੍ਹਾਂ ਹਨ:

● ਰਸ ਚੂਸਣ ਨਾਲ ਪੱਤੇ ਪੀਲੇ ਪੈ ਜਾਂਦੇ ਹਨ ਅਤੇ ਸੁੱਕ ਜਾਂਦੇ ਹਨ।

● ਇਹ ਕੀੜੇ ਪੱਤਿਆਂ ਉੱਤੇ ਸ਼ਹਿਦ ਦੇ ਤੁਪਕਿਆਂ ਵਰਗਾ ਮਲ ਕੱਢਦੇ ਹਨ ਜੋ ਚਿਪਚਿਪਾ ਜਿਹਾ ਹੁੰਦਾ ਹੈ ਜਿਸ ਕਰਕੇ ਪੱਤਿਆਂ ਉੱਪਰ ਕਾਲੀ ਉੱਲੀ ਪੈਦਾ ਹੋ ਜਾਂਦੀ ਹੈ।

● ਜਿਆਦਾ ਹਮਲੇ ਨਾਲ ਸਾਰੀ ਫ਼ਸਲ ਕਾਲੀ ਹੋ ਜਾਂਦੀ ਹੈ, ਪੱਤੇ ਝੜ ਜਾਂਦੇ ਹਨ ਅਤੇ ਪੂਰੀ ਫ਼ਸਲ ਤਬਾਹ ਹੋ ਜਾਂਦੀ ਹੈ।

● ਚਿੱਟੀ ਮੱਖੀ ਫ਼ਸਲ ਵਿੱਚ ਮੂੰਗੀ ਦਾ ਚਿੱਤਕਬਰਾ ਰੋਗ ਵੀ ਫੈਲਾਉਂਦੀ ਹੈ।

ਰੋਕਥਾਮ: ਚਿੱਟੀ ਮੱਖੀ ਦੀ ਰੋਕਥਾਮ ਲਈ ਘਰ ਵਿੱਚ ਬਣਾਏ ਹੋਏ ਨਿੰਮ ਦੇ 1.0 ਲਿਟਰ ਘੋਲ ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।ਲੋੜ ਪੈਣ ਤੇ ਛਿੜਕਾਅ 7 ਦਿਨ ਦੇ ਫ਼ਰਕ ਨਾਲ ਦੁਬਾਰਾ ਕਰੋ। ਨਿੰਮ ਦੇ ਘੋਲ ਨੂੰ ਤਿਆਰ ਕਰਨ ਲਈ 5.0 ਕਿਲੋ ਨਿੰਮ ਦੇ ਪੱਤੇ ਅਤੇ ਨਿਮੋਲੀਆਂ ਦੇ ਮਿਸ਼ਰਨ ਨੂੰ 10 ਲਿਟਰ ਪਾਣੀ ਵਿੱਚ 30 ਮਿੰਟ ਲਈ ਉਬਾਲੋ। ਇਸ ਘੋਲ ਨੂੰ ਕੱਪੜ ਛਾਣ ਕਰ ਲਓ ਅਤੇ ਤਰਲ ਨੂੰ ਸਿਫ਼ਾਰਸ਼ ਕੀਤੀ ਮਾਤਰਾ ਅਨੁਸਾਰ ਛਿੜਕਾਅ ਕਰੋ।

ਇਹ ਵੀ ਪੜ੍ਹੋ : PAU Experts ਵੱਲੋਂ ਮੱਕੀ 'ਤੇ ਫ਼ਾਲ ਆਰਮੀਵਰਮ ਦੀ ਰੋਕਥਾਮ ਲਈ Recommendations

2. ਪੱਤਿਆਂ ਦਾ ਨੁਕਸਾਨ ਕਰਨ ਵਾਲੇ ਕੀੜੇ:

