1. Home
  2. ਖੇਤੀ ਬਾੜੀ

ਖੀਰੇ ਦੀ ਭੂਮੀ ਰਹਿਤ ਅਤੇ ਹਵਾਦਾਰ ਪੌਲੀਹਾਊਸ ਵਿੱਚ ਖੇਤੀ

ਸਬਜ਼ੀਆਂ ਦੀ ਸੁਰੱਖਿਅਤ ਖੇਤੀ ਪੈਦਾਵਰ, ਗੁਣਵੱਤਾ ਅਤੇ ਮੰਡੀਕਰਨ ਵਿੱਚ ਕਿਸਾਨਾਂ ਲਈ ਲਾਹੇਵੰਦ ਹੁੰਦੀ ਹੈ।ਕੁਦਰਤੀ ਹਵਾਦਾਰ ਪੌਲੀਹਾਊਸ ਵਿੱਚ ਖੀਰੇ ਦੀ ਕਾਸ਼ਤ ਨੂੰ ਕਿਸਾਨ ਪਹਿਲ ਦੇ ਆਧਾਰ ਤੇ ਅਪਣਾਉਂਦੇ ਹਨ, ਪ੍ਰੰਤੂ 2-3 ਸੀਜ਼ਨ ਤੱਕ ਖੀਰੇ ਦੀ ਫਸਲ ਪੈਦਾ ਕਰਨ ਤੋਂ ਬਾਅਦ ਪੋਲੀ ਹਾਊਸ ਵਿੱਚ ਨੀਮਾਟੋਡ ਦੀ ਸਮੱਸਿਆ ਆਉਣ ਲੱਗਦੀ ਹੈ।

KJ Staff
KJ Staff
Cucumber cultivation

Cucumber cultivation

ਸਬਜ਼ੀਆਂ ਦੀ ਸੁਰੱਖਿਅਤ ਖੇਤੀ ਪੈਦਾਵਰ, ਗੁਣਵੱਤਾ ਅਤੇ ਮੰਡੀਕਰਨ ਵਿੱਚ ਕਿਸਾਨਾਂ ਲਈ ਲਾਹੇਵੰਦ ਹੁੰਦੀ ਹੈ।ਕੁਦਰਤੀ ਹਵਾਦਾਰ ਪੌਲੀਹਾਊਸ ਵਿੱਚ ਖੀਰੇ ਦੀ ਕਾਸ਼ਤ ਨੂੰ ਕਿਸਾਨ ਪਹਿਲ ਦੇ ਆਧਾਰ ਤੇ ਅਪਣਾਉਂਦੇ ਹਨ, ਪ੍ਰੰਤੂ 2-3 ਸੀਜ਼ਨ ਤੱਕ ਖੀਰੇ ਦੀ ਫਸਲ ਪੈਦਾ ਕਰਨ ਤੋਂ ਬਾਅਦ ਪੋਲੀ ਹਾਊਸ 

ਵਿੱਚ ਨੀਮਾਟੋਡ ਦੀ ਸਮੱਸਿਆ ਆਉਣ ਲੱਗਦੀ ਹੈ।ਇਸ ਕਾਰਨ ਨੂੰ ਧਿਆਨ ਵਿੱਚ ਰੱਖਦਿਆਂ ਖੀਰੇ ਦੀ ਕਾਸ਼ਤ ਨੂੰ ਭੂਮੀ ਰਹਿਤ ਮਾਧਿਅਮ ਵਿੱਚ ਕਾਸ਼ਤ ਲਈ ਤਜਰਬੇ ਕੀਤੇ ਗਏ।ਭੂਮੀ ਰਹਿਤ ਮਾਧਿਅਮ ਵਾਲੇ ਖੇਤੀ ਢੰਗ ਵਿੱਚ ਖੁਰਾਕੀ ਤੱਤਾਂ ਅਤੇ ਬਿਮਾਰੀਆਂ ਤੇ ਜ਼ਿਆਦਾ ਕਾਬੂ ਹੋਣ ਕਰਕੇ ਬੂਟੇ ਨੂੰ ਦਿੱਤੀ ਜਾਣ ਵਾਲੀ ਪਾਣੀ ਦੀ ਮਾਤਰਾ, ਪਾਣੀ ਦੇ ਖਾਰੀ ਅੰਗ ਤੇ ਨਿਯੰਤਰਣ ਅਤੇ ਖੁਰਾਕੀ ਤੱਤਾਂ ਦੀ ਸੰਘਣਤਾ ਬੂਟੇ ਦੀਆਂ ਜੜਾ ਨੂੰ ਜ਼ਿਆਦਾ ਵਧੀਆ ਤਰੀਕੇ ਨਾਲ ਮਿਲਦੀ ਹੈ। ਰਵਾਇਤੀ ਖੇਤੀ ਢੰਗ ਦੀ ਤੁਲਨਾ ਵਿੱਚ ਇਸ ਤਕਨੀਕ ਨਾਲ ਬੂਟਿਆਂ ਦਾ ਵਾਧਾ ਬਹੁਤ ਤੇਜ਼ੀ ਨਾਲ ਹੁੰਦਾ ਹੈ।ਇਸ ਤਕਨੀਕ ਲਈ ਘੱਟ ਪਾਣੀ ਲੋੜੀਂਦਾ ਹੈ ਅਤੇ ਨਦੀਨਨਾਸ਼ਕਾਂ ਦੀ ਵਰਤੋਂ ਤੋਂ ਵੀ ਬਚਿਆ ਜਾ ਸਕਦਾ ਹੈ।ਅਜਿਹਾ ਕਰਨ ਨਾਲ ਥੋੜੇ ਸਮੇਂ ਵਿੱਚ ਫਸਲ ਦੀ ਜ਼ਿਆਦਾ ਪੈਦਾਵਾਰ ਹੁੰਦੀ ਹੈ ਅਤੇ ਵਧੇਰੇ ਝਾੜ ਮਿਲਦਾ ਹੈ।

ਭੂਮੀ ਤੋਂ ਭੂਮੀ ਰਹਿਤ ਮਾਧਿਅਮ ਵਿੱਚ ਤਬਦੀਲੀ ਕਰਨ ਲਈ ਪੌਲੀਹਾਊਸ ਦੀ ਤਿਆਰੀ

ਸਭ ਤੋਂ ਪਹਿਲਾਂ ਪੋਲੀ ਹਾਊਸ ਨੂੰ ਪੱਧਰ ਕਰਕੇ, ਲੰਬਾਈ ਦੀ ਦਿਸ਼ਾ ਵਿੱਚ ਦਿਸ਼ਾ ਵਿੱਚ 1-1.5 ਪ੍ਰਤੀਸ਼ਤ ਢਲਾਨ ਦਿਓ, ਤਾਂ ਜੋ ਖੁਰਾਕੀ ਤੱਤਾਂ ਵਾਲਾ ਘੋਲ (ਲੀਚੇਟ) ਇਕੱਠਾ ਕਰਨਾ ਸੌਖਾ ਹੋਵੇ। ਪੌਲੀਹਾਊਸ ਦੀ ਸਾਰੀ ਸਤਿਹ ਤੇ ਵੀਡਮੈਟ (ਕਾਲੀ ਬੋਰੀਨੁਮਾ ਸ਼ੀਟ) ਨੂੰ ਵਿਛਾ ਦਿਓ ਤਾਂ ਜੋ ਨਦੀਨ ਨਾ ਉੱਗ ਸਕਣ ਅਤੇ ਭੂਮੀ ਦਾ ਫਸਲ ਉਗਾਉਣ ਵਾਲੇ ਮਾਧਿਅਮ ਨਾਲੋਂ ਸੰਪਰਕ ਟੁੱਟ ਜਾਵੇ।500 ਮਾਈਕ੍ਰੋਨ ਦੀ ਮੋਟਾਈ ਵਾਲੀ ਪਲਾਸਟਿਕ ਦੇ ਟਰਫ, ਜਿਸ ਦੀ ਚੌੜਾਈ 0.60 ਮੀਟਰ ਹੋਵੇ ਨੂੰ ਵੀਡਮੈਟ ਦੇ ਉਪਰ 0.90 ਮੀਟਰ ਦੀ ਦੂਰੀ ਤੇ ਵਿਛਾ ਦਿੱਤਾ ਜਾਂਦਾ ਹੈ।ਫਿਰ ਪਲਾਸਟਿਕ ਟਰਫ ਉਪਰ ਸਪੇਸਿੰਗ ਟਰੇਆਂ ਰੱਖ ਦਿੱਤੀਆਂ ਜਾਂਦੀਆਂ ਹਨ, ਤਾਂ ਜੋ ਲੀਚੇਟ ਚੰਗੇ ਤਰੀਕੇ ਨਾਲ ਨਿਕਲ ਸਕੇ।ਇਸ ਤੋਂ ਬਾਅਦ ਨਾਰੀਅਲ ਦੇ ਬੁਰਾਦੇ ਵਾਲੀਆਂ ਸਲੈਬਾਂ ਨੂੰ ਸਪੇਸਿੰਗ ਟਰੇਆਂ ਉੱਪਰ ਰੱਖ ਦਿੱਤਾ ਜਾਂਦਾ ਹੈ। ਇਸ ਤੋਂ ਉਪਰੰਤ ਡਰਿੱਪ ਲਾਈਨ ਵਿਛਾ ਕੇ ਖੁਰਾਕੀ ਤੱਤਾਂ ਵਾਲੇ ਘੋਲ ਨਾਲ ਸਲੈਬਾਂ ਨੂੰ ਸਿੰਜਿਆ ਜਾਂਦਾ ਹੈ।ਸਿਸਟਮ ਨੂੰ ਇੱਕ ਵਾਰ ਸਥਾਪਿਤ ਕਰਨ ਤੋਂ ਬਾਅਦ ਚਾਲੂ ਕਰਨ ਸਮੇਂ ਲੀਚਟ ਨੂੰ ਇਕੱਠਾ ਕਰਨ ਲਈ ਇੱਕ ਟੈਂਕ ਦੀ ਜ਼ਰੂਰਤ ਪੈਂਦੀ ਹੈ।

ਫਰਟੀਗੇਸ਼ਨ ਸਿਸਟਮ ਦੀ ਸਥਾਪਨਾ

ਫਸਲ ਨੂੰ ਛੋਟੇ ਅਤੇ ਵੱਡੇ ਖੁਰਾਕੀ ਤੱਤਾਂ ਵਾਲੇ ਇਕਹਰੀ ਤਾਕਤ ਵਾਲੇ ਘੋਲ ਨਾਲ ਫਰਟੀਗੇਸ਼ਨ ਕਰਨੀ ਚਾਹੀਦੀ ਹੈ। ਅਜਿਹਾ ਕਰਨ ਲਈ 1000 ਲੀਟਰ ਦੀ ਸਮਰੱਥਾ ਵਾਲੇ ਪਲਾਸਟਿਕ ਦੇ ਟੈਂਕ ਵਿੱਚ ਖਾਦਾਂ ਦਾ ਘੋਲ ਤਿਆਰ ਕੀਤਾ ਜਾਂਦਾ ਹੈ। ਸਾਰੇ ਛੋਟੇ ਅਤੇ ਵੱਡੇ ਖੁਰਾਕੀ ਤੱਤਾਂ ਨੂੰ ਲੋੜੀਂਦੀ ਮਾਤਰਾ ਵਿੱਚ ਤੋਲ ਕੇ ਇੱਕ ਪੈਕਟ ਬਣਾ ਲਿਆ ਜਾਂਦਾ ਹੈ, ਜਿਸ ਨੂੰ ਇੱਕ ਬਾਲਟੀ ਵਿੱਚ 4-5 ਲਿਟਰ ਪਾਣੀ ਵਿੱਚ ਪਾ ਕੇ ਘੋਲ ਲਿਆ ਜਾਂਦਾ ਹੈ।ਇਸ ਤੋਂ ਉਪਰੰਤ ਇਸ ਘੋਲ ਨੂੰ ਇੱਕ ਮਲਮਲ ਦੇ ਕੱਪੜੇ ਵਿੱਚੋਂ ਪੁਣ ਲਿਆ ਜਾਂਦਾ ਹੈ।ਇਸ ਘੋਲ ਦੀ ਚਾਲਕਤਾ 2.0 ਤੋਂ 3.0 ਡੈਸੀਸੀਮਨ / ਮੀਟਰ ਅਤੇ ਖਾਰੀ ਅੰਗ 5.8-6.5 ਵਿੱਚ ਹੋਣੀ ਚਾਹੀਦਾ ਹੈ। ਖਾਰੀ ਅੰਗ ਘੱਟ ਕਰਨ ਲਈ ਫਾਸਫੋਰਿਕ ਐਸਿਡ ਦੀ ਵਰਤੋਂ ਕੀਤੀ ਜਾਂਦੀ ਹੈ।ਖੁਰਾਕੀ ਤੱਤਾਂ ਦੇ ਘੋਲ ਦੀ ਚਾਲਕਤਾ ਅਤੇ ਖਾਰੀ ਅੰਗ ਨੂੰ ਨਿਰੰਤਰ ਪਰਖਿਆ ਜਾਂਦਾ ਹੈ।ਦਿਨ ਵਿੱਚ 4 ਤੋਂ 5 ਵਾਰ ਖੁਰਾਕੀ ਤੱਤਾਂ ਵਾਲਾ ਘੋਲ ਫਸਲ ਨੂੰ ਦਿੱਤਾ ਜਾਂਦਾ ਹੈ,ਅਤੇ ਫਰਟੀਗੇਸ਼ਨ ਦਾ ਸਮਾਂ ਫਸਲ ਦੀ ਅਵਸਥਾ ਅਤੇ ਮੌਸਮ ਦੇ ਹਲਾਤ ਅਨੁਸਾਰ 4-13 ਮਿੰਟ ਤੱਕ ਬਦਲਦਾ ਹੈ।ਤੁਪਕਾ ਸਿੰਚਾਈ ਸਿਸਟਮ ਨੂੰ ਟਾਈਮਰ ਨਾਲ ਜੋੜ ਕੇ ਚਲਾਉਣਾ ਤੇ ਬੰਦ ਕਰਨਾ ਆਟੋਮੈਟਿਕ ਕੀਤਾ ਜਾ ਸਕਦਾ ਹੈ। ਤੁਪਕਾ ਸਿੰਚਾਈ ਸਿਸਟਮ ਰਾਹੀਂ ਖੁਰਾਕੀ ਤੱਤਾਂ ਵਾਲੇ ਘੋਲ ਨੂੰ ਦੇਣ ਦਾ ਸਮਾਂ ਪਹਿਲਾਂ ਤੋਂ ਨਿਰਧਾਰਿਤ ਕੀਤੇ ਸਮੇਂ ਅਨੁਸਾਰ ਨਿਸ਼ਚਿਤ ਹੁੰਦਾ ਹੈ, ਅਤੇ ਨਿਰਧਾਰਿਤ ਸਮਾਂ ਪੂਰਾ ਹੋਣ ਤੇ ਮੋਟਰ ਆਪਣੇ-ਆਪ ਬੰਦ ਹੋ ਜਾਂਦੀ ਹੈ।ਖੁਰਾਕੀ ਤੱਤਾਂ ਵਾਲੇ ਘੋਲ ਨੂੰ ਸਹੀ ਮਾਤਰਾ ਵਿੱਚ ਬੂਟੇ ਦੀਆਂ ਜੜਾ ਵਾਲੇ ਖੇਤਰ ਵਿੱਚ ਪਹੁੰਚਾਉਣ ਲਈ, ਤੁਪਕਾ ਸਿੰਚਾਈ ਸਿਸਟਮ ਨੂੰ 1.5 ਕਿਲੋਗ੍ਰਾਮ/ਵਰਗ ਸੈਂਟੀਮੀਟਰ ਦੇ ਪ੍ਰੈਸ਼ਰ ਤੇ ਚਲਾਇਆ ਜਾਂਦਾ ਹੈ, ਇਸਨੂੰ ਯਕੀਨੀ ਬਨਾਉਣ ਲਈ ਪ੍ਰੈਸ਼ਰ ਗੇਜ ਫਿੱਟ ਕੀਤੀ ਜਾਂਦੀ ਹੈ।

ਕਾਸ਼ਤ ਦੇ ਢੰਗ

ਕਿਸਮ ਦੀ ਚੋਣ: ਭੂਮੀ ਰਹਿਤ ਮਾਧਿਅਮ ਵਿੱਚ ਖੀਰੇ ਦੀ ਕੁਦਰਤੀ ਹਵਾਦਾਰ ਪੌਲੀਹਾਊਸ ਵਿੱਚ ਕਾਸ਼ਤ ਲਈ ਬੀਜ ਰਹਿਤ ਖੀਰੇ ਦੀਆਂ ਦੋਗਲੀਆਂ ਕਿਸਮਾਂ ਮਲਟੀਸਟਾਰ ਜਾਂ ਕਾਫਕਾ ਜਾਂ ਪੰਜਾਬ ਖੀਰਾ-1 ਕਿਸਮ ਨੂੰ ਬੀਜਣਾ ਚਾਹੀਦਾ ਹੈ।

ਬੀਜ ਦੀ ਮਾਤਰਾ ਅਤੇ ਪਨੀਰੀ ਤਿਆਰ ਕਰਨ ਦਾ ਢੰਗ:

500 ਵਰਗਮੀਟਰ ਦੇ ਕੁਦਰਤੀ ਹਵਾਦਾਰ ਪੌਲੀਹਾਊਸ ਵਿੱਚ ਵੇਲਾਂ ਵਾਲਾ ਬੀਜ ਰਹਿਤ ਖੀਰਾ ਪੈਦਾ ਕਰਨ ਲਈ 1500 ਬੀਜ ( ਲਗਭਗ 15 ਗ੍ਰਾਮ) ਲੋੜੀਂਦਾ ਹੈ। ਸਤੰਬਰ ਮਹੀਨੇ ਵਿੱਚ ਬੀਜੀ ਪਨੀਰੀ 2-3 ਦਿਨਾਂ ਬਾਅਦ ਉਗ ਪੈਂਦੀ ਹੈ ਅਤੇ ਬਿਜਾਈ ਤੋਂ 15-20 ਦਿਨਾਂ ਬਾਅਦ 3-4 ਪੱਤੇ ਦੀ ਸਟੇਜ ਤੇ ਪਹੁੰਚ ਜਾਂਦੀ ਹੈ, ਇਸ ਸਟੇਜ ਦੀ ਪਨੀਰੀ ਲਗਾਉੁਣ ਲਈ ਢੁੱਕਵੀਂ ਹੁੰਦੀ ਹੈ।ਜਨਵਰੀ ਮਹੀਨੇ ਵਿੱਚ ਬੀਜੀ ਹੋਈ ਪਨੀਰੀ ਤਾਪਮਾਨ ਦੇ ਅਧਾਰ ਤੇ ਉਗਣ ਲਈ 10-12 ਦਿਨ ਲੈਂਦੀ ਹੈ ਅਤੇ ਬਿਜਾਈ ਤੋਂ 30 ਤੋ 35 ਦਿਨਾਂ ਵਿੱਚ ਲਗਾਉਣ ਲਈ ਤਿਆਰ ਹੋ ਜਾਂਦੀ ਹੈ।ਟਰੇਆਂ ਨੂੰ ਨਾਰੀਅਲ ਦੇ ਬੁਰਾਦੇ ਨਾਲ ਭਰਨ ਉਪਰੰਤ ਇਕਸਾਰ ਕਰਨ ਲਈ ਨਾਰੀਅਲ ਦੇ ਬਰੂਦੇ ਦੀ ਵਾਧੂ ਮਾਤਰਾ ਨੂੰ ਹਥੇਲੀ ਜਾਂ ਕਿਸੇ ਫੱਟੀ ਨਾਲ ਹਟਾ ਦਿੱਤਾ ਜਾਂਦਾ ਹੈ।ਇੱਕ ਖਾਨੇ ਵਿੱਚ ਖੀਰੇ ਦਾ ਇੱਕ ਬੀਜ ਲੇਟਵੇਂ ਦਾਅ ਰੱਖ ਦਿੱਤਾ ਜਾਂਦਾ ਹੈ ਅਤੇ ਬੀਜ ਨੂੰ ਥੋੜੇ ਜਿਹੇ ਨਾਰੀਅਲ ਦੇ ਬੁਰਾਦੇ ਨਾਲ ਢੱਕ ਦਿੱਤਾ ਜਾਂਦਾ ਹੈ । ਪਨੀਰੀ ਦੀ ਬਿਜਾਈ ਤੋਂ ਬਾਅਦ ਖੁਰਾਕੀ ਤੱਤਾਂ ਵਾਲਾ ਘੋਲ ਫੁਹਾਰੇ ਨਾਲ ਦਿਨ ਵਿੱਚ ਇੱਕ ਤੋਂ ਦੋ ਵਾਰ ਦਿੱਤਾ ਜਾਂਦਾ ਹੈ ।

ਪਨੀਰੀ ਪੁੱਟ ਕੇ ਸਲੈਬ ਵਿੱਚ ਲਗਾਉਣਾ:

ਕੋਕੋਪੀਟ ਦੀ ਹਰੇਕ ਸਲੈਬ ਤੇ 3 ਇੰਚਣ 3 ਇੰਚ ਦੇ ਚੋਰਸ ਖਾਨੇ ਇਸ ਤਰੀਕੇ ਨਾਲ ਕੱਟੇ ਜਾਂਦੇ ਹਨ ਤਾਂ ਜੋ ਨਾਲ ਲੱਗਦੇ ਇੱਕ ਖਾਨੇ ਤੋਂ ਦੂਸਰੇ ਖਾਨੇ ਦੀ ਦੂਰੀ ਇੱਕ ਫੁੱਟ ਹੋਣੀ ਚਾਹੀਦੀ ਹੈ।ਪਨੀਰੀ ਪੁੱਟ ਕੇ ਸਲੈਬ ਵਿੱਚ ਲਗਾਉਣ ਤੋਂ ਪਹਿਲਾਂ ਸਲੈਬਾਂ ਨੂੰ 24 ਘੰਟੇ ਲਈ ਖੁਰਾਕੀ ਤੱਤਾਂ ਵਾਲੇ ਘੋਲ ਨਾਲ ਭਿਉਂ ਕੇ ਰੱਖਿਆ ਜਾਂਦਾ ਹੈ।ਖੀਰੇ ਦੀ ਪਨੀਰੀ ਦੇ ਬੂਟੇ ਜਦੋਂ 3-4 ਪੱਤੇ ਵਾਲੇ ਹੋ ਜਾਂਦੇ ਹਨ ਤਾਂ ਇਹ ਪਨੀਰੀ ਲਗਾਉਣ ਲਈ ਤਿਆਰ ਹੁੰਦੀ ਹੈ। ਬੂਟੇ ਲਾਉਣ ਤੋਂ ਉਪਰੰਤ ਸਲੈਬਾਂ ਦੇ ਦੋਵਾਂ ਸਾਈਡਾਂ ਤੇ ਸਿਰੇ ਵਾਲੇ ਪਾਸੇ ਤਿਰਛੇ (/) ਕੱਟ ਮਾਰ ਦਿੱਤੇ ਜਾਂਦੇ ਹਨ, ਤਾਂ ਜੋ ਖੁਰਾਕੀ ਤੱਤਾਂ ਦੇ ਘੋਲ ਦਾ ਵਾਧੂ ਹਿੱਸਾ ਲੀਚਟ ਦੇ ਰੂਪ ਵਿੱਚ ਬਾਹਰ ਨਿਕਲ ਸਕੇ।

ਵੇਲਾਂ ਦੀ ਕਾਂਟ-ਛਾਂਟ ਤੇ ਤਾਰ ਨਾਲ ਬੰਨਣਾ: 

ਪਨੀਰੀ ਲਾਉਣ ਤੋਂ 7-10 ਦਿਨ ਬਾਅਦ ਕਾਂਟ-ਛਾਂਟ ਸ਼ੁਰੂ ਹੋ ਜਾਂਦੀ ਹੈ ਜਦੋਂ ਬੂਟੇ 5-6 ਪੱਤੇ ਕੱਢ ਲੈਣ ਤਾਂ ਟੂਸੇ ਨੂੰ ਬਨਣ ਲਈ ਪਲਾਸਟਿਕ ਕਲਿਪ ਅਤੇ ਪਲਾਸਟਿਕ ਰੱਸੀ ਹੀ ਵਰਤਣੀ ਚਾਹੀਦੀ ਹੈ।ਪਲਾਸਟਿਕ ਦੀ ਰੱਸੀ ਦੇ ਹੇਠਲੇ ਹਿੱਸੇ ਨੂੰ ਨਾਰੀਅਲ ਦੇ ਬੁਰਾਦੇ ਵਾਲੀ ਸਲੈਬ ਨਾਲ ਬੰਨਿਆ ਜਾਂਦਾ ਹੈ ਅਤੇ ਉਪਰਲੇ ਹਿੱਸੇ ਨੂੰ ਰੋਲਰ ਹੁੱਕ ਦੀ ਸਹਾਇਤਾ ਨਾਲ ਸਟੀਲ ਦੀ ਤਾਰ/ ਲੋਹੇ (ਜੀ.ਆਈ.) ਦੀ ਤਾਰ ਨਾਲ 2 ਮੀਟਰ ਦੀ ਉਚਾਈ ਤੇ ਲਟਕਾ ਦਿੱਤਾ ਜਾਂਦਾ ਹੈ।ਜਦੋਂ ਬੂਟੇ 3-4 ਫੁੱਟ ਦੀ ਉੱਚਾਈ ਵਾਲੇ ਹੋ ਜਾਣ ਤਾਂ ਬੂਟੇ ਦੇ ਮੁਢ ਵਾਲੇ ਪਾਸਿਓਂ 20-30 ਸੈਂਟੀਮੀਟਰ ਹਿੱਸੇ ਦੇ ਪੱਤੇ (ਹੇਠਲੇ ਪੁਰਾਣੇ ਪੱਤੇ) ਕੱਟ ਦਿੱਤੇ ਜਾਂਦੇ ਹਨ, ਤਾਂ ਜੋ ਬੂਟੇ ਦੇ ਨੇੜੇ ਹਵਾ ਦਾ ਸੰਚਾਲਨ ਚੰਗਾ ਹੋ ਸਕੇ। ਅਜਿਹਾ ਕਰਨ ਨਾਲ ਕੀੜੇ ਮਕੌੜਿਆਂ ਦਾ ਹਮਲਾ ਵੀ ਘੱਟ ਹੂੰਦਾ ਹੈ।ਜਿੱਥੇ ਫੁੱਲ ਅਤੇ ਫ਼ਲ ਲੱਗਿਆ ਹੋਵੇ, ਉੱਥੇ ਪੱਤਾ ਰੱਖਿਆ ਜਾਂਦਾ ਹੈ।ਫ਼ਲ ਕੱਟਣ ਉਪਰੰਤ ਪੱਤਾ ਕੱਟ ਕੇ ਬੂਟੇ ਨੂੰ ਜ਼ਮੀਨ ਵੱਲ ਨੀਵਾਂ ਕਰ ਦਿੱਤਾ ਜਾਂਦਾ ਹੈ।ਇੱਕ ਬੂਟੇ ਦੀ ਵੇਲ ਦੀ ਲੰਬਾਈ 3.5-4.5 ਮੀਟਰ ਤੱਕ ਹੋ ਜਾਂਦੀ ਹੈ।ਫ਼ਲ ਅਤੇ ਪੱਤੇ ਕੱਟਣ ਤੋਂ ਬਾਅਦ ਖੀਰੇ ਦੀ ਵੇਲ ਨੂੰ ਧਰਤੀ ਉਪਰ ਵਿਛਾਉਂਦੇ ਹੋਏ, ਘੜੀ ਦੀਆਂ ਸੂਈਆਂ ਦੀ ਦਿਸ਼ਾ ਵਿੱਚ ਘੁਮਾ ਦਿੱਤਾ ਜਾਂਦਾ ਹੈ। ਬੂਟੇ ਦੀ ਟੀਸੀ ਰੋਲਰ ਹੁੱਕ ਵਾਲੀ ਤਾਰ ਤੋਂ ਹਮੇਸ਼ਾਂ ਹੇਠਲੇ ਪਾਸੇ ਰਹਿਣੀ ਚਾਹੀਦੀ ਹੈ।

Cucumber cultivation

Cucumber cultivation

ਫਲਾਂ ਦੀ ਤੁੜਾਈ: 

ਜਦੋਂ ਇੱਕ ਖੀਰੇ ਦਾ ਵਿਆਸ 1.25 -1.5 ਇੰਚ ਜਾਂ ਵਜ਼ਨ 100-120 ਗ੍ਰਾਮ ਹੋ ਜਾਂਦਾ ਹੈ ਤਾਂ ਖੀਰਾ ਤੋੜਨ ਲਈ ਤਿਆਰ ਹੁੰਦਾ ਹੈ। ਕੁਦਰਤੀ ਹਵਾਦਾਰ ਪੌਲੀਹਾਊਸ ਵਿੱਚ ਅਕਤੂਬਰ ਦੇ ਪਹਿਲੇ ਹਫਤੇ ਲਗਾਈ ਪਨੀਰੀ ਤੋਂ ਨਵੰਬਰ ਦੇ ਪਹਿਲੇ ਹਫਤੇ ਤੁੜਾਈ ਸ਼ੁਰੂ ਹੋ ਜਾਂਦੀ ਹੈ।

ਹਫਤੇ ਵਿੱਚ 2-3 ਵਾਰ ਖੀਰੇ ਤੋੜੇ ਜਾਂਦੇ ਹਨ,ਇਸ ਤਰਾਂ ਦਸੰਬਰ ਦੇ ਅਖੀਰ ਜਾਂ ਜਨਵਰੀ ਦੇ ਪਹਿਲੇ ਹਫਤੇ ਤੱਕ 20-25 ਤੁੜਾਈਆਂ ਹੋ ਜਾਂਦੀਆ ਹਨ।ਫਰਵਰੀ ਮਹੀਨੇ ਦੇ ਸ਼ੁਰੂ ਵਿੱਚ ਲਗਾਈ ਪਨੀਰੀ ਤੋਂ ਮਾਰਚ ਦੇ ਪਹਿਲੇ ਹਫਤੇ ਖੀਰੇ ਟੁੱਟਣੇ ਸ਼ੁਰੂ ਹੋ ਜਾਂਦੇ ਹਨ।ਇਹ ਫਸਲ ਮਈ ਦੇ ਅਖੀਰਲੇ ਹਫਤੇ ਜਾਂ ਜੂਨ ਮਹੀਨੇ ਦੇ ਪਹਿਲੇ ਹਫਤੇ ਤੱਕ ਫ਼ਲ ਦਿੰਦੀ ਰਹਿੰਦੀ ਹੈ।

ਕਮਲ ਗੁਰਮੀਤ ਸਿੰਘ: 97795-14520

ਕਮਲ ਗੁਰਮੀਤ ਸਿੰਘ ਅਤੇ ਅੰਗ੍ਰੇਜ ਸਿੰਘ
ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ

Summary in English: Cucumber cultivation in landless and ventilated polyhouses

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters