ਪੰਜਾਬ- ਪੰਜ ਦਰਿਆਵਾਂ ਦੀ ਧਰਤੀ, ਪਰ 2050 ਵਿੱਚ ਪੀਣ ਲਈ ਪਾਣੀ ਵੀ ਨਸੀਬ ਨਹੀਂ ਹੋਣਾ। ਕਿਉਂ ਕਿ ਪੰਜਾਬ ਵਿੱਚ ਪਾਣੀ ਦਾ ਪੱਧਰ ਬਹੁਤ ਤੇਜ਼ੀ ਨਾਲ ਹੇਠਾਂ ਜਾ ਰਿਹਾ ਹੈ। ਇਹ ਜਾਣਦੇ ਹੋਏ ਵੀ ਕਿ ਪਾਣੀ ਜ਼ਿੰਦਗੀ ਦਾ ਅਧਾਰ ਹੈ ਅਸੀਂ ਲਗਾਤਾਰ ਇਸ ਦੀ ਦੁਰਵਰਤੋਂ ਕਰ ਰਹੇ ਹਾਂ। ਸੋ ਇਸ ਦੁਰਵਰਤੋਂ ਨੂੰ ਠੱਲ੍ਹ ਪਾਉਣਾ ਬਹੁਤ ਜ਼ਰੂਰੀ ਹੈ। ਪਾਣੀ ਦੀ ਸੁਚੱਜੀ ਵਰਤੋਂ ਲਈ ਕਈ ਤਕਨੀਕਾਂ ਦੀ ਚਰਚਾ ਹੇਠਾਂ ਕੀਤੀ ਗਈ ਹੈ। ਜ਼ਰੂਰਤ ਹੈ ਇਨ੍ਹਾਂ ਨੂੰ ਅਪਣਾਉਣ ਦੀ।
-
ਤੁਪਕਾ ਸਿੰਚਾਈ ਵਿਧੀ- ਇਸ ਵਿਧੀ ਵਿੱਚ ਪਾਣੀ ਨੂੰ ਮੁੱਖ ਸੋਮੇ ਤੋਂ ਪੰਪ ਦੀ ਸਹਾਇਤਾ ਨਾਲ ਖੇਤ ਵਿੱਚ ਪਹੁੰਚਾਇਆ ਜਾਂਦਾ ਹੈ। ਪਾਣੀ ਫਿਲਟਰ ਦੁਆਰਾ ਸਾਫ ਹੁੰਦੇ ਹੋਏ ਉਪ ਮੁੱਖ ਪਾਇਪ ਲਾਈਨ ਅਤੇ ਲੇਟਰਲ ਪਾਇਪ ਦੁਆਰਾ ਬੂਟਿਆਂ ਤੱਕ ਪਹੁੰਚਦਾ ਹੈ। ਪਾਣੀ ਅਤੇ ਖਾਦਾਂ ਦੀ ਬੱਚਤ, ਵੱਧ ਝਾੜ ਲਈ ਇਹ ਇੱਕ ਵਧੀਆ ਸਿੰਚਾਈ ਵਿਧੀ ਹੈ। ਤੁਪਕਾ ਸਿੰਚਾਈ ਪ੍ਰਣਾਲੀ ਫ਼ਸਲਾਂ, ਸਬਜ਼ੀਆਂ, ਫਲਾਂ ਅਤੇ ਫੁੱਲਾਂ ਲਈ ਵਰਤੀ ਜਾ ਸਕਦੀ ਹੈ।
-
ਫਰਟੀਗੇਸ਼ਨ- ਇਹ ਤੁਪਕਾ ਸਿੰਚਾਈ ਦਾ ਇੱਕ ਜ਼ਰੂਰੀ ਅੰਗ ਹੈ। ਫਰਟੀਗੇਸ਼ਨ ਦਾ ਖਾਦਾਂ ਨੂੰ ਪਾਣੀ ਵਿੱਚ ਘੋਲ ਕੇ ਹੌਲੀ- ਹੌਲੀ ਅਤੇ ਕੰਟਰੋਲ ਤਰੀਕੇ ਨਾਲ ਫ਼ਸਲ ਦੇ ਵਧਾਅ ਅਨੁਸਾਰ ਲਗਾਉਣਾ। ਇਸ ਪ੍ਰਣਾਲੀ ਰਾਹੀਂ ਖਾਦਾਂ ਦੀ ਕੁੱਲ ਮਾਤਰਾ ਨੂੰ 1-2 ਭਾਗਾਂ ਵਿੱਚ ਵੰਡਣ ਦੀ ਜਗ੍ਹਾ 10-12 ਟੋਟਿਆਂ ਵਿੱਚ ਲਗਾਇਆ ਜਾਂਦਾ ਹੈ ਅਤੇ ਇਸ ਤਰ੍ਹਾਂ ਕਰਨ ਨਾਲ ਅਤੇ ਸਬਜ਼ੀਆਂ ਦੇ ਉਤਪਾਦਨ ਵਿੱਚ ਵਾਧਾ ਹੁੰਦਾ ਹੈ ਅਤੇ ਨਾਲ ਹੀ ਖਾਦ ਅਤੇ ਪਾਣੀ ਦੀ ਬੱਚਤ ਹੁੰਦੀ ਹੈ। ਫਰਟੀਗੇਸ਼ਨ ਵਿੱਚ ਖਾਦਾਂ ਦੀ ਚੋਣ ਵੇਲੇ ਇਸ ਗੱਲ ਦਾ ਧਿਆਨ ਰੱਖੋ ਕਿ ਖਾਦ ਪਾਣੀ ਵਿੱਚ ਘੁਲਣਸ਼ੀਲ ਅਤੇ ਸਸਤੀ ਹੋਵੇ। ਪਾਣੀ ਅਤੇ ਖਾਦ ਦੀ ਆਪਸ ਵਿੱਚ ਕੋਈ ਪ੍ਰਤੀਕਿਰਿਆ ਨਾ ਹੋਵੇ।
-
ਟੈਂਸੀ਼ਓਮੀਟਰ ਅਨੁਸਾਰ ਕਰੋ ਸਿੰਚਾਈ – ਫ਼ਸਲਾਂ ਨੂੰ ਜ਼ਰੂਰਤ ਅਨੁਸਾਰ ਪਾਣੀ ਲਗਾਉਣ ਲਈ ਟੈਂਸੀ਼ਓਮੀਟਰ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਟੈਂਸੀ਼ਓਮੀਟਰ, ਸੀਰੈਮਿਕ ਕੱਪ, ਪਾਰਦਰਸ਼ੀ ਟਿਊਬਾਂ ਅਤੇ ਸੀਲੀਕੌਨ ਕਾਰਕ ਦੀ ਵਰਤੋਂ ਨਾਲ ਤਿਆਰ ਕੀਤਾ ਇੱਕ ਸਧਾਰਨ ਯੰਤਰ ਹੈ। ਇਸਦੀ ਬਾਹਰਲੀ ਟਿਊਬ ਦੇ ਉਪਰ ਹਰੀ, ਪੀਲੀ ਅਤੇ ਲਾਲ ਰੰਗ ਦੀਆਂ ਪੱਟੀਆਂ ਲੱਗੀਆਂ ਹੁੰਦੀਆਂ ਹਨ। ਫ਼ਸਲ ਲੱਗਣ ਤੋਂ ਬਾਅਦ ਕਿਸੇ ਪਾਈਪ ਨਾਲ ਟੈਂਸੀ਼ਓਮੀਟਰ ਨੂੰ ਪਾਣੀ ਨਾਲ ਭਰ ਕੇ ਕਾਰਕ ਲਗਾ ਦਿੱਤਾ ਜਾਂਦਾ ਹੈ। ਫ਼ਸਲ ਲੱਗਣ ਤੋਂ ਬਾਅਦ ਕਿਸੇ ਪਾਈਪ ਨਾਲ ਟੈਂਸੀ਼ਓਮੀਟਰ ਦੇ ਅਕਾਰ ਦਾ ਡੂੰਘਾ ਸੁਰਾਖ਼ ਕਰੋ। ਇਸ ਸੁਰਾਖ਼ ਵਿੱਚ ਟੈਂਸੀ਼ਓਮੀਟਰ ਲਗਾ ਦਿਓ। ਜਦੋਂ ਟੈਂਸੀ਼ਓਮੀਟਰ ਵਿੱਚ ਪਾਣੀ ਘਟੇਗਾ, ਟੈਂਸੀ਼ਓਮੀਟਰ ਦੀ ਅੰਦਰੂਨੀ ਟਿਊਬ ਵਿੱਚ ਵੀ ਪਾਣੀ ਦਾ ਪੱਧਰ ਘਟੇਗਾ। ਜਦੋਂ ਪਾਣੀ ਦਾ ਪੱਧਰ ਹਰੀ ਤੋਂ ਪੀਲੀ ਪੱਟੀ ਵਿੱਚ ਦਾਖਲ ਹੁੰਦਾ ਹੈ ਤਾਂ ਫ਼ਸਲ ਨੂੰ ਪਾਣੀ ਲਗਾਉਣ ਦਾ ਸਹੀ ਸਮਾਂ ਹੈ।
ਇਸ ਵਿਧੀ ਨਾਲ ਤਕਰੀਬਨ 25-30 % ਪਾਣੀ ਦੀ ਬੱਚਤ ਹੁੰਦੀ ਹੈ।
-
ਲੇਜ਼ਰ ਕਰਾਹਾ ਦੀ ਵਰਤੋਂ – ਲੇਜ਼ਰ ਕਰਾਹਾ ਟਰੈਕਟਰ ਨਾਲ ਚੱਲਣ ਵਾਲੀ ਮਸ਼ੀਨ ਹੈ। ਜਿਸ ਨਾਲ ਲੋੜੀਂਦੀ ਢਲਾਣ ਮੁਤਾਬਿਕ ਖੇਤ ਨੂੰ ਬਹੁਤ ਵਧੀਆ ਤਰੀਕੇ ਨਾਲ ਪੱਧਰ ਕੀਤਾ ਜਾਂਦਾ ਹੈ। ਲੇਜ਼ਰ ਕਰਾਹੇ ਨਾਲ ਜ਼ਮੀਨ ਨੂੰ ਪੱਧਰ ਕਰਨ ਨਾਲ ਪਾਣੀ ਦੀ 25-30 % ਬੱਚਤ ਹੁੰਦੀ ਹੈ। ਝਾੜ ਵਿੱਚ 5-10 % ਵਾਧਾ ਹੁੰਦਾ ਹੈ।
-
ਫ਼ਸਲੀ ਵਿਭਿੰਨਤਾ – ਪੰਜਾਬ ਵਿੱਚ ਜ਼ਿਆਦਾਤਰ ਅਪਣਾਇਆ ਜਾਣ ਵਾਲਾ ਫਸਲੀ ਚੱਕਰ ਕਣਕ ਝੋਨਾ ਹੈ। ਝੋਨਾ ਪੰਜਾਬ ਦੀ ਰਵਾਇਤੀ ਫ਼ਸਲ ਨਹੀਂ ਸੀ ਪਰ ਝੰਗੇ ਝਾੜ ਅਤੇ ਯਕੀਨੀ ਮੰਡੀਕਰਨ ਕਰਕੇ ਇਸ ਫ਼ਸਲ ਨੂੰ ਵੱਡੇ ਪੱਧਰ ਤੇ ਅਪਣਾਇਆ ਗਿਆ। ਝੋਨੇ ਦੀ ਅਗੇਤੀ ਲੁਆਈ ਅਤੇ ਲੰਬਾ ਸਮਾਂ ਲੈਣ ਵਾਲੀਆਂ ਗੈਰ ਸਿਫਾਰਸੀ ਕਿਸਮਾਂ (ਪੂਸਾ 44) ਦੀ ਕਾਸ਼ਤ ਕਰਕੇ ਪਾਣੀ ਦੇ ਸੋਮਿਆਂ ਤੇ ਮਾੜਾ ਅਸਰ ਪਿਆ। ਮੌਜੂਦਾ ਫਸਲੀ ਚੱਕਰ ਦੇ ਆਧਾਰ ਤੇ ਪੰਜਾਬ ਨੂੰ3 ਲੱਖ ਹੈਕਟੇਅਰ ਮੀਟਰ ਪਾਣੀ ਦੀ ਲੋੜ ਹੈ ਜਦਕਿ ਸਾਡੇ ਕੋਲ ਕੁੱਲ ਉਪਲਬਧ ਪਾਣੀ 36.3 ਲੱਖ ਹੈਕਟੇਅਰ ਮੀਟਰ ਹੈ। ਇਸ ਤਰ੍ਹਾਂ ਸਾਡੇ ਕੋਲ 13 ਲੱਖ ਹੈਕਟੇਅਰ ਮੀਟਰ ਪਾਣੀ ਦੀ ਘਾਟ ਹੈ।
ਪਾਣੀ ਦੀ ਲੋੜ ਨੂੰ ਪੂਰਾ ਕਰਨ ਲਈ ਧਰਤੀ ਹੇਠਲੇ ਸਰੋਤਾਂ ਤੋਂ ਲੋੜ ਨਾਲੋਂ ਵੱਧ ਪਾਣੀ ਕੱਢਿਆ ਜਾ ਰਿਹਾ ਹੈ। ਇਸ ਮੰਗ ਨੂੰ ਘਟਾਉਣ ਲਈ ਝੋਨੇ ਥੱਲਿਓਂ 10 -12 ਲੱਖ ਰਕਬਾ ਘਟਾ ਕੇ ਦੂਸਰੀਆਂ ਫ਼ਸਲਾਂ (ਮੱਕੀ, ਸੋਇਆਬੀਨ, ਕਮਾਦ, ਸਬਜ਼ੀਆਂ, ਫਲਾਂ ਆਦਿ) ਹੇਠਾਂ ਲਿਆਉਣਾ ਪਵੇਗਾ।
ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਜੇਕਰ ਹਰ ਕਿਸਾਨ ਪਰਿਵਾਰ ਆਪਣੀ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਲਈ 2-3 ਕਨਾਲਾਂ ਰਕਬਾ ਦਾਲਾਂ, ਤੇਲ, ਬੀਜ਼ਾਂ ਅਤੇ ਸਬਜ਼ੀਆਂ ਦੀ ਕਾਸ਼ਤ ਹੇਠਾਂ ਲਿਆਵੇ ਤਾਂ 1- 1.5 ਲੱਖ ਹੈਕਟੇਅਰ ਰਕਬਾ ਖੇਤੀ ਵਿਭਿੰਨਤਾ ਹੇਠਾਂ ਆ ਜਾਵੇਗਾ।
ਮਨੀਸ਼ਾ ਰਾਣੀ ਅਤੇ ਸੁਖਜੀਤ ਸਿੰਘ
ਐਮ.ਐਸ.ਸੀ. ਵਿਦਿਆਰਥੀ, ਭੂਮੀ ਵਿਗਿਆਨ ਵਿਭਾਗ, ਐਮ. ਜੀ. ਸੀ., ਫ਼ਤਹਿਗੜ੍ਹ ਸਾਹਿਬ, ਪੰਜਾਬ, ਇੰਡੀਆ
ਐਮ.ਐਸ.ਸੀ. ਵਿਦਿਆਰਥੀ, ਫ਼ਸਲ ਵਿਗਿਆਨ ਵਿਭਾਗ, ਕੇ. ਸੀ. ਪੀ. ਪਟਿਆਲਾ, ਪੰਜਾਬ, ਇੰਡੀਆ
Summary in English: Drying Punjab !! Use water wisely