ਲੱਖਾਂ ਭਾਰਤ ਵਾਸੀਆਂ ਦਾ ਇੱਕ ਇਤਿਹਾਸਕ ਤੇ ਲਾਸਾਨੀ ਇਕੱਠ ਦਿੱਲੀ ਦੇ ਬਾਰਡਰ ’ਤੇ ਬੈਠਾ ਹੈ। ਇਹ ਲੋਕ ਕੁੱਝ ਮੁੱਦੇ ਲੈ ਕੇ ਆਏ ਹਨ, ਇਸ ਆਸ ਨਾਲ ਕਿ ਇਨ੍ਹਾਂ ਮੁੱਦਿਆਂ ਨੂੰ ਭਾਰਤ ਦੇ ਗਣਤੰਤਰ ਦੇਸ਼ ਹੋਣ ਦੀ ਲੋਅ ਵਿੱਚ ਵਿਚਾਰਿਆ ਜਾਵੇਗਾ। ਭਾਵੇਂ ਇਸ ਇਕੱਠ ਵਿੱਚ ਭਾਰਤ ਦੇ ਲਗਭਗ ਸਾਰੇ ਖਿੱਤਿਆਂ ਤੋਂ ਲੋਕ ਆਏ ਹਨ।
ਪਰ ਇਹ ਕਿਹਾ ਜਾਂਦਾ ਹੈ ਕਿ ਇਸ ਵਿੱਚ ਪੰਜਾਬ ਦੇ ਵਾਸੀਆਂ ਦੀ ਬਹੁਤਾਤ ਹੈ। ਭਾਵੇਂ ਸਚਾਈ ਵਿੱਚ ਪੰਜਾਬ ਨਹੀਂ ਪੰਜਾਬੀਆਂ ਦੀ ਬਹੁਤਾਤ ਹੈ, ਕਿਉਂਕਿ ਜ਼ਿਆਦਾ ਲੋਕ ਪੁਰਾਣੇ ਪੰਜਾਬ (ਪੰਜਾਬ ਅਤੇ ਹਰਿਆਣਾ) ਦੇ ਹਨ, ਜਿਨ੍ਹਾਂ ਵਿੱਚ ਡੂੰਘੀ ਸਮਾਜਕ ਸਾਂਝੀਵਾਲਤਾ ਹੈ, ਇੱਥੋਂ ਤੱਕ ਕਿ ਧਰਮ ਨੂੰ ਅੱਖੋਂ ਪਰੋਖੇ ਕਰਕੇ ਵਿਆਹ-ਸ਼ਾਦੀਆਂ ਵੀ ਕਰਦੇ ਹਨ। ਇਨ੍ਹਾਂ ਵਿੱਚ ਬਜ਼ੁਰਗ-ਬੱਚੇ, ਬੀਬੀਆਂ, ਨੌਜਵਾਨ, ਅਮੀਰ-ਗ਼ਰੀਬ, ਜਾਟ-ਸੀਰੀ, ਸ਼ਹਿਰੀ ਤੇ ਕਾਰੋਬਾਰੀ ਸਭ ਇਸ ਵਿਲੱਖਣ ਇਕੱਠ ਵਿੱਚ ਸ਼ਾਮਲ ਹਨ।
ਦੇਸ਼ ਭਰ ਤੇ ਵਿਦੇਸ਼ਾਂ ਤੋਂ ਪੱਤਰਕਾਰ, ਡਾਕਟਰ, ਵਕੀਲ, ਅਧਿਆਪਕ ਹਰ ਕੋਈ ਇਕੱਲੇ-ਇਕੱਲੇ ਵੀ ਅਤੇ ਜਮਾਤੀ ਰੂਪ ਵਿੱਚ ਵੀ ਹਾਜ਼ਰੀ ਭਰ ਰਹੇ ਹਨ। ਕਮਾਲ ਹੈ! ਕੋਈ ਰਾਜਨੀਤਕ ਪਾਰਟੀ ਦੀ ਸੋਚ ਨਹੀਂ, ਕੋਈ ਲੀਡਰ ਨਹੀਂ ਸਗੋਂ ਇਹ ਆਮ ਕਿਸਾਨਾਂ ਅਤੇ ਲੋਕਾਂ ਦਾ ਪੁਰ ਅਮਨ ਦਾ ਇਕੱਠ ਹੈ ਜੋ, ਇੱਕ ਲੋਕ ਲਹਿਰ ਬਣ ਗਿਆ ਹੈ। ਇਸ ਇਕੱਠ ਵਿੱਚ ਪੰਜਾਬੀਆਂ ਦੀ ਬਹੁਤਾਤ ਨੂੰ ਸਮਝਣ ਲਈ ਸਾਨੂੰ ਇਤਿਹਾਸ ’ਤੇ ਝਾਤੀ ਮਾਰਨ ਦੀ ਜ਼ਰੂਰਤ ਹੈ। ਕਿਉਂਕਿ ਪੰਜਾਬ ਦੇ ਜੰਮਿਆਂ ਨੇ ਨਿੱਤ ਮੁਹਿੰਮਾਂ ਦਾ ਟਾਕਰਾ ਕੀਤਾ ਹੈ।
ਅੱਜ ਤੋਂ ਕਰੀਬ 2300 ਸਾਲ ਪਹਿਲਾਂ ਸਿਕੰਦਰ ਮਹਾਨ ਦੁਨੀਆ ਜਿੱਤਣ ਲਈ ਭਾਰਤ ਤੱਕ ਆਇਆ ਸੀ। ਉਸ ਨੂੰ ਪੰਜਾਬ ਵਿੱਚ ਹੀ ਪੋਰਸ ਵਰਗੇ ਬਹਾਦਰ ਰਾਜੇ ਦਾ ਟਾਕਰਾ ਕਰਨਾ ਪਿਆ ਅਤੇ ਫਿਰ ਬਿਆਸ ਦਰਿਆ ਤੋਂ ਵਾਪਸ ਮੁੜਨਾ ਪਿਆ। ਉਸ ਤੋਂ ਬਾਅਦ ਭਾਰਤ ’ਤੇ ਵਿਦੇਸ਼ੀ ਹਮਲੇ ਸੰਨ 712 ਵਿੱਚ ਮੁਹੰਮਦ ਬਿਨ ਕਾਸਿਮ ਤੋਂ ਸ਼ੁਰੂ ਹੋਏ। ਪਹਿਲਾਂ ਕੇਵਲ ਮਾਲ ਅਸਬਾਬ ਲੁੱਟ ਲੁੱਟ ਕੇ ਬੈਲ ਗੱਡੀਆਂ, ਖੱਚਰਾਂ, ਊਠ-ਗੱਡੀਆਂ ਰਾਹੀਂ ਢੋਇਆ ਗਿਆ। ਫਿਰ ਧਰਮ ਸਥਾਨਾਂ ਦੀ ਬੇਹੁਰਮਤੀ ਸ਼ੁਰੂ ਹੋਈ ਤੇ ਫਿਰ ਲੋਕਾਂ ਨੂੰ ਹੀ ਗੁਲਾਮ ਬਣਾ ਕੇ ਗ਼ਜਨੀ ਦੇ ਬਾਜ਼ਾਰਾਂ ਵਿੱਚ ਵੇਚਿਆ ਗਿਆ। ਇਹ ਸਿਲਸਿਲਾ ਲਗਾਤਾਰ ਸਾਲਾਂ ਬੱਧੀ ਇੰਜ ਹੀ ਚਲਦਾ ਰਿਹਾ। ਹਮਲਾਵਰਾਂ ਨੇ ਖੂਬ ਲੁੱਟਿਆ, ਲਿਤਾੜਿਆ ਤੇ ਲਹੂ ਲੁਹਾਨ ਕੀਤਾ। ਸਾਡੇ ਲੋਕਾਂ ਦੀ ਅਣਖ ਮਰ ਗਈ ਸੀ, ਹੌਂਸਲੇ ਪਸਤ ਸੀ। ਇੱਥੋਂ ਤੱਕ ਕਿ ਉਦੋਂ ਦੇ ਧਾਰਮਿਕ ਆਗੂ ਤੇ ਰੂਹਾਨੀ ਸ਼ਖ਼ਸੀਅਤਾਂ ਵੀ ਹਮਲਾਵਰਾਂ ਦੇ ਖ਼ਿਲਾਫ਼ ਨਹੀਂ ਸੀ ਬੋਲਦੇ। ਸਗੋਂ ਕਹਿੰਦੇ ਸਨ ਕਿ ਘਰਾਂ ਵਿੱਚ ਵੜ ਕੇ ਪੂਜਾ ਕਰੋ, ਮੰਤਰ ਉਚਾਰਨ ਕਰੋ ਤਾਂ ਇਹ ਸਾਰੇ ਮੁਗ਼ਲ ਅੰਨ੍ਹੇ ਹੋ ਜਾਣਗੇ।
ਗੁਰੂ ਨਾਨਕ ਦੇਵ ਜੀ ਦਾ ਆਗਮਨ ਹੋਇਆ ਅਤੇ ਉਹਨਾਂ ਨੇ ਆਪਣੀ ਇਲਾਹੀ ਬਾਣੀ ਰਾਹੀਂ ਲੋਕ ਚੇਤਨਾ ਨੂੰ ਜਗਾਇਆ ਅਤੇ ਕਿਹਾ `ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨਾ ਪਰਚਾ ਲਾਇਆ`। 'ਬਾਬਰਵਾਣੀ' ਦੇ ਨਾਮ ਨਾਲ ਜਾਣੇ ਜਾਂਦੇ ਚਾਰ ਸ਼ਬਦਾਂ ਵਿੱਚ ਆਪ ਨੇ ਬਾਬਰ ਦੇ ਹਮਲਿਆਂ ਨੂੰ 'ਪਾਪ ਕੀ ਜੰਞ' ਕਹਿ ਕੇ ਵੰਗਾਰਿਆ ਸੀ। ਗੁਰੂ ਸਾਹਿਬਾਨ ਨੇ ਦਸਾਂ ਜਾਮਿਆਂ ਵਿੱਚ ਐਸੀ ਚਿਣਗ ਲਗਾ ਦਿੱਤੀ ਅਤੇ ਸਪਿਰਿਟ ਭਰ ਦਿੱਤੀ ਕਿ ਨਤੀਜਨ ਮੁਗ਼ਲਾਂ ਨੂੰ ਭਾਜੜਾਂ ਪੈ ਗਈਆਂ। ਉਦੋਂ ਵੀ ਪੰਜਾਬ ਹੀ ਉੱਠਿਆ, ਪੰਜਾਬ ਹੀ ਬੋਲਿਆ, ਪੰਜਾਬੀ ਹੀ ਸ਼ਹੀਦੀਆਂ ਨੂੰ ਚੁੰਮ-ਚੁੰਮ ਗਏ।
ਜਦੋਂ ਕਸ਼ਮੀਰੀ ਪੰਡਿਤਾਂ ਦਾ ਜਬਰੀ ਧਰਮ ਪਰਿਵਰਤਨ ਕੀਤਾ ਜਾ ਰਿਹਾ ਸੀ, ਉਦੋਂ ਵੀ ਪੰਜਾਬ ਹੀ ਬੋਲਿਆ ਸੀ। ਇਸ ਜ਼ੁਲਮ ਦੇ ਦੌਰ ਵਿੱਚ ਕਸ਼ਮੀਰੀ ਲੋਕ ਪੰਡਿਤ ਕਿਰਪਾ ਰਾਮ ਜੀ ਦੀ ਅਗਵਾਈ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਆਏ ਅਤੇ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਅੱਗੇ ਬੇਨਤੀ ਕੀਤੀ ਕਿ ਸਾਡਾ ਧਰਮ ਬਚਾਓ। ਕੀ ਐਸੀ ਮਿਸਾਲ ਹੈ ਦੁਨੀਆ ਭਰ ਵਿੱਚ, ਮਨੁੱਖਤਾ ਦੇ ਇਤਿਹਾਸ ਵਿੱਚ ਮਨੁੱਖੀ ਹੱਕਾਂ (human rights) ਦੀ ਦੂਜੇ ਦੇ ਧਰਮ ਨੂੰ, ਦੂਸਰੇ ਦੀ ਜਾਤੀ ਨੂੰ ਬਚਾਉਣ ਲਈ ਆਪਣੀ ਕੁਰਬਾਨੀ ਦੇ ਦੇਣਾ। ਗੁਰੂ ਜੀ ਨਾ ਆਪ ਤਿਲਕ ਲਗਾਉਂਦੇ ਸਨ ਨਾ ਜਨੇਊ ਪਾਉਂਦੇ ਸਨ ਪਰ ਉਹਨਾਂ ਦਾ ਤਿਲਕ - ਜਨੇਊ ਬਚਾਉਣ ਦੀ ਖਾਤਰ ਆਪ ਸ਼ਹੀਦ ਹੋ ਗਏ - ਤਿਲਕ ਜੰਜੂ ਰਾਖਾ ਪ੍ਰਭ ਤਾਕਾ । ਇਹ ਵੀ ਪੰਜਾਬ ਦੇ ਹਿੱਸੇ ਹੀ ਆਇਆ ਸੀ।
ਫਿਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਦਾ ਸਮਾਂ ਆਇਆ। ਅੰਗਰੇਜ਼ਾਂ ਨੇ ਈਸਟ ਇੰਡੀਆ ਕੰਪਨੀ ਰਾਹੀਂ ਸਾਰੇ ਦੇਸ਼ ਨੂੰ ਗ਼ੁਲਾਮ ਬਣਾ ਲਿਆ। ਪੰਜਾਬ ਦੇ ਬੂਹੇ ਆ ਕੇ ਕਈ ਸਾਲ ਉਡੀਕ ਕਰਦਾ ਰਿਹਾ ਕਿ ਇਸ ਖਿੱਤੇ ਨੂੰ ਕਿਵੇਂ ਜਿੱਤਾਂ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਉਪਰੰਤ ਲਗਭਗ ਦਸ ਸਾਲਾਂ ਬਾਅਦ ਬਹਾਦਰੀ ਨਾਲ ਨਹੀਂ, ਕੋਝੀ ਕੂਟਨੀਤੀ ਨਾਲ ਅੰਗਰੇਜ਼ ਪੰਜਾਬ ਜਿੱਤ ਸਕੇ।
ਇਹ ਸਭ ਤਾਂ ਪੁਰਾਣੀਆਂ ਗੱਲਾਂ ਹਨ, ਆਪਾਂ ਘੱਟੋ-ਘੱਟ ਅਜ਼ਾਦੀ ਦੀ ਜੰਗ ਵੱਲ ਹੀ ਨਜ਼ਰ ਮਾਰੀਏ ਜੋ ਕਿ ਪੰਜਾਬੀਆਂ ਨੇ 100 ਸਾਲ ਤੋਂ ਘੱਟ ਸਮੇਂ ਵਿੱਚ ਅੰਗਰੇਜ਼ਾਂ ਨਾਲ ਲੜੀ ਅਤੇ ਅੰਗਰੇਜ਼ਾਂ ਦੇ ਪੈਰ ਪੁੱਟ ਛੱਡੇ। ਸਾਰਾ ਹਿੰਦੁਸਤਾਨ ਵੱਧ ਸਮਾਂ ਗ਼ੁਲਾਮ ਰਿਹਾ ਪਰ ਪੰਜਾਬ ਛੇਤੀ ਹੀ ਗ਼ੁਲਾਮੀ ਤੋਂ ਆਪ ਵੀ ਮੁਕਤ ਹੋ ਗਿਆ ਅਤੇ ਦੇਸ਼ ਨੂੰ ਵੀ ਅਜ਼ਾਦ ਕਰਵਾ ਦਿੱਤਾ। ਦੇਸ਼ ਦੀ ਅਜ਼ਾਦੀ ਦੀ ਜੰਗ ਵਿੱਚ ਕੁਲ 121 ਲੋਕ ਫਾਂਸੀ 'ਤੇ ਚਾੜ੍ਹੇ ਗਏ, ਜਿਹਨਾਂ ਵਿੱਚੋਂ 93 ਸਿੱਖ ਸਨ। ਕੁਲ 2646 ਲੋਕਾਂ ਨੂੰ ਉਮਰ ਕੈਦ ਹੋਈ, ਉਹਨਾਂ ਵਿੱਚੋਂ 2147 ਸਿੱਖ ਸਨ। ਉਦੋਂ ਵੀ ਪੰਜਾਬ ਹੀ ਮੋਹਰੀ ਹੋ ਕੇ ਲੜਿਆ, ਜੂਝਿਆ ਤੇ ਜਿੱਤਿਆ ਸੀ। ਕੀ ਇਹ ਅਸੀਂ ਅੱਜ ਭੁੱਲ ਸਕਦੇ ਹਾਂ?
1960 ਦੇ ਦਹਾਕਿਆਂ ਵਿੱਚ ਜਦੋਂ ਸਾਡਾ ਦੇਸ਼ ਹੱਥ ਵਿੱਚ ਠੂਠਾ ਫੜ ਕੇ ਅਨਾਜ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਇਸ ਖੇਤਰ ਦੇ ਕਿਸਾਨ ਅੱਗੇ ਆਏ ਤੇ ਦੇਸ਼ ਦੀ ਫੂਡ ਸਕਿਉਰਿਟੀ ਦੇ ਚੈਲੰਜ ਨੂੰ ਤਗੜੇ ਹੋ ਕੇ ਨਜਿੱਠਿਆ। ਇਹਨਾਂ ਕਿਸਾਨਾਂ ਨੇ ਅਣਥੱਕ ਮਿਹਨਤ ਤੇ ਸਿਰੜ ਨਾਲ ਹੀ ਦੇਸ਼ ਦੇ ਅੰਨ ਭੰਡਾਰਾਂ ਨੂੰ ਭਰਿਆ ਹੈ।
ਸਾਰੇ ਸੱਚੇ ਭਾਰਤੀਆਂ, ਦੇਸ਼ ਪ੍ਰੇਮੀਆਂ ਨੂੰ ਮਾਣ ਹੈ ਕਿ ਸਾਡਾ ਦੇਸ਼ ਇਕ ਗਣਤੰਤਰ ਮੁਲਕ ਹੈ। ਇਸ ਕਰਕੇ ਭਾਰਤ ਦੀ ਦੁਨੀਆ ਭਰ ਵਿੱਚ ਸ਼ਲਾਘਾ ਵੀ ਹੋ ਰਹੀ ਹੈ। ਇਸ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਆਓ ਆਪਾਂ ਹਰ ਯਤਨ ਕਰੀਏ ਕਿ ਇਸ ਤੋਂ ਪਹਿਲਾਂ ਕਿ ਠੰਢ ਅਤੇ ਮੀਹਾਂ ਦੇ ਮੌਸਮ ਵਿੱਚ ਹੋਰ ਦੇਰ ਹੋ ਜਾਵੇ, ਦੇਸ਼ ਪ੍ਰੇਮ ਹਿਤ, ਦੇਸ਼ ਭਗਤੀ ਹਿਤ ਆਪਣੀ `ਹਉ` ਬਿਰਤੀ ਨੂੰ ਸੰਕੋਚ ਕੇ, ਦੇਸ਼ ਦੇ ਵੱਡੇ ਹਿਤਾਂ ਵਿੱਚ ਕਿਰਸਾਨੀ ਮੁੱਦਿਆਂ ਦਾ ਸੁਖਾਵਾਂ ਹੱਲ ਲੱਭੀਏ।
ਇਹ ਵੀ ਪੜ੍ਹੋ :-Farmer Protest: ਲੁੱਟ ਸਿਰਫ਼ ਕਿਸਾਨਾਂ ਦੀ ਨਹੀਂ
ਸਰਬਜੀਤਸਿੰਘ ਅਤੇ ਬਲਦੇਵ ਸਿੰਘ ਢਿੱਲੋਂ
ਪ੍ਰੋਫੈਸਰ, ਪੱਤਰਕਾਰੀ ਵਿਭਾਗ
ਪੰਜਾਬ ਖੇਤੀਬਾੜੀ ਯੂਨੀਵਰਸਿਟੀ
9814612004
ਅਤੇ
ਵਾਈਸ ਚਾਂਸਲਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ
ਲੁਧਿਆਣਾ
Summary in English: Daily campaigns to the natives of Punjab