ਵਾਲਾਂ ਵਾਲੀ ਸੁੰਡੀ (ਭੱਬੂ ਕੁੱਤਾ): ਇਸ ਸੁੰਡੀ ਦਾ ਸਰੀਰ ਵਾਲਾਂ ਨਾਲ ਢੱਕਿਆ ਹੁੰਦਾ ਹੈ।ਇਹ ਸੁੰਡੀ ਪੱਤਿਆਂ ਦਾ ਹਰਾ ਮਾਦਾ ਖਾਂਦੀ ਹੈ ਅਤੇ ਸਿਰਫ਼ ਪੱਤੇ ਦੀ ਵਿਚਕਾਰਲੀ ਨਾੜੀ ਹੀ ਛੱਡਦੀ ਹੈ।ਬਹੁਤੇ ਹਮਲੇ ਦੀ ਸੂਰਤ ਵਿੱਚ ਸਾਰੀ ਫ਼ਸਲ ਹੀ ਨਸ਼ਟ ਹੋ ਸਕਦੀ ਹੈ।ਛੋਟੀਆਂ ਸੁੰਡੀਆਂ ਝੁੰਡਾਂ ਵਿੱਚ ਖੇਤ ਦੇ ਕਿਸੇ-ਕਿਸੇ ਹਿੱਸੇ ਵਿੱਚ ਹਮਲਾ ਕਰਦੀਆਂ ਹਨ।

ਰੋਕਥਾਮ: ਇਸ ਕੀੜੇ ਦੀ ਰੋਕਥਾਮ, ਹਮਲੇ ਵਾਲੇ ਪੌਦਿਆਂ ਨੂੰ ਸੁੰਡੀਆਂ ਸਮੇਤ ਪੁੱਟ ਕੇ ਜ਼ਮੀਨ ਵਿੱਚ ਦਬਾਉਣ ਨਾਲ ਨਸ਼ਟ ਕਰਕੇ ਕੀਤੀ ਜਾ ਸਕਦੀ ਹੈ। ਵੱਡੀਆਂ ਸੁੰਡੀਆਂ ਨੂੰ ਪੈਰਾਂ ਹੇਠ ਦਬਾ ਕੇ ਜਾਂ ਮਿੱਟੀ ਦੇ ਤੇਲ ਵਾਲੇ ਪਾਣੀ ਵਿੱਚ ਪਾ ਕੇ ਮਾਰਿਆ ਜਾ ਸਕਦਾ ਹੈ।ਜੇਕਰ ਸੁੰਡੀਆਂ ਦੀ ਗਿਣਤੀ ਬਹੁਤ ਹੋਵੇ ਤਾਂ 500 ਮਿਲੀਲਿਟਰ ਏਕਾਲਕਸ 25 ਈ ਸੀ (ਕੁਇਨਲਫ਼ਾਸ) ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਹੱਥ ਨਾਲ ਚੱਲਣ ਵਾਲੇ ਨੈਪਸੈਕ ਪੰਪ ਨਾਲ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਕੇ ਰੋਕਥਾਮ ਕੀਤੀ ਜਾ ਸਕਦੀ ਹੈ।

ਹਰੀ ਸੁੰਡੀ (ਸੈਮੀਲੂਪਰ): ਇਹ ਸੁੰਡੀਆਂ ਹਰੇ ਰੰਗ ਦੀਆਂ 2-4 ਸੈਂਟੀਮੀਟਰ ਲੰਮੀਆਂ ਹੁੰਦੀਆਂ ਹਨ। ਇਹ ਸੁੰਡੀਆਂ ਮਾਂਹ ਅਤੇ ਮੂੰਗੀ ਦੀ ਫ਼ਸਲ ਦੇ ਪੱਤੇ ਖਾਂਦੀਆਂ ਹਨ। ਛੂਹਣ ਨਾਲ ਇਹ ਕੀੜਾ ਕੁੰਡਲੀ ਮਾਰ ਲੈਂਦਾ ਹੈ।ਬਹੁਤ ਜ਼ਿਆਦਾ ਹਮਲੇ ਦੀ ਹਾਲਤ ਵਿੱਚ ਪੌਦੇ ਕੁਝ ਦਿਨਾਂ ਵਿੱਚ ਹੀ ਪੱਤੇ ਰਹਿਤ ਹੋ ਜਾਂਦੇ ਹਨ ।

ਜੂੰ (ਮਾਈਟ): ਜੂੰ ਇਸ ਫ਼ਸਲ ਦੇ ਪੱਤਿਆਂ ਦੇ ਹੇਠਾਂ ਵੱਲ ਜਾਲੇ ਬਣਾ ਦਿੰਦੀ ਹੈ। ਇਸ ਦੇ ਹਮਲੇ ਕਰਕੇ ਪੱਤੇ ਪੀਲੇ ਪੈ ਜਾਂਦੇ ਹਨ। ਇਹੋ ਜਿਹੇ ਹਮਲੇ ਵਾਲੇ ਪੱਤਿਆਂ ਦਾ ਰੰਗ ਹਲਕੇ ਭੂਰੇ ਤੋਂ ਗੂੜ੍ਹਾ ਗਾਜਰੀ ਭੂਰਾ ਹੋ ਜਾਂਦਾ ਹੈ।

ਇਹ ਵੀ ਪੜ੍ਹੋ : ਉੱਤਰ ਭਾਰਤ ਵਿੱਚ Pink Bollworm ਇੱਕ ਵੱਡੀ ਚੁਣੌਤੀ, ਮਾਹਿਰਾਂ ਵੱਲੋਂ ਨਰਮਾ ਪੱਟੀ ਦਾ ਦੌਰਾ

ਮੂੰਗੀ ਅਤੇ ਮਾਂਹ ਦੇ ਕੀੜੇ-ਮਕੌੜਿਆਂ ਦਾ ਸੰਯੁਕਤ ਕੀਟ ਪ੍ਰਬੰਧਨ

ਮੂੰਗੀ ਅਤੇ ਮਾਂਹ ਦੇ ਕੀੜੇ-ਮਕੌੜਿਆਂ ਦਾ ਸੰਯੁਕਤ ਕੀਟ ਪ੍ਰਬੰਧਨ

3. ਪੱਤਿਆਂ, ਫੁੱਲਾਂ ਅਤੇ ਫ਼ਲੀਆਂ ਨੂੰ ਨੁਕਸਾਨ ਕਰਨ ਵਾਲੇ ਕੀੜੇ:

ਤੰਬਾਕੂ ਸੁੰਡੀ (ਟਬਾਕੂ ਕੈਟਰਪੀਲਰ): ਇਹ ਇਕ ਬਹੁਭੱਖਸ਼ੀ ਕੀੜਾ ਹੈ। ਇਸ ਦੀਆਂ ਛੋਟੀਆਂ ਸੁੰਡੀਆਂ ਕਾਲੇ ਰੰਗ ਦੀਆਂ ਹੁੰਦੀਆਂ ਹਨ ਜਦੋਂ ਕਿ ਵੱਡੀਆਂ ਸੁੰਡੀਆਂ ਦਾ ਰੰਗ ਗੂੜ੍ਹਾ ਹਰਾ ਹੁੰਦਾ ਹੈ ਜਿਨ੍ਹਾਂ ਤੇ ਕਾਲੇ ਰੰਗ ਦੇ ਤਿਕੋਣੇ ਧੱਬੇ ਹੁੰਦੇ ਹਨ। ਇਸ ਦੇ ਪਤੰਗੇ ਪੱਤਿਆਂ ਦੇ ਹੇਠਲੇ ਪਾਸੇ ਝੁੰਡਾਂ ਵਿੱਚ ਅੰਡੇ ਦਿੰਦੇ ਹਨ ਜਿਹੜੇ ਕਿ ਭੂਰੇ ਵਾਲਾਂ ਨਾਲ ਢਕੇ ਹੁੰਦੇ ਹਨ। ਅੰਡਿਆਂ ਵਿਚੋਂ ਨਿਕਲਣ ਤੋਂ ਬਾਅਦ ਛੋਟੀਆਂ ਸੁੰਡੀਆਂ ਝੁੰਡਾਂ ਵਿੱਚ ਪੱਤਿਆਂ ਦਾ ਹਰਾ ਮਾਦਾ ਖਾਂਦੀਆਂ ਹਨ ਅਤੇ ਪੱਤਿਆਂ ਨੂੰ ਛਾਨਣੀ ਕਰ ਦਿੰਦੀਆਂ ਹਨ। ਬਾਅਦ ਵਿੱਚ ਵੱਡੀਆਂ ਸੁੰਡੀਆਂ ਸਾਰੇ ਖੇਤ ਵਿੱਚ ਖਿੱਲਰ ਕੇ ਨੁਕਸਾਨ ਕਰਦੀਆਂ ਹਨ। ਪੱਤਿਆਂ ਦੇ ਨਾਲ ਨਾਲ ਇਹ ਡੋਡੀਆਂ, ਫੁੱਲ ਅਤੇ ਫ਼ਲੀਆਂ ਦਾ ਨੁਕਸਾਨ ਵੀ ਕਰਦੀਆਂ ਹਨ। ਤੰਬਾਕੂ ਸੁੰਡੀ ਦੇ ਆਂਡੇ ਅਤੇ ਛੋਟੀਆਂ ਸੁੰਡੀਆਂ ਜੋ ਕਿ ਪੱਤਿਆਂ ਨੂੰ ਝੁੰਡਾਂ ਵਿੱਚ ਖਾਂਦੀਆਂ ਹਨ ਨੂੰ ਪੱਤਿਆਂ ਸਮੇਤ ਨਸ਼ਟ ਕਰ ਦਿਉ।

ਫ਼ਲੀ ਦੀ ਬੱਗ: ਇਸ ਦੇ ਬੱਚੇ ਅਤੇ ਬਾਲਗ ਦੋਨੋਂ ਹੀ ਫ਼ਲੀ ਵਿੱਚ ਬਣ ਰਹੇ ਦਾਣਿਆਂ ਦਾ ਰਸ ਚੂਸਦੇ ਹਨ।ਇਸ ਦੇ ਬਾਲਗ ਭੂਰੇ-ਸਲੇਟੀ ਰੰਗ ਦੇ ਹੁੰਦੇ ਹਨ।ਇਸ ਦੇ ਹਮਲੇ ਦਾ ਪਤਾ ਫ਼ਸਲ ਦੀਆਂ ਫ਼ਲੀਆਂ ਅਤੇ ਪੱਤਿਆਂ ਉੱਪਰ ਪਏ ਚਿੱਟੇ ਧੱਬਿਆਂ ਤੋਂ ਲੱਗਦਾ ਹੈ।ਇਸ ਦੇ ਹਮਲੇ ਕਾਰਨ ਫਲੀਆਂ ਨੂੰ ਕਾਫੀ ਨੁਕਸਾਨ ਪਹੁੰਚਦਾ ਹੈ:

● ਲਗਾਤਾਰ ਰਸ ਚੂਸਣ ਕਾਰਨ ਫ਼ਲੀਆਂ ਪੱਕਣ ਤੋਂ ਪਹਿਲਾਂ ਹੀ ਸੁੱਕ ਜਾਂਦੀਆਂ ਹਨ।

● ਹਮਲੇ ਵਾਲੀਆਂ ਫ਼ਲੀਆਂ ਵਿੱਚ ਦਾਣੇ ਨਹੀਂ ਬਣਦੇ ਅਤੇ ਜੇਕਰ ਦਾਣੇ ਬਣਦੇ ਹਨ ਤਾਂ ਉਹ ਪਿਚਕੇ ਅਤੇ ਟੇਢੇ-ਮੇਢੇ ਹੁੰਦੇ ਹਨ।

● ਅਜਿਹੇ ਦਾਣਿਆਂ ਨੂੰ ਛੇਤੀ ਹੀ ਉੱਲੀ ਲੱਗ ਜਾਂਦੀ ਹੈ ਅਤੇ ਇਹ ਖਾਣ ਯੋਗ ਨਹੀਂ ਰਹਿੰਦੇ ਅਤੇ ਨਾ ਹੀ ਉੱਗ ਸਕਦੇ ਹਨ।

ਇਸ ਦੀ ਰੋਕਥਾਮ ਲਈ ਫ਼ਲੀ ਬਣਨ ਵੇਲੇ, ਫ਼ਲੀ ਦੀ ਬੱਗ ਦਾ ਹਮਲਾ ਹੋਣ ਤੇ 1250 ਮਿਲੀਲਿਟਰ ਘਰ ਵਿੱਚ ਬਣਾਏ ਹੋਏ ਨਿੰਮ ਦੇ ਘੋਲ ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਜੇਕਰ ਲੋੜ ਹੋਵੇ ਤਾਂ ਛਿੜਕਾਅ 7 ਦਿਨ ਦੇ ਫ਼ਰਕ ਨਾਲ ਦੁਬਾਰਾ ਕਰੋ।

ਇਹ ਵੀ ਪੜ੍ਹੋ : ਝੋਨੇ-ਬਾਸਮਤੀ ਦੇ ਹਾਨੀਕਾਰਕ ਕੀੜਿਆਂ ਦੀ ਰੋਕਥਾਮ ਲਈ ਸਿਫ਼ਾਰਸ਼ ਕੀਟਨਾਸ਼ਕਾਂ

ਮੂੰਗੀ ਅਤੇ ਮਾਂਹ ਦੇ ਕੀੜੇ-ਮਕੌੜਿਆਂ ਦਾ ਸੰਯੁਕਤ ਕੀਟ ਪ੍ਰਬੰਧਨ

ਮੂੰਗੀ ਅਤੇ ਮਾਂਹ ਦੇ ਕੀੜੇ-ਮਕੌੜਿਆਂ ਦਾ ਸੰਯੁਕਤ ਕੀਟ ਪ੍ਰਬੰਧਨ

ਫ਼ਲੀ ਛੇਦਕ ਸੁੰਡੀ: ਇਸ ਦਾ ਰੰਗ ਹਰਾ, ਪੀਲਾ, ਭੂਰਾ ਜਾਂ ਕਾਲਾ ਵੀ ਹੋ ਸਕਦਾ ਹੈ। ਇਸ ਦੀ ਸੁੰਡੀ ਮੂੰਗੀ ਦੇ ਪੱਤੇ, ਡੋਡੀਆਂ ਅਤੇ ਫੁੱਲਾਂ ਨੂੰ ਖਾਂਦੀ ਹੈ ਅਤੇ ਫ਼ਸਲ ਦਾ ਭਾਰੀ ਨੁਕਸਾਨ ਕਰਦੀ ਹੈ। ਪੂਰੀ ਪਲੀ ਸੁੰਡੀ 3-5 ਸੈਂਟੀਮੀਟਰ ਲੰਮੀ ਹੁੰਦੀ ਹੈ। ਇਸ ਦੇ ਹਮਲੇ ਦਾ ਪਤਾ ਨੁਕਸਾਨ ਵਾਲੇ ਪੱਤਿਆਂ, ਫ਼ਲੀਆਂ ਵਿੱਚ ਮੋਰੀਆਂ, ਬੂਟਿਆਂ ਹੇਠਾਂ ਜ਼ਮੀਨ ਉਤੇ ਗੂੜ੍ਹੇ ਹਰੇ ਰੰਗ ਦੀਆਂ ਬਿੱਠਾਂ ਤੋਂ ਲੱਗਦਾ ਹੈ। ਜੇਕਰ ਹਮਲੇ ਵਾਲੇ ਬੂਟੇ ਨੂੰ ਜੋਰ ਨਾਲ ਹਿਲਾਇਆ ਜਾਵੇ ਤਾਂ ਇਹ ਸੁੰਡੀਆਂ ਬੂਟੇ ਤੋਂ ਹੇਠਾਂ ਜ਼ਮੀਨ ਤੇ ਡਿੱਗ ਪੈਂਦੀਆਂ ਹਨ।

ਬਲਿਸਟਰ ਬੀਟਲ: ਇਹ ਕੀੜਾ ਦਿਨ ਦੇ ਸਮੇਂ ਮੂੰਗੀ, ਮਾਂਹ, ਅਰਹਰ ਅਤੇ ਹੋਰ ਦਾਲਾਂ ਦੀਆਂ ਫ਼ਸਲਾਂ ਦਾ ਕਾਫ਼ੀ ਨੁਕਸਾਨ ਕਰਦਾ ਹੈ। ਵੱਡੀਆਂ ਭੂੰਡੀਆਂ ਦਾ ਸਰੀਰ ਕਾਫ਼ੀ ਨਰੋਆ ਹੁੰਦਾ ਹੈ ਅਤੇ ਇਹਨਾਂ ਦੇ ਖੰਭਾਂ ਉੱਤੇ ਚਮਕੀਲੇ ਕਾਲੇ ਅਤੇ ਲਾਲ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ। ਛੇੜਣ ਤੇ ਇਹ ਭੂੰਡੀ ਇੱਕ ਤਰਲ ਪਦਾਰਥ ਕੱਢਦੀ ਹੈ, ਜਿਸ ਕਾਰਨ ਸਰੀਰ ਤੇ ਛਾਲੇ (ਬਲਿਸਟਰਜ਼) ਪੈ ਜਾਂਦੇ ਹਨ। ਇਸ ਕੀੜੇ ਦਾ ਹਮਲਾ ਮੁੱਖ ਤੌਰ ਤੇ ਫ਼ਸਲ ਦੇ ਫੁੱਲ ਪੈਣ ਸਮੇਂ ਹੁੰਦਾ ਹੈ। ਇਹ ਕੀੜਾ ਫ਼ਸਲ ਦੀਆਂ ਨਰਮ ਡੋਡੀਆਂ ਅਤੇ ਫੁੱਲਾਂ ਨੂੰ ਖਾਂਦਾ ਹੈ, ਜਿਸ ਕਾਰਨ ਫ਼ਲੀਆਂ ਵਿੱਚ ਦਾਣੇ ਨਹੀਂ ਬਣਦੇ ਅਤੇ ਫ਼ਸਲ ਦਾ ਝਾੜ ਕਾਫ਼ੀ ਘਟ ਜਾਂਦਾ ਹੈ।

ਇਹ ਵੀ ਪੜ੍ਹੋ : ਰੋਗ ਮੁਕਤ ਫ਼ਸਲ ਦੀ ਬੁਨਿਆਦ ਝੋਨੇ-ਬਾਸਮਤੀ ਦੀ ਤੰਦਰੁਸਤ ਪਨੀਰੀ

ਮੂੰਗੀ ਅਤੇ ਮਾਂਹ ਦੇ ਕੀੜੇ-ਮਕੌੜਿਆਂ ਦਾ ਸੰਯੁਕਤ ਕੀਟ ਪ੍ਰਬੰਧਨ

ਮੂੰਗੀ ਅਤੇ ਮਾਂਹ ਦੇ ਕੀੜੇ-ਮਕੌੜਿਆਂ ਦਾ ਸੰਯੁਕਤ ਕੀਟ ਪ੍ਰਬੰਧਨ

1. ਦਾਲਾਂ ਦੀਆਂ ਫ਼ਸਲਾਂ ਦੀ ਘੱਟ ਪੈਦਾਵਾਰ ਦਾ ਮੁੱਖ ਕਾਰਨ ਇਨ੍ਹਾਂ 'ਤੇ ਕੀੜੇ-ਮਕੌੜਿਆਂ ਦਾ ਹਮਲਾ ਹੈ। ਇਸ ਤੋਂ ਇਲਾਵਾ ਕੁਝ ਬਹੁਭੱਖਸ਼ੀ ਸੁੰਡੀਆਂ ਵੀ ਦਾਲਾਂ ਵਾਲੀਆਂ ਫ਼ਸਲਾਂ ਦਾ ਨੁਕਸਾਨ ਕਰਦੀਆਂ ਹਨ।

2. ਛੋਲੇ ਅਤੇ ਅਰਹਰ ਦੀ ਫ਼ਸਲ ਤੋਂ ਬਾਅਦ ਮੂੰਗੀ ਅਤੇ ਮਾਂਹ ਸਾਡੇ ਦੇਸ਼ ਦੀਆਂ ਪ੍ਰਮੁੱਖ ਦਾਲਾਂ ਵਾਲੀਆਂ ਫ਼ਸਲਾਂ ਹਨ। ਘੱਟ ਸਮਾਂ ਅਤੇ ਘੱਟ ਲਾਗਤ ਕਾਰਨ ਇਨ੍ਹਾਂ ਦੋਨਾਂ ਫ਼ਸਲਾਂ ਦੀ ਸਫਲ ਕਾਸ਼ਤ ਹਾੜ੍ਹੀ, ਸਾਉਣੀ ਅਤੇ ਗਰਮੀ ਦੀ ਰੁੱਤ ਦੌਰਾਨ ਕੀਤੀ ਜਾ ਸਕਦੀ ਹੈ।

1ਜਗਦੀਪ ਕੌਰ, 2ਰਾਕੇਸ਼ ਕੁਮਾਰ ਸ਼ਰਮਾ, ਅਤੇ 3ਰਵਿੰਦਰ ਸਿੰਘ
1 ਕ੍ਰਿਸ਼ੀ ਵਿਗਿਆਨ ਕੇਂਦਰ, ਸਮਰਾਲਾ (ਲੁਧਿਆਣਾ)
2ਫਾਰਮ ਸਲਾਹਕਾਰ ਸੇਵਾ ਕੇਂਦਰ, ਹੁਸ਼ਿਆਰਪੁਰ
3 ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ, ਪੀਏਯੂ, ਲੁਧਿਆਣਾ।

Summary in English: Control of mung bean and urad bean insects through integrated pest management

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters