1. Home
  2. ਖੇਤੀ ਬਾੜੀ

PAU Experts ਵੱਲੋਂ ਮੱਕੀ 'ਤੇ ਫ਼ਾਲ ਆਰਮੀਵਰਮ ਦੀ ਰੋਕਥਾਮ ਲਈ Recommendations

ਫ਼ਾਲ ਆਰਮੀਵਰਮ ਦੀ ਜ਼ਿਆਦਾ ਵੱਧਣ-ਫੁੱਲਣ ਦੀ ਸਮਰੱਥਾ ਕਾਰਣ ਇਹ ਦੇਖਿਆ ਗਿਆ ਹੈ ਕਿ ਜੇ ਪਿੰਡ ਵਿੱਚੋਂ ਕਿਸੇ ਇੱਕ ਖੇਤ ਵਿੱਚ ਵੀ ਰੋਕਥਾਮ ਨਹੀਂ ਹੁੰਦੀ ਤਾਂ ਇਹ ਕੀੜਾ ਬਾਕੀ ਦੇ ਖੇਤਾਂ ਵਿੱਚ ਵੀ ਹਮਲਾ ਕਰ ਦਿੰਦਾ ਹੈ।

Gurpreet Kaur Virk
Gurpreet Kaur Virk
ਮੱਕੀ 'ਤੇ ਫ਼ਾਲ ਆਰਮੀਵਰਮ ਦੀ ਰੋਕਥਾਮ ਲਈ ਸਿਫ਼ਾਰਿਸ਼ਾਂ

ਮੱਕੀ 'ਤੇ ਫ਼ਾਲ ਆਰਮੀਵਰਮ ਦੀ ਰੋਕਥਾਮ ਲਈ ਸਿਫ਼ਾਰਿਸ਼ਾਂ

Maize Cultivation: ਪਿਛਲੇ ਸਾਲ ਦੌਰਾਨ ਇਹ ਦੇਖਣ ਵਿੱਚ ਆਇਆ ਸੀ ਕਿ ਗੈਰ-ਸਿਫ਼ਾਰਿਸ਼ੀ ਕੀਟਨਾਸ਼ਕਾਂ ਦੀ ਵਰਤੋਂ ਅਤੇ ਛਿੜਕਾਅ ਦੇ ਗਲਤ ਢੰਗ ਕਾਰਣ ਮੱਕੀ ਦੀ ਫ਼ਸਲ ਦਾ ਕਾਫ਼ੀ ਨੁਕਸਾਨ ਹੋਇਆ। ਜਿਸਦੇ ਚਲਦਿਆਂ ਕਈ ਥਾਵਾਂ 'ਤੇ ਫ਼ਾਲ ਆਰਮੀਵਰਮ ਨੇ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ। ਇਸ ਕੀੜੇ ਦੀ ਸਫ਼ਲ ਰੋਕਥਾਮ ਲਈ ਮੱਕੀ ਉਗਾਉਣ ਵਾਲੇ ਜਿਲਿਆਂ ਵਿੱਚ ਵਿਆਪਕ ਪੱਧਰ ਤੇ ਮੁਹਿਮ ਚਲਾਈ ਜਾ ਰਹੀ ਹੈ।

ਫ਼ਾਲ ਆਰਮੀਵਰਮ ਮਈ 2018 ਵਿੱਚ ਭਾਰਤ ਪਹੁੰਚਣ ਤੋਂ ਬਾਅਦ ਲ਼ਗਾਤਾਰ ਮੱਕੀ ਦੀ ਫ਼ਸਲ 'ਤੇ ਨੁਕਸਾਨ ਕਰ ਰਿਹਾ ਹੈ। ਪੰਜਾਬ ਵਿੱਚ ਇਹ ਕੀੜਾ ਮੱਕੀ ਉੱਪਰ ਮਾਰਚ ਤੋਂ ਨਵੰਬਰ ਤੱਕ ਮਿਲਦਾ ਹੈ, ਪਰ ਜੁਲਾਈ ਤੋਂ ਸਤੰਬਰ ਦੌਰਾਨ ਇਸਦਾ ਹਮਲਾ ਵਧੇਰੇ ਹੁੰਦਾ ਹੈ। ਦਸੰਬਰ ਅਤੇ ਜਨਵਰੀ ਦੀ ਠੰਡ ਵਿੱਚ ਇਹ ਕੀੜਾ ਲਗਭਗ ਖਤਮ ਹੋ ਜਾਂਦਾ ਹੈ। ਪਿਛਲੇ ਸਾਲ ਦੌਰਾਨ ਇਹ ਦੇਖਣ ਵਿੱਚ ਆਇਆ ਹੈ ਕਿ ਗੈਰ-ਸਿਫਾਰਸ਼ ਕੀਟਨਾਸ਼ਕਾਂ ਦੀ ਵਰਤੋਂ ਅਤੇ ਛਿੜਕਾਅ ਦੇ ਗਲਤ ਢੰਗ ਕਾਰਣ ਕਈ ਥਾਵਾਂ ਤੇ ਫ਼ਸਲ ਦਾ ਕਾਫ਼ੀ ਨੁਕਸਾਨ ਹੋਇਆ ਹੈ।

ਇਸ ਕੀੜੇ ਦੀ ਸਫ਼ਲ ਰੋਕਥਾਮ ਲਈ ਮੱਕੀ ਉਗਾਉਣ ਵਾਲੇ ਜਿਲਿਆਂ ਵਿੱਚ ਵਿਆਪਕ ਪੱਧਰ ਤੇ ਮੁਹਿਮ ਚਲਾਈ ਜਾ ਰਹੀ ਹੈ। ਇਸ ਕੀੜੇ ਦੀ ਜ਼ਿਆਦਾ ਵੱਧਣ-ਫੁੱਲਣ ਦੀ ਸਮਰੱਥਾ ਕਾਰਣ ਇਹ ਦੇਖਿਆ ਗਿਆ ਹੈ ਕਿ ਜੇ ਪਿੰਡ ਵਿੱਚੋਂ ਕਿਸੇ ਇੱਕ ਖੇਤ ਵਿੱਚ ਵੀ ਰੋਕਥਾਮ ਨਹੀਂ ਹੁੰਦੀ ਤਾਂ ਇਹ ਕੀੜਾ ਬਾਕੀ ਦੇ ਖੇਤਾਂ ਵਿੱਚ ਵੀ ਬਹੁਤ ਜਲਦ ਦੁਬਾਰਾ ਹਮਲਾ ਕਰ ਦਿੰਦਾ ਹੈ।

ਇਸ ਕਾਰਣ ਰੋਕਥਾਮ ਲਈ ਬਾਰਬਾਰ ਕੀਟਨਾਸ਼ਕਾਂ ਦਾ ਛਿੜਕਾਅ ਕਰਨਾ ਪੈ ਜਾਂਦਾ ਹੈ। ਸਰਵਪੱਖੀ ਰੋਕਥਾਮ ਦੇ ਤਰੀਕੇ ਜਿਵੇਂ ਕਿ ਆਂਡਿਆਂ ਦੇ ਝੁੰਡਾਂ ਨੂੰ ਨਸ਼ਟ ਕਰਨਾ ਅਤੇ ਮਿੱਟੀ ਤੇ ਕੀਟਨਾਸ਼ਕ ਦੇ ਮਿਸ਼ਰਣ ਨੂੰ ਹਮਲੇ ਵਾਲਿਆਂ ਗੋਭਾਂ ਵਿੱਚ ਪਾਉਣ ਨਾਲ ਕੀਟਨਾਸ਼ਕਾਂ ਦਾ ਖਰਚਾ ਘਟ ਸਕਦਾ ਹੈ। ਇਸ ਕੀੜੇ ਦੀ ਪਛਾਣ ਬਾਰੇ ਗੱਲ ਕਰਦਿਆਂ ਮਾਹਿਰਾਂ ਨੇ ਦੱਸਿਆ ਕਿ ਫ਼ਾਲ ਆਰਮੀਵਰਮ ਦੀਆਂ ਸੁੰਡੀਆਂ ਹਰੇ ਤੋਂ ਹਲਕੇ ਭੂਰੇ ਜਾਂ ਸੁਰਮਈ ਰੰਗ ਦੀਆਂ ਹੁੰਦੀਆਂ ਹਨ ਇਸ ਦਾ ਪਿਉਪਾ ਲਾਲ ਭੂਰੇ ਰੰਗ ਦਾ ਹੁੰਦਾ ਹੈ ਅਤੇ ਆਮ ਤੌਰ ਤੇ ਜ਼ਮੀਨ ਅੰਦਰ ਹੁੰਦਾ ਹੈ।

ਇਸ ਕੀੜੇ ਦੇ ਜੀਵਨ ਚੱਕਰ ਦੀ ਜਾਣਕਾਰੀ ਇਸ ਦੇ ਵਾਧੇ ਅਤੇ ਫ਼ੈਲਾਅ ਨੂੰ ਸਮਝਣ ਵਿੱਚ ਸਹਾਈ ਹੁੰਦੀ ਹੈ। ਇਸ ਕੀੜੇ ਦੀ ਮਾਦਾ ਪਤੰਗਾ 1500 ਆਂਡੇਂ ਦੇ ਸਕਦੀ ਹੈ ਅਤੇ 500 ਕਿਲੋਮੀਟਰ ਤੱਕ ਉੱਡ ਸਕਦੀ ਹੈ। ਫ਼ਾਲ ਆਰਮੀਵਰਮ ਇੱਕ ਪੀੜ੍ਹੀ ਵਿੱਚ ਹੀ ਵੱਡੇ ਖੇਤਰ ਵਿੱੱਚ ਫ਼ੈਲ ਸਕਦਾ ਹੈ।ਆਂਡੇ ਝੁੰਡਾਂ ਦੇ ਰੂਪ ਵਿੱਚ (100-150 ਆਂਡੇ ਪ੍ਰਤੀ ਝੁੰਡ) ਪੱਤੇ ਦੀ ਉੱਪਰਲੀ (ਆਮ ਤੌਰ ਤੇ) ਜਾਂ ਹੇਠਲੀ ਸਤਿਹ ਤੇ ਦਿੱਤੇ ਹੁੰਦੇ ਹਨ।

ਆਂਡਿਆਂ ਵਿੱਚੋਂ ਸੁੰਡੀਆਂ 4 ਤੋਂ 6 ਦਿਨਾਂ ਵਿੱਚ ਨਿਕਲ ਆਉਂਦੀਆਂ ਹਨ। ਅਨੁਕੂਲ ਹਲਾਤਾਂ ਵਿੱਚ ਸੁੰਡੀ 14 ਤੋਂ 20 ਦਿਨਾਂ ਤੱਕ ਪਲਦੀ ਹੈ। ਇਸ ਤੋਂ ਬਾਅਦ ਕੋਆ (ਪਿਉਪਾ) ਬਣਦਾ ਹੈ ਜੋ 8 ਤੋਂ 10 ਦਿਨਾਂ ਵਿੱਚ ਬਾਲਗ ਕੀੜਾ (ਪਤੰਗਾ) ਬਣ ਜਾਂਦਾ ਹੈ। ਬਾਲਗ ਕੀੜਾ 4 ਤੋਂ 6 ਦਿਨ ਜਿਉਂਦਾ ਰਹਿੰਦਾ ਹੈ। ਪੰਜਾਬ ਵਿੱਚ ਇਹ ਕੀੜਾ ਕਈ ਉਪਰਥੱਲੀ ਪੀੜ੍ਹੀਆਂ ਪੂਰੀਆਂ ਕਰਦਾ ਹੈ।ਇਹ ਕੀੜਾ 10 ਦਿਨਾਂ ਦੀ ਫ਼ਸਲ ਤੋਂ ਲੈ ਕੇ ਛੱਲ਼ੀ ਬਣਨ ਤੱਕ ਫ਼ਸਲ ਨੂੰ ਨੁਕਸਾਨ ਪਹੁੰਚਾਉਂਦਾ ਹੈ।

ਇਹ ਵੀ ਪੜ੍ਹੋ : ਮੱਕੀ ਦੀਆਂ 4 ਨਵੀਆਂ ਹਾਈਬ੍ਰਿਡ ਕਿਸਮਾਂ ਲਾਂਚ, ਕਿਸਾਨਾਂ ਲਈ ਹੋਣਗੀਆਂ ਲਾਹੇਵੰਦ

ਗੋਭ ਵਿੱਚ ਖਾਣਾ ਇਸ ਕੀੜੇ ਨੂੰ ਵਧੇਰੇ ਪਸੰਦ ਹੈ। ਆਮ ਤੌਰ ਤੇ ਇਸ ਕੀੜੇ ਦਾ ਹਮਲਾ ਖੇਤਾਂ ਵਿੱੱਚ ਧੌੜੀਆਂ ਵਿੱਚ ਸ਼ੁਰੂ ਹੋ ਕੇ ਬਹੁਤ ਜਲਦੀ ਸਾਰੇ ਖੇਤ ਵਿੱਚ ਫ਼ੈਲ ਜਾਂਦਾ ਹੈ। ਹਮਲੇ ਦੇ ਸ਼ੁਰੂਆਤ ਵਿੱੱਚ ਛੋਟੀਆਂ ਸੁੰਡੀਆਂ ਪੱਤੇ ਦੀ ਸਤਿਹ ਨੂੰ ਖੁਰਚ ਕੇ ਖਾਂਦੀਆਂ ਹਨ ਜਿਸ ਕਾਰਣ ਪੱਤਿਆਂ ੳੱਤੇ ਲੰਮੇ ਆਕਾਰ ਦੇ ਕਾਗਜ਼ੀ ਨਿਸ਼ਾਨ ਬਣ ਜਾਂਦੇ ਹਨ।

ਜਦੋਂ ਸੁੰਡੀਆਂ ਵੱਡੀਆਂ ਹੁੰਦੀਆਂ ਹਨ ਤਾਂ ਪੱਤਿਆਂ ਉੱਪਰ ਬੇਤਰਤੀਬੇ, ਗੋਲ ਜਾਂ ਅੰਡਾਕਾਰ ਮੋਰੀਆਂ ਬਣਾਉਂਦੀਆਂ ਹਨ। ਇਨ੍ਹਾਂ ਮੋਰੀਆਂ ਦਾ ਆਕਾਰ ਸੁੰਡੀਆਂ ਦੇ ਵਿਕਾਸ ਨਾਲ ਵੱੱਧਦਾ ਜਾਂਦਾ ਹੈ। ਵੱਡੀਆਂ ਸੁੰਡੀਆਂ ਗੋਭ ਦੇ ਪੱਤਿਆਂ ਨੂੰ ਬੁਰੀ ਤਰ੍ਹਾਂ ਖਾ ਕੇ, ਇਨ੍ਹਾਂ ਗੋਭਾਂ ਵਿੱਚ ਭਾਰੀ ਮਾਤਰਾ ਵਿੱਚ ਵਿੱਠਾਂ ਦਿੰਦੀਆਂ ਹਨ।

ਮਾਹਿਰਾਂ ਨੇ ਕਿਹਾ ਕਿ ਕਿਸਾਨ ਵੀਰਾਂ ਨੂੰ ਸ਼ੁਰੂ ਤੋਂ ਹੀ ਖੇਤਾਂ ਦਾ ਸਰਵੇਖਣ ਚੰਗੀ ਤਰ੍ਹਾਂ ਹਫ਼ਤੇ ਦੇ ਵਕਫ਼ੇ ਤੇ ਕਰਦੇ ਰਹਿਣਾ ਚਾਹੀਦਾ ਹੈ। ਸਰਵੇਖਣ ਲਈ ਖੇਤ ਦੀਆਂ ਸਾਈਡਾਂ ਤੋਂ 4-5 ਕਤਾਰਾਂ ਛੱੱਡ ਕੇ ਖੇਤ ਅੰਦਰ ਚੱਕਰ ਲਗਾਉਣਾ ਚਾਹੀਦਾ ਹੈ। ਸੁੰਡੀਆਂ ਦਾ ਹਮਲਾ ਦਿੱੱਸਦੇ ਹੀ ਇਸ ਦੇ ਜੀਵਨ ਚੱੱਕਰ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਤੁਰੰਤ ਆਪਣੇ ਖੇਤਾਂ ਵਿੱਚ ਢੁਕਵੇਂ ਰੋਕਥਾਮ ਉਪਰਾਲੇ ਕਰਨੇ ਚਾਹੀਦੇ ਹਨ। ਇਸ ਕੀੜੇ ਦੀ ਰੋਕਥਾਮ ਦੇ ਉਪਰਾਲੇ ਸੁੰਡੀਆਂ ਖੇਤ ਵਿੱਚ ਨਜ਼ਰ ਆਉਦੇਂ ਸਾਰ ਹੀ ਸ਼ੁਰੂ ਕਰ ਦੇਣੇ ਚਾਹੀਦੇ ਹਨ ਕਿਉਂਕਿ ਛੋਟੀਆਂ ਸੁੰਡੀਆਂ ਦੀ ਰੋਕਥਾਮ ਸੌਖੀ ਹੋ ਜਾਂਦੀ ਹੈ।

ਇਹ ਵੀ ਪੜ੍ਹੋ: Bt Cotton ਦੀ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਕਿਸਾਨਾਂ ਨੂੰ ਸਿਫ਼ਾਰਿਸ਼ਾਂ

ਰੋਕਥਾਮ ਲਈ ਕੀੜੇ ਲਈ ਮੱਕੀ ਦੇ ਲਗਾਤਾਰ ਮੁਹੱਈਆ ਹੋਣ ਦਾ ਸਮਾਂ ਘਟਾਉਣ ਲਈ ਸਾਉਣੀ ਰੁੱਤ ਦੀ ਫ਼ਸਲ ਦੀ ਬਿਜਾਈ ਸਿਰਫ਼ ਸ਼ਿਫ਼ਾਰਸ਼ ਸਮੇਂ (25 ਮਈ ਤੋਂ 30 ਜੂਨ ਤੱਕ) ਦੌਰਾਨ ਹੀ ਕਰਨੀ ਚਾਹੀਦੀ ਹੈ।ਨਾਲ ਲਗਦੇ ਖੇਤਾਂ ਵਿੱੱਚ ਮੱਕੀ ਦੀ ਬਿਜਾਈ ਥੋੜ੍ਹੇ-ਥੋੜ੍ਹੇ ਵਕਫ਼ੇ ਤੇ ਨਾ ਕਰੀਏ ਜਿਵੇਂ ਕਿ ਸਾਉਣੀ ਰੁੱਤ ਦੀ ਮੱਕੀ ਬੀਜਣ ਵਾਲੇ ਕਿਸਾਨ ਨਾਲ ਲਗਦੇ ਖੇਤਾਂ ਵਿੱਚ ਚਾਰੇ ਜਾਂ ਸਾਈਲੇਜ ਲਈ ਮੱਕੀ ਨਾ ਬੀਜਣ। ਇਸ ਤਰ੍ਹਾਂ ਕਰਨ ਨਾਲ ਵੀ ਕੀੜੇ ਦੇ ਵਧਣ-ਫੁੱਲਣ ਅਤੇ ਫ਼ੈਲਣ ਨੂੰ ਰੋਕਿਆ ਜਾ ਸਕਦਾ ਹੈ। ਆਂਡਿਆਂ ਦੇ ਝੁੰਡਾਂ ਨੂੰ ਨਸ਼ਟ ਕਰ ਦਿੳ।ਆਂਡਿਆਂ ਦੇ ਝੁੰਡ ਲੂਈ ਨਾਲ ਢਕੇ ਹੁੰਦੇ ਹਨ ਅਤੇ ਆਸਾਨੀ ਨਾਲ ਦਿਖ ਜਾਂਦੇ ਹਨ।

ਕੀਟਨਾਸ਼ਕਾਂ ਨਾਲ ਰੋਕਥਾਮ ਲਈ 0.5 ਮਿਲੀਲਿਟਰ ਡੈਲੀਗੇਟ 11.7 ਐੱਸ ਸੀ (ਸਪਾਈਨਟੋਰਮ) ਜਾਂ 0.4 ਮਿਲੀਲਿਟਰ ਕੋਰਾਜਨ 18.5 ਐੱਸ ਸੀ (ਕਲੋਰਐਂਟਰਾਨਿਲੀਪਰੋਲ) ਜਾਂ 0.4 ਗ੍ਰਾਮ ਮਿਜ਼ਾਈਲ 5 ਐੱਸ ਜੀ (ਐਮਾਮੈਕਟਿਨ ਬੈਂਜ਼ੋਏਟ) ਪ੍ਰਤੀ ਲਿਟਰ ਪਾਣੀ ‘ਚ ਘੋਲ ਕੇ ਛਿੜਕਾਅ ਕਰੋ।

20 ਦਿਨਾਂ ਤੱਕ ਦੀ ਫ਼ਸਲ ਲਈ 120 ਲਿਟਰ ਪਾਣੀ ਪ੍ਰਤੀ ਏਕੜ ਵਰਤੋ। ਇਸ ਤੋਂ ਬਾਅਦ, ਫ਼ਸਲ ਦੇ ਵਾਧੇ ਅਨੁਸਾਰ ਪਾਣੀ ਦੀ ਮਾਤਰਾ 200 ਲਿਟਰ ਪ੍ਰਤੀ ਏਕੜ ਤੱਕ ਵਧਾ ਉਪਰ ਧਿਆਨ ਰੱਖੋ ਕਿ ਪਾਣੀ ਦੇ ਨਾਲ-ਨਾਲ ਉੱਪਰ ਦੱਸੇ ਕੀਟਨਾਸ਼ਕਾਂ ਦੀ ਮਾਤਰਾ ਵੀ ਉਸੇ ਅਨੁਪਾਤ ਵਿੱਚ ਵਧਾਉ।

ਜੇ ਹਮਲਾ ਕੁੱਝ ਬੂਟਿਆਂ ਤੇ ਹੋਵੇ ਜਾਂ ਫ਼ਸਲ 40 ਦਿਨਾਂ ਤੋਂ ਵੱਡੀ ਹੋਵੇ ਅਤੇ ਛਿੜਕਾਅ ਵਿੱਚ ਮੁਸ਼ਕਿਲ ਹੋਵੇ ਤਾਂ ਮਿੱਟੀ ਅਤੇ ਕੀਟਨਾਸ਼ਕ ਦੇ ਮਿਸ਼ਰਣ ਨੂੰ ਹਮਲੇ ਵਾਲੀਆਂ ਗੋਭਾਂ ਵਿੱਚ ਪਾਓ (ਲਗਭਗ ਅੱਧਾ ਗ੍ਰਾਮ ਪ੍ਰਤੀ ਗੋਭ)।

ਮਿਸ਼ਰਣ ਬਣਾਉਣ ਲਈ 5 ਮਿਲੀਲਿਟਰ ਡੈਲੀਗੇਟ 11.7 ਐੱਸ ਸੀ (ਸਪਾਈਨਟੋਰਮ) ਜਾਂ ਕੋਰਾਜਨ 18.5 ਐੱਸ ਸੀ (ਕਲੋਰਐਂਟਰਾਨਿਲੀਪਰੋਲ) ਜਾਂ 5 ਗ੍ਰਾਮ ਮਿਜ਼ਾਈਲ 5 ਐੱਸ ਜੀ (ਐਮਾਮੈਕਟਿਨ ਬੈਂਜ਼ੋਏਟ) ਨੂੰ 10 ਮਿਲੀਲਿਟਰ ਪਾਣੀ ਵਿੱਚ ਘੋਲ ਕੇ ਇੱਕ ਕਿਲੋ ਮਿੱਟੀ ਵਿੱਚ ਚੰਗੀ ਤਰ੍ਹਾਂ ਰਲਾਓ। ਮਿਸ਼ਰਣ ਬਣਾਉਣ ਅਤੇ ਪਾਉਣ ਸਮੇਂ ਦਸਤਾਨੇ ਜ਼ਰੂਰ ਪਾਓ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)

Summary in English: Recommendations for fall armyworm prevention on maize by PAU experts

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters