1. Home
  2. ਖੇਤੀ ਬਾੜੀ

Millet as Fodder Crop: ਪੰਜਾਬ ਵਿੱਚ ਚਾਰੇ ਦੀ ਫ਼ਸਲ ਲਈ ਬਾਜਰੇ ਦੀ ਖੇਤੀ

ਚਾਰੇ ਦੇ ਉਤਪਾਦਨ ਲਈ Bajra ਪ੍ਰਤੀ ਯੂਨਿਟ ਘੱਟ ਪਾਣੀ ਦੀ ਵਰਤੋਂ ਕਰਦਾ ਹੈ I ਇਸ ਤੋਂ ਇਲਾਵਾ ਇਹ ਗਰਮੀ ਅਤੇ ਸੋਕੇ ਨੂੰ ਬਰਦਾਸ਼ਤ ਕਰਨ ਦੀ ਸਮਰੱਥਾ ਵੀ ਰੱਖਦਾ ਹੈ।

Gurpreet Kaur Virk
Gurpreet Kaur Virk
ਪਸ਼ੂਆਂ ਦੇ ਚਾਰੇ ਲਈ ਇਹ ਕਿਸਮਾਂ ਹਨ ਖ਼ਾਸ

ਪਸ਼ੂਆਂ ਦੇ ਚਾਰੇ ਲਈ ਇਹ ਕਿਸਮਾਂ ਹਨ ਖ਼ਾਸ

Fodder Crop: ਭਾਰਤ ਮੂਲ ਰੂਪ ਵਿੱਚ ਇੱਕ ਖੇਤੀ ਪ੍ਰਧਾਨ ਦੇਸ਼ ਹੈ ਜਿਸ ਵਿੱਚ ਪਸ਼ੂਆਂ ਦੀ ਵੱਡੀ ਆਬਾਦੀ ਹੈ। ਭਾਰਤ ਵਿੱਚ ਡੇਅਰੀ ਅਤੇ ਪਸ਼ੂ ਪਾਲਣ ਉਦਯੋਗ ਕਿਸਾਨਾਂ ਦਾ ਇੱਕ ਮਹੱਤਵਪੂਰਨ ਸਹਾਇਕ ਕਿੱਤਾ ਹੈ। ਭਾਰਤ ਦੁਨੀਆ ਵਿੱਚ ਦੁੱਧ ਦੇ ਸਭ ਤੋਂ ਵੱਡੇ ਉਤਪਾਦਕ ਵਜੋਂ ਉਭਰਿਆ ਹੈ। ਇਹ ਦੁੱਧ, ਮੀਟ, ਉੱਨ ਆਦਿ ਦੀ ਪੈਦਾਵਾਰ ਕਰਕੇ ਦੇਸ਼ ਦੀ ਆਰਥਿਕਤਾ ਵਿੱਚ ਯੋਗਦਾਨ ਪਾਉਂਦਾ ਹੈ। ਪ੍ਰੰਤੂ ਭਾਰਤ ਵਿੱਚ ਪਸ਼ੂ ਪਾਲਣ ਦੀ ਉਤਪਾਦਕਤਾ ਵਿਕਸਤ ਦੇਸ਼ਾਂ ਦੇ ਮੁਕਾਬਲੇ ਬਹੁਤ ਘੱਟ ਹੈ।

ਮੁੱਖ ਤੌਰ 'ਤੇ ਪੌਸ਼ਟਿਕ ਤੱਤਾਂ ਦੀ ਘੱਟ ਉਪਲੱਬਧ ਜਾਨਵਰਾਂ ਦੀ ਘੱਟ ਉਤਪਾਦਕਤਾ ਦਾ ਇੱਕ ਮੁੱਖ ਕਾਰਨ ਹੈ। ਇਸ ਤੋਂ ਇਲਾਵਾ ਪਸ਼ੂਆਂ ਨੂੰ ਪੌਸ਼ਟਿਕ ਤੱਤਾਂ ਦੀ ਮਾੜੀ ਉਪਲੱਬਧਤਾ ਵੀ ਇੱਕ ਚਿੰਤਾ ਦਾ ਵਿਸ਼ਾ ਹੈ। ਜੇ ਹਾਰੇ ਚਾਰੇ ਦੀ ਗੱਲ ਕੀਤੀ ਜਾਵੇ ਤਾਂ ਹਰਾ ਚਾਰਾ ਪਸ਼ੂ ਪਾਲਣ ਨੂੰ ਇੱਕ ਲਾਹੇਵੰਦ ਧੰਦੇ ਵਿੱਚ ਬਦਲਣ ਵਿੱਚ ਅਹਿਮ ਭੂਮਿਕਾ ਨਿਭਾਉਦਾ ਹੈ।

ਪਸ਼ੂ ਖੁਰਾਕ ਵਿੱਚ ਹਰੇ ਚਾਰੇ ਨੂੰ ਪੌਸ਼ਟਿਕ ਤੱਤਾਂ ਦਾ ਇੱਕ ਸਸਤਾ ਸਰੋਤ ਮੰਨਿਆ ਜਾਂਦਾ ਹੈ ਜੋ ਕਿ 75% ਤੋਂ ਵੱਧ ਯੋਗਦਾਨ ਪਾਉਂਦਾ ਹੈ । ਇਸ ਕਰਕੇ ਹਰੇ ਚਾਰੇ ਨੂੰ ਡੇਅਰੀ ਫਾਰਮਿੰਗ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ ਹੈ। ਪ੍ਰੰਤੂ ਚਾਰੇ ਦੀ ਕਮੀ ਪਸ਼ੂਆਂ ਦੀ ਮਾੜੀ ਉਤਪਾਦਕਤਾ ਦਾ ਇੱਕ ਮੁੱਖ ਕਾਰਨ ਬਣ ਚੁੱਕੀ ਹੈ। ਇਸ ਸਮੇਂ ਭਾਰਤ ਵਿੱਚ ਹਰੇ ਚਾਰੇ ਦੀ 63% ਘਾਟ ਅਤੇ ਸੁੱਕੇ ਚਾਰੇ ਦੀ 23.5% ਘਾਟ ਹੈ ਜਦਕਿ ਪੰਜਾਬ ਵਿੱਚ ਹਰੇ ਚਾਰੇ ਦੀ 26.7% ਕਮੀ ਹੈ।

ਇਹ ਵੀ ਪੜ੍ਹੋ : ਅਨਾਜ ਅਤੇ ਚਾਰੇ ਲਈ ਵਧੀਆ ਬਾਜਰੇ ਦੀ ਕਾਸ਼ਤ, ਘੱਟ ਲਾਗਤ 'ਚ ਪ੍ਰਾਪਤ ਕਰੋ ਚੰਗਾ ਝਾੜ

ਇਹ ਇੱਕ ਤੱਥ ਹੈ ਕਿ ਬਾਜਰਾ ਗਰਮੀ ਰੁੱਤ ਦੀ ਇੱਕ ਉੱਤਮ ਚਾਰੇ ਦੀ ਫਸਲ ਹੈ। ਮੱਕੀ ਅਤੇ ਜੁਆਰ ਦੇ ਮੁਕਾਬਲੇ ਬਾਜਰਾ ਇੱਕ ਤੇਜ਼ੀ ਨਾਲ ਵਧਣ ਵਾਲੀ ਫ਼ਸਲ ਹੈ ਅਤੇ ਇਹ ਥੋੜ੍ਹੇ ਸਮੇਂ ਵਿੱਚ ਹੀ ਵਧੇਰੇ ਮਾਤਰਾ ਵਿੱਚ ਹਰਾ ਚਾਰਾ ਪੈਦਾ ਕਰਦਾ ਹੈ। ਚਾਰੇ ਦੇ ਉਤਪਾਦਨ ਲਈ ਬਾਜਰਾ ਪ੍ਰਤੀ ਯੂਨਿਟ ਘੱਟ ਪਾਣੀ ਦੀ ਵਰਤੋਂ ਕਰਦਾ ਹੈ।

ਇਸ ਤੋਂ ਇਲਾਵਾ ਇਹ ਗਰਮੀ ਅਤੇ ਸੋਕੇ ਨੂੰ ਬਰਦਾਸ਼ਤ ਕਰਨ ਦੀ ਸਮਰੱਥਾ ਵੀ ਰੱਖਦਾ ਹੈ। ਇਸ ਲਈ ਇਹ ਆਮ ਤੌਰ 'ਤੇ ਉਨ੍ਹਾਂ ਖੇਤਰਾਂ ਵਿੱਚ ਉਗਾਇਆ ਜਾਂਦਾ ਹੈ ਜਿੱਥੇ ਵਾਤਾਵਰਣ ਦੀਆਂ ਸਥਿਤੀਆਂ, ਖਾਸ ਕਰਕੇ ਘੱਟ ਬਾਰਿਸ਼, ਵੱਧ ਤਾਪਮਾਨ ਅਤੇ ਮਿੱਟੀ ਦੀ ਘੱਟ ਉਪਜਾਊ ਸ਼ਕਤੀ ਹੁੰਦੀ ਹੈ। ਇਸ ਲਈ ਇਹ ਵਧੇਰੇ ਚਾਰੇ ਦੀ ਪੈਦਾਵਾਰ ਕਰਨ ਦੀ ਸਮਰੱਥਾ ਵਾਲੀ ਉੱਚੀ ਫਸਲ ਹੋਣ ਕਰਕੇ, ਇਹ ਵਿਸ਼ਵ ਦੇ ਸੁੱਕੇ ਅਤੇ ਖੁਸ਼ਕ ਖੇਤਰਾਂ ਵਿੱਚ ਰਹਿਣ ਵਾਲੇ ਪਸ਼ੂਆਂ ਲਈ ਲਾਭਦਾਇਕ ਚਾਰਾ ਹੈ।

ਹਰੇ ਚਾਰੇ ਦੀ ਪੂਰਤੀ ਲਈ ਬਾਜਰਾ ਨੂੰ ਵਿਸ਼ੇਸ਼ ਤੌਰ 'ਤੇ ਮਈ ਤੋਂ ਜੁਲਾਈ ਦੇ ਮਹੀਨਿਆਂ ਦੌਰਾਨ ਉਗਾਇਆ ਜਾਂਦਾ ਹੈ। ਇਹ ਹਾੜੀ ਅਤੇ ਸਾਉਣੀ ਦੀਆਂ ਚਾਰੇ ਵਾਲੀਆਂ ਫਸਲਾਂ ਦੇ ਸੁਮੇਲ ਲਈ ਇੱਕ ਸ਼ਾਨਦਾਰ ਫਸਲ ਹੈ। ਖਾਸ ਕਰਕੇ ਸੁੱਕੇ ਮੌਸਮ ਵਿੱਚ ਜਦੋਂ ਹਰਾ ਚਾਰਾ ਸੀਮਤ ਹੁੰਦਾ ਹੈ ਉਸ ਸਮੇਂ ਬਾਜਰੇ ਦੀ ਪਸ਼ੂਆਂ ਨੂੰ ਖਾਣ ਲਈ ਸੁੱਕੇ ਚਾਰੇ ਅਤੇ ਤੂੜੀ ਦੇ ਰੂਪ ਵਿੱਚ ਵਰਤੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ, ਚਾਰੇ ਦੀ ਮੰਗ ਅਤੇ ਇਸਦੀ ਉਪਲੱਬਧਤਾ ਵਿੱਚਲੀ ਕਮੀ ਨੂੰ ਵੀ ਕੁਝ ਹੱਦ ਤੱਕ ਪੂਰਾ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਬਾਜਰੇ ਦੀ ਖੇਤੀ: ਇਸ ਟਿਕਾਊ ਫਸਲ ਨੂੰ ਉਗਾਉਣ ਦਾ ਤਰੀਕਾ

ਚਾਰੇ ਦਾ ਅਚਾਰ ਬਣਾਉਣ ਲਈ ਵੀ ਇਸ ਦੀਆਂ ਕਿਸਮਾਂ ਦੀ ਕਾਸ਼ਤ ਕੀਤੀ ਜਾਂਦੀ ਹੈ। ਇਹ ਲੱਖਾਂ ਗਰੀਬ ਕਿਸਾਨ ਪਰਿਵਾਰਾਂ ਅਤੇ ਉਨ੍ਹਾਂ ਦੇ ਪਸ਼ੂਆਂ ਨੂੰ ਹਰਾ ਚਾਰਾ, ਫੀਡ, ਸੁੱਕਾ ਚਾਰਾ ਅਤੇ ਬਾਲਣ ਪ੍ਰਦਾਨ ਕਰਦਾ ਹੈ। ਇਸ ਦੇ ਚਾਰੇ ਵਿੱਚ ਹਾਈਡ੍ਰੋਕਾਇਨਿਕ ਐਸਿਡ ਅਤੇ ਆਕਸਾਲਿਕ ਐਸਿਡ ਵਰਗੇ ਗੁਣ-ਵਿਰੋਧੀ ਕਾਰਕ ਘੱਟ ਹੁੰਦੇ ਹਨ, ਜਦੋਂ ਕਿ ਪ੍ਰੋਟੀਨ, ਕੈਲਸ਼ੀਅਮ, ਫਾਸਫੋਰਸ ਅਤੇ ਹੋਰ ਖਣਿਜਾਂ ਨਾਲ ਭਰਪੂਰ ਹੁੰਦਾ ਹੈ।

ਪੰਜਾਬ ਵਿੱਚ ਚਾਰੇ ਦੀ ਫ਼ਸਲ ਲਈ ਬਾਜਰੇ ਦੀ ਖੇਤੀ

● ਸੁਧਰੀਆਂ ਕਿਸਮਾਂ/ਹਾਈਬ੍ਰਿਡ: PCB 166, PCB 165, PCB 164 ਅਤੇ FBC 16

● ਬਿਜਾਈ ਦਾ ਸਮਾਂ: ਬਾਜਰੇ ਦੀ ਬਿਜਾਈ ਮਾਰਚ ਤੋਂ ਅਗਸਤ ਤੱਕ ਕੀਤੀ ਜਾ ਸਕਦੀ ਹੈ। ਮਾਰਚ-ਮਈ ਦੀ ਬੀਜੀ ਫ਼ਸਲ ਮੁੱਖ ਚਾਰੇ ਦੀ ਫ਼ਸਲ ਹੈ। ਇਸਨੂੰ ਰਵਾਂਹ ਦੇ ਮਿਸ਼ਰਣ ਵਿੱਚ ਵੀ ਉਗਾਇਆ ਜਾ ਸਕਦਾ ਹੈ।

● ਜ਼ਮੀਨ ਦੀ ਤਿਆਰੀ: ਚੰਗੀ ਪੈਦਾਵਾਰ ਪ੍ਰਾਪਤ ਕਰਨ ਲਈ ਦੋ ਤੋਂ ਤਿੰਨ ਬਾਰ ਵਾਹ ਕੇ ਸੁਹਾਗਾ ਫੇਰ ਕੇ ਪੱਧਰੀ ਕਰਨੀ ਜ਼ਰੂਰੀ ਹੈ।

● ਬੀਜ ਦੀ ਮਾਤਰਾ ਅਤੇ ਬਿਜਾਈ ਦਾ ਢੰਗ: ਬਾਜਰੇ ਦੇ ਬੀਜ ਦੀ ਮਾਤਰਾ 6-8 ਕਿਲੋ ਪ੍ਰਤੀ ਏਕੜ ਹੈ। ਇਸਦੀ ਬਿਜਾਈ ਛੱਟੇ ਨਾਲ ਕਰੋ। ਬਿਰਾਨੀ ਇਲਾਕੇ ਵਿਚ ਇਸਦੀ ਬਿਜਾਈ 22 ਸੈਂਟੀਮੀਟਰ ਦੀ ਦੂਰੀ 'ਤੇ ਕਤਾਰਾਂ ਵਿੱਚ ਹੁੰਦੀ ਹੈ।

● ਖਾਦ ਦੀ ਵਰਤੋਂ: ਜ਼ਮੀਨ ਨੂੰ ਤਿਆਰ ਕਰਨ ਤੋਂ ਪਹਿਲਾਂ 10 ਟਨ ਪ੍ਰਤੀ ਏਕੜ ਰੂੜੀ ਜਾਂ ਕੰਪੋਸਟ ਪਾਓ। 20 ਕਿਲੋ ਨਾਈਟ੍ਰੋਜਨ ਪ੍ਰਤੀ ਏਕੜ (44 ਕਿਲੋ ਯੂਰੀਆ) ਦੋ ਖੁਰਾਕਾਂ ਵਿੱਚ ਪਾਓ, ਪਹਿਲੀ ਅੱਧੀ ਖੁਰਾਕ ਵਾਹੀ ਕਰਨ ਸਮੇਂ ਅਤੇ ਦੂਜੀ ਅੱਧੀ ਬਿਜਾਈ ਤੋਂ 3 ਹਫ਼ਤੇ ਬਾਅਦ।

● ਸਿੰਚਾਈ: ਦੋ ਜਾਂ ਤਿੰਨ ਵਾਰ ਸਿੰਚਾਈ ਆਮ ਤੌਰ 'ਤੇ ਕਾਫ਼ੀ ਹੁੰਦੀ ਹੈ। ਗਰਮ ਮੌਸਮ ਵਿੱਚ ਵਧੇਰੇ ਸਿੰਚਾਈ ਦੀ ਲੋੜ ਪੈਂਦੀ ਹੈ। ਪਰੰਤੂ ਵਾਰ-ਵਾਰ ਹਲਕੀ ਸਿੰਚਾਈ ਕਰਨਾ ਸਹੀ ਹੈ। ਖੜਾ ਪਾਣੀ ਫ਼ਸਲ ਲਈ ਹਾਨੀਕਾਰਕ ਹੈ ਇਸ ਲਈ ਖੜੇ ਪਾਣੀ ਤੋਂ ਫ਼ਸਲ ਦਾ ਬਚਾ ਕਰਨਾ ਬਹੁਤ ਜਰੂਰੀ ਹੈ।

● ਵਾਢੀ: ਜਦੋਂ ਸਿੱਟੇ ਨਿਕਲਣੇ (ਬਿਜਾਈ ਤੋਂ 45-55 ਦਿਨ ਬਾਅਦ) ਸ਼ੁਰੂ ਹੋਣ ਜਾਣ ਓਦੋਂ ਫ਼ਸਲ ਦੀ ਕਟਾਈ ਸ਼ੁਰੂ ਕਰ ਦੇਣੀ ਚਾਹੀਦੀ ਹੈ। ਕਿਸੇ ਵੀ ਸਥਿਤੀ ਵਿੱਚ, ਫਸਲ ਦੇ 50 ਪ੍ਰਤੀਸ਼ਤ ਤੋਂ ਵੱਧ ਸਿੱਟੇ ਨਹੀਂ ਨਿਕਲਣ ਦਿਤੇ ਜਾਣੇ ਚਾਹੀਦੇ। ਇਸ ਪੜਾਅ (ਸਿੱਟੇ ਨਿਕਲਣ) 'ਤੇ, ਫਸਲ ਦੀ ਪਾਚਨ ਸ਼ਕਤੀ ਬਹੁਤ ਜ਼ਿਆਦਾ ਹੁੰਦੀ ਹੈ 'ਤੇ ਐਰਗੋਟ ਬਿਮਾਰੀ ਦੇ ਹਮਲੇ ਤੋਂ ਵੀ ਬਚ ਜਾਂਦਾ ਹੈ ਜੋ ਫਸਲ ਨੂੰ ਫੁੱਲ ਪੈਣ ਤੇ ਲੱਗਦੀ ਹੈ।

● ਐਰਗਟ ਰੋਗ: ਇਹ ਬਿਮਾਰੀ ਇਕ ਉੱਲੀ ਰੋਗ ਹੈ। ਖਿੜਣ ਵੇਲੇ, ਕੰਨ ਦੇ ਵੱਖ-ਵੱਖ ਹਿੱਸਿਆਂ ਵਿੱਚ ਸਿੱਟਿਆਂ ਤੋਂ ਜਾਮਨੀ ਜਾਂ ਹਲਕੇ ਰੰਗ ਦਾ ਤਰਲ (ਸ਼ਹਿਦ ਤ੍ਰੇਲ) ਨਿਕਲਦਾ ਹੈ। ਬਾਅਦ ਵਿੱਚ ਸਿੱਟੇ 'ਤੇ ਗੂੜ੍ਹੇ ਨਿਸ਼ਾਨ ਦਿਖਾਈ ਦਿੰਦੇ ਹਨ ਅਤੇ ਘੁੰਡੀਆਂ ਦੇ ਵਿਚਕਾਰ ਦਾਣਿਆਂ ਦੀ ਥਾਂ 'ਤੇ ਛੋਟੇ ਗੂੜ੍ਹੇ-ਭੂਰੇ ਰੰਗ ਦੇ ਮਾਦਾ ਦਿਖਾਈ ਦਿੰਦੇ ਹਨ। ਇਹ ਅਨਾਜ, ਜੇਕਰ ਪਸ਼ੂਆਂ ਨੂੰ ਖੁਆਇਆ ਜਾਵੇ ਜਾਂ ਮਨੁੱਖ ਦੁਆਰਾ ਵਰਤਿਆ ਜਾਵੇ ਤਾਂ ਉਹ ਜ਼ਹਿਰ ਦਾ ਕਾਰਨ ਬਣ ਸਕਦੇ ਹਨ।

ਚਾਰੇ ਦੇ ਅਚਾਰ ਲਈ ਬਾਜਰਾ:

ਜਦੋਂ ਚਾਰੇ ਦਾ ਉਤਪਾਦਨ ਘੱਟ ਹੁੰਦਾ ਹੈ ਤਾਂ ਚਾਰੇ ਦੀ ਸੰਭਾਲ ਕਰਨਾ ਬਹੁਤ ਜਰੂਰੀ ਹੈ ਕਿਉਂਕਿ ਇਹ ਫੀਡ ਦੀ ਗੁਣਵੱਤਾ ਨੂੰ ਵਧਾਉਂਦੀ ਹੈ। ਬਾਜਰੇ ਨੂੰ ਇੱਕ ਉੱਚ ਗੁਣਵੱਤਾ ਵਾਲੀ ਚਾਰਾ ਫ਼ਸਲ ਵਜੋਂ ਮੰਨਿਆ ਜਾਂਦਾ ਹੈ, ਜਿਸਦੀ ਵਰਤੋਂ ਸਾਈਲੇਜ ਲਈ ਵੀ ਕੀਤੀ ਜਾ ਸਕਦੀ ਹੈ I ਇਸ ਅਚਾਰ ਦੀ ਵਰਤੋਂ ਜਿਵੇਂ ਕਿ ਮਈ-ਜੂਨ ਅਤੇ ਨਵੰਬਰ-ਦਸੰਬਰ ਦੌਰਾਨ ਕੀਤੀ ਜਾ ਸਕਦੀ ਹੈ। ਇਹ ਪ੍ਰੋਟੀਨ, ਊਰਜਾ, ਫਾਈਬਰ ਵਿੱਚ ਉੱਚ ਹੈ ਅਤੇ ਲਿਗਨਿਨ ਦੀ ਮਾਤਰਾ ਘੱਟ ਹੁੰਦੀ ਹੈ। ਸਿੱਟੇ ਵਜੋਂ, ਚਾਰੇ ਦੀ ਸੰਭਾਲ ਪੂਰੇ ਸਾਲ ਦੌਰਾਨ, ਚਾਰਾ ਪ੍ਰਦਾਨ ਕਰਦੀ ਹੈ।

ਸਿੱਟਾ:

ਬਾਜਰੇ ਨੂੰ ਇਕੱਲੀ ਫਸਲ ਵਜੋਂ ਜਾਂ ਤੂੜੀ ਅਤੇ ਚਾਰੇ ਦੇ ਉਤਪਾਦਨ ਲਈ ਹੋਰ ਫਸਲਾਂ ਦੇ ਨਾਲ ਮਿਸ਼ਰਤ/ਅੰਤਰ-ਫਸਲ ਵਿਚ ਉਗਾਇਆ ਜਾਂਦਾ ਹੈ। ਲਗਾਤਾਰ ਹਰੇ ਚਾਰੇ ਦੀ ਉਪਲਬਧਤਾ ਨੂੰ ਕਾਇਮ ਰੱਖਣ ਵਧੇਰੇ ਵਾਡਾ ਵਾਲਾ, ਚੰਗੀ ਗੁਣਵੱਤਾ ਦੇ ਨਾਲ ਉੱਚ ਚਾਰੇ ਦੀ ਉਤਪਾਦਕਤਾ ਪ੍ਰਾਪਤ ਕਰਨ ਲਈ ਉੱਚ ਝਾੜ ਦੇਣ ਵਾਲੀਆਂ ਸੁਧਰੀਆਂ ਕਿਸਮਾਂ/ਹਾਈਬ੍ਰਿਡ ਵਿਕਸਤ ਕਰਨ ਦੀ ਜਰੂਰਤ ਹੈ। ਪਰ ਇਸ ਤੋਂ ਇਲਾਵਾ ਬਿਜਾਈ ਦਾ ਸਮਾਂ, ਕਟਾਈ ਪ੍ਰਬੰਧਨ, ਖਾਦ, ਸਿੰਚਾਈ ਅਤੇ ਪੌਦਿਆਂ ਦੀ ਸੁਰੱਖਿਆ ਕਰਕੇ ਚਾਰੇ ਦੇ ਝਾੜ ਅਤੇ ਗੁਣਵੱਤਾ ਨੂੰ ਵਧਾਇਆ ਜਾ ਸਕਦਾ ਹੈ।

ਨਰਿੰਦਰ ਸਿੰਘ, ਮਨਕਰਨ ਸਿੰਘ, ਰਾਜਬੀਰ ਸਿੰਘ, ਅਰਵਿੰਦ ਕੁਮਾਰ

ਆਈ.ਸੀ.ਏ.ਆਰ - ਅਟਾਰੀ, ਜ਼ੋਨ- I, ਲੁਧਿਆਣਾ

Summary in English: Cultivation of Bajra for Fodder Crop in Punjab

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters